ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਮਈ
ਵਿਧਾਇਕਾ ਆਤਿਸ਼ੀ ਨੇ ਅੱਜ ਸਵੀਡਨ ਵਿੱਚ ਮਾਲਮੋ ਸੰਮੇਲਨ ਵਿੱਚ ‘ਆਈਸੀਐੱਲਈਆਈ; ਵਿਸ਼ਵ ਕਾਂਗਰਸ 2022’ ਦੌਰਾਨ ਸੰਬੋਧਨ ਕੀਤਾ। ਉਨ੍ਹਾਂ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਵਿੱਚ ਕੀਤੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ। ਦਿੱਲੀ ਮਾਡਲ ਤਹਿਤ ਸੂਬੇ ਦੀ ਕਾਇਆ ਕਲਪ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਤਿੰਨ ਕਰੋੜ ਦੀ ਆਬਾਦੀ ਵਾਲਾ ਸ਼ਹਿਰ ਦਿੱਲੀ ਨਿਰਪੱਖਤਾ ਤੇ ਸਮਾਵੇਸ਼ ਵੱਲ ਵਧ ਸਕਦਾ ਹੈ ਤਾਂ ਦੁਨੀਆ ਦਾ ਹਰ ਸ਼ਹਿਰ ਅਜਿਹਾ ਕਰ ਸਕਦਾ ਹੈ। ਆਤਿਸ਼ੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਨਿੱਜੀ ਸਕੂਲਾਂ ਨਾਲੋਂ ਵਧੀਆ ਰਿਹਾ ਹੈ। ਦਿੱਲੀ ਦੀ ਪ੍ਰਤੀ ਵਿਅਕਤੀ ਆਮਦਨ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਤਿੰਨ ਗੁਣਾ ਵੱਧ ਹੈ ਤੇ ਰਾਜ ਦੀ ਜੀਡੀਪੀ ਪਿਛਲੇ ਦਹਾਕੇ ਵਿੱਚ 150 ਫੀਸਦੀ ਵਧੀ ਹੈ। ਦਿੱਲੀ ਸਰਕਾਰ ਆਪਣੀਆਂ ਕੁਸ਼ਲ ਬਜਟ ਪ੍ਰਬੰਧਨ ਨੀਤੀਆਂ ਅਤੇ ਵਿੱਤੀ ਸੂਝ-ਬੂਝ ਨਾਲ ਸਰਕਾਰੀ ਸਬਸਿਡੀਆਂ ਦੇ ਨਾਲ-ਨਾਲ ਸਿੱਖਿਆ ਅਤੇ ਸਿਹਤ ਦੇਖਭਾਲ ਉੱਤੇ ਖਰਚ ਨੂੰ ਲਗਾਤਾਰ ਵਧਾ ਰਹੀ ਹੈ। ਵਿਧਾਇਕ ਨੇ ਕਿਹਾ ਕਿ ਲਗਪਗ 1.5 ਮਿਲੀਅਨ ਵਿਦਿਆਰਥੀਆਂ ਵਾਲੇ ਪਬਲਿਕ ਸਕੂਲਾਂ ਵਿੱਚ ਮੁੰਡਿਆਂ ਤੇ ਕੁੜੀਆਂ ਲਈ ਵੱਖਰੇ ਪਖ਼ਾਨੇ ਅਤੇ ਉੱਚ ਪੱਧਰੀ ਅਧਿਆਪਕਾਂ ਦੀ ਅਣਹੋਂਦ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਵੀ ਘਾਟ ਹੈ। ਜ਼ਿਆਦਾਤਰ ਆਬਾਦੀ ‘ਅਣਅਧਿਕਾਰਤ’ ਮੰਨੇ ਜਾਂਦੇ ਖੇਤਰਾਂ ਵਿੱਚ ਰਹਿੰਦੀ ਸੀ ਅਤੇ ਇਸ ਲਈ ਵਿਕਾਸ ਤੋਂ ਵਾਂਝੀ ਸੀ। 1500 ਤੋਂ ਵੱਧ ਰਿਹਾਇਸ਼ੀ ਖੇਤਰਾਂ ਵਿੱਚ ਪਾਣੀ ਦੀ ਸਪਲਾਈ ਕੀਤੀ ਗਈ ਹੈ। 500 ਤੋਂ ਵੱਧ ਰਿਹਾਇਸ਼ੀ ਇਲਾਕਿਆਂ ਨੂੰ ਪਹਿਲੀ ਵਾਰ ਸੀਵਰੇਜ ਨੈੱਟਵਰਕ ਨਾਲ ਜੋੜਿਆ ਗਿਆ ਹੈ।