ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਮਈ
ਵਿਸ਼ਵ ਸਿਹਤ ਸੰਗਠਨ ਨੇ ਆਪਣੀ ਰਿਪੋਰਟ ’ਚ ਕੋਵਿਡ -19 ਮਹਾਂਮਾਰੀ ਕਾਰਨ ਭਾਰਤ ’ਚ 47 ਲੱਖ ਤੋਂ ਵੱਧ ਜਾਨਾਂ ਗੁਆਉਣ ਦਾ ਦਾਅਵਾ ਕਰਨ ਤੋਂ ਇੱਕ ਦਿਨ ਬਾਅਦ ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਸਾਰੇ ਅੰਕੜੇ ‘ਪ੍ਰਮਾਣਿਕ ਤੇ ਸਹੀ’ ਹਨ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਦਿੱਲੀ ਦੇ ਨੰਬਰ ਪ੍ਰਮਾਣਿਕ ਤੇ ਸਹੀ ਹਨ। ਲਗਪਗ 25,600 ਮੌਤਾਂ ਹੋਈਆਂ ਹਨ ਤੇ ਉਨ੍ਹਾਂ ਵਿੱਚੋਂ ਹਰੇਕ ਦੀ ਗਿਣਤੀ ਕੀਤੀ ਗਈ ਹੈ। ਦਿੱਲੀ ’ਚ ਇੱਕ ਵੀ ਮੌਤ ਦੇ ਅੰਕੜਿਆਂ ਵਿੱਚ ਹੇਰਾਫੇਰੀ ਨਹੀਂ ਕੀਤੀ ਗਈ ਹੈ। ਉਹ ਪੂਰੇ ਦੇਸ਼ ਜਾਂ ਹੋਰ ਰਾਜਾਂ ਦੇ ਅੰਕੜਿਆਂ ’ਤੇ ਟਿੱਪਣੀ ਨਹੀਂ ਕਰ ਸਕਦੇ ਪਰ ਰਾਸ਼ਟਰੀ ਰਾਜਧਾਨੀ ਵਿਚ ਕੋਵਿਡ ਦੀ ਹਰ ਮੌਤ ਦੀ ਗਿਣਤੀ ਹੋਈ ਹੈ। ਸ੍ਰੀ ਜੈਨ ਨੇ ਕਿਹਾ ਕਿ ਅਸੀਂ ਨਾ ਤਾਂ ਇੱਕ ਮੌਤ ਵੱਧ ਗਿਣਾਈ ਹੈ ਤੇ ਨਾ ਹੀ ਇੱਕ ਮੌਤ ਘੱਟ। ਦਿੱਲੀ ਦੇਸ਼ ਦੀ ਰਾਜਧਾਨੀ ਹੈ ਤੇ ਕੀ ਇਹ ਸੰਭਵ ਹੈ ਕਿ ਇੱਥੇ ਕੋਈ ਕੋਵਿਡ ਨਾਲ ਮਰ ਜਾਵੇ ਤੇ ਉਸ ਨੂੰ ਮੌਤ ਦਾ ਸਰਟੀਫਿਕੇਟ ਨਾ ਮਿਲੇ? ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਭਾਰਤ ’ਚ 4.7 ਮਿਲੀਅਨ ਕੋਵਿਡ -19 ਮੌਤਾਂ ਹੋਈਆਂ ਹਨ ਜੋ ਕਿ ਅਧਿਕਾਰਤ ਅੰਕੜੇ ਦਾ 10 ਗੁਣਾ ਹੈ ਤੇ ਵਿਸ਼ਵ ਪੱਧਰ ’ਤੇ ਕੋਵਿਡ ਮੌਤਾਂ ਦਾ ਲਗਪਗ ਤੀਜਾ ਹਿੱਸਾ ਹੈ। ਇਸ ਮਿਆਦ ਦੇ ਦੌਰਾਨ ਜਿਸ ਲਈ ਜੈਨ ਨੇ ਕਿਹਾ ਵੱਲੋਂ ਭਾਰਤ ’ਚ ਕੋਵਿਡ -19 ਦੇ ਕਾਰਨ 4.7 ਮਿਲੀਅਨ ਮੌਤਾਂ ਦਰਜ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਦੇਸ਼ ’ਚ ਲਗਪਗ 520,000 ਦੀ ਅਧਿਕਾਰਤ ਮੌਤ ਦਰਜ ਕੀਤੀ ਗਈ ਸੀ। ਹਾਲਾਂਕਿ ਕੇਂਦਰ ਨੇ ਡਬਲਿਊਐੱਚਓ ਦੇ ਅੰਕੜਿਆਂ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਹੈ ਕਿ ਇਸ ’ਚ ਖਾਮੀਆਂ ਹਨ।
ਰਾਜਧਾਨੀ ਵਿੱਚ ਅੱਜ 1656 ਨਵੇਂ ਕਰੋਨਾ ਮਰੀਜ਼ ਆਏ
ਦਿੱਲੀ: ਰਾਜਧਾਨੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 1656 ਨਵੇਂ ਮਾਮਲੇ ਆਏ। ਇਸ ਦੌਰਾਨ ਕਰੋਨਾ ਕਾਰਨ ਅੱਜ ਕਿਸੇ ਦੀ ਮੌਤ ਨਹੀਂ ਹੋਈ। ਸਿਹਤ ਵਿਭਾਗ ਵੱਲੋਂ ਇਨ੍ਹਾਂ ਆਂਕੜਿਆਂ ਦੀ ਪੁਸ਼ਟੀ ਕੀਤੀ ਗਈ ਹੈ। ਅੰਕੜਿਆਂ ਮੁਤਾਬਕ ਇੱਕ ਦਿਨ ਪਹਿਲਾਂ ਦਿੱਲੀ ਵਿੱਚ 30,709 ਵਿਅਕਤੀਆਂ ਦੀ ਜਾਂਚ ਕੀਤੀ ਗਈ ਸੀ। ਨਵੇਂ ਕੇਸਾਂ ਨਾਲ ਦਿੱਲੀ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 18, 91,425 ਹੋ ਗਈ ਹੈ, ਜਦੋਂ ਕਿ ਮੌਤਾਂ ਦੀ ਗਿਣਤੀ 26,177 ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਵੀਰਵਾਰ ਨੂੰ ਕਰੋਨਾ ਦੇ 1365 ਕੇਸ ਸਾਹਮਣੇ ਆਏ ਸਨ ਅਤੇ ਮੌਤ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੀ। ਬੁੱਧਵਾਰ ਨੂੰ 1354 ਨਵੇਂ ਕੇਸ ਆਏ ਸਨ ਅਤੇ ਇੱਕ ਵਿਅਕਤੀ ਦੀ ਮੌਤ ਹੋਈ ਸੀ। ਸਿਹਤ ਵਿਭਾਗ ਅਨੁਸਾਰ ਰਾਜਧਾਨੀ ਵਿੱਚ 6096 ਇਲਾਜ ਅਧੀਨ ਮਰੀਜ਼ ਹਨ। ਸਿਹਤ ਵਿਭਾਗ ਨੇ ਲੋਕਾਂ ਨੂੰ ਕਰੋਨਾ ਪ੍ਰਤੀ ਲਾਪ੍ਰਵਾਹੀ ਨਾ ਵਰਤਨ ਦੀ ਸਲਾਹ ਦਿੱਤੀ ਹੈ ਅਤੇ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ। -ਪੀਟੀਆਈ