ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਅਕਤੂਬਰ
ਦਿੱਲੀ ਪੁਲੀਸ ਨੇ ਗ਼ੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਦੋਸ਼ ਹੇਠ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਕੋਲੋਂ ਚਾਰ ਪਿਸਤੌਲ ਤੇ 16 ਕਾਰਤੂਸ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਭਿੰਡ ਦੇ ਰਹਿਣ ਵਾਲੇ ਰਾਜੀਵ ਓਝਾ, ਲਕਸ਼ਮੀ ਨਰਾਇਣ, ਉੱਤਰ ਪ੍ਰਦੇਸ਼ ਦੇ ਇਟਾਵਾ ਦੇ ਰਹਿਣ ਵਾਲੇ ਜਨਕ ਸਿੰਘ ਤੇ ਦਿੱਲੀ ਦੇ ਜਾਫ਼ਰਾਬਾਦ ਦੇ ਰਸ਼ੀਦ ਵੱਜੋਂ ਹੋਈ ਹੈ। ਜਨਕ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਪਤਾ ਲੱਗਾ ਕਿ ਉਹ ਟਰੱਕ ਡਰਾਈਵਰ ਹੈ। ਉਹ ਮੱਧ ਪ੍ਰਦੇਸ਼ ਦਿੱਲੀ ਤੇ ਉੱਤਰਾਖੰਡ ਦੇ ਹਲਦਵਾਨੀ ਵਿੱਚ ਗ਼ੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਲੱਗਾ। ਉਸ ਨੂੰ ਹਲਦਵਾਨੀ ਵਿੱਚ ਇੱਕ ਵਾਰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਮੁਲਜ਼ਮ ਨੇ ਦਿੱਲੀ-ਐਨਸੀਆਰ ਵਿੱਚ ਹਥਿਆਰਾਂ ਦੀ ਤਸਕਰੀ ਦਾ ਆਪਣਾ ਨੈੱਟਵਰਕ ਵਿਕਸਤ ਕੀਤਾ ਤੇ ਪਿਛਲੇ ਤਿੰਨ ਸਾਲਾਂ ਵਿੱਚ ਲਗਭਗ 70 ਗੈਰਕਾਨੂੰਨੀ ਪਿਸਤੌਲਾਂ ਦੀ ਸਪਲਾਈ ਕੀਤੀ ਹੈ। ਜਨਕ ਸਿੰਘ ਨਾਰਾਇਣ ਤੋਂ ਹਥਿਆਰ ਖਰੀਦਦਾ ਸੀ। ਯਾਦਵ ਨੇ ਦੱਸਿਆ ਕਿ ਪੁਲੀਸ ਨੇ ਨਾਰਾਇਣ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ ਹਨ।