ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਫਰਵਰੀ
ਵਿਧਾਇਕ ਵਿਸ਼ੇਸ਼ ਰਵੀ ਨੇ ਉਪ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਉੱਤਰੀ ਦਿੱਲੀ ਨਗਰ ਨਿਗਮ ਨੂੰ ਝੰਡੇਵਾਲਨ ਚੈਸਟ ਕਲੀਨਿਕ ਤੇ ਕੁਤੁਬਗੜ੍ਹ ਡਿਸਪੈਂਸਰੀ ਕੰਪਲੈਕਸ ਦੀ ਜ਼ਮੀਨ ਵੇਚਣਾ ਕਾਨੂੰਨ ਦੀ ਉਲੰਘਣਾ ਹੈ ਤੇ ਇਸ ਨੂੰ ਰੋਕਣਾ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਐਕਸਪ੍ਰੇਸ਼ਨ ਆਫ਼ ਇੰਟਰਸਟ ਫੇਲ੍ਹ ਹੋਣ ਦੇ ਬਾਵਜੂਦ ਨਿਗਮ ਨੇ ਇੱਕ ਵਾਰ ਫਿਰ 2 ਫਰਵਰੀ ਨੂੰ ਐਕਸਪ੍ਰੈਸ਼ਨ ਆਫ਼ ਇੰਟਰਸਟ ਜਾਰੀ ਕੀਤਾ ਹੈ।
ਵਿਧਾਇਕ ਰਵੀ ਨੇ ਕਿਹਾ ਕਿ ਉੱਤਰੀ ਦਿੱਲੀ ਨਗਰ ਨਿਗਮ ਨੇ ਬੜੀ ਚਲਾਕੀ ਨਾਲ ਸਿਰਫ਼ 400-500 ਵਰਗ ਮੀਟਰ ਜ਼ਮੀਨ ਦਾ ਜ਼ਿਕਰ ਕੀਤਾ ਹੈ ਜਦੋਂਕਿ ਝੰਡੇਵਾਲ ਕਲੀਨਿਕ ਦਾ ਅਸਲ ਰਕਬਾ 3700 ਵਰਗ ਮੀਟਰ ਹੈ। ਕਲੀਨਿਕ ਦੇ ਸਟਾਫ਼ ਨੇ ਵਿਧਾਇਕ ਨੂੰ ਦੱਸਿਆ ਕਿ ਅੱਜ ਵੀ ਕਲੀਨਿਕ ਵਿੱਚ 300-400 ਮਰੀਜ਼ ਆਉਂਦੇ ਹਨ। ਇਸ ਤੋਂ ਇਲਾਵਾ ਇਹ ਕਲੀਨਿਕ ਆਸ-ਪਾਸ ਦੀਆਂ 28 ਡਿਸਪੈਂਸਰੀਆਂ ਦੀ ਵੀ ਮਦਦ ਕਰਦਾ ਹੈ। ਸਟਾਫ਼ ਨੇ ਵਿਧਾਇਕ ਵਿਸ਼ਾਲ ਰਵੀ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਭਾਜਪਾ ਦੀ ਸੱਤਾ ਵਾਲੀ ਨਿਗਮ ਇਹ ਕੰਮ ਗ਼ੈਰ-ਕਾਨੂੰਨੀ ਢੰਗ ਨਾਲ ਭਾਜਪਾ ਆਗੂਆਂ ਦੇ ਝੋਲੇ ਭਰਨ ਲਈ ਕਰ ਰਹੀ ਹੈ|
ਨਿਗਮ ਸਿਹਤ ਕੇਂਦਰ ਨਹੀਂ ਵੇਚ ਰਿਹਾ: ਕਪੂਰ
ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਹੈ ਕਿ ਨਿਗਮ ਕੋਈ ਵੀ ਸਿਹਤ ਕੇਂਦਰ ਨਹੀਂ ਵੇਚ ਰਿਹਾ ਤੇ ਸਿਰਫ਼ ਸੀਮਤ ਮਿਆਦ ਲਈ ਮੁਫ਼ਤ ਚੈਰੀਟੇਬਲ ਸਿਹਤ ਸੇਵਾਵਾਂ ਚਲਾਉਣ ਲਈ ਕਿਸੇ ਸਮਾਜਿਕ ਸੰਸਥਾ ਨੂੰ ਲੀਜ਼ ’ਤੇ ਦੇਣਾ ਚਾਹੁੰਦਾ ਹੈ। ਉੱਤਰੀ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ ਕੋਲ ਝੰਡੇਵਾਲਾਂ ਵਿੱਚ ਇੱਕ ਕਾਫ਼ੀ ਪੁਰਾਣਾ ਬੰਦ ਪਿਆ ਸਿਹਤ ਕੇਂਦਰ ਤੇ ਕੁਤੁਬਗੜ੍ਹ ਵਿੱਚ 2015 ਤੋਂ ਇੱਕ ਹਸਪਤਾਲ ਦੀ ਇਮਾਰਤ ਬਣੀ ਹੋਈ ਹੈ ਤੇ ਵਿੱਤੀ ਸੰਕਟ ਕਾਰਨ ਨਿਗਮ ਇਸ ਨੂੰ ਚਾਲੂ ਕਰਨ ਵਿੱਚ ਅਸਮਰੱਥ ਹੈ। ਲੋਕਾਂ ਦੀ ਸਹੂਲਤ ਲਈ ਹਸਪਤਾਲ ਦੀ ਇਮਾਰਤ ਨੂੰ ਸਮਾਜਿਕ ਸੰਸਥਾ ਨੂੰ ਸਿਹਤ ਕੇਂਦਰ ਚਲਾਉਣ ਲਈ ਦੇਣ ਦੇ ਯਤਨ ਕੀਤੇ ਜਾ ਰਹੇ ਹਨ।