ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਪਰੈਲ
ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਨਵੀਂ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ ਦੂਜੀਆਂ ਖੇਲੋ ਇੰਡੀਆ ਮਾਸਟਰਜ਼ ਖੇਡਾਂ ਦਿੱਲੀ-2022 ਦਾ ਉਦਘਾਟਨ ਕੀਤਾ। ਸ੍ਰੀ ਠਾਕੁਰ ਨੇ ਕਿਹਾ ਕਿ ਇਹ ਖੇਡ ਨੌਜਵਾਨਾਂ ਅਤੇ ਵੱਡਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਅਤੇ ਦੇਸ਼ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਟੂਰਨਾਮੈਂਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੇਲੋ ਇੰਡੀਆ ਦੇ ਨਜ਼ਰੀਏ ਨੂੰ ਵੀ ਉਤਸ਼ਾਹਿਤ ਕਰੇਗਾ। ਮੰਤਰੀ ਨੇ ਦੱਸਿਆ ਕਿ ਇਸ ਖੇਡ ਤਹਿਤ ਅੱਜ ਤੋਂ 3 ਮਈ ਤੱਕ ਅੱਠ ਖੇਡਾਂ ਵਿੱਚ 23 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 30 ਤੋਂ 95 ਸਾਲ ਤੋਂ ਵੱਧ ਉਮਰ ਦੇ ਤਿੰਨ ਹਜ਼ਾਰ ਮਾਸਟਰ ਖਿਡਾਰੀ ਭਾਗ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਖੇਲੋ ਇੰਡੀਆ ਵਰਗੀਆਂ ਸਕੀਮਾਂ ਦੇਸ਼ ਦੇ ਦੂਰ-ਦੁਰਾਡੇ ਦੇ ਕੋਨੇ-ਕੋਨੇ ਵਿੱਚ ਖੇਡਾਂ ਨੂੰ ਅੱਗੇ ਵਧਾ ਰਹੀਆਂ ਹਨ। ਜਿਕਰਯੋਗ ਹੈ ਕਿ ਕਰੋਨਾ ਕਾਲ ਦੌਰਾਨ ਦੇਸ਼ ਵਿੱਚ ਖੇਡ ਸਰਗਰਮੀਆਂ ਵੀ ਠੱਪ ਹੋ ਕੇ ਰਹਿ ਗਈਆਂ ਸਨ। ਦਿੱਲੀ ਦੇ ਖੇਡ ਕੈਲੰਡਰ ਵਿੱਚ ਵੀ ਰੁਕਾਵਟ ਆ ਗਈ ਸੀ। ਹੁਣ ਮੁੜ ਖੇਡ ਸਰਗਰਮੀਆਂ ਨੇ ਰਫ਼ਤਾਰ ਫੜੀ ਹੈ।