ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਮਈ
ਦਿੱਲੀ ਦੀਆਂ ਬਰੂਹਾਂ ’ਤੇ 10 ਮਈ ਮਗਰੋਂ ਹਾੜੀ ਦੇ ਕੰਮ ਨਿਪਟਾ ਕੇ ਕਿਸਾਨਾਂ ਦੇ ਕਾਫ਼ਲੇ ਪੁੱਜ ਰਹੇ ਹਨ। ਇਸੇ ਦੌਰਾਨ ਟਿਕਰੀ ਦੇ ਬਾਰਡਰ ਉਪਰ ਸੰਯੁਕਤ ਕਿਸਾਨ ਮੋਰਚੇ ਵਿੱਚ ਨੌਜਵਾਨ ਮਾਪਿਆਂ ਦੀ 4 ਮਹੀਨੇ ਦੀ ਬੱਚੀ ਵਾਹਿਨੂਰ ਕੌਰ ਸਭ ਦੀ ਦੁਲਾਰੀ ਬਣੀ ਹੋਈ ਹੈ। ਵਾਹਿਨੂਰ ਦਾ ਪਿਓ ਮੋਹਨ ਸਿੰਘ ਔਲਖ ਅਤੇ ਮਾਂ ਜਗਵੀਰ ਕੌਰ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਰਗਰਮ ਕਾਰਕੁਨ ਹਨ ਅਤੇ ਉਹ ਵੀ ਟਿਕਰੀ ਮੋਰਚੇ ਦੇ ਗਵਾਹ ਬਣੇ ਹੋਏ ਹਨ। ਕਿਸਾਨ ਆਗੂ ਐਡਵੋਕੇਟ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਮੋਹਨ ਸਿੰਘ ਔਲਖ ਤਾਂ ਸ਼ੁਰੂ ਤੋਂ ਹੀ ਟਿਕਰੀ ’ਤੇ ਡਟਿਆ ਹੋਇਆ ਹੈ। ਉਹ ਫਰੀਦਕੋਟ ਜ਼ਿਲ੍ਹੇ ਦੇ ਆਪਣੇ ਪਿੰਡ ਉਦੋਂ ਹੀ ਗਿਆ ਸੀ, ਜਦੋਂ ਵਾਹਿਨੂਰ ਇਸ ਸੰਸਾਰ ਵਿੱਚ ਆਉਣ ਵਾਲੀ ਸੀ। ਹੁਣ ਵਾਹਿਨੂਰ 4 ਮਹੀਨੇ ਦੀ ਹੋ ਗਈ ਤੇ 2 ਮਹੀਨੇ ਪਹਿਲਾਂ ਵੀ ਆਪਣੀ ਮਾਂ ਨਾਲ ਹਾਜ਼ਰੀ ਲਵਾ ਗਈ ਸੀ। ਬੀਤੇ ਦਿਨੀਂ ਉਸ ਦੇ ਮਾਪੇ ਮੁੜ ਮੋਰਚੇ ਉਪਰ ਆ ਡਟੇ ਹਨ। ਭੰਗੂ ਨੇ ਦੱਸਿਆ ਕਿ ਇਹ ਬੱਚੀ ਹਰੇਕ ਨਾਲ ਛੇਤੀ ਹੀ ਘੁਲ-ਮਿਲ ਜਾਂਦੀ ਹੈ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੀ ਗੋਦੀ ਵਿੱਚ ਸੁੱਤੀ ਪਈ ਇਸ ਬਾਲੜੀ ਨੂੰ ਸ਼ਾਇਦ ਨਹੀਂ ਪਤਾ ਕਿ ਉਸ ਦੇ ਮਾਪੇ ਉਨ੍ਹਾਂ ਦੇ ਭਵਿੱਖ ਨੂੰ ਕਾਰਪੋਰੇਟਾਂ ਦੇ ਪੈਦਾ ਕੀਤੇ ਸੰਕਟ ਤੋਂ ਬਚਾਉਣ ਲਈ ਕਿਸਾਨੀ ਸੰਘਰਸ਼ ਦਾ ਖ਼ੁਦ ਤਾਂ ਹਿੱਸਾ ਬਣੇ ਹੀ ਹਨ, ਵਾਹਿਨੂਰ ਨੂੰ ਵੀ ਨਾਲ ਲੈ ਕੇ ਆਏ ਹੋਏ ਹਨ।