ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜੂਨ
ਰਾਜਿੰਦਰ ਨਗਰ ਵਿਧਾਨ ਸਭਾ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਰਾਜੇਸ਼ ਭਾਟੀਆ ਦੀ ਚੋਣ ਮੁਹਿੰਮ ਅੱਜ ਬਲਾਕ ਪੱਧਰ ’ਤੇ ਬੂਥ ਕਮੇਟੀਆਂ ਦੀਆਂ ਜਥੇਬੰਦਕ ਮੀਟਿੰਗਾਂ ਦੇ ਨਾਲ-ਨਾਲ ਰੋਡ ਸ਼ੋਅ ਨਾਲ ਸਮਾਪਤ ਹੋ ਗਈ। ਕਰੋਲਬਾਗ ਤੋਂ ਸ਼ੁਰੂ ਹੋਏ ਵਿਸ਼ਾਲ ਰੋਡ ਸ਼ੋਅ ਵਿੱਚ ਸੂਬਾ ਪ੍ਰਧਾਨ ਆਦੇਸ਼ ਗੁਪਤਾ, ਸੰਸਦ ਮੈਂਬਰ ਰਵੀ ਕਿਸ਼ਨ ਅਤੇ ਲੋਕ ਸਭਾ ਮੈਂਬਰ ਹੰਸਰਾਜ ਹੰਸ, ਵਿਧਾਇਕ ਅਜੇ ਮਹਾਵਰ, ਸੂਬਾ ਜਨਰਲ ਸਕੱਤਰ ਹਰਸ਼ ਮਲਹੋਤਰਾ ਹਾਜ਼ਰ ਸਨ। ਰੋਡ ਸ਼ੋਅ ਦੌਰਾਨ ਕਈ ਥਾਵਾਂ ‘ਤੇ ਸਥਾਨਕ ਨਾਗਰਿਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਭਾਜਪਾ ਉਮੀਦਵਾਰ ਦਾ ਫੁੱਲਾਂ ਦੀ ਵਰਖਾ ਕਰਕੇ ਸਨਮਾਨ ਕੀਤਾ। ਸ੍ਰੀ ਭਾਟੀਆ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਵਿਧਾਇਕ ਹੋਣ ਦੇ ਨਾਤੇ ਉਹ ਇਲਾਕੇ ਦੇ ਉੱਚ ਵਿਕਾਸ ਅਤੇ ਸਾਂਭ-ਸੰਭਾਲ ਲਈ ਸਮਰਪਿਤ ਰਹਿਣਗੇ ਤੇ 2025 ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਮੌਕੇ ਰਾਜਿੰਦਰ ਨਗਰ ਦੇ ਵਿਕਾਸ ’ਤੇ ਹਰ ਵੋਟਰ ਨੂੰ ਮਾਣ ਹੋਵੇਗਾ। ਰੋਡ ਸ਼ੋਅ ਦੀ ਸ਼ੁਰੂਆਤ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਦੇਸ਼ ਗੁਪਤਾ ਨੇ ਕਿਹਾ ਕਿ ਇਸ ਉਪ ਚੋਣ ਵਿੱਚ ਦੋ ਹਫ਼ਤਿਆਂ ਦੇ ਸਰਗਰਮ ਪ੍ਰਚਾਰ ਦਾ ਤਜਰਬਾ ਦੱਸਦਾ ਹੈ ਕਿ ਪਿਛਲੇ 7 ਸਾਲਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਇਲਾਕੇ ਦੇ ਵਿਕਾਸ ਨੂੰ ਅਣਗੌਲਿਆ ਕੀਤਾ ਗਿਆ ਹੈ। ਪਾਣੀ ਦੇ ਸੰਕਟ ਤੋਂ ਤੰਗ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਦੀਆਂ ਕਈ ਲਾਭਕਾਰੀ ਕੇਂਦਰੀ ਸਕੀਮਾਂ ਤੋਂ ਨਾਰਾਜ਼ ਹਨ। ਲੋਕ ਸਭਾ ਮੈਂਬਰ ਹੰਸਰਾਜ ਹੰਸ ਨੇ ਕਿਹਾ ਕਿ ਦੇਸ਼ ਦੀ ਵੰਡ ਸਮੇਂ ਰਾਜਿੰਦਰ ਨਗਰ ਵਿੱਚ ਵੱਡੀ ਗਿਣਤੀ ਵਿੱਚ ਉਜਾੜੇ ਗਏ ਪਰਿਵਾਰ ਆ ਕੇ ਵਸੇ ਸਨ, ਜਿਨ੍ਹਾਂ ਨੇ ਇਲਾਕੇ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ ਅਤੇ ਇਸ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਬੁਲਾਰੇ ਬੀਜੇਪੀ ਉਮੀਦਵਾਰ ਨੂੰ ਪਾਕਿਸਤਾਨੀ ਕਹਿਣਾ ਸਮੁੱਚੇ ਸਮਾਜ ਦਾ ਅਪਮਾਨ ਹੈ।