ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਪਰੈਲ
‘ਆਪ’ ਤੇ ਭਾਜਪਾ ਦਰਮਿਆਨ ਬਿਆਨਬਾਜ਼ੀ ਤੇ ਦੂਸ਼ਣਬਾਜ਼ੀ ਦਾ ਦੌਰ ਮਘਿਆ ਹੋਇਆ ਹੈ। ਦੋਨਾਂ ਹੀ ਧਿਰਾਂ ਵੱਲੋਂ ਇੱਕ-ਦੂਜੇ ਨੂੰ ਅਸੱਭਿਅਕ ਸ਼ਬਦਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਜੋ ਖ਼ੁਦ ਪੜ੍ਹੇ ਲਿਖੇ ਵਿਅਕਤੀ ਹਨ ਵੱਲੋਂ ਵੀ ਤਿੱਖੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਭਾਜਪਾ ਉਪਰ ਹੱਲੇ ਬੋਲੇ। ਸ੍ਰੀ ਚੱਢਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਹਮਲਾ ਕਰਨ ਵਾਲੇ ਗੁੰਡਿਆਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਭਾਜਪਾ ਦਾ ਮਤਲਬ ਭਾਰਤ ਦੀ ‘ਜ਼ਾਹਿਲ’ ਪਾਰਟੀ ਹੈ। ਯੂਰਪ ਵਿੱਚ ਜੇ ਕੋਈ ਭੈਣ-ਧੀ ਨਾਲ ਛੇੜਛਾੜ ਕਰਦਾ ਹੈ ਤਾਂ ਉਹ ਜੇਲ੍ਹ ਵਿੱਚ ਹੁੰਦਾ ਹੈ, ਭਾਰਤ ਵਿਚ ਭੈਣ ਦੀ ਧੀ ਨਾਲ ਛੇੜਛਾੜ ਕਰਨ ਦੀ ਬਜਾਏ ਭਾਜਪਾ ਵਿੱਚ ਹੈ। ਭਾਜਪਾ ਕਦੇ ਵੀ ਚੰਗੇ ਸਕੂਲ, ਕਾਲਜ ਨਹੀਂ ਬਣਾਵੇਗੀ ਕਿਉਂਕਿ ਉਹ ਅਨਪੜ੍ਹਾਂ ਦੀ ਫੌਜ ਚਾਹੁੰਦੀ ਹੈ। ਉਨ੍ਹਾਂ ਭਾਰਤੀ ਜਨਤਾ ਪਾਰਟੀ ਦਾ ਜਨਤਕ ਬਾਈਕਾਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੂੰ ਸਾਡਾ ਸੰਦੇਸ਼ ਸਪੱਸ਼ਟ ਹੈ, ‘‘ਤੁਸੀਂ ਗੁੰਡਾਗਰਦੀ ਕਰਦੇ ਹੋ, ਜਦਕਿ ਅਰਵਿੰਦ ਕੇਜਰੀਵਾਲ ਸਕੂਲ, ਹਸਪਤਾਲ ਅਤੇ ਮੁਹੱਲਾ ਕਲੀਨਿਕ ਬਣਾਏਗਾ।’’ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਰਾਜਨੀਤੀ ਦੇ ਦੋ ਸਕੂਲ ਹਨ, ਅਰਵਿੰਦ ਕੇਜਰੀਵਾਲ ਸਕੂਲ ਆਫ ਪਾਲੀਟਿਕਸ ਵਿੱਚ ਦਾਖਲੇ ਲਈ ਇਮਾਨਦਾਰੀ, ਸਮਰਪਣ ਅਤੇ ਦੇਸ਼ ਭਗਤੀ ਦੀ ਲੋੜ ਹੁੰਦੀ ਹੈ, ਦੂਜੇ ਪਾਸੇ ਭਾਜਪਾ ਸਕੂਲ ਆਫ ਪਾਲੀਟਿਕਸ ਵਿੱਚ ਦਾਖਲੇ ਲਈ ਬਿਆਨਬਾਜ਼ੀ ਅਤੇ ਹੁੱਲੜਬਾਜ਼ੀ ਵਿੱਚ ਰਿਕਾਰਡ ਕਾਇਮ ਕਰਨਾ ਪੈਂਦਾ ਹੈ।
‘ਆਪ’ ਦੇਸ਼ ਵਿਰੋਧੀਆਂ ਦੀ ਪਾਰਟੀ: ਕੁਲਜੀਤ ਸਿੰਘ ਚਾਹਲ
ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਜਪਾ ਦੇ ਸੂਬਾ ਜਨਰਲ ਸਕੱਤਰ ਕੁਲਜੀਤ ਸਿੰਘ ਚਾਹਲ ਨੇ ਕਿਹਾ ਕਿ ਕਿਸੇ ਵੀ ਭਾਜਪਾ ਵਰਕਰ ਨੂੰ ਹਿੰਦੂਤਵ ਦੀ ਲੜਾਈ ਲੜਨ ਲਈ ‘ਆਪ’ ਦੇ ਕਿਸੇ ਆਗੂ ਜਾਂ ਵਿਧਾਇਕ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਅੱਜ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਚਾਹਲ ਨੇ ਕਿਹਾ ਕਿ ‘ਆਪ’ ਵਿਧਾਇਕਾ ਆਤਿਸ਼ੀ ਨੇ ਭਾਜਪਾ ਆਗੂਆਂ ’ਤੇ ਮਨਘੜਤ ਦੋਸ਼ ਲਾਏ ਸਨ ਪਰ ਅੱਜ ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ 38 ਵਿਧਾਇਕਾਂ ਤੇ ਆਗੂਆਂ ਖ਼ਿਲਾਫ਼ 100 ਤੋਂ ਵੱਧ ਗੰਭੀਰ ਕੇਸ ਦਰਜ ਹਨ। ਅਰਵਿੰਦ ਕੇਜਰੀਵਾਲ ’ਤੇ 13 ਗੰਭੀਰ ਮਾਮਲੇ, ਅਮਾਨਤੁੱਲਾ ਖਾਨ ’ਤੇ 12 ਗੰਭੀਰ ਦੋਸ਼ ਹਨ ਤੇ ਇਸ ਸੂਚੀ ’ਚ ਸਤਿੰਦਰ ਜੈਨ, ਸੋਮਨਾਥ ਭਾਰਤੀ ਸਮੇਤ ਇਕ ਲੰਬੀ ਲਿਸਟ ਹੈ, ਜਿਨ੍ਹਾਂ ’ਤੇ ਵੱਖ-ਵੱਖ ਮਾਮਲਿਆਂ ’ਚ ਕੇਸ ਦਰਜ ਹਨ। ਆਮ ਆਦਮੀ ਪਾਰਟੀ ਦੇਸ਼ ਵਿਰੋਧੀਆਂ ਦੀ ਪਾਰਟੀ ਹੈ। ਪ੍ਰੈੱਸ ਕਾਨਫਰੰਸ ਵਿੱਚ ਸੂਬਾ ਮੀਤ ਪ੍ਰਧਾਨ ਰਾਜਨ ਤਿਵਾੜੀ ਅਤੇ ਪ੍ਰਦੇਸ਼ ਭਾਜਪਾ ਮੀਡੀਆ ਕੋ-ਹੈੱਡ ਹਰੀਹਰ ਰਘੂਵੰਸ਼ੀ ਮੌਜੂਦ ਸਨ।
‘ਆਪ’ ਵਿਧਾਇਕ ਨੇ ਭਾਜਪਾ ਖ਼ਿਲਾਫ਼ ਭੜਾਸ ਕੱਢੀ
ਨਵੀਂ ਦਿੱਲੀ: ‘ਆਪ’ ਵਿਧਾਇਕ ਅਤੇ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਸੌਰਭ ਭਾਰਦਵਾਜ ਨੇ ਦੇਸ਼ ਦੇ ਵਿਗੜਦੇ ਮਾਹੌਲ ’ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਹਮਲਾ ਕਰਨ ਵਾਲਿਆਂ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਭਾਜਪਾ ਦੇ ਕੌਮੀ ਆਗੂਆਂ ਵੱਲੋਂ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਸੌਰਭ ਭਾਰਦਵਾਜ ਨੇ ਕਿਹਾ,‘‘ਇਤਿਹਾਸ ਤੋਂ ਸਾਫ਼ ਹੈ ਕਿ ਜੇਕਰ ਕੋਈ ਵਿਅਕਤੀ ਅਮਰੀਕਾ ਵਿੱਚ ਹੁੱਲੜਬਾਜ਼ੀ ਕਰਦਾ ਹੈ ਤਾਂ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਪਰ ਜੇਕਰ ਕੋਈ ਸਾਡੇ ਦੇਸ਼ ਵਿੱਚ ਹੁੱਲੜਬਾਜ਼ੀ ਕਰਦਾ ਹੈ ਤਾਂ ਉਹ ਭਾਜਪਾ ਵਿੱਚ ਜਾਂਦਾ ਹੈ।’’ ਭਾਰਤੀ ਜਨਤਾ ਪਾਰਟੀ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਪੂਰੀ ਦੁਨੀਆ ’ਚ ਭਾਜਪਾ ਹੀ ਇਕ ਅਜਿਹੀ ਸਿਆਸੀ ਪਾਰਟੀ ਹੈ ਜਿਸ ਨੇ ਜਬਰ-ਜਨਾਹ ਦੇ ਮੁਲਜ਼ਮਾਂ ਦੇ ਸਮਰਥਨ ’ਚ ਤਿਰੰਗਾ ਯਾਤਰਾ ਕੱਢੀ। 2018 ਵਿੱਚ ਜੰਮੂ ਅਤੇ ਕਸ਼ਮੀਰ ਰਾਜ ਦੇ ਕਠੂਆ ਜ਼ਿਲ੍ਹੇ ਵਿੱਚ ਇੱਕ 8 ਸਾਲ ਦੀ ਬੱਚੀ ਨਾਲ ਛੇ ਗੈਂਗਸਟਰਾਂ ਨੇ ਜਬਰ-ਜਨਾਹ ਕੀਤਾ ਸੀ। ਹੈਰਾਨੀ ਦੀ ਗੱਲ ਹੈ ਕਿ ਦੇਸ਼ ਵਿੱਚ ਸਰਕਾਰ ਚਲਾ ਰਹੀ ਇੱਕ ਸਿਆਸੀ ਪਾਰਟੀ ਜਬਰ-ਜਨਾਹ ਦੇ ਦੋਸ਼ੀਆਂ ਦੇ ਹੱਕ ਵਿੱਚ ਸਮਰਥਨ ਮਾਰਚ ਕੱਢ ਰਹੀ ਹੈ। ਪ੍ਰੈੱਸ ਕਾਨਫਰੰਸ ਵਿੱਚ ਭਾਰਦਵਾਜ ਨੇ ਦੋਸ਼ ਲਾਇਆ ਕਿ ਸਾਲ 2017 ਵਿੱਚ ਉਨਾਓ ਵਿੱਚ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੇ ਇੱਕ ਲੜਕੀ ਨਾਲ ਜਬਰ-ਜਨਾਹ ਕੀਤਾ ਸੀ। ਮਾਸੂਮ ਬੱਚੀ ਦੀ ਮੌਤ ਹੋ ਗਈ। ਅਦਾਲਤ ਨੇ ਇਹ ਵੀ ਕਿਹਾ ਸੀ ਕਿ ਦੋਵਾਂ ਮਾਮਲਿਆਂ ਵਿੱਚ ਲੜਕੀਆਂ ਨਾਲ ਜਬਰ-ਜਨਾਹ ਅਤੇ ਕਤਲ ਕੀਤਾ ਗਿਆ ਸੀ। ਤੀਜਾ ਮਾਮਲਾ ਯੂਪੀ ਦੇ ਹਾਥਰਸ ਦਾ ਹੈ ਜਿਥੇ ਸਾਲ 2020 ਵਿੱਚ ਯੋਗੀ ਆਦਿਤਿਆਨਾਥ ਸਮੇਤ ਪੂਰੀ ਭਾਜਪਾ ਸਰਕਾਰ ਅਤੇ ਵਰਕਰ ਜਬਰ-ਜਨਾਹ ਕਰਨ ਵਾਲਿਆਂ ਦੇ ਸਮਰਥਨ ਵਿੱਚ ਸਾਹਮਣੇ ਆਏ। ਸੌਰਭ ਭਾਰਦਵਾਜ ਨੇ ਕਿਹਾ, ‘‘ਅੱਜ ਅਸੀਂ ਤੈਅ ਕਰਨਾ ਹੈ ਕਿ ਅਸੀਂ ਕਿਸ ਨਾਲ ਮੁਕਾਬਲਾ ਕਰਨਾ ਹੈ। ਅੱਜ ਤੋਂ ਕੁਝ ਸਾਲ ਪਹਿਲਾਂ ਜਿੱਥੇ ਨੌਜਵਾਨ ਬੈਠ ਕੇ ਬੀਪੀਓ, ਕਾਲ ਸੈਂਟਰ, ਆਈਟੀ ਸਾਫਟਵੇਅਰ ਅਤੇ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਵਿੱਚ ਨੌਕਰੀਆਂ ਬਾਰੇ ਚਰਚਾ ਕਰਦੇ ਸਨ, ਅੱਜ ਕਿਹੜੀ ਵੱਡੀ ਕੰਪਨੀ ਆਈ ਹੈ ਅਤੇ ਕਿੱਥੇ ਵੱਡੀਆਂ ਨੌਕਰੀਆਂ ਨਿਕਲੀਆਂ ਹਨ। ਅਸੀਂ ਆਪਣੀ ਤੁਲਨਾ ਅਫਰੀਕਾ, ਯੂਰਪ, ਜਾਪਾਨ ਨਾਲ ਕਰਦੇ ਸਾਂ। ਅੱਜ ਅਸੀਂ ਆਪਣੀ ਤੁਲਨਾ ਪਾਕਿਸਤਾਨ ਅਤੇ ਸ੍ਰੀਲੰਕਾ ਨਾਲ ਕਰਦੇ ਹਾਂ।’’