ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੁਲਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਆਉਣ ਵਾਲੀ 4 ਅਗਸਤ ਨੂੰ ਦਿੱਲੀ ਦੇ ਹਜ਼ਾਰਾਂ ਬੱਚੇ ਇਕੱਠੇ ਹੋ ਕੇ ਦੁਨੀਆ ਦਾ ਸਭ ਤੋਂ ਵੱਡਾ ਤਿਰੰਗਾ ਲਹਿਰਾਉਣਗੇ ਤੇ 130 ਕਰੋੜ ਭਾਰਤੀ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਾਉਣ ਦਾ ਪ੍ਰਣ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਹੋ ਗਏ ਹਨ। ਇਨ੍ਹਾਂ 75 ਸਾਲਾਂ ਵਿੱਚ ਕਈ ਦੇਸ਼ ਸਾਡੇ ਤੋਂ ਅੱਗੇ ਨਿਕਲ ਗਏ ਹਨ, ਭਾਰਤ ਪਿੱਛੇ ਕਿਉਂ ਰਹਿ ਗਿਆ? ਜੇਕਰ ਇਹਨਾਂ ਲੀਡਰਾਂ ਅਤੇ ਇਹਨਾਂ ਪਾਰਟੀਆਂ ਦੇ ਭਰੋਸੇ ਵਿੱਚ ਦੇਸ਼ ਛੱਡ ਦਿੱਤਾ ਜਾਵੇ ਤਾਂ ਦੇਸ਼ ਅਗਲੇ 75 ਸਾਲਾਂ ਤੱਕ ਪਿੱਛੇ ਰਹਿ ਜਾਵੇਗਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 75 ਸਾਲ ਪਹਿਲਾਂ ਜਦੋਂ ਪੂਰਾ ਦੇਸ਼ ਇਕੱਠਾ ਹੋਇਆ ਸੀ, ਅੰਗਰੇਜ਼ਾਂ ਨੂੰ ਭਜਾ ਦਿੱਤਾ ਸੀ। ਹੁਣ ਸਾਰੇ ਇਕੱਠੇ ਹੋ ਕੇ ਭਾਰਤ ਨੂੰ ਦੁਨੀਆ ਦਾ ਸਰਵੋਤਮ ਰਾਸ਼ਟਰ ਬਣਾਉਣ ਲਈ ਇੱਕ ਵਾਰ ਫਿਰ ਇੱਕਠੇ ਹੋਣਗੇ। ਮੁੱਖ ਮੰਤਰੀ ਨੇ ਅੱਜ ਡਿਜੀਟਲ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਪੂਰਾ ਦੇਸ਼ ਆਜ਼ਾਦੀ ਦੇ 75 ਸਾਲ ਪੂਰੇ ਕਰ ਰਿਹਾ ਹੈ। ਹਰ ਭਾਰਤੀ ਦੇਸ਼ ਭਗਤੀ ਵਿੱਚ ਡੁੱਬਿਆ ਹੋਇਆ ਹੈ। 4 ਅਗਸਤ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਦਿੱਲੀ ਵਿੱਚ ਇਕੱਠੇ ਹੋ ਕੇ ਦੁਨੀਆ ਦਾ ਸਭ ਤੋਂ ਵੱਡਾ ਤਿਰੰਗਾ ਲਹਿਰਾਉਣਗੇ ਅਤੇ ਉਸ ਦਿਨ ਪ੍ਰਣ ਲੈਣਗੇ ਕਿ ਭਾਰਤ ਨਹੀਂ ਰੁਕੇਗਾ, ਭਾਰਤ ਨਹੀਂ ਰੁਕੇਗਾ, ਹੁਣ 130 ਕਰੋੜ ਭਾਰਤੀ ਮਿਲ ਕੇ ਭਾਰਤ ਨੂੰ ਦੁਨੀਆ ਦਾ ਨੰਬਰ ਇੱਕ ਦੇਸ਼ ਬਣਾਉਣਗੇ। ਕੇਜਰੀਵਾਲ ਨੇ ਕਿਹਾ, ‘ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਹੋ ਗਏ ਹਨ। ਇਨ੍ਹਾਂ 75 ਸਾਲਾਂ ਵਿੱਚ ਕਈ ਦੇਸ਼ ਸਾਨੂੰ ਪਛਾੜ ਚੁੱਕੇ ਹਨ। ਅਸੀਂ ਪਿੱਛੇ ਕਿਉਂ ਰਹਿ ਗਏ? ਅਸੀਂ ਕਿਸੇ ਤੋਂ ਘੱਟ ਨਹੀਂ। ਰੱਬ ਨੇ ਸਾਨੂੰ ਸਭ ਕੁਝ ਦਿੱਤਾ ਹੈ। ਨਦੀਆਂ, ਪਹਾੜ, ਖਣਿਜ, ਜੜੀ-ਬੂਟੀਆਂ, ਫਸਲਾਂ, ਸਮੁੰਦਰ, ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ। ਭਾਰਤ ਦੇ ਲੋਕ ਦੁਨੀਆ ਦੇ ਸਭ ਤੋਂ ਬੁੱਧੀਮਾਨ ਅਤੇ ਮਿਹਨਤੀ ਲੋਕ ਹਨ। ਅਸੀਂ ਅਜੇ ਵੀ ਪਿੱਛੇ ਕਿਉਂ ਰਹਿ ਗਏ ਹਾਂ? ਜੇਕਰ ਇਹਨਾਂ ਲੀਡਰਾਂ ਅਤੇ ਇਹਨਾਂ ਪਾਰਟੀਆਂ ਦੇ ਭਰੋਸੇ ਵਿੱਚ ਦੇਸ਼ ਛੱਡ ਦਿੱਤਾ ਜਾਵੇ ਤਾਂ ਦੇਸ਼ ਅਗਲੇ 75 ਸਾਲਾਂ ਤੱਕ ਪਿੱਛੇ ਰਹਿ ਜਾਵੇਗਾ’
ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ 130 ਕਰੋੜ ਲੋਕਾਂ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ। ਵਪਾਰੀ, ਕਿਸਾਨ, ਉਦਯੋਗਪਤੀ, ਮਜ਼ਦੂਰ, ਨੌਕਰੀ ਪੇਸ਼ਾ, ਡਾਕਟਰ, ਇੰਜਨੀਅਰ, ਵਕੀਲ ਸਭ ਨੂੰ ਇਕੱਠੇ ਹੋਣਾ ਪਵੇਗਾ। 75 ਸਾਲ ਪਹਿਲਾਂ ਜਦੋਂ ਪੂਰਾ ਦੇਸ਼ ਇਕੱਠਾ ਹੋਇਆ ਸੀ ਤੇ ਅੰਗਰੇਜ਼ਾਂ ਨੂੰ ਭਜਾ ਦਿੱਤਾ ਸੀ।