ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਗਸਤ
ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਦਿੱਲੀ ਗੁਰਦੁਆਰਾ ਚੋਣ ਬੋਰਡ ਵੱਲੋਂ ਗੁਰੂ ਹਰਿ ਕ੍ਰਿਸ਼ਨ ਹਸਪਤਾਲ ਦੇ ਉਦਘਾਟਨ ਨੂੰ ਰੋਕਣ ਦੇ ਫ਼ੈਸਲੇ ਬਾਰੇ ਕਿਹਾ ਕਿ ਸਿੱਖਾਂ ਦੀ ਇਸ ਦੂਜੀ ਵੱਡੀ ਧਾਰਮਿਕ ਸੰਸਥਾ ਵਿੱਚ ਭ੍ਰਿਸ਼ਟਾਚਾਰ ਦੀ ਜੜ੍ਹ ਦਿੱਲੀ ਗੁਰਦੁਆਰਾ ਐਕਟ ਦੀਆਂ ਖਾਮੀਆਂ ਹੀ ਮੁੱਖ ਕਾਰਨ ਹਨ।
ਸ੍ਰੀ ਕੋਛੜ ਨੇ ਕਿਹਾ ਕਿ 12 ਸਾਲਾਂ ਦੌਰਾਨ ਸਰਨਾ ਭਰਾਵਾਂ ਨੇ ਚੰਮ ਦੀਆਂ ਚਲਾਈਆਂ ਤੇ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲਾਂ ਦੇ ਅਮਲੇ ਦਾ 6ਵਾਂ ਤਨਖ਼ਾਹ ਕਮਿਸ਼ਨ ਨਾ ਦੇ ਕੇ ਵੱਡੀ ਰਕਮ ਖੜ੍ਹੀ ਕਰ ਦਿੱਤੀ। ਕਰੋੜਾਂ ਰੁਪਏ ਦੇ ਸਬਜ਼ੀ ਦੇ ਬਿੱਲਾਂ ਦਾ ਮਾਮਲਾ ਸਾਹਮਣੇ ਆਇਆ ਪਰ ਐਕਟ ਦੀਆਂ ਖ਼ਾਮੀਆਂ ਕਾਰਨ ਦੋਸ਼ੀ ਬਚਦੇ ਰਹੇ। ਉਨ੍ਹਾਂ ਕਿਹਾ ਕਿ ਹੁਣ ਬਾਦਲ ਧੜੇ ਦੀ ਪਹਿਲੇ ਛੇ ਸਾਲ ਦੀ ਕਾਰਗੁਜ਼ਾਰੀ ਦੌਰਾਨ ਵੀ ਕਰੋੜਾਂ ਦੇ ਹੇਰ-ਫੇਰ ਦੇ ਦੋਸ਼ ਲੱਗੇ ਤੇ ਮਨਜੀਤ ਸਿੰਘ ਜੀਕੇ ਤੇ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਮੁੱਕਦਮੇ ਸ਼ੁਰੂ ਹੋਏ। ਹੁਣ ਦੇ ਮੌਜੂਦਾ ਪ੍ਰਬੰਧਕਾਂ ਨੇ ਵੀ ਆਪਣੀ ਮਨਆਈ ਕੀਤੀ ਤੇ ਕਮੇਟੀ ਦੇ ਸਾਧਨਾਂ ਨੂੰ ਨਿੱਜੀ ਮੁਫ਼ਾਦਾਂ ਲਈ ਇਸਤੇਮਾਲ ਕੀਤਾ।
ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਐਕਟ ਦੀਆਂ ਖ਼ਾਮੀਆਂ ਦੂਰ ਕਰਨ ਲਈ ਕਿਸੇ ਵੀ ਸੱਤਾਧਾਰੀ ਧਿਰ ਨੇ ਕੋਈ ਤਰੱਦਦ ਨਹੀਂ ਕੀਤਾ ਤੇ ਇਸ ਦਾ ਅੰਜ਼ਾਮ ਦਿੱਲੀ ਦੇ ਖ਼ਾਲਸਾ ਸਕੂਲਾਂ ਦੀ ਦੁਰਦਸ਼ਾ, ਮੁਲਾਜ਼ਮਾਂ ਦਾ ਸੋਸ਼ਣ ਤੇ ਕਮੇਟੀ ਦੀ ਮਾੜੀ ਆਰਥਿਕ ਸਥਿਤੀ ਵਜੋਂ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਭਾਜਪਾ ਤੇ ਕਾਂਗਰਸ ਸਿੱਖਾਂ ਵੀਆਂ ਸਿਰਫ਼ ਵੋਟਾਂ ਵੋਟਰਨ ਵੱਲ ਹੀ ਬਹੁਤੀ ਤਵੱਜੋਂ ਦਿੰਦੀਆਂ ਆਈਆਂ ਹਨ।