ਰਾਮਚੰਦਰ ਗੁਹਾ
ਪਹਿਲੀ ਫਰਵਰੀ 1948 ਨੂੰ ਇਕ ਵੀਹ ਸਾਲਾ ਭਾਰਤੀ ਮੁਟਿਆਰ ਨੇ ਆਪਣੇ ਇਕਲੌਤੇ ਜ਼ਿੰਦਾ ਮਾਪੇ ਨੂੰ ਚਿੱਠੀ ਲਿਖੀ। ਇਹ ਮੁਟਿਆਰ ਉਸ ਵਕਤ ਦਿੱਲੀ ਵਿਚ ਸੀ ਤੇ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਦੇ ਵੈਲਜ਼ਲੀ ਕਾਲਜ ਤੋਂ ਗਰੈਜੂਟੇਸ਼ਨ ਦੀ ਪੜ੍ਹਾਈ ਪੂਰੀ ਕਰ ਕੇ ਵਤਨ ਪਰਤੀ ਸੀ। ਉਦੋਂ ਉਸ ਦੀ ਮਾਤਾ ਮਾਸਕੋ ਵਿਚ ਸੀ ਤੇ ਸੋਵੀਅਤ ਸੰਘ ਵਿਚ ਭਾਰਤੀ ਰਾਜਦੂਤ ਵਜੋਂ ਸੇਵਾ ਨਿਭਾਅ ਰਹੀ ਸੀ। ਇਹ ਵੀਹ ਸਾਲਾ ਮੁਟਿਆਰ 30 ਜਨਵਰੀ ਵਾਲੇ ਦਿਨ ਮਹਾਤਮਾ ਗਾਂਧੀ ਦੀ ਹੱਤਿਆ ਦੀ ਖ਼ਬਰ ਮਿਲਦਿਆਂ ਹੀ ਬੜੀ ਕਾਹਲੀ ਨਾਲ ਬਿਰਲਾ ਹਾਊਸ ਪੁੱਜੀ। ਉੱਥੇ ਉਸ ਨੇ ਦੇਖਿਆ ਕਿ ਕਿਵੇਂ ‘ਬਾਪੂ ਦੀ ਦੇਹ ਲਹੂ ਨਾਲ ਲਥਪਥ ਪਈ ਸੀ’। ਉਸ ਨੇ ਆਪਣੀ ਮਾਤਾ ਨੂੰ ਲਿਖਿਆ: ‘ਇਸ ਦੇ ਬਾਵਜੂਦ ਅਸੀਂ ਉਮੀਦਾਂ ’ਤੇ ਉਮੀਦਾਂ ਲਾਈ ਜਾ ਰਹੇ ਸਾਂ ਕਿ ਜ਼ਰੂਰ ਕੋਈ ਚਮਤਕਾਰ ਉਨ੍ਹਾਂ ਨੂੰ ਬਚਾ ਲਵੇਗਾ। ਜਿੱਥੋਂ ਤੱਕ ਉਨ੍ਹਾਂ ਦਾ ਸਬੰਧ ਹੈ, ਚਮਤਕਾਰਾਂ ਉੱਤੇ ਵਿਸ਼ਵਾਸ ਕਰਨਾ ਸੰਭਵ ਹੈ।’
ਹੱਤਿਆ ਤੋਂ ਦੋ ਦਿਨ ਬਾਅਦ ਆਪਣੀ ਮਾਤਾ ਨੂੰ ਲਿਖੀ ਚਿੱਠੀ ਵਿਚ ਉਸ ਨੇ ਕਿਹਾ: ‘ਇਸ ਗੱਲ ਦਾ ਲਗਾਤਾਰ ਅਹਿਸਾਸ ਹੁੰਦਾ ਹੈ ਕਿ ਬਾਪੂ ਨੂੰ ਗੋਲੀ ਮਾਰੀ ਗਈ ਅਤੇ ਕੋਈ ਵੀ ਕਿਵੇਂ ਵੀ ਇਸ ਨੂੰ ਭੁੱਲ ਨਹੀਂ ਸਕਦਾ। ਹਤਿਆਰੇ ਨੂੰ ਫੜ ਲਿਆ ਗਿਆ ਪਰ ਹੋਰ ਵੀ ਹੋਣਗੇ। ਇਹ ਕਿਹੋ ਜਿਹਾ ਪਾਗਲਪਣ ਹੈ ਜਿਸ ਨੇ ਮੁਲਕ ਨੂੰ ਜਕੜ ਲਿਆ ਹੈ ਅਤੇ ਹੁਣ ਜਦੋਂ ਬਾਪੂ ਹੀ ਚਲੇ ਗਏ ਤਾਂ ਇਸ ਨੂੰ ਰੋਕਣ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ?’
ਲਿਖਦਿਆਂ-ਲਿਖਦਿਆਂ ਇਸ 20 ਸਾਲਾ ਮੁਟਿਆਰ ਨੇ ਖ਼ੁਦ ਨੂੰ ਸੰਭਾਲਿਆ ਅਤੇ ਫਿਰ ਉਸ ਦੇ ਦੁਖ ਤੇ ਪੀੜ ਸੰਕਲਪ ਵਿਚ ਬਦਲ ਗਏ। ਉਸ ਨੇ ਲਿਖਿਆ, ‘ਬਾਪੂ ਕਦੇ ਨਾ ਚਾਹੁੰਦੇ ਕਿ ਅਸੀਂ ਉਨ੍ਹਾਂ ਦਾ ਸੋਗ ਮਨਾਈਏ।’ ਉਸ ਨੇ ਆਪਣੀ ਮਾਤਾ ਨੂੰ ਕਿਹਾ: ‘ਉਨ੍ਹਾਂ ਸਮਝਦੇ ਹੋਣਗੇ ਕਿ ਉਨ੍ਹਾਂ ਦੇ ਸਰੀਰ ਦੀ ਹੋਂਦ ਜਾਂ ਅਣਹੋਂਦ ਖ਼ਾਸ ਅਹਿਮੀਅਤ ਨਹੀਂ ਰੱਖਦੀ। ਇਸ ਦੀ ਥਾਂ ਸਾਨੂੰ ਇਸ ਗੱਲ ਨੂੰ ਮਹੱਤਵ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਜ਼ਿੰਦਗੀ ਕਿਵੇਂ ਜੀਵੀ ਤੇ ਉਨ੍ਹਾਂ ਕਿਹੜੀਆਂ ਗੱਲਾਂ ਆਖੀਆਂ। ਜਦੋਂ ਉਹ ਇੰਨਾ ਚਿਰ ਸਾਡੇ ਨਾਲ ਰਹੇ ਤਾਂ ਉਹ ਕਦੇ ਵੀ ਸਾਡੇ ਤੋਂ ਮੂਲੋਂ ਵਿਛੜ ਨਹੀਂ ਸਕਦੇ।’
ਮੁਟਿਆਰ ਨੇ ਬੜਾ ਸੋਚ-ਸਮਝ ਕੇ ਚਿੱਠੀ ਖ਼ਤਮ ਕਰਦਿਆਂ ਲਿਖਿਆ: ‘ਸ਼ਾਇਦ ਰੱਬ ਚਾਹੁੰਦਾ ਹੈ ਕਿ ਹੁਣ ਅਸੀਂ ਸਿਆਣੇ ਬਣੀਏ ਅਤੇ ਇਸ ਗੱਲ ਦਾ ਅਹਿਸਾਸ ਕਰੀਏ ਕਿ ਸਾਡਾ ਇਹ ਦੇਸ਼ਿਵਆਪੀ ਪਾਗਲਪਣ ਸਾਨੂੰ ਕਿੱਥੋਂ ਕਿੱਥੇ ਲੈ ਆਇਆ ਹੈ। ਅਸੀਂ ਹੁਣ ਉਵੇਂ ਬਾਪੂ ਦਾ ਸਹਾਰਾ ਨਹੀਂ ਲੈ ਸਕਦੇ, ਜਿਵੇਂ ਪਹਿਲਾਂ ਲੈਂਦੇ ਸਾਂ, ਇਸ ਲਈ ਹੁਣ ਸਾਨੂੰ ਆਪਣੇ ਵਿਚਾਰਾਂ ਦੀ ਖ਼ੁਦ ਪੜਚੋਲ ਕਰਨੀ ਹੋਵੇਗੀ, ਆਪਣੀਆਂ ਪ੍ਰਾਰਥਨਾਵਾਂ ਆਪ ਕਰਨੀਆਂ ਹੋਣਗੀਆਂ, ਆਪਣੇ ਫ਼ੈਸਲੇ ਖ਼ੁਦ ਕਰਨੇ ਹੋਣਗੇ।’
ਆਧੁਨਿਕ ਭਾਰਤੀ ਸਾਹਿਤ ਅਤੇ ਆਧੁਨਿਕ ਭਾਰਤੀ ਇਤਿਹਾਸ ਦੇ ਵਿਦਿਆਰਥੀਆਂ ਨੇ ਜ਼ਰੂਰ ਪਛਾਣ ਲਿਆ ਹੋਵੇਗਾ ਕਿ ਇਹ ਚਿੱਠੀ ਕਿਸ ਨੇ ਕਿਸ ਨੂੰ ਲਿਖੀ ਸੀ। ਇਹ ਸਨ: ਨੈਨਤਾਰਾ ਸਹਿਗਲ (ਪਹਿਲਾ ਨਾਂ ਨੈਨਤਾਰਾ ਪੰਡਿਤ) ਜਿਨ੍ਹਾਂ ਬਾਅਦ ਵਿਚ ਨਾਵਲਕਾਰ ਵਜੋਂ ਬਹੁਤ ਨਾਂ ਕਮਾਇਆ ਅਤੇ ਵਿਜੈ ਲਕਸ਼ਮੀ ਪੰਡਿਤ (ਪਹਿਲਾਂ ਨਹਿਰੂ) ਜਿਨ੍ਹਾਂ ਹਿੰਦੋਸਤਾਨ ਦੇ ਆਜ਼ਾਦੀ ਸੰਘਰਸ਼ ਦੌਰਾਨ ਜੇਲ੍ਹਾਂ ਕੱਟੀਆਂ ਅਤੇ ਆਜ਼ਾਦੀ ਤੋਂ ਬਾਅਦ ਮਾਸਕੋ, ਵਾਸ਼ਿੰਗਟਨ ਅਤੇ ਲੰਡਨ ਵਿਚ ਦੇਸ਼ ਦੀ ਨੁਮਾਇੰਦਗੀ ਕੀਤੀ।
ਮੇਰੀ ਪੈਦਾਇਸ਼ ਦੇਹਰਾਦੂਨ ਵਿਚ ਹੋਈ, ਉਹੋ ਕਸਬਾ ਜਿਸ ਨੂੰ ਵਿਜੈ ਲਕਸ਼ਮੀ ਪੰਡਿਤ ਨੇ ਜਨਤਕ ਸੇਵਾ ਤੋਂ ਮੁਕਤੀ ਪਿੱਛੋਂ ਆਪਣੀ ਰਿਹਾਇਸ਼ਗਾਹ ਬਣਾਇਆ। ਮੈਂ ਉਨ੍ਹਾਂ ਨੂੰ ਉੱਥੇ ਵਿਚਰਦਿਆਂ ਕਦੇ ਨਾ ਦੇਖ ਸਕਿਆ ਕਿਉਂਕਿ ਸਾਡਾ ਸਮਾਜਿਕ ਘੇਰਾ ਤੇ ਸਰਗਰਮੀ ਬਹੁਤ ਵੱਖੋ-ਵੱਖਰੀ ਸੀ ਅਤੇ ਉਨ੍ਹਾਂ ਦੀ ਰਿਹਾਇਸ਼ ਮੇਰੇ ਮਾਪਿਆਂ ਦੀ ਰਿਹਾਇਸ਼ ਤੋਂ ਕਾਫ਼ੀ ਦੂਰ ਵਾਦੀ ਦੇ ਦੂਜੇ ਸਿਰੇ ਉੱਤੇ ਸੀ। ਮੈਂ ਮਾਰਚ 1977 ਦੇ ਪਹਿਲੇ ਹਫ਼ਤੇ ਦੌਰਾਨ ਉਨ੍ਹਾਂ ਨੂੰ ਦਿੱਲੀ ਯੂਨੀਵਰਸਿਟੀ ਵਿਚ ਇਕ ਸਿਆਸੀ ਇਕੱਤਰਤਾ ਦੌਰਾਨ ਬੋਲਦਿਆਂ ਸੁਣਿਆ ਜਿੱਥੇ ਮੈਂ ਉਦੋਂ ਪੜ੍ਹਦਾ ਸਾਂ। ਉਸ ਸਮੇਂ ਐਮਰਜੈਂਸੀ ਹਟਾ ਲਈ ਗਈ ਸੀ ਅਤੇ ਸ੍ਰੀਮਤੀ ਪੰਡਿਤ ਨਵੀਂ ਬਣੀ ਜਨਤਾ ਪਾਰਟੀ ਦੀ ਹਮਾਇਤ ਵਿਚ ਉੱਥੇ ਪੁੱਜੇ ਸਨ, ਭਾਵ ਉਨ੍ਹਾਂ ਆਪਣੀ ਵਚਨਬੱਧਤਾ ਪਰਿਵਾਰਕ ਵਫ਼ਾਦਾਰੀ ਦੀ ਕਿਸੇ ਭਾਵਨਾ ਤਹਿਤ ਆਪਣੀ ਭਤੀਜੀ ਇੰਦਰਾ ਗਾਂਧੀ ਨਾਲ ਪ੍ਰਗਟਾਉਣ ਦੀ ਥਾਂ ਸੰਵਿਧਾਨ ਪ੍ਰਤੀ ਪ੍ਰਗਟਾਈ ਸੀ, ਭਾਵੇਂ ਸ੍ਰੀਮਤੀ ਗਾਂਧੀ ਮੌਕੇ ਦੀ ਪ੍ਰਧਾਨ ਮੰਤਰੀ ਸੀ।
ਮੇਰੇ ਮਾਪਿਆਂ ਨੇ 1984 ਵਿਚ ਦੇਹਰਾਦੂਨ ਛੱਡ ਦਿੱਤਾ। ਅੱਠ ਸਾਲਾਂ ਬਾਅਦ ਮੈਂ ਇਕ ਨਿੱਜੀ ਫੇਰੀ ਉੱਤੇ ਦਿੱਲੀ ਤੋਂ ਉੱਥੇ ਗਿਆ ਤੇ ਮੇਰੇ ਨਾਲ ਤਕਨੀਕੀ ਮਾਹਿਰ ਲਵਰਾਜ ਕੁਮਾਰ ਸਨ ਜਿਨ੍ਹਾਂ ਭਾਰਤ ਦੀ ਪੈਟਰੋ-ਕੈਮੀਕਲ ਸਨਅਤ ਕਾਇਮ ਕਰਨ ਵਿਚ ਅਹਿਮ ਰੋਲ ਅਦਾ ਕੀਤਾ। ਰੁੜਕੀ ਕਸਬੇ ਵਿਚ ਪਹੁੰਚ ਕੇ ਅਸੀਂ ਪੋਲਾਰਿਸ ਨਾਮੀ ਹੋਟਲ ਵਿਚ ਕੌਫ਼ੀ ਪੀਣ ਰੁਕੇ। ਕੈਫ਼ੇ ਵਿਚ ਮੈਂ ਇਕ ਬਹੁਤ ਹੀ ਖ਼ੂਬਸੂਰਤ ਔਰਤ ਨੂੰ ਦੇਖਿਆ ਜੋ ਆਪਣੀ ਉਮਰ ਦੇ ਸੱਠਵਿਆਂ ਦੀ ਸ਼ੁਰੂਆਤ ਵਿਚ ਸੀ। ਉਹ ਨੈਨਤਾਰਾ ਸਹਿਗਲ ਸੀ। ਲਵਰਾਜ ਉਨ੍ਹਾਂ ਨੂੰ ਉਦੋਂ ਤੋਂ ਜਾਣਦਾ ਸੀ ਜਦੋਂ ਉਹ ਦੋਵੇਂ ਬੰਬਈ ਰਹਿੰਦੇ ਸਨ, ਤੇ ਉਨ੍ਹਾਂ ਸਾਡੀ ਜਾਣ-ਪਛਾਣ ਕਰਵਾਈ। ਇਸ ਦੌਰਾਨ ਪਤਾ ਲੱਗਾ ਕਿ ਸ੍ਰੀਮਤੀ ਸਹਿਗਲ ਖ਼ੁਦ ਵੀ ਬਾਅਦ ਵਿਚ ਦੇਹਰਾਦੂਨ ਹੀ ਰਹਿਣ ਲੱਗੀ ਸੀ, ਜੋ ਹੁਣ ਦਿੱਲੀ ਜਾ ਰਹੀ ਸੀ ਤੇ ਸਾਡੇ ਵਾਂਗ ਹੀ ਉਹ ਵੀ ਕੌਫ਼ੀ ਪੀਣ ਲਈ ਇਸ ਕੈਫ਼ੇ ਵਿਚ ਰੁਕੀ ਸੀ।
ਨਾਵਲਾਂ ਤੋਂ ਇਲਾਵਾ ਨੈਨਤਾਰਾ ਸਹਿਗਲ ਨੇ ਕੁਝ ਵਧੀਆ ਗ਼ੈਰ-ਗਲਪੀ ਰਚਨਾਵਾਂ ਵੀ ਲਿਖੀਆਂ ਹਨ। ਇਨ੍ਹਾਂ ਵਿਚ ਉੱਚ-ਵਰਗੀ ਪਰਿਵਾਰ ਵਿਚ ਪੈਦਾ ਹੋਣ ਦੀਆਂ ਯਾਦਾਂ ’ਤੇ ਆਧਾਰਿਤ ਇਕ ਕਿਤਾਬ ਜਿਸ ਦਾ ਸਿਰਲੇਖ ਹੈ ‘ਪ੍ਰਿਜ਼ਨ ਐਂਡ ਚੌਕਲੇਟ ਕੇਕ’ (Prison and Chocolate Cake) ਸ਼ਾਮਲ ਹੈ; ਇਹ ਉਨ੍ਹਾਂ ਅਤੇ ਉਨ੍ਹਾਂ ਦੇ ਦੂਜੇ ਪਤੀ ਈ.ਐਨ. ਮੰਗਤ ਰਾਏ ਦਰਮਿਆਨ ਹੋਈ ਖ਼ਤੋ-ਕਿਤਾਬਤ ਸਬੰਧੀ ਬਹੁਤ ਹੀ ਭਾਵਪੂਰਤ ਕਿਤਾਬ ਤੇ ਇਕ ਹੋਰ ਲਿਖਤ ਵਿਚ ਇੰਦਰਾ ਗਾਂਧੀ ਦੀ ਸਿਆਸਤ ਦੇ ਅੰਦਾਜ਼ ਦਾ ਡੂੰਘਾ ਅਧਿਐਨ ਕੀਤਾ ਗਿਆ ਹੈ ਜਿਹੜੀ ਮੇਰੇ ਲਈ ਵੀ ਮੇਰੇ ਕੰਮ ਸਬੰਧੀ ਬਹੁਤ ਮਦਦਗਾਰ ਸਾਬਿਤ ਹੋਈ।
ਮੈਂ ਇਕ ਲੇਖਿਕਾ ਅਤੇ ਇਕ ਇਨਸਾਨ ਵਜੋਂ ਨੈਨਤਾਰਾ ਸਹਿਗਲ ਦਾ ਪ੍ਰਸ਼ੰਸਕ ਹਾਂ। ਪੋਲਾਰਿਸ ਹੋਟਲ ਵਿਚ ਹੋਈ ਆਪਣੀ ਪਹਿਲੀ ਮੁਲਾਕਾਤ ਦੌਰਾਨ ਮੈਂ ਉਨ੍ਹਾਂ ਨਾਲ ਜ਼ਿਆਦਾ ਗੱਲ ਨਾ ਕਰ ਸਕਿਆ (ਉਮਰ ਅਤੇ ਰੁਤਬੇ ਦਾ ਫ਼ਰਕ ਮੈਨੂੰ ਰੋਕ ਰਹੇ ਸਨ)। ਪਰ ਬਾਅਦ ਦੇ ਸਾਲਾਂ ਦੌਰਾਨ ਮੈਨੂੰ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਮਿਲਿਆ। ਅਸੀਂ ਸਾਹਿਤਕ ਸਮਾਗਮਾਂ ਵਿਚ ਅਤੇ ਮੇਰੀਆਂ ਦੇਹਰਾਦੂਨ ਫੇਰੀਆਂ ਦੌਰਾਨ ਇਕ-ਦੂਜੇ ਨੂੰ ਮਿਲਦੇ ਰਹੇ, ਅਸੀਂ ਚਲੰਤ ਮਾਮਲਿਆਂ ਸਬੰਧੀ ਅਤੇ ਹੋਰ ਵਿਸ਼ਿਆਂ ਉੱਤੇ ਇਕ-ਦੂਜੇ ਨਾਲ ਪੱਤਰ-ਵਿਹਾਰ ਕਰਦੇ ਅਤੇ ਗਾਹੇ-ਬਗਾਹੇ ਫੋਨ ਉੱਤੇ ਵੀ ਗੱਲਬਾਤ ਕਰਦੇ। ਹਰੇਕ ਮੀਟਿੰਗ ਨਾਲ ਉਨ੍ਹਾਂ ਪ੍ਰਤੀ ਮੇਰਾ ਪਿਆਰ ਤੇ ਸਤਿਕਾਰ ਹੋਰ ਡੂੰਘਾ ਹੁੰਦਾ ਗਿਆ। ਕੁੱਲ ਮਿਲਾ ਕੇ ਮੇਰੀ ਜਾਣ-ਪਛਾਣ ਦੇ ਹੋਰ ਕਿਸੇ ਵੀ ਇਨਸਾਨ ਨਾਲੋਂ ਉਹ ਕਿਤੇ ਵੱਧ ਹੌਸਲੇ ਤੇ ਸੁੰਦਰ ਛਬ ਵਾਲੀ ਅਤੇ ਸਵੈ-ਮਾਣ ਦੀ ਮਜ਼ਬੂਤ ਭਾਵਨਾ ਦੇ ਨਾਲ ਨਾਲ ਆਪਣੇ ਤੋਂ ਘੱਟ ਅਧਿਕਾਰਾਂ ਵਾਲੇ ਲੋਕਾਂ ਪ੍ਰਤੀ ਡੂੰਘੀ ਹਮਦਰਦੀ ਰੱਖਣ ਵਾਲੀ ਸ਼ਖ਼ਸੀਅਤ ਸੀ।
ਸਾਡੀ ਇਸ ਦੋਸਤੀ ਦੌਰਾਨ ਨੈਨਤਾਰਾ ਸਹਿਗਲ ਨੇ ਮੇਰੇ ਕਾਰਜ ਵਿਚ ਬਹੁਤ ਮਦਦ ਕੀਤੀ ਅਤੇ ਮੈਂ ਇਸ ਦਾ ਬਹੁਤ ਥੋੜ੍ਹਾ ਸਿਲਾ ਹੀ ਉਨ੍ਹਾਂ ਨੂੰ ਮੋੜ ਸਕਿਆ, ਜੋ ਮੁੱਖ ਤੌਰ ’ਤੇ ਟੁਕੜਿਆਂ ਵਿਚ ਉਹ ਕੁਝ ਸੀ ਜੋ ਮੈਨੂੰ ਪੁਰਾਣੇ ਰਿਕਾਰਡਾਂ (archives) ਵਿਚੋਂ ਉਨ੍ਹਾਂ ਦੇ ਪਿਤਾ ਰਣਜੀਤ ਸੀਤਾਰਾਮ ਪੰਡਿਤ ਬਾਰੇ ਮਿਲਿਆ ਜੋ ਅਸਾਧਾਰਨ ਸ਼ਖ਼ਸ ਅਤੇ ਵਿਦਵਾਨ ਤੇ ਦੇਸ਼ਭਗਤ ਸਨ। ਜਦੋਂ ਉਹ ਚਲਾਣਾ ਕਰ ਗਏ ਸਨ, ਉਦੋਂ ਉਨ੍ਹਾਂ ਦੀ ਧੀ ਮਹਿਜ਼ ਸੋਲਾਂ ਸਾਲਾਂ ਦੀ ਸੀ। ਇਸ ਦੌਰਾਨ ਮੈਂ ਪਾਇਆ ਕਿ ਜਿੱਥੇ ਬਹੁਤੇ ਕਾਂਗਰਸੀ ਆਗੂ ਡਾ. ਬੀ.ਆਰ. ਅੰਬੇਡਕਰ ਦੇ ਵਿਰੋਧੀ ਸਨ, ਉੱਥੇ ਰਣਜੀਤ ਪੰਡਿਤ ਉਨ੍ਹਾਂ ਨੂੰ ਪਸੰਦ ਕਰਦੇ ਸਨ। ਇੱਥੋਂ ਤੱਕ ਕਿ ਉਨ੍ਹਾਂ ਡਾ. ਅੰਬੇਡਕਰ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ, ਜਦੋਂ (ਮੈਨੂੰ ਜਾਪਦਾ ਹੈ ਕਿ) ਉਨ੍ਹਾਂ ਦੀ ਗੱਲਬਾਤ ਸਹਿਜੇ ਹੀ ਅੰਗਰੇਜ਼ੀ ਤੋਂ ਉਨ੍ਹਾਂ ਦੋਵਾਂ ਦੀ ਮਾਤ-ਭਾਸ਼ਾ ਮਰਾਠੀ ਵਿਚ ਹੋਣ ਲੱਗੀ ਹੋਵੇਗੀ। ਰਣਜੀਤ ਪੰਡਿਤ ਨੇ ਹੀ ਮੇਰਠ ਸਾਜ਼ਿਸ਼ ਕੇਸ ਵਿਚ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕਮਿਊਨਿਸਟਾਂ ਦੇ ਬਚਾਅ ਲਈ ਫੰਡ ਜੁਟਾਉਣ ਵਾਸਤੇ ਆਪਣੇ ਸਹੁਰਾ ਮੋਤੀਲਾਲ ਨਹਿਰੂ ਅਤੇ ਸਾਲੇ ਜਵਾਹਰਲਾਲ ਨਹਿਰੂ ਨੂੰ ਰਾਜ਼ੀ ਕੀਤਾ ਸੀ। ਇਨ੍ਹਾਂ ਕਮਿਊਨਿਸਟਾਂ ਵਿਚੋਂ ਇਕ ਮੁਜ਼ੱਫ਼ਰ ਅਹਿਮਦ ਨੇ ਪੰਡਿਤ ਨੂੰ ਬਹੁਤ ਹੀ ਅਪਣੱਤ ਨਾਲ ‘ਇਕ ਵੱਡਾ ਅਤੇ ਉਦਾਰ ਹਮਦਰਦ’ ਇਨਸਾਨ ਕਰਾਰ ਦਿੱਤਾ ਸੀ।
ਇਹੋ ਵਰਣਨ ਰਣਜੀਤ ਪੰਡਿਤ ਦੀ ਧੀ ਉੱਤੇ ਵੀ ਪੂਰੀ ਤਰ੍ਹਾਂ ਢੁਕਦਾ ਹੈ। ਨੈਨਤਾਰਾ ਨੇ 2015 ਵਿਚ ਆਪਣਾ ਸਾਹਿਤ ਅਕੈਡਮੀ ਪੁਰਸਕਾਰ ਮੁਲਕ ਵਿਚ ਸੱਜੇ-ਪੱਖੀਆਂ ਦੇ ਵਧ ਰਹੇ ਨਫ਼ਰਤੀ ਜੁਰਮਾਂ ਖ਼ਿਲਾਫ਼ ਵਿਰੋਧ ਵਜੋਂ ਵਾਪਸ ਮੋੜ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ‘ਭਾਰਤ ਪਿਛਾਂਹ ਨੂੰ ਜਾ ਰਿਹਾ ਹੈ’। ਉਨ੍ਹਾਂ ਟਿੱਪਣੀ ਕੀਤੀ: ‘‘ਭਾਰਤ ਸੱਭਿਆਚਾਰਕ ਵੰਨ-ਸੁਵੰਨਤਾ ਅਤੇ ਵਿਚਾਰ-ਵਟਾਂਦਰੇ ਦੇ ਸਾਡੇ ਮਹਾਨ ਵਿਚਾਰ ਨੂੰ ਨਕਾਰ ਰਿਹਾ ਹੈ ਅਤੇ ਇਹ ਹਿੰਦੂਤਵ ਨਾਮੀ ਕਾਢ ਤੱਕ ਹੀ ਸੀਮਤ ਹੁੰਦਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਉਂਝ ਤਾਂ ‘ਅਜਿਹੇ ਆਗੂ ਹਨ ਜੋ ਬੋਲਣਾ ਜਾਣਦਾ ਹੈ’ ਪਰ ਉਨ੍ਹਾਂ ਨੇ ਲੇਖਕਾਂ ਦੇ ਕਤਲਾਂ ਅਤੇ ਘੱਟਗਿਣਤੀ ਭਾਈਚਾਰੇ ਦੇ ਵਿਅਕਤੀਆਂ ਦੇ ਹਜੂਮੀ ਕਤਲਾਂ ਉੱਤੇ ਚੁੱਪ ਵੱਟੀ ਹੋਈ ਹੈ। ਉਨ੍ਹਾਂ ਹੋਰ ਕਿਹਾ, ‘‘ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਉਨ੍ਹਾਂ (ਪ੍ਰਧਾਨ ਮੰਤਰੀ) ਵਿਚ ਇੰਨੀ ਹਿੰਮਤ ਨਹੀਂ ਕਿ ਉਹ ਆਪਣੀ ਵਿਚਾਰਧਾਰਾ ਦੀ ਹਮਾਇਤ ਕਰਨ ਵਾਲੇ ਮਾੜੇ ਲੋਕਾਂ ਨੂੰ ਅਲੱਗ-ਥਲੱਗ ਕਰ ਸਕਣ।’’
ਸ੍ਰੀਮਤੀ ਸਹਿਗਲ ਵੱਲੋਂ ਕੀਤੀ ਇਸ ਵਿਰੋਧ ਪ੍ਰਗਟਾਵੇ ਦੀ ਕਾਰਵਾਈ ਲਈ ਭਾਜਪਾ ਦੀ ਟਰੌਲ ਆਰਮੀ ਨੇ ਉਨ੍ਹਾਂ ਉੱਤੇ ਬੇਰਹਿਮੀ ਨਾਲ ਸ਼ਬਦੀ ਹਮਲੇ ਕੀਤੇ। ਇੱਥੋਂ ਤੱਕ ਕਿ ਕੁਝ ਪੱਤਰਕਾਰਾਂ ਨੇ ਵੀ ਅਜਿਹੇ ਲੋਕਾਂ ਦਾ ਸਾਥ ਦਿੰਦਿਆਂ ਦਾਅਵਾ ਕੀਤਾ ਕਿ ਇੰਦਰਾ ਗਾਂਧੀ ਦੀ ਭੂਆ ਦੀ ਧੀ ਤੇ ਨਹਿਰੂ ਦੀ ਭਾਣਜੀ ਹੋਣ ਕਾਰਨ ਉਸ ਵੱਲੋਂ ਮੌਜੂਦਾ ਸਰਕਾਰ ਦੀ ਕੀਤੀ ਜਾ ਰਹੀ ਆਲੋਚਨਾ ਵਾਜਬ ਨਹੀਂ ਮੰਨੀ ਜਾ ਸਕਦੀ। ਪਰ ਹਕੀਕਤ ਇਹ ਹੈ ਕਿ ਜਦੋਂ ਸ੍ਰੀਮਤੀ ਗਾਂਧੀ ਨੇ ਤਾਨਾਸ਼ਾਹ ਰਵੱਈਆ ਅਖ਼ਤਿਆਰ ਕੀਤਾ, ਜੋ 1970ਵਿਆਂ ਵਿਚ ਸਾਹਮਣੇ ਆਇਆ ਤਾਂ ਸ੍ਰੀਮਤੀ ਸਹਿਗਲ ਨੇ ਉਨ੍ਹਾਂ ਦਾ ਵੀ ਵਿਰੋਧ ਕੀਤਾ ਸੀ ਅਤੇ ਇਸ ਦਾ ਸ੍ਰੀਮਤੀ ਸਹਿਗਲ ਨੂੰ ਨਿੱਜੀ ਤੌਰ ’ਤੇ ਵੀ ਖ਼ਮਿਆਜ਼ਾ ਭੁਗਤਣਾ ਪਿਆ ਸੀ। ਮੈਂ ਇਸ ਵਿਚ ਹੋਰ ਵਾਧਾ ਕਰਦਿਆਂ ਆਖ ਸਕਦਾ ਹਾਂ ਕਿ ਬੇਸ਼ੱਕ ਉਨ੍ਹਾਂ ਦੀ ਸੋਚ ਨੂੰ ਆਪਣੇ ਮਾਮਾ ਦੀ ਹਿੰਦੂ-ਮੁਸਲਮਾਨ ਸਦਭਾਵਨਾ ਪ੍ਰਤੀ ਸਿਧਾਂਤਕ ਵਚਨਬੱਧਤਾ ਤੋਂ ਆਕਾਰ ਮਿਲਿਆ, ਪਰ ਫਿਰ ਵੀ ਉਨ੍ਹਾਂ ਦੀ ਵਿਸ਼ਵ-ਦ੍ਰਿਸ਼ਟੀ ਉੱਤੇ ਜ਼ਿਆਦਾ ਵੱਡਾ ਅਸਰ ਮਹਾਤਮਾ ਗਾਂਧੀ ਦੇ ਜੀਵਨ ਤੇ ਵਿਰਾਸਤ ਦਾ ਹੈ।
ਦੇਹਰਾਦੂਨ ਦੀ ਆਪਣੀ ਪਿਛਲੀ ਫੇਰੀ ਦੌਰਾਨ ਮੈਂ ਨੈਨਤਾਰਾ ਸਹਿਗਲ ਨਾਲ ਉਨ੍ਹਾਂ ਦੀ ਮਾਤਾ ਵੱਲੋਂ ਉਸਾਰੇ ਗਏ ਘਰ ਵਿਚ ਮੁਲਾਕਾਤ ਕੀਤੀ ਜਿਹੜਾ ਰਾਜਪੂਤ ਰੋਡ ਦੇ ਉਪਰਲੇ ਸਿਰੇ ’ਤੇ ਸਥਿਤ ਹੈ। ਉਨ੍ਹਾਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਦੀ ਗੰਭੀਰ ਬਿਮਾਰੀ ਨੇ ਜਕੜ ਲਿਆ ਸੀ ਜਿਸ ਨੂੰ ਹੁਣ ਉਨ੍ਹਾਂ ਮਾਤ ਦੇ ਦਿੱਤੀ ਹੈ ਅਤੇ ਮੁੜ ਗਲਪ ਲਿਖਣਾ ਸ਼ੁਰੂ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਧਰਮ ਆਧਾਰਿਤ ਕੱਟੜਤਾ ਵੱਲੋਂ ਭਾਰਤੀ ਗਣਰਾਜ ਲਈ ਖੜ੍ਹੇ ਕੀਤੇ ਜਾ ਰਹੇ ਖ਼ਤਰਿਆਂ ਬਾਰੇ ਬੋਲਣਾ ਜਾਰੀ ਰੱਖਿਆ ਹੋਇਆ ਹੈ। ਜਿਉਂ ਹੀ ਮੈਂ ਆਪਣੀ ਇਸ ਦੋਸਤ ਤੋਂ ਵਿਦਾ ਲਈ, ਮੈਂ ਉਨ੍ਹਾਂ ਦੀ ਸੁਰੱਖਿਆ ਮੁਤੱਲਕ ਭੈਅ ਦੀ ਭਾਵਨਾ ਵਿਚ ਘਿਰ ਗਿਆ। ਉਹ ਆਪਣੀ ਉਮਰ ਦੇ ਨੱਬੇਵਿਆਂ ਦੀ ਸ਼ੁਰੂਆਤ ਵਿਚ ਸਨ ਅਤੇ ਉਨ੍ਹਾਂ ਕੈਂਸਰ ਨੂੰ ਮਾਤ ਦਿੱਤੀ। ਉਹ ਗਲੀ ਦੇ ਇਕ ਅਜਿਹੇ ਘਰ ਵਿਚ ਇਕੱਲੀ ਰਹਿੰਦੀ ਸੀ ਜਿਹੜਾ ਵਿਰਲੇ-ਟਾਵੇਂ ਘਰਾਂ ਵਾਲੀ ਅਤੇ ਰਾਤ ਨੂੰ ਹਨੇਰੀ ਰਹਿੰਦੀ ਗਲੀ ਵਿਚ ਸੀ। ਉਪਰੋਂ ਇਹ ਬਦਲੇਖ਼ੋਰੀ ਅਤੇ ਮਾੜੀ ਸੋਚ ਵਾਲਾ ਦੌਰ ਹੈ। ਮੈਂ ਉਨ੍ਹਾਂ ਨੂੰ ਕਿਹਾ, ‘‘ਆਪਣਾ ਖ਼ਿਆਲ ਰੱਖੋ ਤਾਰਾ। … ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖੋ।’’ ਉਨ੍ਹਾਂ ਦਾ ਜਵਾਬ ਸੀ, ‘‘ਮੇਰੇ ਕੋਲ ਬਿਮਾਰ ਹੋਣ ਦਾ ਵਕਤ ਨਹੀਂ ਹੈ। ਇਹ ਸਮਾਂ ਹੀ ਬਿਮਾਰ ਹੋਣ ਦਾ ਨਹੀਂ ਹੈ।’’
ਨੈਨਤਾਰਾ ਸਹਿਗਲ 10 ਮਈ ਨੂੰ 95 ਸਾਲਾਂ ਦੇ ਹੋ ਜਾਣਗੇ। ਇਹ ਉਨ੍ਹਾਂ ਨੂੰ ‘ਜਨਮ ਦਿਨ ਮੁਬਾਰਕ’ ਕਹਿਣ ਦਾ ਵੇਲਾ ਨਹੀਂ ਸਗੋਂ ਇਸ ਦੀ ਥਾਂ ਉਹ ਜੋ ਵੀ ਹਨ, ਮੈਂ ਉਸ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਇਕ ਲੇਖਿਕਾ ਤੇ ਇਕ ਨਾਗਰਿਕ ਹੋਣ ਦੇ ਨਾਤੇ ਉਹ ਸਾਡੇ ਗਣਰਾਜ ਦੀਆਂ ਮਹਾਨ ਕਦਰਾਂ-ਕੀਮਤਾਂ ਦਾ ਪ੍ਰਤੀਕ ਹਨ। ਉਹ ਗਾਂਧੀ ਦੇ ਜੀਵਨ ਤੇ ਉਨ੍ਹਾਂ ਦੀ ਮੌਤ ਦਾ ਗਵਾਹ ਸਨ ਅਤੇ ਉਨ੍ਹਾਂ ਜੋ ਕੁਝ ਵੀ ਕੀਤਾ ਉਸ ਦਾ ਵੱਡਾ ਹਿੱਸਾ ਸਿੱਧੇ ਤੌਰ ’ਤੇ ਗਾਂਧੀ ਤੋਂ ਪ੍ਰੇਰਿਤ ਸੀ। ਮੈਂ ਖ਼ੁਦ ਗਾਂਧੀ ਨੂੰ ਇਕ ਵਿਦਵਾਨ ਵਜੋਂ ਜਾਣਦਾ ਹਾਂ, ਮੁੱਖ ਤੌਰ ’ਤੇ ਉਨ੍ਹਾਂ ਦੀਆਂ ਲਿਖਤਾਂ ਅਤੇ ਪੁਰਾਣੇ ਰਿਕਾਰਡ ਦੇ ਜ਼ਰੀਏ। ਇਹ ਨੈਨਤਾਰਾ ਸਹਿਗਲ ਵਰਗੇ ਭਾਰਤੀਆਂ ਦੀ ਨਿੱਜੀ ਪਛਾਣ ਹੀ ਹੈ ਜਿਸ ਨੇ ਮੈਨੂੰ ਜੋ ਵੀ ਮੈਂ ਕਰਦਾ ਹਾਂ ਅਤੇ ਜੋ ਵੀ ਮੈਂ ਲਿਖਦਾ ਹਾਂ, ਉਸ ਲਈ ਅੱਗੇ ਵਧਣ ਵਾਸਤੇ ਪ੍ਰੇਰਿਤ ਕੀਤਾ ਹੈ।
ਈ-ਮੇਲ: ramachandraguha@yahoo.in
* ਇਹ ਸਿਰਲੇਖ ਐਡਵਰਡ ਐਲਬੀ ਦੇ ਨਾਟਕ ‘ਹੂ ਇਜ਼ ਅਫਰੇਡ ਔਫ ਵਰਜੀਨੀਆ ਵੁਲਫ’ ਦੀ ਤਰਜ਼ ’ਤੇ ਹੈ।