ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡਨ ਭਾਵੇਂ ਅਮਰੀਕਾ ਨੂੰ ਡੂੰਘੇ ਸੰਕਟ ਵਿਚੋਂ ਕੱਢਣ ਲਈ ਕਾਰਗਰ ਸਾਬਿਤ ਨਾ ਵੀ ਹੋਵੇ ਪਰ ਅਜੋਕੀ ਸਥਿਤੀ ਵਿਚ ਅਮਰੀਕਾ ਅਤੇ ਦੁਨੀਆ ਨੂੰ ਵੱਡੀ ਤਬਾਹੀ ਵੱਲ ਧੱਕਣ ਵਾਲੇ ਡੋਨਲਡ ਟਰੰਪ ਨੂੰ ਹਰਾਉਣਾ ਜ਼ਰੂਰੀ ਹੈ। ਜੇ ਬਦਕਿਸਮਤੀ ਨਾਲ ਉਹ ਮੁੜ ਚੋਣ ਜਿੱਤ ਜਾਂਦਾ ਹੈ ਤਾਂ ਇਸ ਤੋਂ ਵੱਡੀ ਦੁਖਦਾਇਕ ਘਟਨਾ ਹੋਰ ਕੋਈ ਨਹੀਂ ਹੋਵੇਗੀ, ਕਿਉਂਕਿ ਜਿਸ ਤਰ੍ਹਾਂ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦੀਆਂ ਤਾਕਤਾਂ ਅਮਰੀਕੀ ਰਾਸ਼ਟਰਪਤੀ ਕੋਲ ਹਨ, ਉਹ ਦੁਨੀਆ ਵਿਚ ਵੱਡਾ ਕਹਿਰ ਮਨੁੱਖਤਾ ਉੱਪਰ ਕਰ ਸਕਦੀਆਂ ਹਨ, ਇਸ ਕਰਕੇ ਉਸ ਨੂੰ ਚੋਣਾਂ ਵਿਚ ਹਾਰ ਦੇਣੀ ਜ਼ਰੂਰੀ ਹੈ।” ਇਹ ਸ਼ਬਦ ਪ੍ਰਸਿੱਧ ਚਿੰਤਕ ਨੌਮ ਚੌਮਸਕੀ ਨੇ ਇੰਟਰਵਿਊ ਦੌਰਾਨ ਕਹੇ। ਜਿਸ ਤਰ੍ਹਾਂ ਅਮਰੀਕੀ ਚੋਣਾਂ ਦੀ ਸਥਿਤੀ ਬਣੀ ਹੋਈ ਹੈ, ਉਹ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਕਹਿਣ ਨੂੰ ਤਾਂ ਬੜੀ ਜਮੂਹਰੀਅਤ ਵਾਲੀ ਕਿਹਾ ਜਾਂਦਾ ਹੈ ਪਰ ਹਕੀਕਤ ਵਿਚ ਸਭ ਤੋਂ ਗੁੰਝਲਦਾਰ ਅਤੇ ਅਨਿਸ਼ਚਿਤਤਾ ਵਾਲੀ ਹੁੰਦੀ ਹੈ। ਹੁਣ ਤੱਕ ਦਾ ਜੋ ਝੁਕਾਅ ਜਨਮਤ ਦੀਆਂ ਵੋਟਾਂ ਦਾ ਚੱਲ ਰਿਹਾ ਹੈ, ਉਸ ਵਿਚ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਲਗਭਗ 10 ਪ੍ਰਤੀਸ਼ਤ ਦੇ ਨਾਲ ਅੱਗੇ ਚੱਲ ਰਹੇ ਹਨ, ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਜਨਮਤ ਵਿਚ ਉਹ ਜੇਤੂ ਹੋ ਕੇ ਨਿਕਲੇਗਾ ਪਰ ਜਦੋਂ ਤੱਕ ਪੂਰੀ ਪ੍ਰਕਿਰਿਆ ਰਾਸ਼ਟਰਪਤੀ ਦੀ ਚੋਣ ਤੱਕ ਮੁਕੰਮਲ ਹੁੰਦੀ ਹੈ, ਇਸ ਨੂੰ ਕਈ ਪੜਾਵਾਂ ਵਿਚੋਂ ਗੁਜ਼ਰਨਾ ਪੈਂਦਾ ਹੈ।
ਅੱਜ ਵੀ ਡੋਨਲਡ ਟਰੰਪ ਦੀ ਸਥਿਤੀ ਇਹ ਬਣੀ ਹੋਈ ਹੈ ਕਿ ਉਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੋ ਵੋਟਾਂ ਡਾਕ ਰਾਹੀਂ ਪਈਆਂ ਹਨ, ਉਹਨਾਂ ਨੂੰ ਗਿਣਤੀ ਵਿਚ ਨਾ ਰੱਖਿਆ ਜਾਵੇ, ਸਿਰਫ਼ ਜੋ ਵੋਟਾਂ ਲੋਕਾਂ ਨੇ ਪੋਲਿੰਗ ਬੂਥਾਂ ’ਤੇ ਜਾ ਕੇ ਪਾਈਆਂਂ ਹਨ, ਤੇ ਉਹ ਵੀ 3 ਨਵੰਬਰ ਤੱਕ, ਉਹਨਾਂ ਨੂੰ ਹੀ ਗਿਣਤੀ ਵਿਚ ਲਿਆਂਦਾ ਜਾਵੇ। ਬੈਲੇਟ ਪੇਪਰ ਵਾਲੀਆਂ ਵੋਟਾਂ ਦੀ ਗਿਣਤੀ ਦੇ ਸਵਾਲ ਨੂੰ ਸੁਪਰੀਮ ਕੋਰਟ ’ਤੇ ਛੱਡ ਦਿੱਤਾ ਜਾਵੇ, ਇਸ ਸੰਬੰਧੀ ਕਈ ਕਿਸਮ ਦੀਆਂ ਰਿੱਟ ਪਟੀਸ਼ਨਾਂ ਵੀ ਦਰਜ ਹੋਣੀਆਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਟਰੰਪ ਨੂੰ ਪਤਾ ਹੈ ਕਿ ਹੁਣ ਜਿਸ ਤਰ੍ਹਾਂ ਸੁਪਰੀਮ ਕੋਰਟ ਵਿਚ ਬਹੁਮਤ ਬਣਿਆ ਹੋਇਆ ਹੈ, ਉਹ ਉਸ ਦੇ ਪੱਖ ਵਿਚ ਹੈ, ਇੱਥੋਂ ਤੱਕ ਕਿ ਸੁਪਰੀਮ ਕੋਰਟ ਵਿਚ ਆਪਣੇ ਪੱਖੀ ਨਵੀਂ ਜੱਜ ਅਮੀ ਕੋਨੀ ਬਰੇਟ ਨੂੰ ਬਣਾ ਦਿੱਤਾ ਹੈ ਹਾਲਾਂਕਿ ਡੈਮੋਕਰੈਟਿਕ ਤੇ ਘੱਟਗਿਣਤੀ ਵਾਲੇ ਸੈਨੇਟਰ ਕਹਿੰਦੇ ਰਹੇ ਕਿ ਜਦੋਂ ਚੋਣ ਪ੍ਰਕਿਰਿਆ ਚੱਲ ਰਹੀ ਹੈ, ਇਹ ਕਦਮ ਪੁੱਟਣਾ ਗੈਰ-ਸੰਵਿਧਾਨਿਕ ਹੈ ਪਰ ਡੋਨਲਡ ਟਰੰਪ ਪਹਿਲਾਂ ਵੀ ਵੱਖ ਵੱਖ ਸੰਸਥਾਵਾਂ ਦੇ ਕਾਇਦੇ-ਕਾਨੂੰਨ ਤੋੜਦਾ ਆਇਆ ਹੈ। ਇਸੇ ਪ੍ਰਕਿਰਿਆ ਵਿਚ ਉਸ ਨੇ ਅੱਗੇ ਵਧ ਕੇ ਆਪਣੇ ਹਿੱਤਾਂ ਦੀ ਰੱਖਿਆ ਲਈ ਇਹ ਕਦਮ ਪੁੱਟਿਆ ਹੈ। ਹੁਣ 3 ਨਵੰਬਰ ਨੂੰ ਲੋਕਾਂ ਨੇ ਵੋਟਾਂ ਪਾ ਦੇਣੀਆਂ ਹਨ, ਜੇ ਜੋਅ ਬਾਇਡਨ ਜਿੱਤ ਗਿਆ ਤਾਂ ਇਹ ਉਸ ਦਾ ਵ੍ਹਾਈਟ ਹਾਊਸ ਵੱਲ ਇੱਕ ਕਦਮ ਹੋਵੇਗਾ ਪਰ ਜੇ ਬਾਕੀ ਵੋਟਾਂ ਦੀ ਗਿਣਤੀ ਸੁਪਰੀਮ ਕੋਰਟ ਉੱਪਰ ਨਿਰਭਰ ਹੋਈ ਤਾਂ ਇਸ ਪ੍ਰਕਿਰਿਆ ਨੂੰ ਕੁਝ ਦਿਨ ਵੱਧ ਲੱਗ ਜਾਂਦੇ ਹਨ।
ਇਸ ਦੇ ਨਾਲ ਹੀ ਸਭ ਤੋਂ ਵੱਡਾ ਮੁੱਦਾ ਇਲੈਕਟਰਲ ਕਾਲਜ ਦਾ ਬਣਦਾ ਹੈ ਜਿਸ ਤਹਿਤ 538 ਵੋਟਾਂ ਹੁੰਦੀਆਂ ਹਨ। ਇਹ ਵੋਟਾਂ ਬੇਹੱਦ ਅਹਿਮੀਅਤ ਰੱਖਦੀਆਂ ਹਨ ਕਿਉਂਕਿ ਅਮਰੀਕਾ ਦੇ 50 ਵੱਖ ਵੱਖ ਰਾਜਾਂ ਵਿਚੋਂ ਇਹ ਇਲੈਕਟਰਲ ਕਾਲਜ ਆਬਾਦੀ ਦੇ ਹਿਸਾਬ ਨਾਲ ਨੁਮਾਇੰਦਗੀ ਦੇ ਤੌਰ ’ਤੇ ਚੁਣੇ ਜਾਂਦੇ ਹਨ। ਇਹਨਾਂ ਵੋਟਾਂ ਵਿਚੋਂ ਰਾਸ਼ਟਰਪਤੀ ਦੀ ਚੋਣ ਲਈ ਜਿੱਤਣ ਵਾਲੇ ਨੂੰ 270 ਮਿਲਣੀਆਂ ਲਾਜ਼ਮੀ ਹਨ। ਸਾਲ 2000 ਵਿਚ ਜਦੋਂ ਜਾਰਜ ਬੁਸ਼ ਚੋਣ ਜਿੱਤਿਆ ਸੀ, ਉਸ ਦੇ ਵਿਰੋਧੀ ਡੈਮੋਕਰੈਟਿਕ ਉਮੀਦਵਾਰ ਗੋਰੇ ਨੂੰ ਜਨਮਤ ਵਿਚੋਂ ਵੱਧ ਵੋਟਾਂ ਮਿਲੀਆਂ ਸਨ ਪਰ ਉਹ ਜਾਰਜ ਬੁਸ਼ ਨਾਲੋਂ ਇਲੈਕਟਰਲ ਵੋਟਾਂ ਘੱਟ ਲੈ ਸਕਿਆ। ਇਸੇ ਤਰ੍ਹਾਂ 2016 ਦੀਆਂ ਚੋਣਾਂ ਵਿਚ ਹਿਲੇਰੀ ਕਲਿੰਟਨ ਡੋਨਲਡ ਟਰੰਪ ਨਾਲੋਂ ਵੱਧ ਵੋਟਾਂ ਲੈ ਗਈ ਸੀ ਪਰ ਉਸ ਦੀਆਂ ਇਲੈਕਟਰਲ ਕਾਲਜ ਦੀਆਂ ਵੋਟਾਂ 270 ਤੋਂ ਘੱਟ ਰਹਿ ਗਈਆਂ ਅਤੇ ਡੋਨਲਡ ਟਰੰਪ 354 ਵੋਟਾਂ ਲੈ ਕੇ ਰਾਸ਼ਟਰਪਤੀ ਬਣ ਗਿਆ। ਹੁਣ ਵੀ ਵੱਡਾ ਖਦਸ਼ਾ ਇਹ ਹੈ ਕਿ ਭਲੇ ਹੀ ਜੋਅ ਬਾਇਡਨ ਜਨਮਤ ਵਿਚੋਂ ਵੱਧ ਵੋਟਾਂ ਲੈ ਜਾਂਦਾ ਹੈ, ਜ਼ਰੂਰੀ ਨਹੀਂ ਕਿ ਉਹ ਰਾਸ਼ਟਰਪਤੀ ਬਣ ਸਕੇ ਹਾਲਾਂਕਿ ਜੇ 7 ਪ੍ਰਤੀਸ਼ਤ ਤੋਂ ਵੱਧ ਫ਼ਰਕ ਰਹਿੰਦਾ ਹੈ ਤਾਂ ਸੰਭਾਵਨਾ ਹੈ ਕਿ ਉਸ ਦੀਆਂ ਇਲੈਕਟਰਲ ਵੋਟਾਂ ਵੀ 270 ਤੋਂ ਵੱਧ ਜਾਣ। ਜਿਨ੍ਹਾਂ ਰਾਜਾਂ ਵਿਚੋਂ ਉਸ ਨੂੰ ਵੋਟਾਂ ਵੱਧ ਮਿਲਣ ਦੀ ਸੰਭਾਵਨਾ ਹੈ, ਉਹਨਾਂ ਵਿਚ ਇਲੈਕਟਰਲ ਵੋਟਾਂ ਦਾ ਉਤਰਾਅ-ਚੜ੍ਹਾਅ ਵੀ ਕਾਫ਼ੀ ਹੈ। ਅਮਰੀਕਨ ਜਮੂਹਰੀਅਤ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ 1787 ਤੋਂ ਲੈ ਕੇ ਹੁਣ ਤੱਕ ਇਲੈਕਟਰਲ ਕਾਲਜ ਦੀ ਜੋ ਬਣਤਰ ਬਣਾਈ ਗਈ ਹੈ, ਉਸ ਲਈ ਆਧਾਰ ਤਾਂ ਇਹ ਦਿੱਤਾ ਗਿਆ ਸੀ ਕਿ ਵੱਖ ਵੱਖ ਰਾਜਾਂ ਦੀ ਜਮੂਹਰੀਅਤ ਨੂੰ ਧਿਆਨ ਵਿਚ ਰੱਖਿਆ ਜਾਵੇ ਪਰ ਕਈ ਰਾਜ ਅਜਿਹੇ ਹਨ ਜਿਹਨਾਂ ਦੀ ਆਬਾਦੀ ਘੱਟ ਹੈ ਪਰ ਇਲੈਕਟਰਲ ਕਾਲਜ ਦੀਆਂ ਵੋਟਾਂ ਵੱਧ ਹਨ। ਕਈ ਅਜਿਹੇ ਰਾਜ ਹਨ ਜਿੱਥੇ ਆਬਾਦੀ ਵੱਧ ਹੈ, ਉੱਥੇ ਇਲੈਕਟਰਲ ਕਾਲਜ ਘੱਟ ਹਨ; ਜਿਵੇਂ ਕੈਲੀਫੋਰਨੀਆ ਦੀ ਆਬਾਦੀ 39.5 ਮਿਲੀਅਨ ਹੈ ਤੇ ਇਲੈਕਟਰਲ ਕਾਲਜ 2 ਹਨ। ਇੱਥੋਂ ਜਨਮਤ ਵਿਚੋਂ ਵੱਧ ਵੋਟਾਂ ਡੈਮੋਕਰੈਟਿਕ ਪਾਰਟੀ ਨੂੰ ਪੈਂਦੀਆਂ ਹਨ ਅਤੇ ਕਈ ਰਾਜ ਜਿਹਨਾਂ ਵਿਚ ਅਮਰੀਕਨ ਅੰਗਰੇਜ਼ਾਂ ਦੀ ਆਬਾਦੀ ਵੱਧ ਹੈ, ਉੱਥੇ ਇਲੈਕਟਰਲ ਕਾਲਜ ਵੱਧ ਹਨ। ਹਾਰਵਡ ਯੂਨੀਵਰਸਿਟੀ ਦੇ ਇਤਿਹਾਸਕਾਰ ਪ੍ਰੋਫੈਸਰ ਅਲੈਗਜੈਂਡਰ ਨੇ ਆਪਣੀ ਕਿਤਾਬ ‘ਵਾਏ ਡੂ ਵੀ ਸਟਿੱਲ ਹੈਵ ਇਲੈਕਟਰਲ ਕਾਲਜ’ ਵਿਚ ਦਰਜ ਕੀਤਾ ਹੈ ਕਿ ਇਹ ਇਲੈਕਟਰਲ ਕਾਲਜ ਗੁਲਾਮੀ ਅਤੇ ਗੋਰਿਆਂ ਦੀ ਸਰਬ-ਉੱਤਮਤਾ ਦੀ ਸਥਾਪਤੀ ਲਈ ਹੈ। ਇਸ ਉੱਪਰ ਕਈ ਵਾਰੀ ਬਹਿਸ ਚੱਲੀ ਹੈ ਪਰ ਇਸ ਨੂੰ ਖ਼ਤਮ ਕਰਨ ਦਾ ਜੇਰਾ ਕੋਈ ਨਹੀਂ ਕਰ ਸਕਿਆ। 3 ਨਵੰਬਰ ਤੋਂ ਬਾਅਦ ਜਿਸ ਤਰ੍ਹਾਂ ਦੀ ਸਥਿਤੀ 6 ਜਨਵਰੀ, 2021 ਨੂੰ ਰਾਸ਼ਟਰਪਤੀ ਦੀ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਰਾਸ਼ਟਰਪਤੀ ਦੀ ਚੋਣ ਦੀ ਪ੍ਰਕਿਰਿਆ ਮੁਕੰਮਲ ਹੋਣ ਲਈ ਵਾਪਰਨੀ ਹੈ, ਉਹ ਵਿਸ਼ਲੇਸ਼ਕਾਂ ਅਨੁਸਾਰ ਬੜੀ ਕਠਿਨ ਹੋ ਸਕਦੀ ਹੈ।
ਜਿਵੇਂ ਚੋਣਾਂ ਨੂੰ ਲੈ ਕੇ ਲੋਕਾਂ ਦਾ ਅਮਰੀਕਾ ਅੰਦਰ ਉਤਸ਼ਾਹ ਹੈ, ਉਸ ਤੋਂ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਇਸ ਪਹਿਲੀ ਪ੍ਰਕਿਰਿਆ ਦੌਰਾਨ ਜੋਅ ਬਾਇਡਨ ਦਾ ਹੱਥ ਉੱਪਰ ਰਹੇਗਾ ਕਿਉਂਕਿ ਕਰੋਨਾ ਸੰਕਟ ਦੌਰਾਨ ਡੋਨਲਡ ਟਰੰਪ ਨੇ ਅਮਰੀਕਨਾਂ ਨੂੰ ਜਿਸ ਤਰ੍ਹਾਂ ਮੌਤ ਦੇ ਮੂੰਹ ਸੁੱਟਿਆ, ਜਿਸ ਤਰ੍ਹਾਂ ਉਹ ਇਸ ਨੂੰ ਸਿਰਫ਼ ਚੀਨੀ ਵਾਇਰਸ ਕਹਿਣ ਤੱਕ ਹੀ ਸੀਮਤ ਰਿਹਾ, ਜਿਸ ਤਰ੍ਹਾਂ ਵਿਸ਼ਵ ਸਿਹਤ ਸੰਸਥਾ ਤੋਂ ਲਾਂਭੇ ਹੋ ਗਿਆ ਅਤੇ ਆਪਣੇ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਮਹਿੰਗੇ ਇਲਾਜ ਵੱਲ ਧੱਕ ਦਿੱਤਾ, ਬਹੁਗਿਣਤੀ ਜਿਹਨਾਂ ਵਿਚ ਕਾਲੇ ਅਮਰੀਕੀ ਸਨ, ਉਹਨਾਂ ਦੀ ਮੌਤ ਦਰ ਵੱਧ ਰਹੀ ਹੈ। ਇੱਥੋਂ ਤੱਕ ਕਿ ਕਾਲਿਆਂ ਨਾਲ ਵੱਖ ਵੱਖ ਕਿਸਮ ਦੀਆਂ ਪੁਲੀਸ ਜ਼ਿਆਦਤੀਆਂ ਵੀ ਕੀਤੀਆਂ ਗਈਆਂ। ਇਸੇ ਕਾਰਨ ਮਗਰੋਂ ਵੱਡੀ ਲਹਿਰ ਵੀ ਖੜ੍ਹੀ ਹੋ ਗਈ ਜਿਸ ਵਿਚ ਗੋਰੇ ਨੌਜਵਾਨ ਵੀ ਸ਼ਾਮਿਲ ਹੋਏ। ਇਹੀ ਨਹੀਂ, ਡੋਨਲਡ ਟਰੰਪ ਜਿਸ ਤਰ੍ਹਾਂ ਵਾਤਾਵਰਨ ਦੇ ਸਵਾਲ ’ਤੇ ਭਾਰਤ ਅਤੇ ਚੀਨ ਨੂੰ ਗੰਦੇ ਮੁਲਕ ਕਹਿਣ ਤੱਕ ਚਲਿਆ ਗਿਆ ਹੈ, ਉਸ ਨੇ ਇਕਦਮ ਭਾਰਤੀ-ਅਮਰੀਕੀਆਂ ਨੂੰ ਜੋਅ ਬਾਇਡਨ ਵੱਲ ਕਰ ਦਿੱਤਾ ਹੈ। ਡੋਨਲਡ ਟਰੰਪ ਆਪਣੇ ਜੰਗੀ ਸਲਾਹਕਾਰਾਂ ਦੀ ਟੀਮ ਦੇ ਚਾਰ ਮੈਂਬਰਾਂ ਵਿਚੋਂ ਦੋ ਨੂੰ ਭਾਰਤ ਭੇਜ ਕੇ ਚੀਨ ਪ੍ਰਤੀ ਆਪਣਾ ਵਿਰੋਧ ਦਿਖਾ ਰਿਹਾ ਹੈ ਅਤੇ ਦੇਸ਼ ਦੇ ਅੰਦਰੂਨੀ ਬੇਰੁਜ਼ਗਾਰੀ, ਆਰਥਿਕ ਕਾਣੀ ਵੰਡ ਤੇ ਵਾਤਾਵਰਨ ਦੇ ਸਵਾਲਾਂ ਤੋਂ ਮੂੰਹ ਮੋੜ ਰਿਹਾ ਹੈ। ਇਸ ਦਾ ਚੋਣਾਂ ’ਤੇ ਅਸਰ ਪੈਣ ਦੇ ਆਸਾਰ ਹਨ। ਦੂਸਰੇ ਪਾਸੇ ਜੋਅ ਬਾਇਡਨ ਸਪੱਸ਼ਟ ਕਹਿ ਰਿਹਾ ਹੈ ਕਿ ਸੱਤਾ ਵਿਚ ਆਉਂਦਿਆਂ ਹੀ ਅਮੀਰਾਂ ਉੱਤੇ ਟੈਕਸ ਵਧਾਏ ਜਾਣਗੇ, ਪੈਰਿਸ ਵਾਤਾਵਰਨ ਸਮਝੌਤਾ ਲਾਗੂ ਕੀਤਾ ਜਾਵੇਗਾ, ਸਿਹਤ ਸਹੂਲਤਾਂ ਲਈ ਮੁੜ ਸਰਕਾਰੀ ਖੇਤਰ ਦੀ ਦਖ਼ਲਅੰਦਾਜ਼ੀ ਵਧਾਈ ਜਾਵੇਗੀ, ਕਾਲਜ ਤੱਕ ਸਿੱਖਿਆ ਮੁਫ਼ਤ ਕੀਤੀ ਜਾਵੇਗੀ ਅਤੇ ਕਰੋਨਾ ਸੰਕਟ ਨਾਲ ਪੈਦਾ ਹੋਈਆਂ ਸਥਿਤੀਆਂ ਉੱਪਰ ਕਾਬੂ ਪਾਉਣ ਲਈ ਵਿਸ਼ਵ ਸਿਹਤ ਸੰਸਥਾ ਨੂੰ ਕੌਮਾਂਤਰੀ ਸੰਸਥਾਵਾਂ ਨਾਲ ਜੋੜ ਕੇ ਮੁੜ ਪੈਰਾਂ ਸਿਰ ਖੜ੍ਹਾ ਕੀਤਾ ਜਾਵੇਗਾ।
ਅਮਰੀਕਾ ਦੀਆਂ ਚੋਣਾਂ ਦੁਨੀਆ ਦੇ ਹਰ ਮੁਲਕ ਲਈ ਕਈ ਕਿਸਮ ਦੇ ਨਵੇਂ ਸਮੀਕਰਨਾਂ ਨੂੰ ਜਨਮ ਦੇਣਗੀਆਂ। ਅਰਬ ਸਮੇਤ ਸਮੁੱਚਾ ਯੂਰੋਪ ਤੇ ਲਾਤੀਨੀ ਅਮਰੀਕਾ ਦੇ ਮੁਲਕ ਡੋਨਲਡ ਟਰੰਪ ਨੂੰ ਸੱਤਾ ਤੋਂ ਪਰ੍ਹੇ ਹੋਇਆ ਦੇਖਦਾ ਚਾਹੁੰਦੇ ਹਨ। ਸਿਰਫ਼ ਸੱਜੇ ਪੱਖੀ ਹੁਕਮਰਾਨ ਜਿਹੜੇ ਹੰਗਰੀ, ਇਸਰਾਈਲ, ਬ੍ਰਾਜ਼ੀਲ ਤੇ ਭਾਰਤ ਵਰਗੇ ਦੇਸ਼ਾਂ ਦੇ ਹਨ, ਉਹ ਹੀ ਸਿਰਫ਼ ਸੱਜੇ ਪੱਖੀ ਅਤੇ ਜਮੂਹਰੀਅਤ ਦੀਆਂ ਸੰਸਥਾਵਾਂ ਨੂੰ ਤਬਾਹ ਕਰਨ ਵਾਲੇ ਡੋਨਲਡ ਟਰੰਪ ਨੂੰ ਜਿੱਤਦਾ ਦੇਖਣਾ ਚਾਹੁੰਦੇ ਹਨ। ਰਾਸ਼ਟਰਪਤੀ ਦੀ ਚੋਣ ਦੇ ਆਖਰੀ ਪੜਾਅ ਤੱਕ ਸਮੁੱਚੀ ਪ੍ਰਕਿਰਿਆ ਪੂਰੀ ਹੋਣੀ ਹੈ ਪਰ ਵਿਸ਼ਲੇਸ਼ਕ ਇਸ ਬਾਰੇ ਚਿੰਤਤ ਵੀ ਹਨ ਕਿ ਅਮਰੀਕਾ ਜੋ ਆਰਥਿਕ ਮੰਦਵਾੜੇ ਤੇ ਸਮੁੱਚੇ ਸਮਾਜ ਵਿਚ ਨਸਲ ਦੇ ਸਵਾਲਾਂ ਨਾਲ ਜੂਝ ਰਿਹਾ ਹੈ, ਵੱਡੇ ਮਿਲਟਰੀ ਇੰਡਸਟਰੀਅਲ ਕੰਪਲੈਕਸ ਦੀ ਕਮਾਂਡ ਸੰਭਾਲੀ ਬੈਠਾ ਹੈ, ਕੋਈ ਨਵਾਂ ਚੰਦ ਨਾ ਚਾੜ੍ਹ ਦੇਵੇ। ਇਹ ਕਿਸੇ ਹੋਰ ਦੇਸ਼ ਵਿਚ ਜੰਗ ਵਰਗੀ ਨਵੀਂ ਸਥਿਤੀ ਨਾ ਪੈਦਾ ਕਰ ਦੇਵੇ। ਡੋਨਲਡ ਟਰੰਪ ਬਾਰੇ ਵੱਡੇ ਖਦਸ਼ੇ ਹਨ ਕਿ ਉਹ ਆਸਾਨੀ ਨਾਲ ਵ੍ਹਾਈਟ ਹਾਊਸ ਖਾਲੀ ਕਰਨ ਵਾਲਾ ਨਹੀਂ, ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।
ਸੰਪਰਕ: 98151-15429