ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਬੀਕੇਯੂ ਉਗਰਾਹਾਂ ਵੱਲੋਂ ਬਹਾਦਰਗੜ੍ਹ ਰੇਲਵੇ ਸਟੇਸ਼ਨ ’ਤੇ ਦਿੱਲੀ -ਬਠਿੰਡਾ-ਸਿਰਸਾ ਰੇਲ ਆਵਾਜਾਈ ਠੱਪ ਕੀਤੀ ਗਈ। ਇਸ ਦੌਰਾਨ ਮੋਰਚੇ ਦੀ ਟਿਕਰੀ ਬਾਰਡਰ ਸੰਚਾਲਨ ਕਮੇਟੀ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ-ਮਜ਼ਦੂਰ, ਮਰਦ ਤੇ ਔਰਤਾਂ ਨੇ ਸਵੇਰੇ ਦਸ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਬਹਾਦਰਗੜ੍ਹ ਰੇਲਵੇ ਸਟੇਸ਼ਨ ‘ਤੇ ਰੇਲਾਂ ਦਾ ਚੱਕਾ ਪੂਰੀ ਤਰ੍ਹਾਂ ਰੋਕ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਲਖੀਮਪੁਰ ਘਟਨਾ ਦੇ ਕਥਿਤ ਦੋਸ਼ੀ ਅਜੈ ਮਿਸ਼ਰਾ ਦੀ ਬਰਖ਼ਾਸਤੀ ਤੇ ਹੋਰਨਾਂ ਮੁਲਜ਼ਮਾਂ ਨੂੰ ਜੇ ਸਜ਼ਾ ਨਾ ਦਿੱਤੀ ਗਈ ਤਾਂ ਜਥੇਬੰਦੀਆਂ ਵੱਲੋਂ ਸਖ਼ਤ ਐਕਸ਼ਨ ਲੈਣ ਦਾ ਫ਼ੈਸਲਾ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਅੱਜ ਦੇ ਦੇਸ਼ ਵਿਆਪੀ ਰੇਲ ਜਾਮ ਰਾਹੀਂ ਸਾਡੀ ਮੁੱਖ ਮੰਗ ਲਖੀਮਪੁਰ ਕਾਂਡ ਦੇ ਦੋਸ਼ੀ ਦੀ ਬਰਖਾਸਤਗੀ ਤੇ ਗ੍ਰਿਫਤਾਰੀ ਹੀ ਹੈ।
ਟੋਹਾਣਾ (ਗੁਰਦੀਪ ਸਿੰਘ ਭੱਟੀ): ਟੋਹਾਣਾ ਰੇਲਵੇ ਸਟੇਸ਼ਨ ’ਤੇ ਰਣਜੀਤ ਢਿੱਲੋਂ, ਸਮੈਣ ਤੋਂ ਰਾਜਿੰਦਰ ਸਿੰਘ, ਅਨਾਜ ਮੰਡੀ ਦੇ ਪ੍ਰਧਾਨ ਰੁਘਵੀਰ ਸਿੰਘ ਸਣੇ ਸੈਂਕੜੇ ਕਿਸਾਨਾਂ ਨੇ ਦਿੱਲੀ ਤੋਂ ਮੋਗਾ ਜਾ ਰਹੀ ਸਰਬੱਤ ਦਾ ਭਲਾ ਮੇਲਗਡੀ ਨੂੰ ਰੋਕ ਲਿਆ। ਜਾਖਲ ਬਲਾਕ ਦੀਆਂ ਸਾਝੀਆਂ ਜਥੇਬੰਦੀਆਂ ਨੇ ਸ੍ਰੀ ਗੰਗਾਨਗਰ-ਨਵੀਂ ਦਿੱਲੀ ਇੰਰਟਸਿਟੀ ਨੂੰ ਜਾਖਲ ਵਿੱਚ ਰੋਕ ਲਿਆ। ਇਸ ਦੌਰਾਨ ਕਿਸਾਨ ਜੱਗੀ ਮਹਿਲ, ਲਾਭ ਸਿੰਘ ਜਗਤਾਰ ਸਿੰਘ, ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਦੀ ਅਗਵਾਈ ਵਿੱਚ ਰੇਲ ਲਾਈਨਾਂ ’ਤੇ ਧਰਨਾ ਦਿੱਤਾ ਗਿਆ। ਇਸੇ ਤਰ੍ਹਾਂ ਹਿਸਾਰ-ਜਾਖਲ ਰੇਲ ਲਾਈਨ ’ਤੇ ਉਕਲਾਨਾ ਰੇਲਵੇ ਸਟੇਸ਼ਨ ਉੱਤੇ ਵੀ ਧਰਨਾ ਦਿੱਤ ਗਿਆ।
ਜੀਂਦ (ਮਹਾਂਵੀਰ ਮਿੱਤਲ): ਖੇਤੀ ਕਾਨੂੰਨਾਂ ਨੂੰ ਰੱਦ ਅਤੇ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕਿਸਾਨਾਂ ਨੇ ਅੱਜ ਜੀਂਦ ਜ਼ਿਲ੍ਹੇ ਦੇ ਉਚਾਨਾ, ਬਰਸੋਲਾ, ਨਰਵਾਣਾ ਅਤੇ ਜੁਲਾਨਾ ਵਿੱਚ ਰੇਲਵੇ ਲਾਈਨਾਂ ’ਤੇ ਧਰਨਾ ਦੇ ਕੇ ਰੋਸ ਪ੍ਰਗਟ ਕੀਤਾ। ਫਿਰੋਜ਼ਪੁਰ ਸੈਕਸ਼ਨ ’ਤੇ ਚਾਰ ਯਾਤਰੀ ਰੇਲ ਗੱਡੀਆਂ ਨੇ ਜਾਣਾ ਪਰੰਤੂ ਸ਼ਾਮ ਦੇ ਚਾਰ ਵਜੇ ਤੱਕ ਕੋਈ ਯਾਤਰੀ ਰੇਲ ਗੱਡੀ ਨਹੀਂ ਆਈ। ਇਸ ਮੌਕੇ ਕਿਸਾਨ ਨੇਤਾ ਸਤਿਵੀਰ ਪਹਿਲਵਾਨ ਤੇ ਆਜ਼ਾਦ ਪਾਲਵਾਂ ਨੇ ਕਿਹਾ ਕਿ ਰੇਲ ਜਾਇਦਾਦ ਨੂੰ ਕੋਈ ਵੀ ਨੁਕਸਾਨ ਪਹੁੰਚਾਏ ਬਗੈਰ ਰੇਲ ਰੋਕੋ ਅੰਦੋਲਨ ਨੂੰ ਸ਼ਾਂਤੀਪੂਰਨ ਕੀਤਾ ਗਿਆ ਹੈ।
ਸਹਾਰਨਪੁਰ-ਅੰਬਾਲਾ ਰੇਲ ਲਾਈਨ ’ਤੇ ਮੁਜ਼ਾਹਰਾ
ਯਮੁਨਾਨਗਰ (ਦੇਵਿੰਦਰ ਸਿੰਘ): ਲਖੀਮਪੁਰ (ਯੂਪੀ) ਹਿੰਸਾ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਬਰਖਾਸਤਗੀ ਅਤੇ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਮੁੱਦੇ ਨੂੰ ਲੈ ਕੇ ਦਿੱਤੇ ‘ਰੇਲ ਰੋਕੋ ਅੰਦੋਲਨ’ ਦੇ ਸੱਦੇ ’ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਸਹਾਰਨਪੁਰ-ਅੰਬਾਲਾ ਲਾਈਨ ’ਤੇ ਪਿੰਡ ਫੂਸਗੜ੍ਹ ਲਾਗੇ ਧਰਨਾ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਲਗਪਗ ਅੱਧੀ ਦਰਜਨ ਗੱਡੀਆਂ ਜਿਨ੍ਹਾਂ ਵਿੱਚ 6 ਸਵਾਰੀ ਗੱਡੀਆਂ ਅਤੇ ਤਿੰਨ ਮਾਲ ਗੱਡੀਆਂ ਸ਼ਾਮਲ ਸਨ ਬੰਦ ਰਹੀਆਂ, ਜਿਸ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਰਤੀ ਕਿਸਾਨ ਯੁੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਜੂ ਗੁੰਦਿਆਨਾ ਅਤੇ ਮਨਦੀਪ ਸਿੰਘ ਨੇ ਕਿਹਾ ਕਿ ਜਦੋਂ ਤੱਕ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਲਖੀਮਪੁਰ ਹੱਤਿਆ ਕਾਂਡ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਮਾਮਲੇ ਵਿੱਚ ਇਨਸਾਫ ਮਿਲਣਾ ਮੁਸ਼ਕਿਲ ਹੈ।