ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਅਕਾਲੀ ਆਗੂ ਅਵਤਾਰ ਸਿੰਘ ਹਿੱਤ ਤੇ ਕੁਲਮੋਹਨ ਸਿੰਘ ਵੱਲੋਂ ਜਪੁਜੀ ਸਾਹਿਬ ਦੇ 14 ਭਾਸ਼ਾਵਾਂ ਵਿਚ ਅਨੁਵਾਦ ਦੇ ਕਿਤਾਬਚੇ ਛਪੇ ਨਾ ਹੋਣ ਬਾਰੇ ਕੀਤੇ ਦਾਅਵੇ ਖੋਖਲੇ ਕਰਾਰ ਦਿੰਦਿਆਂ ਇਨ੍ਹਾਂ ਕਿਤਾਬਚਿਆਂ ਦੀ ਕਾਪੀ ਮੀਡੀਆ ਸਾਹਮਣੇ ਪੇਸ਼ ਕਰਕੇ ਇਨ੍ਹਾਂ ਦਾ ਝੂਠ ਬੇਨਕਾਬ ਕੀਤਾ। ਇਸ ਦੌਰਾਨ ਨਾਲ ਹੀ ਸਰਨਾ ਭਰਾਵਾਂ ਤੇ ਜਾਗੋ ਪਾਰਟੀ ਦੇ ਮਨਜੀਤ ਸਿੰਘ ਜੀ ਕੇ ਨੂੰ ਸਵਾਲ ਕੀਤਾ ਹੈ ਕਿ ਉਹ ਬਾਦਲ ਪਰਿਵਾਰ ਦੇ ਨੇੜੇ ਤਾਂ ਢੁੱਕ ਰਹੇ ਹਨ ਪਰ ਉਹ ਸੰਗਤਾਂ ਨੁੰ ਦੱਸਣ ਕਿ ਕਿ ਕੀ ਬਰਗਾੜੀ ਤੇ ਬਹਬਿਲ ਕਲਾਂ ਦੇ ਦੋਸ਼ੀ ਫੜੇ ਗਏ ਹਨ। ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਅਵਤਾਰ ਸਿੰਘ ਹਿੱਤ ਤੇ ਕੁਲਮੋਹਨ ਸਿੰਘ ਇਹ ਦਾਅਵਾ ਕਰ ਰਹੇ ਹਨ ਕਿ ਡਾ. ਭਾਨੂੰ ਮੂਰਤੀ ਵੱਲੋਂ ਕੀਤੇ ਅਨੁਵਾਦ ਦੀਆਂ ਕਾਪੀਆਂ ਕਦੇ ਛਪੀਆਂ ਹੀ ਨਹੀਂ। ਜਦੋਂਕਿ ਅਸਲੀਅਤ ਵਿਚ ਦਿੱਲੀ ਗੁਰਦੁਆਰਾ ਕਮੇਟੀ ਕੋਲ ਇਹ ਕਾਪੀਆਂ ਸੈਂਕੜੇ ਦੀ ਗਿਣਤੀ ਵਿਚ ਮੌਜੂਦ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜੋ ਵੀ ਸੱਚਾਈ ਹੈ ਸਬੂਤਾਂ ਸਮੇਤ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੋਲ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਵਤਾਰ ਸਿੰਘ ਹਿੱਤ ਦੀ ਦਿੱਲੀ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਵੇਲੇ ਇਹ ਗੁਨਾਹ ਕੀਤਾ ਗਿਆ ਤਾਂ ਉਸ ਤੋਂ ਬਾਅਦ ਪਰਮਜੀਤ ਸਿੰਘ ਸਰਨਾ ਕਮੇਟੀ ਦੇ ਪ੍ਰਧਾਨ ਬਣੇ ਤੇ ਤਤਕਾਲੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਇਸ ਮਾਮਲੇ ਵਿਚ ਸਰਨਾ ਨੂੰ ਪੱਤਰ ਲਿਖ ਕੇ ਮਾਮਲੇ ਬਾਰੇ ਗੱਲ ਕੀਤੀ ਸੀ ਜਿਸ ਦਾ ਦਫਤਰੀ ਰਿਕਾਰਡ ਮੌਜੂਦ ਹੈ।