ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 31 ਜੁਲਾਈ
ਦਿੱਲੀ ਦੇ ਉੱਤਰੀ-ਪੂਰਬੀ ਹਿੱਸੇ ਵਿੱਚੋਂ ਲੰਘਦੀ ਯਮੁਨਾ ਨਦੀ ਦਾ ਪਾਣੀ ਸਵੇਰੇ 8 ਵਜੇ ਤੱਕ 205.01 ਮੀਟਰ ਪੁਰਾਣੇ ਲੋਹੇ ਦੇ ਪੁਲ ਕੋਲ ਮਾਪਿਆ ਗਿਆ। ਸਵੇਰੇ 6 ਵਜੇ ਤੱਕ ਇਹ 205.20 ਮੀਟਰ ਸੀ। ਦਿੱਲੀ ਦੇ ਸਿੰਜਾਈ ਤੇ ਹੜ੍ਹ ਕੰਟਰੋਲ ਵਿਭਾਗ ਵੱਲੋਂ ਹਾਲਤ ਉਪਰ ਨਜ਼ਰ ਰੱਖੀ ਜਾ ਰਹੀ ਹੈ ਕੁਦਰਤੀ ਆਫ਼ਤ ਪ੍ਰਬੰਧਨ ਅਥਾਰਟੀ ਦੀਆਂ ਟੀਮਾਂ ਨਾਜ਼ੁਕ ਥਾਵਾਂ ਉਪਰ ਤਾਇਨਾਤ ਹਨ। ਹਾਲਾਂ ਕਿ ਹਥਨੀ ਕੁੰਡ ਬੈਰਾਜ ਤੋਂ ਅੱਜ ਵੀ ਪਾਣੀ ਛੱਡਿਆ ਗਿਆ ਹੈ ਜਿਸ ਦੇ ਦਿੱਲੀ ਪੁੱਜਣ ਮਗਰੋਂ ਯਮੁਨਾ ਦਾ ਪਾਣੀ ਦਾ ਪੱਧਰ ਉਪਰ ਉੱਠ ਸਕਦਾ ਹੈ। ਉੱਤਰੀ ਭਾਰਤ ਵਿੱਚ ਲਗਾਤਾਰ ਭਾਰੀ ਮੀਂਹ ਪੈਣ ਕਰਕੇ ਯਮੁਨਾ ਦੇ ‘ਕੈਚਮੈਂਟ ਖੇਤਰਾਂ’ ਤੋਂ ਆਏ ਪਾਣੀ ਨਾਲ ਨਦੀ ਦਾ ਪਾਣੀ ਵਧਿਆ ਜੋ ਦਿੱਲੀ ਵਿੱਚ ਆਮ ਵਹਾਅ ਵਿੱਚ ਚੱਲਦੀ ਯਮੁਨਾ ਵਾਲੇ ਖੇਤਰ ਤੋਂ ਅਗਾਂਹ ਕਿਸਾਨਾਂ ਦੇ ਖੇਤਾਂ ਵਿੱਚ ਵੜ ਗਿਆ। ਉੱਤਰੀ ਭਾਰਤ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਯਮੁਨਾ ਨਦੀ ਵਿੱਚ ਹੜ੍ਹ ਆਉਣ ਮਗਰੋਂ ਇਸ ਦੇ ਕੰਢਿਆਂ ਦੇ ਹੜ੍ਹ ਵਾਲੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਦਿੱਲੀ ਦੇ ‘ਫਲੱਡ ਪਲੇਨ’ ਖੇਤਰਾਂ ਵਿੱਚ ਦਿੱਲੀ ਦੇ ਜੋ ਕਿਸਾਨ ਸਬਜ਼ੀਆਂ, ਫੁੱਲਾਂ, ਹਰੇ ਚਾਰੇ ਤੇ ਹੋਰ ਫਸਲਾਂ ਦੀ ਖੇਤੀ ਕਰਦੇ ਹਨ, ਉਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ। ਦਿੱਲੀ ਹੜ੍ਹ ਰੋਕੂ ਵਿਭਾਗ ਵੱਲੋਂ ਮੁਨਾਦੀ ਕਰਕੇ ਅਜਿਹੇ ਕਿਸਾਨਾਂ ਤੇ ਨੀਵੇਂ ਇਲਾਕਿਆਂ ਵਿੱਚ ਝੁੱਗੀਆਂ ਪਾ ਕੇ ਰਹਿੰਦੇ ਲੋਕਾਂ ਨੂੰ ਥਾਂ ਖਾਲੀ ਕਰਨ ਲਈ ਕਿਹਾ ਗਿਆ ਹੈ।
ਫਰੀਦਾਬਾਦ (ਪੱਤਰ ਪ੍ਰੇਰਕ): ਯਮੁਨਾ ਨਦੀ ਦਾ ਹਥਨੀਕੁੰਡ ਬੈਰਾਜ ਤੋਂ ਦਿੱਲੀ ਦੇ ਰਾਹ ਓਖਲਾ ਤੋਂ ਹੁੰਦਾ ਹੋਇਆ ਪਾਣੀ ਹੁਣ ਫਰੀਦਾਬਾਦ ਦੇ ਮੋਹਨਾ ਤੇ ਪਲਵਲ ਵਿੱਚੋਂ ਲੰਘਦੀ ਯਮੁਨਾ ਦੇ ਨੇੜੇ ਕਿਸਾਨਾਂ ਦੀਆਂ ਫਸਲਾਂ ਨੂੰ ਡੁਬੋ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਛਾਂਅਸਾ ਤੇ ਅਰੂਆ ਪਿੰਡਾਂ ਨੂੰ ਜਾਣ ਲਈ ਬਣਾਏ ਪੰਟੂਨ ਪੁਲ ਹਟਾ ਦਿੱਤੇ ਹਨ। ਇਨ੍ਹਾਂ ਪੁਲਾਂ ਦੇ ਕੈਪਸੂਲ ਇਕੱਠੇ ਕਰਕੇ ਆਪਸ ਵਿੱਚ ਬੰਨ੍ਹ ਕੇ ਕਿਨਾਰੇ ’ਤੇ ਰੱਖ ਦਿੱਤੇ ਗਏ ਹਨ। ਹਥਨੀਕੁੰਡ ਤੋਂ ਹੋਰ ਪਾਣੀ ਛੱਡੇ ਜਾਣ ਦੀ ਸੂਰਤ ਵਿੱਚ ਜਿਨ੍ਹਾਂ ਪਿੰਡਾਂ ਵਿੱਚ ਪਾਣੀ ਆਉਣ ਦੇ ਸ਼ੰਕੇ ਹਨ, ਉਨ੍ਹਾਂ ਦੇ ਵਾਸੀਆਂ ਨੂੰ ਅਰੂਆ, ਨੰਗਲਾ, ਮੋਠੂਕਾ ਤੇ ਛਾਂਅਸਾ ਦੇ ਸਰਕਾਰੀ ਸਕੂਲਾਂ ਵਿੱਚ ਠਹਿਰਾਇਆ ਜਾਵੇਗਾ।