ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਕਤੂਬਰ
ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਟਿੱਕਰੀ ਬਾਰਡਰ ’ਤੇ ਗ਼ਦਰੀ ਗੁਲਾਬ ਕੌਰ ਨਗਰ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਜੋ ਸਿੰਘੂ ਬਾਰਡਰ ’ਤੇ ਧਾਰਮਿਕ ਗ੍ਰੰਥ ਦੇ ਬੇਅਦਬੀ ਦਾ ਮਾਮਲਾ ਅਤੇ ਇੱਕ ਵਿਅਕਤੀ ਦਾ ਕਤਲ ਇਹ ਦੋਨੋਂ ਘਟਨਾਵਾਂ ਬਹੁਤ ਮੰਦਭਾਗੀਆਂ ਹਨ ਪਰ ਇਸ ਦੇ ਪਿੱਛੇ ਕੇਂਦਰ ਦੀ ਭਾਜਪਾ ਹਕੂਮਤ ਦੀ ਸਾਜ਼ਿਸ਼ ਹੈ, ਕਿਉਂਕਿ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਵਿੱਚ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਵਾਪਰੀ ਘਟਨਾ ਤੋਂ ਧਿਆਨ ਲਾਂਭੇ ਕਰਨ ਲਈ ਪੂਰੇ ਵਿਉਂਤਬੰਦੀ ਦੇ ਨਾਲ ਗਿਣ ਮਿਥ ਕੇ ਕੀਤਾ ਹੋਇਆ ਕਾਰਾ ਹੈ।
ਸੰਯੁਕਤ ਮੋਰਚੇ ਵੱਲੋਂ ਲਖੀਮਪੁਰ ਖੀਰੀ ਦੀ ਘਟਨਾ ਦਾ ਮੁੱਖ ਦੋਸ਼ੀ ਕੇਂਦਰ ਦੇ ਵਿੱਚ ਰਾਜ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੀ ਬਰਖ਼ਾਸਤਗੀ ਅਤੇ ਕਤਲ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੀ ਕੀਤੀ ਜਾ ਰਹੀ ਮੰਗ ਤੋਂ ਧਿਆਨ ਹਟਾਇਆ ਜਾ ਸਕੇ। ਪਿਛਲੇ ਗਿਆਰਾਂ ਮਹੀਨਿਆਂ ਤੋਂ ਸ਼ਾਂਤਮਈ ਰਹਿ ਕੇ ਚੱਲ ਰਿਹਾ ਕਿਸਾਨ ਅੰਦੋਲਨ ਕੇਂਦਰ ਦੀ ਹਕੂਮਤ ਨੂੰ ਹਜ਼ਮ ਨਹੀਂ ਹੋ ਰਿਹਾ ਇਸ ਲਈ ਕਿਸਾਨਾਂ ਨੂੰ ਮੋਰਚਿਆਂ ਚੋਂ ਥਿੜਕਾਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ।ਸ੍ਰੀ ਉਗਰਾਹਾਂ ਨੇ ਕਿਹਾ ਕਿ ਆਉਣ ਵਾਲੇ ਦਿਨ ਤਿਉਹਾਰਾਂ ਦੇ ਦਿਨ ਹਨ ਇਨ੍ਹਾਂ ਦਿਨਾਂ ਵਿਚ ਅੰਦੋਲਨਕਾਰੀ ਕਿਸਾਨਾਂ ਦੇ ਚੱਲ ਰਹੇ ਮੋਰਚਿਆਂ ਵਿੱਚ ਆਲੇ ਦੁਆਲੇ ਦੇ ਭਾਜਪਾ ਸਮਰਥਕਾਂ ਨੂੰ ਮੋਰਚੇ ਦੇ ਖ਼ਿਲਾਫ਼ ਉਕਸਾ ਕੇ ਕਿਸਾਨ ਕੈਂਪਾਾਂ ਅਤੇ ਇਕੱਠਾਂ ਵਿੱਚ ਭੇਜ ਕੇ ਭਾਜਪਾ ਗੜਬੜ ਕਰਾਉਣ ਦੀ ਪੂਰੀ ਤਾਕ ਵਿੱਚ ਹੈ , ਇਸ ਕਰਕੇ ਮੋਰਚੇ ਵਿੱਚ ਸਾਮਲ ਕਿਸਾਨਾਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਲੋੜ ਹੈ ਤਾਂ ਕਿ ਕੋਈ ਮੰਦਭਾਗੀ ਘਟਨਾ ਨਾ ਵਾਪਰ ਸਕੇ । ਕੇਂਦਰ ਦੀ ਭਾਜਪਾ ਹਕੂਮਤ ਨੂੰ ਤੁਹਾਡੇ ਇਹ ਸ਼ਾਂਤਮਈ ਅੰਦੋਲਨ ਕਰਕੇ ਉਨ੍ਹਾਂ ਦੀਆਂ ਪਹਿਲਾਂ ਘੜੀਆਂ ਗਈਆਂ ਸਾਰੀਆਂ ਸਕੀਮਾਂ ਫੇਲ੍ਹ ਹੋ ਚੁੱਕੀਆਂ ਹਨ। ਇਸ ਕਰਕੇ ਸਾਨੂੰ ਚੌਕਸੀ ਅਤੇ ਸੰਭਲ ਕੇ ਚੱਲਣ ਦੀ ਲੋੜ ਹੈ।
ਅੱਜ ਸਟੇਜ ਸਕੱਤਰ ਦੀ ਭੂਮਿਕਾ ਧੂਰੀ ਬਲਾਕ ਦੇ ਆਗੂ ਹਰਪਾਲ ਸਿੰਘ ਨੇ ਸੰਭਾਲੀ ਅਤੇ ਸਟੇਜ ਤੋਂ ਇੰਦਰਜੀਤ ਸਿੰਘ ਝੱਬਰ, ਦੇਸਾ ਸਿੰਘ ਘੜਿਆਲਾ, ਹਰਬੰਸ ਸਿੰਘ ਕੋਟਲੀ , ਮਨਜੀਤ ਸਿੰਘ ਘਰਾਚੋਂ , ਮਨਜੀਤ ਕੌਰ ਘੋੜੇਨਵ ਅਤੇ ਬਲਕਾਰ ਸਿੰਘ ਤਰੌੜਾ ਨੇ ਵੀ ਸੰਬੋਧਨ ਕੀਤਾ।