ਆਰਤੀ ਵਰਮਾ*/ਬਲਜੀਤ ਸਿੰਘ*/ਮਨਦੀਪ ਪਠਾਨੀਆ**
ਸਬਜ਼ੀਆਂ ਸਾਡੇ ਰੋਜ਼ਾਨਾ ਭੋਜਨ ਨੂੰ ਪੌਸ਼ਟਿਕ ਅਤੇ ਸੰਤੁਲਿਤ ਬਣਾਉਂਦੀਆਂ ਹਨ। ਸਬਜ਼ੀਆਂ ਦੀ ਸਫਲ ਖੇਤੀ ਲਈ ਨਰੋਏ ਬੀਜ ਅਤੇ ਨਰੋਈ ਪਨੀਰੀ ਦਾ ਹੋਣਾ ਲਾਜ਼ਮੀ ਹੈ। ਸਬਜ਼ੀਆਂ ਦੀ ਤੰਦਰੁਸਤ ਪਨੀਰੀ ਤਿਆਰ ਕਰਨਾ ਵੱਧ ਉਪਜ ਅਤੇ ਮੁਨਾਫ਼ਾ ਪ੍ਰਾਪਤ ਕਰਨ ਲਈ ਚੰਗਾ ਜ਼ਰੀਆ ਹੈ। ਬਹੁਤ ਸਾਰੀਆਂ ਸਬਜ਼ੀਆਂ ਦੇ ਬੀਜਾਂ ਨੂੰ ਸਿੱਧਾ ਖੇਤ ਵਿਚ ਲਾਇਆ ਜਾਂਦਾ ਹੈ। ਦੂਜੇ ਪਾਸੇ, ਕੁਝ ਸਬਜ਼ੀਆਂ ਜਿਵੇਂ ਟਮਾਟਰ, ਬੈਂਗਣ, ਮਿਰਚ, ਸ਼ਿਮਲਾ ਮਿਰਚ, ਫੁੱਲ ਗੋਭੀ, ਬੰਦ ਗੋਭੀ, ਪਿਆਜ਼ ਆਦਿ ਦੀ ਪਹਿਲਾਂ ਨਰਸਰੀ ਵਿਚ ਪਨੀਰੀ ਤਿਆਰ ਕੀਤੀ ਜਾਂਦੀ ਹੈ, ਬਾਅਦ ਵਿਚ ਬੂਟੇ ਪੁੱਟ ਕੇ ਖੇਤ ਵਿਚ ਲਗਾਏ ਜਾਂਦੇ ਹਨ। ਤੰਦਰੁਸਤ ਪਨੀਰੀ ਤਿਆਰ ਕਰਨਾ ਸਬਜ਼ੀਆਂ ਦੇ ਉਤਪਾਦਨ ਵਿਚ ਸਭ ਤੋਂ ਮਹੱਤਵਪੂਰਨ ਹੈ ਜੋ ਕਾਫ਼ੀ ਹੱਦ ਤੱਕ ਸਬਜ਼ੀਆਂ ਦੀ ਕਾਸ਼ਤ ਤੋਂ ਹੋਣ ਵਾਲਾ ਉਤਪਾਦਨ ਅਤੇ ਮੁਨਾਫ਼ਾ ਤੈਅ ਕਰਦਾ ਹੈ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਸਬਜ਼ੀਆਂ ਨੂੰ ਮੁੱਖ ਖੇਤ ਵਿਚ ਸਿੱਧੀ ਬਿਜਾਈ ਦੁਆਰਾ ਵੀ ਉਗਾਇਆ ਜਾ ਸਕਦਾ ਹੈ, ਟ੍ਰਾਂਸਪਲਾਂਟਿੰਗ ਵਿਧੀ ਨਾਲ ਹੋਣ ਵਾਲੇ ਲਾਭ ਕਾਰਨ ਇਸ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਛੋਟੇ ਖੇਤਰਾਂ ਵਿਚ ਉੱਗ ਰਹੇ ਕੋਮਲ ਬੂਟਿਆਂ ਦੀ ਦੇਖ-ਭਾਲ ਕਰਨਾ ਆਸਾਨ ਹੋ ਜਾਂਦਾ ਹੈ। ਬੂਟੇ ਨੂੰ ਸਫਲਤਾਪੂਰਵਕ ਉਗਾਉਣ ਲਈ ਅਨੁਕੂਲ ਸਥਿਤੀ ਆਸਾਨੀ ਨਾਲ ਮੁਹੱਈਆ ਕੀਤੀ ਜਾ ਸਕਦੀ ਹੈ। ਨਰਸਰੀ ਵਿਚ ਬੂਟੇ ਤਿਆਰ ਕਰ ਕੇ, ਖੇਤ ਵਿਚ ਅਗੇਤੀ ਫ਼ਸਲ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਸ ਨਾਲ ਵੱਧ ਕੀਮਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਸਿੱਧੀ ਬਿਜਾਈ ਦੇ ਮੁਕਾਬਲੇ ਲੇਬਰ ਦੀ ਬੱਚਤ ਹੁੰਦੀ ਹੈ ਅਤੇ ਮੁੱਖ ਖੇਤ ਦੀ ਤਿਆਰੀ ਲਈ ਵਧੇਰੇ ਸਮਾਂ ਮਿਲਦਾ ਹੈ, ਕਿਉਂਕਿ ਪਨੀਰੀ ਨੂੰ ਵੱਖਰੀ ਥਾਂ ’ਤੇ ਉਗਾਇਆ ਜਾਂਦਾ ਹੈ। ਘੱਟ ਬੀਜ ਦੀ ਲੋੜ ਅਤੇ ਘੱਟ ਮੌਤ ਦਰ ਨਾਲ, 100% ਪੌਦਿਆਂ ਦੀ ਆਬਾਦੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਨਰਸਰੀ ਵਿਚ ਪਨੀਰੀ ਦਾ ਨਰੋਆ ਹੋਣਾ ਜ਼ਰੂਰੀ ਹੈ ਕਿਉਂਕਿ ਖੇਤਾਂ ਵਿਚ ਲੱਗੀ ਸਬਜ਼ੀ ਦੀ ਫ਼ਸਲ ਵਿਚ ਕੀੜਿਆਂ ਅਤੇ ਬਿਮਾਰੀਆਂ ਦਾ ਮੁੱਖ ਸਾਧਨ ਨਰਸਰੀ ਹੀ ਹੁੰਦਾ ਹੈ। ਥੋੜ੍ਹੇ ਖੇਤਰ ਵਿਚ ਉਗਾਈ ਨਰਸਰੀ ਵਿਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਆਸਾਨੀ ਅਤੇ ਘੱਟ ਖ਼ਰਚ ਵਿਚ ਕੀਤੀ ਜਾ ਸਕਦੀ ਹੈ। ਕਈ ਵਾਰ ਗ਼ਲਤ ਢੰਗ ਨਾਲ ਪਨੀਰੀ ਤਿਆਰ ਕਰਨ ਨਾਲ ਬੂਟੇ ਬਹੁਤ ਪਤਲੇ ਹੋ ਜਾਂਦੇ ਹਨ ਜਿਸ ਦੇ ਨਤੀਜੇ ਵਜੋਂ ਘੱਟ ਝਾੜ ਅਤੇ ਘੱਟ ਮੁਨਾਫ਼ਾ ਹੁੰਦਾ ਹੈ। ਕੁਝ ਕਿਸਾਨਾਂ ਨੇ ਸਬਜ਼ੀਆਂ ਦੀ ਤੰਦਰੁਸਤ ਪਨੀਰੀ ਤਿਆਰ ਕਰਨ ਦਾ ਕਿੱਤਾ ਅਪਣਾਇਆ ਹੈ। ਉਹ ਪਨੀਰੀ ਨੂੰ ਸਬਜ਼ੀਆਂ ਉਗਾਉਣ ਵਾਲੇ ਕਿਸਾਨਾਂ ਨੂੰ ਸਪਲਾਈ ਕਰ ਕੇ ਚੰਗਾ ਮੁਨਾਫ਼ਾ ਕਮਾਉਂਦੇ ਹਨ।
ਨਰਸਰੀ ਲਈ ਜਗ੍ਹਾ ਦੀ ਚੋਣ
- ਪਾਣੀ ਦੀ ਸਹੂਲਤ ਨੇੜੇ ਹੋਣੀ ਚਾਹੀਦੀ ਹੈ।
- ਖੇਤ ਰੁੱਖਾਂ ਦੀ ਛਾਂ ਤੋਂ ਦੂਰ ਹੋਣਾ ਚਾਹੀਦਾ ਹੈ।
- ਖੇਤ ਵਿਚ ਚੰਗੀ ਧੁੱਪ ਲੱਗਦੀ ਹੋਵੇ।
- ਨਰਸਰੀ ਵਾਲੀ ਜਗ੍ਹਾ ’ਤੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਵੀ ਜ਼ਰੂਰੀ ਹੈ। ਇਸ ਲਈ ਨਰਸਰੀ ਵਾਲੀ ਜਗ੍ਹਾ ਬਾਕੀ ਖੇਤ ਤੋਂ ਉੱਚੀ ਚਾਹੀਦੀ ਹੈ।
- ਨਰਸਰੀ ਲਈ ਇੱਕ ਹੀ ਖੇਤ ਦੀ ਵਾਰ ਵਾਰ ਚੋਣ ਨਹੀਂ ਕਰਨੀ ਚਾਹੀਦੀ ਕਿਉਂਕਿ ਇੱਕ ਹੀ ਥਾਂ ’ਤੇ ਵਾਰ ਵਾਰ ਪਨੀਰੀ ਬੀਜਣ ਨਾਲ ਬਿਮਾਰੀਆਂ ਅਤੇ ਕੀੜਿਆਂ ਦਾ ਖ਼ਤਰਾ ਵਧ ਜਾਂਦਾ ਹੈ।
ਜ਼ਮੀਨ ਦੀ ਸੋਧ: ਮਿੱਟੀ ਵਿਚ ਕਈ ਕਿਸਮਾਂ ਦੀਆਂ ਉੱਲੀਆਂ ਹੁੰਦੀਆਂ ਹਨ ਜਿਵੇਂ ਪੀਥੀਅਮ, ਫਿਊਜ਼ੇਰੀਅਮ, ਰਾਇਜੋਕਟੋਨੀਆ ਆਦਿ। ਇਨ੍ਹਾਂ ਕਰ ਕੇ ਉਖੇੜਾ ਰੋਗ ਜ਼ਮੀਨ ਤੋਂ ਹੀ ਫੈਲਦਾ ਹੈ। ਇਸ ਰੋਗ ਤੋਂ ਬਚਣ ਲਈ ਬਿਜਾਈ ਤੋਂ 10 ਦਿਨ ਪਹਿਲਾਂ ਕਿਆਰੀਆਂ ਨੂੰ 1.5-2.0 ਪ੍ਰਤੀਸ਼ਤ ਫਾਰਮਾਲੀਨ ਦੇ ਘੋਲ ਨਾਲ ਸੋਧੋ। 15-20 ਮਿਲੀਲਿਟਰ ਦਵਾਈ ਇੱਕ ਲਿਟਰ ਪਾਣੀ ਵਿਚ ਪਾ ਕੇ 2-3 ਲਿਟਰ ਪ੍ਰਤੀ ਵਰਗ ਮੀਟਰ ਜ਼ਮੀਨ ਵਿਚ ਪਾਓ। ਮਿੱਟੀ ਦੀ ਤਕਰੀਬਨ 6 ਇੰਚ ਤਹਿ ਗੜੁੱਚ ਹੋ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਕਿਆਰੀਆਂ ਨੂੰ ਪੋਲੀਥੀਨ ਦੀ ਚਾਦਰ ਨਾਲ 72 ਘੰਟੇ ਤੱਕ ਚੰਗੀ ਤਰ੍ਹਾਂ ਢਕ ਦਿਓ। ਪੋਲੀਥੀਨ ਚਾਦਰ ਨੂੰ ਚਾਰ ਪਾਸਿਓਂ ਬਾਰੀਕ ਮਿੱਟੀ ਨਾਲ ਦੱਬ ਦਿਓ ਤਾਂ ਜੋ ਗੈਸ ਬਾਹਰ ਨਾ ਆਵੇ। ਬਾਅਦ ਵਿਚ 4-5 ਦਿਨ ਤੱਕ ਦਿਨ ਵਿਚ ਇੱਕ ਵਾਰ ਕਿਆਰੀਆਂ ਦੀ ਮਿੱਟੀ ਪਲਟਾਓ ਤਾਂ ਕਿ ਫਾਰਮਲੀਨ ਦਾ ਅਸਰ ਖ਼ਤਮ ਹੋ ਜਾਵੇ ਅਤੇ ਬੀਜ ਦੀ ਉੱਗਣ ਸ਼ਕਤੀ ’ਤੇ ਕੋਈ ਅਸਰ ਨਾ ਹੋਵੇ।
ਬੀਜ ਦੀ ਸੋਧ: ਬਿਜਾਈ ਤੋਂ ਪਹਿਲਾਂ ਤਿੰਨ ਗ੍ਰਾਮ ਕੈਪਟਾਨ ਪ੍ਰਤੀ ਕਿਲੋ ਨਾਲ ਬੀਜ ਸੋਧ ਕੇ ਬੀਜਣਾ ਚਾਹੀਦਾ ਹੈ ਤਾਂ ਕਿ ਪਨੀਰੀ ਨੂੰ ਕਾਲੇ ਧੱਬੇ ਅਤੇ ਬਲਾਈਟ ਵਰਗੀਆਂ ਬਿਮਾਰੀਆਂ ਨਾਲ ਮਰਨ ਤੋਂ ਬਚਾਇਆ ਜਾ ਸਕੇ।
ਬਿਜਾਈ ਦਾ ਢੰਗ: ਪਨੀਰੀ ਲਾਉਣ ਵਾਲੀ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਕੇ ਮਿੱਟੀ ਵਿਚ ਰੂੜੀ ਮਿਲਾ ਦੇਣੀ ਚਾਹੀਦੀ ਹੈ। ਇੱਕੋ ਥਾਂ ’ਤੇ ਪਨੀਰੀ ਵਾਰ ਵਾਰ ਨਹੀਂ ਬੀਜਣੀ ਚਾਹੀਦੀ। ਪਨੀਰੀ ਬੀਜਣ ਲਈ, ਜ਼ਮੀਨ ਦੇ ਪੱਧਰ ਤੋਂ 20 ਸੈਂਟੀਮੀਟਰ ਉੱਚੀਆਂ ਅਤੇ 1 ਤੋਂ 1.5 ਮੀਟਰ ਚੌੜੀਆਂ ਕਿਆਰੀਆਂ ਬਣਾਉਣੀਆਂ ਚਾਹੀਦੀਆਂ ਹਨ। ਚੰਗੇ ਵੱਤਰ ਵਿਚ ਬੀਜ ਨੂੰ 5 ਸੈਂਟੀਮੀਟਰ ਦੀ ਦੂਰੀ ਅਤੇ 1 ਸੈਂਟੀਮੀਟਰ ਡੂੰਘਾਈ ਤੇ ਲਾਈਨਾਂ ਵਿਚ ਬੀਜਣਾ ਚਾਹੀਦਾ ਹੈ। ਪਹਿਲੀ ਸਿੰਜਾਈ ਬਿਜਾਈ ਤੋਂ ਤੁਰੰਤ ਪਿੱਛੋਂ ਫੁਆਰੇ ਨਾਲ ਕਰਨੀ ਚਾਹੀਦੀ ਹੈ। ਸਿਫ਼ਾਰਸ਼ ਕੀਤੀਆਂ ਕਿਸਮਾਂ ਵੇਲੇ ਸਿਰ ਬੀਜਣੀਆਂ ਚਾਹੀਦੀਆਂ ਹਨ ਤਾਂ ਕਿ ਫਸਲ ਨਿਸਾਰੇ ਤੋਂ ਬਚੀ ਰਹੇ। ਅਗੇਤੀ ਬੀਜੀ ਪਨੀਰੀ ਅਤੇ ਫ਼ਸਲ ਨੂੰ ਰੂੜੀ ਵੱਧ ਮਾਤਰਾ ਵਿਚ ਪਾਉਣੀ ਚਾਹੀਦੀ ਹੈ। ਛੇਤੀ ਛੇਤੀ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ। ਵਧੇਰੇ ਧੁੱਪ ਤੋਂ ਬਚਾਅ ਲਈ ਪਨੀਰੀ ਨੂੰ ਸਰਕੰਡੇ ਦਾ ਛੌਰਾ ਕਰਨਾ ਚਾਹੀਦਾ ਹੈ। ਬੀਜ ਪੁੰਗਰਨ ਤੱਕ ਕਿਆਰੀਆਂ ਨੂੰ ਪਰਾਲੀ ਨਾਲ ਢਕ ਦੇਣਾ ਚਾਹੀਦਾ ਹੈ। ਸਰਦੀਆਂ ਦੇ ਮੌਸਮ ਵਿਚ ਪਨੀਰੀ ਨੂੰ ਕੋਰੇ ਤੋਂ ਬਚਾਉਣ ਲਈ ਨਰਸਰੀ ਬੈਡ ਨੂੰ ਪਲਾਸਟਿਕ ਦੀ ਚਾਦਰ ਨਾਲ ਢਕ ਦੇਣਾ ਚਾਹੀਦਾ ਹੈ। ਦਿਨ ਵੇਲੇ ਜਦੋਂ ਧੁੱਪ ਹੋਵੇ ਤਾਂ ਇਸ ਨੂੰ ਹਟਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਸਰਦੀਆਂ ਵਿਚ ਵੀ ਨਰੋਈ ਪਨੀਰੀ ਪੈਦਾ ਕਰ ਸਕਦੇ ਹਾਂ।
ਨਰਸਰੀ ਵਿਚ ਪੌਦਿਆਂ ਦੀ ਦੇਖਭਾਲ: ਜੇ ਨਰਸਰੀ ਵਿਚ ਪੌਦੇ ਸੰਘਣੇ ਹਨ ਤਾਂ ਇਨ੍ਹਾਂ ਨੂੰ ਵਿਰਲੇ ਕਰ ਦਿਓ। ਜਦੋਂ ਪਨੀਰੀ 4-6 ਹਫ਼ਤਿਆਂ ਦੀ ਹੋ ਜਾਵੇ ਅਤੇ ਪੌਦੇ 15-20 ਸੈਂਟੀਮੀਟਰ ਲੰਬੇ ਹੋ ਜਾਣ ਤਾਂ ਇਨ੍ਹਾਂ ਨੂੰ ਪੁੱਟ ਕੇ ਖੇਤ ਵਿਚ ਲਾ ਦੇਣਾ ਚਾਹੀਦਾ ਹੈ। ਪਨੀਰੀ ਪੁੱਟਣ ਤੋਂ 3-4 ਦਿਨ ਪਹਿਲਾਂ ਨਰਸਰੀ ਨੂੰ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਨਾਲ ਪੌਦੇ ਮਜ਼ਬੂਤ ਹੋ ਜਾਂਦੇ ਹਨ ਪਰ ਪੌਦੇ ਪੁੱਟਣ ਤੋਂ ਇੱਕ ਦਿਨ ਪਹਿਲਾਂ ਹਲਕੀ ਸਿੰਜਾਈ ਜ਼ਰੂਰ ਕਰ ਦੇਣਾ ਚਾਹੀਦਾ ਹੈ। ਪਨੀਰੀ ਨੂੰ ਪੁੱਟ ਕੇ ਛਾਂ ਵਿਚ ਰੱਖਣਾ ਚਾਹੀਦਾ ਹੈ, ਜਿੰਨੀ ਜਲਦੀ ਹੋ ਸਕੇ ਖੇਤ ਵਿਚ ਲਗਾ ਦੇਣਾ ਚਾਹੀਦਾ ਹੈ। ਪੌਦੇ ਖੇਤ ਵਿਚ ਲਗਾਉਣ ਤੋਂ ਤੁਰੰਤ ਬਾਅਦ ਪਾਣੀ ਜ਼ਰੂਰ ਦੇਣਾ ਚਾਹੀਦਾ ਹੈ। ਜੇ ਪਨੀਰੀ ਨੂੰ ਦੂਰ ਦੁਰਾਡੇ ਲਿਜਾਣਾ ਹੋਵੇ ਤਾਂ ਉਸ ਨੂੰ ਗਿੱਲੀ ਬੋਰੀ ਵਿਚ ਲਪੇਟ ਕੇ ਲੈ ਜਾਣਾ ਚਾਹੀਦਾ ਹੈ।
ਸਬਜ਼ੀਆਂ ਦੀ ਨਰਸਰੀ ਵਿਚ ਸਿਉਂਕ ਅਤੇ ਉਖੇੜਾ ਰੋਗ ਤੋਂ ਦਾ ਹਮਲਾ ਕਈ ਵਾਰ ਦੇਖਣ ਵਿਚ ਆਉਂਦਾ ਹੈ ਜਿਸ ਤੋਂ ਬਚਾਅ ਲਈ ਬੀਜ ਅਤੇ ਮਿੱਟੀ ਦੀ ਸੋਧ ਕਰ ਲੈਣੀ ਚਾਹੀਦੀ ਹੈ। ਪਨੀਰੀ ਉੱਚੀਆਂ ਕਿਆਰੀਆਂ ਬਣਾ ਕੇ ਬੀਜਣੀ ਚਾਹੀਦੀ ਹੈ। ਪਨੀਰੀ ਬਹੁਤੀ ਸੰਘਣੀ ਅਤੇ ਮਾੜੀਆਂ ਜ਼ਮੀਨਾਂ ਵਿਚ ਨਹੀਂ ਬੀਜਣੀ ਚਾਹੀਦੀ। ਹਰ ਸਾਲ ਪਨੀਰੀ ਬੀਜਣ ਵਾਲੀ ਜਗ੍ਹਾ ਬਦਲ ਲੈਣੀ ਚਾਹੀਦੀ ਹੈ।
ਸਬਜ਼ੀਆਂ ਦੀ ਖੇਤੀ ਕਰਨ ਵਾਲੇ ਕਿਸਾਨ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਨਰੋਈ ਅਤੇ ਸਿਹਤਮੰਦ ਪਨੀਰੀ ਤਿਆਰ ਕਰ ਕੇ ਆਪਣੇ ਖੇਤਾਂ ਵਿਚੋਂ ਜ਼ਿਆਦਾ ਪੈਦਾਵਾਰ ਲੈ ਸਕਦੇ ਹਨ।
*ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ।
**ਖੇਤੀ ਖੋਜ ਕੇਂਦਰ, ਬੱਲੋਵਾਲ ਸੌਂਖੜੀ।