ਨਵੀਂ ਦਿੱਲੀ, 7 ਜੁਲਾਈ
ਉੱਤਰੀ ਦਿੱਲੀ ਦੇ ਸੋਨੀਆ ਵਿਹਾਰ ਇਲਾਕੇ ‘ਚ ਇਕ ਵਿਅਕਤੀ ਨੇ 62 ਸਾਲਾ ਪੁਜਾਰੀ ਦੀ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਮੁਲਜ਼ਮ ਦੀ ਕੁੱਟਮਾਰ ਕੀਤੀ ਤੇ ਉਹ ਹਸਪਤਾਲ ‘ਚ ਦਾਖਲ ਹੈ। ਪੁਲੀਸ ਨੂੰ ਸਵੇਰੇ 5:40 ‘ਤੇ ਸੂਚਨਾ ਮਿਲੀ ਕਿ ਸੋਨੀਆ ਵਿਹਾਰ ‘ਚ ਪੁਸਤਾ ਨੇੜੇ ਸੋਨੀ ਰਾਮ ਨਾਂ ਦੇ ਪੁਜਾਰੀ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲੀਸ ਮੌਕੇ ‘ਤੇ ਪਹੁੰਚੀ ਤਾਂ ਪਤਾ ਲੱਗਾ ਕਿ ਸੋਨੀਆ ਵਿਹਾਰ ਦੇ ਰਹਿਣ ਵਾਲੇ ਸੋਨੀ ਰਾਮ ਨੂੰ ਜੇਪੀਸੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਦਕਿ ਮੁਲਜ਼ਮ ਸੋਨੂੰ ਭੱਟ ਨੂੰ ਸਥਾਨਕ ਲੋਕਾਂ ਨੇ ਕੁੱਟਿਆ ਅਤੇ ਸਿਵਲ ਲਾਈਨਜ਼ ਦੇ ਟਰਾਮਾ ਸੈਂਟਰ ‘ਚ ਲਿਜਾਇਆ ਗਿਆ। ਭੱਟ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਦਾ ਦਾਅਵਾ ਹੈ ਕਿ ਭੱਟ ਪਹਿਲਾਂ ਤੋਂ ਪੁਜਾਰੀ ਨੂੰ ਜਾਣਦਾ ਸੀ ਤੇ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ।