ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਫਰਵਰੀ
ਭਾਜਪਾ ਵਰਕਰਾਂ ਨੇ ਅੱਜ ਦਿੱਲੀ ਦੇ ਮੋਤੀ ਨਗਰ ’ਚ ਇਕ ਮੰਦਰ ਦੇ ਬਿਲਕੁਲ ਸਾਹਮਣੇ ਸਥਿਤ ਸ਼ਰਾਬ ਦੇ ਠੇਕੇ ਨੂੰ ਜਿੰਦਰਾ ਲਾ ਕੇ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਕੀਤੀ। ਗੁਪਤਾ ਨੇ ਕਿਹਾ ਕਿ ਇਹ ਸਿਰਫ ਭਾਜਪਾ ਦੀ ਹੀ ਨਹੀਂ ਸਗੋਂ ਪੂਰੀ ਦਿੱਲੀ ਦੀ ਆਵਾਜ਼ ਹੈ ਕਿ ਕੇਜਰੀਵਾਲ ਸਰਕਾਰ ਵੱਲੋਂ ਆਪਣੇ ਫਾਇਦੇ ਲਈ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਤੁਰੰਤ ਬੰਦ ਕਰੇ। ਆਦੇਸ਼ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਨੇ 7 ਸਾਲ ਪਹਿਲਾਂ ਸਵਰਾਜ ਕਿਤਾਬਚੇ ਵਿੱਚ ਜੋ ਲਿਖਿਆ ਸੀ, ਉਹ ਉਸ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੇ ਹਨ। ਕੇਜਰੀਵਾਲ ਖੁਦ ਕਹਿੰਦੇ ਸਨ ਕਿ ਜਦੋਂ ਕੋਈ ਨਵਾਂ ਸ਼ਰਾਬ ਦਾ ਠੇਕਾ ਖੁੱਲ੍ਹਦਾ ਹੈ ਤਾਂ ਸਿਆਸਤਦਾਨਾਂ ਤੋਂ ਲੈ ਕੇ ਅਫਸਰ ਕਰੋੜਾਂ ਰੁਪਏ ਦੇ ਘਪਲੇ ਕਰਦੇ ਹਨ। ਗੁਪਤਾ ਨੇ ਸੁਆਲ ਕੀਤਾ ਕਿ ਆਖ਼ਰ ਕੇਜਰੀਵਾਲ ਸਰਕਾਰ ਸ਼ਰਾਬ ਦੇ ਠੇਕੇ ਖੋਲ੍ਹ ਕੇ ਕਿਸ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ ਕਿਉਂਕਿ ਜੋ ਖ਼ੁਦ ਸ਼ਰਾਬ ਪੀਂਦਾ ਹੈ ਉਹ ਵੀ ਨਹੀਂ ਚਾਹੇਗਾ ਕਿ ਉਸ ਦਾ ਪੁੱਤਰ ਸ਼ਰਾਬ ਪੀਵੇ।
ਉਨ੍ਹਾਂ ਕਿਹਾ ਕਿ ਅੱਜ ਦਿੱਲੀ ਦੇ ਨੌਜਵਾਨ ਜਿੱਥੇ ਸ਼ਰਾਬ ਦੇ ਨਸ਼ੇ ਵਿੱਚ ਧੱਕੇ ਜਾ ਰਹੇ ਹਨ, ਉੱਥੇ ਹੀ ਔਰਤਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਇਸ ਦੇ ਨਾਲ ਹੀ ਸੂਬੇ ਵਿੱਚ ਰਾਤ ਸਮੇਂ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸੂਬਾ ਜਨਰਲ ਸਕੱਤਰ ਕੁਲਜੀਤ ਸਿੰਘ ਚਾਹਲ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਸ਼ਰਾਬ ਦੇ ਮਾਮਲੇ ਵਿੱਚ ਦਿੱਲੀ ਨੂੰ ਜੰਗਲ ਰਾਜ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪਣੇ ਸਵਾਰਥ ਵਿੱਚ ਅੰਨ੍ਹੇ ਹੋ ਚੁੱਕੇ ਕੇਜਰੀਵਾਲ ਨੂੰ ਇਸ ਸਮੇਂ ਦਿੱਲੀ ਦੇ ਨੌਜਵਾਨਾਂ ਦੇ ਭਵਿੱਖ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਔਰਤਾਂ ਦੀ ਸੁਰੱਖਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਸ ਬਹਾਨੇ ਆਪਣੀ ਜੇਬ ਭਰ ਰਹੇ ਕੇਜਰੀਵਾਲ ਸ਼ਰਾਬ ਮਾਫੀਆ ਦੇ ਚੁੰਗਲ ਵਿੱਚ ਹੈ।