ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜਨਵਰੀ
ਪ੍ਰੋਗਰੈਸਿਵ ਮੈਡੀਕੋਜ਼ ਸਾਇੰਟਿਸਟ ਫੋਰਮ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਹੁਣ ਤੱਕ ਸਿੰਘੂ, ਟਿਕਰੀ, ਗਾਜ਼ੀਪੁਰ ਤੇ ਸ਼ਾਹਜਹਾਂਪੁਰ ਸਮੇਤ ਸਾਰੇ ਬਾਰਡਰਾਂ ‘ਤੇ ਕਿਸਾਨ ਮੋਰਚੇ ਲਈ ਪੰਜਾਹ ਤੋਂ ਵੱਧ ਮੁਫ਼ਤ ਸਿਹਤ ਜਾਂਜ ਕੈਂਪ ਲਗਾਏ ਗਏ ਹਨ। ਫੋਰਮ ਦੇ ਆਗੂ ਡਾ. ਹਰਪਰੀਤ ਸਿੰਘ ਭੱਟੀ ਨੇ ਦੱਸਿਆ ਕਿ ਪਹਿਲਾ ਕੈਂਪ ਸਿਰਫ ਦੋ ਡਾਕਟਰਾਂ ਨੇ ਲਗਾਇਆ ਸੀ। ਫੇਰ ਅਗਲਾ ਪੰਜ ਇਸ ਤੋਂ ਬਾਅਦ ਦਸ ਤੇ ਅੱਜ ਸਾਡੀ ਟੀਮ ਵਿੱਚ 113 ਮੈਂਬਰ ਹਨ।
ਟੀਮ ਵਿੱਚ ਏਮਜ਼ ਤੋਂ ਇਲਾਵਾ ਸਫਦਰਜੰਗ, ਹਿੰਦੂਰਾਓ, ਲੇਡੀ ਹਾਰਡਿੰਗ , ਕਸਤੂਰਬਾ ਅਤੇ ਦਿੱਲੀ ਦੇ ਹੋਰ ਵੱਡੇ-ਵੱਡੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੇ ਡਾਕਟਰ ਹਨ, ਜੋ ਬੇਹਦ ਸੰਵੇਦਨਸ਼ੀਲ ਹਨ ਤੇ ਕਿਸਾਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹਨ। ਟੀਮ ਵਿੱਚ ਐੱਮ.ਡੀ, ਡੀ.ਐੱਮ, ਐੱਮ.ਐੱਸ, ਐੱਮਸੀਐੱਚ ਡਾਕਟਰ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸਾਡੇ ਹਰ ਕੈਂਪ ਵਿੱਚ ਰੋਜ਼ਾਨਾ 400 ਤੋਂ 500 ਕਿਸਾਨਾਂ ਦਾ ਇਲਾਜ ਕੀਤਾ ਜਾਂਦਾ ਹੈ ਜਾਂ ਡਾਕਟਰੀ ਸਲਾਹ ਦਿੱਤੀ ਜਾਂਦੀ ਹੈ। ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਕਰਮਜੀਤ ਮਾਣੂੰਕੇ ਨੇ ਦੱਸਿਆ ਕਿ ਡਾਕਟਰ ਸਾਹਿਬਾਨਾਂ ਦੀਆਂ ਸੇਵਾਵਾਂ ਨੂੰ ਆਪਣੇ ਅੱਖੀਂ ਕਿਸਾਨ ਮੋਰਚੇ ‘ਚ ਦੇਖ ਰਹੇ ਹਾਂ।
ਇਸ ਦੌਰਾਨ ਭੁਪਿੰਦਰ ਲੌਂਗੋਵਾਲ ਨੇ ਦੱਸਿਆ ਕਿ ਡਾਕਟਰਾਂ ਦੀ ਟੀਮ ਵਿੱਚ ਡਾ. ਸੋਨੂੰ, ਡਾ. ਸਿਧਾਰਥ, ਡਾ. ਦੇਵੇਂਦਰ ਤੇ ਜੈਸ ਕੌਰ ਸਣੇ 100 ਦੇ ਕਰੀਬ ਹੋਰ ਡਾਕਟਰ ਤੇ ਨਰਸਾਂ ਸ਼ਾਮਲ ਹਨ।
ਹਿਸਾਰ-ਚੰਡੀਗੜ੍ਹ ਮਾਰਗ ’ਤੇ ਮੈਡੀਕਲ ਸਹੂਲਤ ਜਾਰੀ
ਟੋਹਾਣਾ (ਪੱਤਰ ਪ੍ਰੇਰਕ): ਦਿੱਲੀ ਕੂਚ ਕਰ ਰਹੇ ਕਿਸਾਨਾਂ-ਮਜ਼ਦੂਰਾਂ ਵਾਸਤੇ ਹਿਸਾਰ-ਚੰਡੀਗੜ੍ਹ ਮਾਰਗ ’ਤੇ ਟੋਹਾਣਾ ਦੇ ਟਾਊਨ ਪਾਰਕ ਵਿੱਚ ਇਥੋਂ ਦੀਆਂ ਨੌਜਵਾਨ ਜਥੇਬੰਦੀਆਂ ਨੇ ਲੰਗਰ ਸੇਵਾ ਤੇ ਮੈਡੀਕਲ ਸੇਵਾ ਆਰੰਭੀ ਹੋਈ ਹੈ। ਸਰਬ ਕਰਮਚਾਰੀ ਸੰਘ ਦੇ ਪ੍ਰਧਾਨ ਲਾਭ ਸਿੰਘ, ਰੋਡਵੇਜ਼ ਦੇ ਕੁਲਤਾਰ ਸਿੰਘ, ਅਨਾਜ ਮੰਡੀ ਤੋਂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਇਕ ਰਫ਼ਤੇ ਤੋਂ ਪਿੰਡਾਂ ਦੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਚੌਵੀ ਘੰਟੇ ਚਾਹ ਦਾ ਲੰਗਰ ਵਰਤਾਇਆ ਜਾ ਰਿਹਾ ਹੈ। ਇਸ ਦਿੱਲੀ ਕੂਚ ਕਰ ਰਹੇ ਕਿਸਾਨਾਂ ਲਈ ਮੈਡੀਕਲ ਸਹੂਲਤਾਂ ਭੇਜੀਆਂ ਜਾ ਰਹੀਆਂ ਹਨ। ਇਸ ਦੌਰਾਨ ਸੇਵਾਦਾਰਾਂ ਨੇ ਕਿਹਾ ਕਿ ਉਹ ਵੀ ਕਾਲੇ ਕਾਨੂੰਨਾਂ ਦੇ ਰੱਦ ਹੋਣ ਤੱਕ ਸੰਘਰਸ਼ ਵਿੱਚ ਇਸੇ ਤਰ੍ਹਾਂ ਦੇ ਕਾਰਜ ਕਰਕੇ ਹਿੱਸਾ ਪਾਉਣਗੇ।