ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਅਕਤੂਬਰ
ਭਾਜਪਾ ਆਗੂਆਂ ਨੇ ਦਿੱਲੀ ਵਿੱਚ ਪ੍ਰਦੂਸ਼ਣ ਕਾਬੂ ਕਰਨ ਵਿੱਚ ਅਸਫ਼ਲ ਹੋਣ ’ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਭਾਜਪਾ ਦੇ ਸੰਸਦ ਮੈਂਬਰ ਤੇ ਦਿੱਲੀ ਇਕਾਈ ਦੇ ਸਾਬਕਾ ਮੁਖੀ ਮਨੋਜ ਤਿਵਾੜੀ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਦਾ ਪੱਧਰ ਮਾੜਾ ਸੀ। ਉਨ੍ਹਾਂ ਨੇ ਕਿਹਾ ਕਿ ਤਿਉਹਾਰ ਤੋਂ ਬਾਅਦ ਏਕਿਊਆਈ ਵਿੱਚ ਸੁਧਾਰ ਹੋਇਆ ਹੈ। ਇਹ ਦਰਸਾਉਂਦਾ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਲਈ ਦੀਵਾਲੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ। ਤਿਵਾੜੀ ਨੇ ਬੁੱਧਵਾਰ ਨੂੰ ਟਵੀਟ ਵਿੱਚ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਏਕਿਊਆਈ 330 ਸੀ ਤੇ ਦੀਵਾਲੀ ਤੋਂ ਬਾਅਦ ਅੱਜ ਸਵੇਰੇ ਬੁੱਧਵਾਰ ਇਹ 306 ਹੈ। ਇਹ ਹਰੇ ਪਟਾਕੇ ਚਲਾਉਣ ਦਾ ਫਾਇਦਾ ਹੈ। ਇਸ ਲਈ ਜੋ ਲੋਕ ਦੀਵਾਲੀ ‘ਤੇ ਦੋਸ਼ ਲਗਾ ਰਹੇ ਸਨ ਉਨ੍ਹਾਂ ਨੂੰ ਹੁਣ ਚਿੰਤਾ ਕਰਨੀ ਚਾਹੀਦੀ ਹੈ ਕਿ ਜੇਕਰ ਹੁਣ ਤੋਂ ਪ੍ਰਦੂਸ਼ਣ ਹੋਰ ਵਧ ਗਿਆ। ਦੀਵਾਲੀ ‘ਤੇ ਇਸ ਨੂੰ ਦੋਸ਼ ਨਾ ਦਿਓ। ਦੂਜੇ ਪਾਸੇ ਭਾਜਪਾ ਦੇ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਪਰਵੇਸ਼ ਸਾਹਿਬ ਸਿੰਘ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਨਾਕਾਮ ਰਹਿਣ ਲਈ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪਾਰਟੀ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਨੇ ਕਿਹਾ ਕਿ ਦੀਵਾਲੀ ਦੇ ਪਟਾਕੇ ਦਿੱਲੀ ਦੀ ਹਵਾ ਦੀ ਗੁਣਵੱਤਾ ਦੇ ਖਰਾਬ ਹੋਣ ਲਈ ਜ਼ਿੰਮੇਵਾਰ ਨਹੀਂ ਹਨ। ਗੁਆਂਢੀ ਸ਼ਹਿਰਾਂ ਗਾਜ਼ੀਆਬਾਦ (262), ਨੋਇਡਾ (246), ਗ੍ਰੇਟਰ ਨੋਇਡਾ (196), ਗੁਰੂਗ੍ਰਾਮ (242) ਅਤੇ ਫਰੀਦਾਬਾਦ (243) ਵਿੱਚ ਹਵਾ ਦੀ ਗੁਣਵੱਤਾ ‘ਦਰਮਿਆਨੀ’ ਤੋਂ ‘ਮਾੜੀ’ ਸ਼੍ਰੇਣੀ ਵਿੱਚ ਸੀ।