ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਮਈ
ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਆਂਗਣਵਾੜੀ ਵਰਕਰਾਂ ਵੱਲੋਂ ਦਿੱਲੀ ਵਿੱਚ ‘ਜੰਤਰ-ਮੰਤਰ’ ’ਤੇ ਲਾਲ ਕੱਪੜੇ ਪਾ ਕੇ ਰੋਸ ਪ੍ਰਦਰਸ਼ਨ ਕਰਕੇ ਆਪਣੀਆਂ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕੀਤੀ ਗਈ। ਆਂਗਣਵਾੜੀ ਵਰਕਰਾਂ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਸੇਧ ਲੈਣ ਦਾ ਸੱਦਾ ਦਿੱਤਾ। ਦਿੱਲੀ ਤੋਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਆਂਗਣਵਾੜੀ ਵਰਕਰਾਂ ਪਹਿਲਾਂ ਦਿੱਲੀ ਦੇ ਮੰਡੀ ਹਾਊਸ ਵਿੱਚ ਇਕੱਠੀਆਂ ਹੋਈਆਂ ਤੇ ਉਨ੍ਹਾਂ ਖ਼ੁਦ ਨੂੰ ਪੱਕੇ ਕਰਨ ਤੇ ਬਣਦੇ ਮਾਣ ਭੱਤੇ ਦੇਣ ਦੀ ਮੰਗ ਉਠਾਈ। ਦਿੱਲੀ ਸਟੇਟ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਯੂਨੀਅਨ ਵੱਲੋਂ ‘ਚੱਲੋ ਜੰਤਰ-ਮੰਤਰ’ ਦੇ ਦਿੱਤੇ ਸੱਦੇ ਉਪਰ ਇਹ ਪ੍ਰਦਰਸ਼ਨਕਾਰੀ ਇਕੱਤਰ ਹੋਏ ਤੇ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਦੀਆਂ ਨੀਤੀਆਂ ਨੂੰ ਮੁਲਾਜ਼ਮ ਵਿਰੋਧੀ ਕਰਾਰ ਦਿੰਦੇ ਹੋਏ ਦੋਨਾਂ ਸਰਕਾਰਾਂ ਦੀ ਭੰਡੀ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਇਸ ਮੌਕੇ ਕਿਹਾ ਕਿ ਮਜ਼ਦੂਰ ਦਿਵਸ ਦੇ ਸੰਘਰਸ਼ ਨਾਲ ਕੌਮਾਂਤਰੀ ਪੱਧਰ ਉਪਰ ਮਜ਼ਦੂਰਾਂ ਦੀ ਆਵਾਜ਼ ਸੁਣੀ ਗਈ ਸੀ ਕਿਉਂਕਿ ਇਹ ਸਭ ਮਜ਼ਦੂਰ ਏਕਤਾ ਨਾਲ ਸੰਭਵ ਹੋਇਆ। ਦਿੱਲੀ ਸਟੇਟ ਆਂਗਣਵਾੜੀ ਵਰਕਰਸ ਤੇ ਹੈਲਪਰਸ ਯੂਨੀਅਨ ਦੀ ਇੱਕ ਆਗੂ ਵਿਸ਼ਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਦੇ ਹੱਥਾਂ ਵਿੱਚ ਖੇਡਦੇ ਹੋਏ ਜਿਵੇਂ ਕਿਰਤ ਕਾਨੂੰਨਾਂ ਨੂੰ ਪੇਤਲਾ ਕਰਨਾ ਸ਼ੁਰੂ ਕੀਤਾ ਹੈ, ਉਸ ਨਾਲ ਭਵਿੱਖ ਵਿੱਚ ਮਜ਼ਦੂਰਾਂ ਦਾ ਸੋਸ਼ਣ ਵਧੇਗਾ ਅਤੇ ਗ਼ਰੀਬ ਲੋਕਾਂ ਦੀ ਸੁਣਵਾਈ ਬੰਦ ਹੋ ਸਕਦੀ ਹੈ। ਲਾਲ ਲਿਵਾਸਾਂ ਵਿੱਚ ਆਈਆਂ ਆਂਗਣਵਾੜੀ ਵਰਕਰਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ। ਵਿਸ਼ਾਲੀ ਨੇ ਇਸ ਮੌਕੇ ਕਿਹਾ ਕਿ ਮਜ਼ਦੂਰ ਦਿਵਸ ਮਜ਼ਦੂਰਾਂ ਦੀ ਰਾਜਸੀ ਚੇਤਨਾ ਪੈਦਾ ਕਰਨ ਵਾਲਾ ਸਾਬਤ ਹੋਇਆ ਤੇ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਇੱਕਜੁੱਟ ਹੋਣ ਦਾ ਮੰਤਰ ਇਸਤੇਮਾਲ ਕਰਨਾ ਸ਼ੁਰੂ ਕੀਤਾ। ਉਨ੍ਹਾਂ ਵਰਕਰਾਂ ਨੂੰ ਘੱਟੋ-ਘੱਟ ਤਨਖ਼ਾਹ ਭੱਤੇ ਦੇਣ ਦੀ ਮੰਗ ਵੀ ਕੀਤੀ।