ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਜੁਲਾਈ
ਭਾਜਪਾ ਵੱਲੋਂ ਅੱਜ ਇੱਥੇ ਅਨੁਸੂਚਿਤ ਜਨਜਾਤੀ ਸਮਾਜ ਦੀ ਦੇਸ਼ ਦੀ ਪਹਿਲੀ ਮਹਿਲਾ ਦਰੋਪਦੀ ਮੁਰਮੂ ਦੇ ਰਾਸ਼ਟਰਪਤੀ ਚੁਣੇ ਜਾਣ ’ਤੇ ਅਭਿਨੰਦਨ ਯਾਤਰਾ ਕੱਢੀ ਗਈ। ਸੂਬਾ ਦਫਤਰ ਤੋਂ ਸ਼ੁਰੂ ਹੋਈ ਇਹ ਅਭਿਨੰਦਨ ਯਾਤਰਾ ਗੋਲਖਾਨਾ-ਅਸ਼ੋਕਾ ਰੋਡ-ਰਾਇਸੀਨਾ ਮਾਰਗ ਤੋਂ ਹੁੰਦੀ ਹੋਈ ਦਿੱਲੀ ਦੇ ਪੰਤ ਮਾਰਗ ਤੋਂ ਰਾਜਪਥ ਤੱਕ ਗਈ। ਢੋਲ-ਢਮੱਕਿਆਂ ਨਾਲ ਕੱਢੀ ਗਈ ਇਸ ਅਭਿਨੰਦਨ ਯਾਤਰਾ ਦੌਰਾਨ ਦਿੱਲੀ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਸਾਰਿਆਂ ਦਾ ਸਵਾਗਤ ਕੀਤਾ। ਜਲੂਸ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਸੂਬਾਈ ਪ੍ਰਧਾਨ ਆਦੇਸ਼ ਗੁਪਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਭ ਨੂੰ ਇੱਕਜੁੱਟ ਹੋ ਕੇ ਅਨੁਸੂਚਿਤ ਜਨਜਾਤੀ ਸਮਾਜ ਦੀ ਇੱਕ ਔਰਤ ਨੂੰ ਦੇਸ਼ ਦੇ ਸਰਵਉੱਚ ਅਹੁਦੇੇ ਲਈ ਚੁਣ ਕੇ ਸਬਕਾ ਸਾਥ, ਸਬਕਾ ਵਿਕਾਸ, ਦਾ ਅਹਿਸਾਸ ਕਰਨਾ ਚਾਹੀਦਾ ਹੈ। ਉਨ੍ਹਾਂ ਸ੍ਰੀਮਤੀ ਦਰੋਪਦੀ ਮੁਰਮੂ ਨੂੰ ਇਕ ਹੋਣਹਾਰ ਔਰਤ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਖਸੀਅਤ ਔਰਤਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਕਬਾਇਲੀ ਔਰਤ ਨੂੰ ਦਰੋਪਦੀ ਮੁਰਮੂ ਦੇ ਰੂਪ ਵਿੱਚ ਉੱਚ ਅਹੁਦਾ ਮਿਲਣਾ ਇੱਕ ਇਤਿਹਾਸਕ ਫੈਸਲਾ ਹੈ। ਉਨ੍ਹਾਂ ਕਿਹਾ ਕਿ ਦਰੋਪਦੀ ਮੁਰਮੂ ਸਾਰੀ ਉਮਰ ਔਰਤਾਂ, ਗਰੀਬਾਂ, ਆਦਿਵਾਸੀਆਂ ਲਈ ਕੰਮ ਕਰਦੀ ਰਹੀ ਹੈ। ਜ਼ਿੰਦਗੀ ਵਿਚ ਜੋ ਵੀ ਚੁਣੌਤੀ ਆਈ, ਉਸ ਨੂੰ ਸਵੀਕਾਰ ਕੀਤਾ ਅਤੇ ਹਮੇਸ਼ਾ ਸਰਵੋਤਮ ਬਣਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਚੁਣੇ ਜਾਣ ’ਤੇ ਅੱਜ ਪੂਰੀ ਦਿੱਲੀ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰ ਰਹੀ ਹੈ। ਰੈਲੀ ਦੌਰਾਨ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਹੱਕ ਵਿੱਚ ਨਾਅਰੇ ਵੀ ਲਗਾਏ ਗਏ। ਇਸ ਦੌਰਾਨ ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।