ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਦਸੰਬਰ
‘ਆਪ’ ਵਿਧਾਇਕਾ ਆਤਿਸ਼ੀ ਨੇ ਕਿਹਾ ਕਿ ਭਾਜਪਾ ਤਿੰਨਾਂ ਦਿੱਲੀ ਨਗਰ ਨਿਗਮਾਂ ’ਚ ਕਈ ਸਾਲਾਂ ਤੋਂ ਵਪਾਰਕ ਪ੍ਰਾਪਰਟੀ ਟੈਕਸ, ਪਰਿਵਰਤਨ ਫੀਸ ਤੇ ਪਾਰਕਿੰਗ ਫੀਸ ਵਸੂਲ ਰਹੀ ਹੈ ਅਤੇ ਉਸ ਨੇ ਅਚਾਨਕ ਅਣਅਧਿਕਾਰਤ ਖੇਤਰਾਂ ਵਿੱਚ ਦੁਕਾਨਾਂ ਤੇ ਰੈਸਟੋਰੈਂਟਾਂ ਨੂੰ ਲਾਇਸੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਭਾਜਪਾ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਭੇਜ ਰਹੀ ਹੈ ਤਾਂ ਜੋ ਉਹ ਉਸ ਤੋਂ ਵੱਡੀ ਰਕਮ ਕਮਾ ਸਕੇ। ਭਾਜਪਾ ਤਿੰਨ ਮਹੀਨਿਆਂ ’ਚ ਹੋਰ ਪੈਸਾ ਇਕੱਠਾ ਕਰਨਾ ਚਾਹੁੰਦੀ ਹੈ।
ਆਤਿਸ਼ੀ ਨੇ ਕਿਹਾ ਕਿ ਪੁਰਾਣੀ ਪ੍ਰਕਿਰਿਆ ਤਹਿਤ ਐੱਮਸੀਡੀ ਦੇ ਪੋਰਟਲ ਰਾਹੀਂ ਦੁਕਾਨਾਂ, ਢਾਬਿਆਂ, ਰੈਸਟੋਰੈਂਟਾਂ ਨੂੰ ਲਾਇਸੈਂਸ ਜਾਰੀ ਕੀਤੇ ਜਾਂਦੇ ਸਨ। ਹੁਣ ਸਿਰਫ਼ ਉਨ੍ਹਾਂ ਨੂੰ ਹੀ ਲਾਇਸੈਂਸ ਦੇ ਰਹੀ ਹੈ ਜਿਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਸੂਚਿਤ ਕੀਤਾ ਗਿਆ ਹੈ। ਅਣਅਧਿਕਾਰਤ ਕਲੋਨੀਆਂ ਦੇ ਲਾਇਸੈਂਸ ਦਾ ਨਵੀਨੀਕਰਨ ਨਾ ਕਰਕੇ ਕਾਰਨ ਦੱਸੋ ਨੋਟਿਸ ਭੇਜੇ ਜਾ ਰਹੇ ਹਨ, ਜਿਨ੍ਹਾਂ ਨੂੰ ਭਾਜਪਾ ਸਰਕਾਰ ਚੋਣਾਂ ਤੋਂ ਪਹਿਲਾਂ ਨਿਯਮਤ ਕਰਨ ਦੀ ਗੱਲ ਕਰਦੀ ਹੈ। ਸਵਾਲ ਉਠਾਉਂਦੇ ਹੋਏ ਆਤਿਸ਼ੀ ਨੇ ਕਿਹਾ ਕਿ ਇੰਨੇ ਸਾਲਾਂ ’ਚ ਅਚਾਨਕ ਉਸ ਨੂੰ ਕਾਰਨ ਦੱਸੋ ਨੋਟਿਸ ਕਿਉਂ ਭੇਜ ਰਹੇ ਹੋ? ਇਹ ਬਹੁਤ ਸਪੱਸ਼ਟ ਹੈ ਕਿ ਇਹ ਜਬਰੀ ਵਸੂਲੀ ਦਾ ਇੱਕ ਨਵਾਂ ਤਰੀਕਾ ਹੈ।
ਆਤਿਸ਼ੀ ਨੇ ਅੱਜ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਜਿਸ ਤਰ੍ਹਾਂ ਭਾਜਪਾ ਨੇ ਪਿਛਲੇ 5 ਸਾਲਾਂ ਤੋਂ ਐੱਮਸੀਡੀ ’ਚ ਭ੍ਰਿਸ਼ਟਾਚਾਰ ਕੀਤਾ ਹੈ ਦਿੱਲੀ ਦੇ ਲੋਕ ਉਸ ਭ੍ਰਿਸ਼ਟਾਚਾਰ ਤੋਂ ਪ੍ਰੇਸ਼ਾਨ ਹਨ। ਅੱਜ ਭਾਜਪਾ ਸਮਝ ਗਈ ਹੈ ਕਿ ਜਿਵੇਂ ਹੀ 3 ਮਹੀਨਿਆਂ ਬਾਅਦ ਐੱਮਸੀਡੀ ਦੀਆਂ ਚੋਣਾਂ ਹੋਣਗੀਆਂ ਦਿੱਲੀ ਦੇ ਲੋਕ ਉਨ੍ਹਾਂ ਨੂੰ ਐੱਮਸੀਡੀ ਦੀ ਸੱਤਾ ਤੋਂ ਬਾਹਰ ਕਰ ਦੇਣਗੇ। ਹੁਣ ਐੱਮਸੀਡੀ ਵਿੱਚ ਭਾਜਪਾ ਦੀ ਸਰਕਾਰ ਹੈ ਤੇ ਕੌਂਸਲਰਾਂ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਜਿੰਨਾ ਹੋ ਸਕੇ ਇਕੱਠਾ ਕਰਨ ਦਾ ਮਨ ਬਣਾ ਲਿਆ ਹੈ।’’