ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਸਤੰਬਰ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਰੋਨਾ ਯੋਧੇ ਰਾਜੇਸ਼ ਕੁਮਾਰ ਭਾਰਦਵਾਜ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਰਾਜੇਸ਼ ਕੁਮਾਰ ਭਾਰਦਵਾਜ (52) ਨਬੀ ਕਰੀਮ ਸਥਿਤ ਸੀਡੀਐੱਮਓ ਦਫਤਰ ਵਿੱਚ ਫਾਰਮਾਸਿਸਟ ਸੀ। ਮੁੱਖ ਮੰਤਰੀ ਨੇ ਉਨ੍ਹਾਂ ਦੀ ਸੇਵਾ ਤੇ ਸਮਰਪਣ ਨੂੰ ਸਲਾਮ ਕੀਤਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਭਵਿੱਖ ਵਿੱਚ ਵੀ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਨੇ ਟਵੀਟ ਕੀਤਾ, ‘ਸਾਡੇ ਕਰੋਨਾ ਵਾਰੀਅਰ ਰਾਜੇਸ਼ ਭਾਰਦਵਾਜ, ਜੋ ਕਿ ਦਿੱਲੀ ਸਰਕਾਰ ਵਿੱਚ ਫਾਰਮਾਸਿਸਟ ਵਜੋਂ ਤਾਇਨਾਤ ਸਨ, ਦਾ ਹਾਲ ਹੀ ਵਿੱਚ ਕਰੋਨਾ ਦੀ ਲਾਗ ਕਾਰਨ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ। ਮੈਨੂੰ ਉਮੀਦ ਹੈ ਕਿ ਪਰਿਵਾਰ ਨੂੰ ਇਸ ਰਕਮ ਨਾਲ ਕੁਝ ਸਹਾਇਤਾ ਮਿਲੇਗੀ। ‘ ਰਾਜੇਸ਼ ਕੁਮਾਰ ਕੇਂਦਰੀ ਜ਼ਿਲ੍ਹੇ ਦੇ ਨਬੀ ਕਰੀਮ ਵਿੱਚ ਸੀਡੀਐੱਮਓ ਵਿਚ ਫਾਰਮਾਸਿਸਟ ਵਜੋਂ ਕੰਮ ਕਰ ਰਿਹਾ ਸੀ ਤੇ ਭਾਰਦਵਾਜ ਪਰਿਵਾਰ ਨਾਲ ਫਰੀਦਾਬਾਦ ਵਿਚ ਰਹਿ ਰਿਹਾ ਸੀ। ਉਹ 29 ਜੂਨ 2020 ਨੂੰ ਡਿਊਟੀ ਦੌਰਾਨ ਉਹ ਕਰੋਨਾ ਨਾਲ ਪ੍ਰਭਾਵਿਤ ਪਾਇਆ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ, ਪਰ ਡਾਕਟਰ ਉਸ ਨੂੰ ਬਚਾ ਨਾ ਸਕੇ ਅਤੇ 20 ਜੁਲਾਈ ਨੂੰ ਉਸ ਦੀ ਮੌਤ ਹੋ ਗਈ। ਰਾਜੇਸ਼ ਕੁਮਾਰ ਦਾ ਪਰਿਵਾਰ ਅੱਜ ਉਨ੍ਹਾਂ ਦੀ ਰਿਹਾਇਸ਼ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਿਆ। ਕੇਜਰੀਵਾਲ ਨੇ ਰਾਜੇਸ਼ ਕੁਮਾਰ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਪਰਿਵਾਰ ਨੂੰ ਭਵਿੱਖ ਵਿੱਚ ਵੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਸਾਰੇ ਕਰੋਨਾ ਯੋਧਿਆਂ ’ਤੇ ਮਾਣ ਹੈ ਜਿਨ੍ਹਾਂ ਨੇ ਦਿੱਲੀ ਦੇ ਲੋਕਾਂ ਦੀ ਸੁਰੱਖਿਆ ਲਈ ਆਪਣੀ ਜਾਨ ਕੁਰਬਾਨ ਕੀਤੀ।