ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਗਸਤ
ਦਿੱਲੀ ਪੁਲੀਸ ਨੇ ਲਾਲ ਕਿਲ੍ਹੇ ‘ਤੇ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਇਤਿਹਾਸਕ ਕਿਲ੍ਹੇ ਦੇ ਆਲੇ ਦੁਆਲੇ ਪੰਜ ਕਿਲੋਮੀਟਰ ਖੇਤਰ ਵਿੱਚ ਪਤੰਗ ਉਡਾਉਣ ’ਤੇ ਪਾਬੰਦੀ ਲਾਈ ਹੈ। ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਾਲ ਕਿਲ੍ਹਾ ਅਤੇ ਇਤਿਹਾਸਕ ਸਮਾਰਕ ਦੇ ਆਲੇ-ਦੁਆਲੇ ਦੇ ਪੰਜ ਕਿਲੋਮੀਟਰ ਦੇ ਖੇਤਰ ਨੂੰ 15 ਅਗਸਤ ਵਾਲੇ ਦਿਨ ਝੰਡਾ ਲਹਿਰਾਉਣ ਦੀ ਰਸਮ ਅਤੇ ਪ੍ਰਧਾਨ ਮੰਤਰੀ ਦਾ ਸੰਬੋਧਨ ਖਤਮ ਹੋਣ ਤੱਕ ‘ਨੋ ਪਤੰਗ ਉਡਾਉਣ ਜ਼ੋਨ’ ਐਲਾਨਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸਬੰਧਤ ਸਥਾਨਕ ਪੁਲੀਸ ਥਾਣਿਆਂ ਦੇ ਮੁਲਾਜ਼ਮਾਂ ਨੇ ਚਾਂਦਨੀ ਚੌਕ, ਜਾਮਾ ਮਸਜਿਦ, ਦਰਿਆਗੰਜ ਅਤੇ ਬਾਰਾ ਹਿੰਦੂ ਰਾਓ ਤੱਕ ਦੇ ਖੇਤਰਾਂ ਵਿੱਚ ਪਤੰਗ ਉਡਾਉਣ ਵਾਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਮਿਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ 15 ਅਗਸਤ ਵਾਲੇ ਦਿਨ ਪਤੰਗ ਉਡਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਜਾ ਰਿਹਾ ਹੈ। ਹਰ ਸਾਲ ਸੁਤੰਤਰਤਾ ਦਿਵਸ ਤੇ ਗਣਤੰਤਰ ਦਿਵਸ ਦੇ ਜਸ਼ਨਾਂ ਦੇ ਆਲੇ-ਦੁਆਲੇ ਦਿੱਲੀ ਪੁਲੀਸ ਸਮਾਗਮਾਂ ਦੀ ਸਮਾਪਤੀ ਤੱਕ ਸ਼ਹਿਰ ਭਰ ਵਿੱਚ ਹਵਾਈ ਵਾਹਨਾਂ ਜਿਵੇਂ ਕਿ ਡਰੋਨ, ਪੈਰਾਗਲਾਈਡਰ ਅਤੇ ਗਰਮ-ਹਵਾ ਦੇ ਗੁਬਾਰਿਆਂ ਨੂੰ ਉਡਾਉਣ ‘ਤੇ ਪਾਬੰਦੀ ਲਗਾਉਂਦੀ ਹੈ। ਡਿਪਟੀ ਕਮਿਸ਼ਨਰ ਪੁਲੀਸ (ਉੱਤਰੀ) ਸਾਗਰ ਸਿੰਘ ਕਲਸੀ ਨੇ ਕਿਹਾ ਕਿ ਚੌਕਸੀ ਲਈ ਲਾਲ ਕਿਲੇ ਦੇ ਆਲੇ-ਦੁਆਲੇ 350 ਉੱਚੀਆਂ ਇਮਾਰਤਾਂ ਦੀ ਛੱਤ ‘ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਲਾਲ ਕਿਲ੍ਹੇ ਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਸੁਰੱਖਿਅਤ ਕਰਨ ਤੋਂ ਇਲਾਵਾ ਪੁਲੀਸ 950 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਉਣ ਦੀ ਪ੍ਰਕਿਰਿਆ ਵਿੱਚ ਹੈ।
ਹਾਈ ਕੋਰਟ ਨੇ ਪੁਲੀਸ ਤੋਂ ਚੀਨੀ ਡੋਰ ਸਬੰਧੀ ਚੁੱਕੇ ਕਦਮਾਂ ਬਾਰੇ ਜਵਾਬ ਮੰਗਿਆ
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਅੱਜ ਪੁਲੀਸ ਤੋਂ ਸਿੰਥੈਟਿਕ ਡੋਰ ਸਬੰਧੀ ਜਵਾਬ ਮੰਗਿਆ ਹੈ। ਹਾਈ ਕੋਰਟ ਨੇ ਦਿੱਲੀ ਪੁਲੀਸ ਨੂੰ ਪੁੱਛਿਆ ਕਿ ਉਸ ਨੇ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਸਿੰਥੈਟਿਕ ਡੋਰ ਦੀ ਉਪਲੱਬਧਤਾ ਤੇ ਵਿਕਰੀ ਨੂੰ ਰੋਕਣ ਲਈ ਕੀ ਕਦਮ ਚੁੱਕੇ ਹਨ। ਦਿੱਲੀ ਪੁਲੀਸ ਵੱਲੋਂ ਪੇਸ਼ ਹੋਏ ਐਡਵੋਕੇਟ ਸੰਜੈ ਰਾਓ ਨੇ ਤਾਜ਼ਾ ਸਥਿਤੀ ਦਾ ਜਾਇਜ਼ਾ ਲੈਣ ਲਈ ਸਮਾਂ ਮੰਗਿਆ ਹੈ। ਜਸਟਿਸ ਸਤੀਸ਼ ਚੰਦਰ ਸ਼ਰਮਾ ਅਤੇ ਜਸਟਿਸ ਸੁਬਰਾਮਨੀਅਮ ਪ੍ਰਸਾਦ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ 5 ਅਗਸਤ ਲਈ ਟਾਲ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੈਂਚ ਇੱਕ ਜਨਹਿਤ ਪਟੀਸ਼ਨ (ਪੀਆਈਐਲ) ਦੀ ਸੁਣਵਾਈ ਕਰ ਰਿਹਾ ਸੀ ਜਿਸ ਵਿੱਚ ਕੇਂਦਰ, ਦਿੱਲੀ ਸਰਕਾਰ ਅਤੇ ਦਿੱਲੀ ਪੁਲੀਸ ਨੂੰ ਪਤੰਗ ਉਡਾਉਣ, ਬਣਾਉਣ, ਵੇਚਣ-ਖਰੀਦਣ, ਸਟੋਰ ਕਰਨ ਅਤੇ ਢੋਆ-ਢੁਆਈ ‘ਤੇ ਮੁਕੰਮਲ ਪਾਬੰਦੀ ਲਗਾਉਣ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪਤੰਗਬਾਜ਼ੀ ਕਾਰਨ ਵਾਪਰੇ ਹਾਦਸਿਆਂ ਵਿੱਚ ਕਈ ਵਿਅਕਤੀ ਅਤੇ ਪੰਛੀ ਮਾਰੇ ਜਾ ਚੁੱਕੇ ਹਨ ਅਤੇ ਅਜਿਹੇ ਹਾਦਸੇ ਲਗਾਤਾਰ ਵਾਪਰ ਰਹੇ ਹਨ। ਪਤੰਗਬਾਜ਼ੀ ਕਾਰਨ ਦਿੱਲੀ ਦੇ ਮਨੁੱਖਾਂ ਤੇ ਪੰਛੀਆਂ ਦੀ ਜਾਨ ਨੂੰ ਖ਼ਤਰਾ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਹਾਲ ਹੀ ਵਿੱਚ 25 ਜੁਲਾਈ ਨੂੰ ਦਿੱਲੀ ਦੇ ਹੈਦਰਪੁਰ ਫਲਾਈਓਵਰ ‘ਤੇ ਇੱਕ 30 ਸਾਲਾ ਵਿਅਕਤੀ ਦੀ ਜਾਨ ਚਲੀ ਗਈ ਸੀ।