ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਕਤੂਬਰ
ਨਾਗਰਿਕ ਸੇਵਾਵਾਂ ਦੀ ਨਿਗਰਾਨੀ ਤੇ ਰੱਖ-ਰਖਾਵ ਨੂੰ ਬਿਹਤਰ ਬਣਾਉਣ ਲਈ ਨਵੀਂ ਦਿੱਲੀ ਨਗਰ ਕੌਂਸਲ (ਐੱਨਡੀਐੱਮਸੀ) ਆਪਣੇ ਪ੍ਰਮੁੱਖ ਪਾਰਕਾਂ, ਬਗੀਚਿਆਂ ਤੇ ਬਾਜ਼ਾਰਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੀ ਯੋਜਨਾ ਬਣਾ ਰਹੀ ਹੈ ਤੇ ਅਗਲੇ ਛੇ ਮਹੀਨਿਆਂ ਵਿੱਚ ਕੈਮਰੇ ਕਮਾਂਡ ਕੇਂਦਰ ਨਾਲ ਜੋੜ ਦੇਵੇਗੀ। ਨਗਰ ਕੌਂਸਲ ਇਸ ਵੇਲੇ 55 ਸਮਾਰਟ ਖੰਭਿਆਂ ‘ਤੇ ਲਗਾਏ ਗਏ ਕੈਮਰਿਆਂ ਰਾਹੀਂ ਸੜਕਾਂ ਅਤੇ ਸਰਵਿਸ ਲੇਨਾਂ ‘ਤੇ ਸੇਵਾਵਾਂ ਦੀ ਨਿਗਰਾਨੀ ਕਰ ਰਹੀ ਹੈ। ਪਾਰਕਿੰਗ ਸਾਈਟਾਂ, ਕਨਾਟ ਪਲੇਸ ਤੇ ਨੇੜਲੇ ਇਲਾਕਿਆਂ ਵਿੱਚ ਲਗਾਏ ਗਏ ਕੈਮਰੇ, ਏਕੀਕ੍ਰਿਤ ਕੰਟਰੋਲ ਤੇ ਕਮਾਂਡ ਸੈਂਟਰ (ਆਈਸੀਸੀਸੀ) ਨਾਲ ਵੀ ਜੁੜੇ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ 19 ਸਿਵਿਕ ਸੇਵਾਵਾਂ ਸ਼ਿਕਾਇਤ ਪ੍ਰਬੰਧਨ/ਟਰੈਕਿੰਗ ਪ੍ਰਣਾਲੀ ਨਾਲ ਜੁੜੀਆਂ ਹੋਈਆਂ ਹਨ ਤੇ ਹੋਰ ਵੀ ਸ਼ਾਮਲ ਕੀਤੀਆਂ ਜਾਣਗੀਆਂ। ਨਿਗਰਾਨੀ ਤੇ ਪਾਰਕਿੰਗ ਪ੍ਰਬੰਧਨ ਤੋਂ ਇਲਾਵਾ ਹੋਰ ਸੇਵਾਵਾਂ ਨੂੰ ਸਿਸਟਮ ਨਾਲ ਜੋੜਿਆ ਗਿਆ ਹੈ।