ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਗਸਤ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਨਗਰ ਨਿਗਮ ਦੇ ਏਕੀਕਰਨ ਤੋਂ ਬਾਅਦ ਪ੍ਰਾਪਰਟੀ ਟੈਕਸ, ਪਾਰਕਿੰਗ ਅਤੇ ਪਰਿਵਰਤਨ ਫੀਸ, ਕਾਰੋਬਾਰੀ ਲਾਈਸੈਂਸ ਫੀਸ ਦੀਆਂ ਦਰਾਂ ਦੇ ਮਨਮਾਨੇ, ਤਰਕਹੀਣ ਤੇ ਗੈਰ-ਵਾਜਬ ਵਾਧੇ ਕਾਰਨ ਦਿੱਲੀ ਦਾ ਵਪਾਰੀ ਵਰਗ ਪੂਰੀ ਤਰ੍ਹਾਂ ਦੁਖੀ ਹੈ ਤੇ ਉਨ੍ਹਾਂ ਨੂੰ ਦਿੱਲੀ ਵਿੱਚ ਕਾਰੋਬਾਰ ਚਲਾਉਣ ਵਿੱਚ ਬਹੁਤ ਮੁਸ਼ਕਲ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਦਿੱਲੀ ਨਗਰ ਨਿਗਮ ’ਤੇ ਦੋਸ਼ ਲਾਇਆ ਕਿ ਉਨ੍ਹਾਂ ਦੀਆਂ ਗਲਤ ਨੀਤੀਆਂ ਕਾਰਨ ਦਿੱਲੀ ਦਾ ਵਪਾਰੀ ਨੇੜਲੇ ਸੂਬਿਆਂ ਉੱਤਰ ਪ੍ਰਦੇਸ਼ ਤੇ ਹਰਿਆਣਾ ’ਚ ਜਾਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਤੇ ਆਰਥਿਕ ਸੰਕਟ ਦੌਰਾਨ ਦਿੱਲੀ ਨਗਰ ਨਿਗਮ ਲਗਾਤਾਰ ਵਪਾਰ ਨੂੰ ਇੱਕ ਜਾਂ ਦੂਜੇ ਤਰੀਕੇ ਨਾਲ ਵਾਧੂ ਮਾਲੀਆ ਹਾਸਲ ਕਰਨ ਦਾ ਸਾਧਨ ਬਣਾ ਰਿਹਾ ਹੈ, ਜਦਕਿ ਜੀ.ਐਸ.ਟੀ ਨੇ ਵਪਾਰੀਆਂ ਦੀ ਕਮਰ ਤੋੜ ਦਿੱਤੀ ਹੈ।