ਕਹਾਣੀ ਪੂਰੀ ਫਿਲਮੀ ਹੈ ਪਰ ਹੈ ਸੱਚੀ। ਇਨਸਾਨੀਅਤ ਨੂੰ ਸਰਹੱਦੀ ਵਲਗਣਾਂ ਅਤੇ ਕੌਮਪ੍ਰਸਤੀ ਵਰਗੇ ਜਜ਼ਬਿਆਂ ਤੋਂ ਉਚੇਰਾ ਸਾਬਤ ਕਰਨ ਵਾਲੀ। ਸਿਰੜ, ਸਬਰ ਤੇ ਸੰਘਰਸ਼ ਦੀ ਜਿੱਤ ਦਾ ਸੁਨੇਹਾ ਦੇਣ ਵਾਲੀ। ਦੋ ਸਾਲ ਪਹਿਲਾਂ ਇਹ ਕਹਾਣੀ ਮੀਡੀਆ ਵਿਚ ਵੀ ਆਈ ਸੀ। ਚੰਦ ਦਿਨ ਚਰਚਾ ਵਿਚ ਰਹੀ, ਫਿਰ ਭੁੱਲ-ਭੁਲਾ ਦਿੱਤੀ ਗਈ। ਹੁਣ ਇਹ ਮੁੱਖ ਕਿਰਦਾਰ ਦੀ ਕਲਮ ਤੇ ਜ਼ੁਬਾਨ ਰਾਹੀਂ ਕਿਤਾਬੀ ਦਸਤਾਵੇਜ਼ ਦੇ ਰੂਪ ਵਿਚ ਸਾਡੇ ਸਾਹਮਣੇ ਆਈ ਹੈ। ‘ਹਾਮਿਦ’ (ਪੈਂਗੁਇਨ ਰੈਂਡਮ ਹਾਊਸ; 359 ਪੰਨੇ; 399 ਰੁਪਏ) ਹਾਮਿਦ ਅਨਸਾਰੀ ਦੇ ਬੰਦੀ ਜੀਵਨ ਅੰਦਰਲੀ ਦਰਿੰਦਗੀ, ਜ਼ਿੰਦਗੀ ਦੀ ਸਲਾਮਤੀ ਲਈ ਜੱਦੋਜਹਿਦ ਅਤੇ ਫਿਰ ਆਜ਼ਾਦੀ ਪ੍ਰਾਪਤੀ ਤੋਂ ਉਪਜੇ ਹੁਲਾਸ ਦੀ ਕਹਾਣੀ ਹੈ। ਇਸ ਨੂੰ ਉਸ ਨੇ ਸੀਨੀਅਰ ਪੱਤਰਕਾਰ ਗੀਤਾ ਮੋਹਨ ਦੀ ਮਦਦ ਨਾਲ ਕਲਮਬੰਦ ਕੀਤਾ ਹੈ।
ਚੰਗਾ ਪੜ੍ਹਿਆ-ਲਿਖਿਆ ਨੌਜਵਾਨ ਸੀ ਹਾਮਿਦ ਅਨਸਾਰੀ। ਮੁੰਬਈ ਦਾ ਜੰਮ-ਪਲ। ਬਿਜ਼ਨਸ ਐਡਮਿਨਿਸਟਰੇਸ਼ਨ ਨਾਲ ਜੁੜੇ ਵਿਸ਼ਿਆਂ ਤੇ ਦੋ ਮਾਸਟਰ ਡਿਗਰੀਆਂ ਨਾਲ ਲੈਸ ਇਕ ਮਲਟੀਨੈਸ਼ਨਲ ਵਿਚ ਰੁਜ਼ਗਾਰ-ਯਾਫਤਾ; ਨਾਲ ਹੀ ਬਟੂਏ ਤੇ ਚਮੜੇ ਦੀਆਂ ਹੋਰ ਵਸਤਾਂ ਤਿਆਰ ਕਰਨ ਦੇ ਪਰਿਵਾਰਕ ਕਾਰੋਬਾਰ ਵਿਚ ਹੱਥ ਵਟਾਉਣ ਵਾਲਾ। ਵੱਖ ਵੱਖ ਸੋਸ਼ਲ ਮੀਡੀਆ ਮੰਚਾਂ ਉੱਤੇ ਪੂਰਾ ਸਰਗਰਮ ਸੀ। ਉਂਜ ਇਸੇ ਸ਼ੌਕ ਦੀ ਬਦੌਲਤ ਉਸ ਦਾ ਕੋਹਾਟ ਵਿਚ ਵਸੀ ਪਖਤੂਨ ਮੁਟਿਆਰ ਫਿਜ਼ਾ ਨਾਲ ਆਨਲਾਈਨ ਇਸ਼ਕ ਹੋ ਗਿਆ। ਅੰਨ੍ਹਾ ਇਸ਼ਕ। ਫਿਜ਼ਾ ਦੇ ਭਰਾ ਨੇ ਕਿਸੇ ਦਾ ਕਤਲ ਕਰ ਦਿੱਤਾ। ਪਖਤੂਨ ‘ਵਾਣੀ’ ਰਵਾਇਤ ਮੁਤਾਬਕ ਦੁਸ਼ਮਣੀ ਮੁਕਾਉਣ ਅਤੇ ਮੁਜਰਿਮ ਦੀ ਰਿਹਾਈ ਸੰਭਵ ਬਣਾਉਣ ਲਈ ਵਡੇਰਿਆਂ ਨੇ ਫੈਸਲਾ ਦਿੱਤਾ ਕਿ ਫਿਜ਼ਾ ਨੂੰ ਮਕਤੂਲ ਦੇ ਪਰਿਵਾਰ ਦੀ ਨੂੰਹ ਬਣਾ ਦਿੱਤਾ ਜਾਵੇ। ਫਿਜ਼ਾ ਨੂੰ ਇਹ ਹੋਣੀ ਸਵੀਕਾਰ ਨਹੀਂ ਸੀ। ਉਸ ਨੇ ਹਾਮਿਦ ਨੂੰ ਦੁਹਾਈ ਦਿੱਤੀ ਕਿ ਉਹ ਉਸ ਨੂੰ ਬਚਾਉਣ ਵਾਸਤੇ ਕੁਝ ਕਰੇ। ਹਾਮਿਦ ਨੇ ਬੜੇ ਹੱਥ-ਪੈਰ ਮਾਰੇ; ਪਾਕਿਸਤਾਨੀ ਵੀਜ਼ਾ ਲੈਣ ਦੀ ਨਾਕਾਮ ਕੋਸ਼ਿਸ਼ ਕੀਤੀ; ਕਈ ਪਾਕਿਸਤਾਨੀ ਆਨਲਾਈਨ ਦੋਸਤਾਂ ਤੋਂ ਮਦਦ ਮੰਗੀ। ਹਰ ਪਾਸਿਓਂ ਨਾਕਾਮੀ ਪੱਲੇ ਪਈ। ਇਹ ਗੱਲਾਂ 2012 ਦੀਆਂ ਹਨ। ਇਕ ਪਾਕਿਸਤਾਨੀ ਪੱਤਰਕਾਰ ਨੇ ਹਾਮਿਦ ਨੂੰ ਅਫ਼ਗਿਾਨਸਤਾਨ ਜ਼ਰੀਏ ਚੋਰੀ ਪਾਕਿਸਤਾਨ ਵਿਚ ਦਾਖ਼ਲ ਹੋਣ ਦਾ ਰਾਹ ਸੁਝਾਇਆ। ਅਜਿਹਾ ਕਰਨ ਵਿਚ ਉਸ ਦੀ ਮਦਦ ਵੀ ਕੀਤੀ, ਇਸ ਆਸ ਨਾਲ ਕਿ ਹਾਮਿਦ ਪਾਸ ਢੇਰ ਸਾਰੇ ਪੈਸੇ ਹੋਣਗੇ। ਜਦੋਂ ਹਾਮਿਦ ਪੈਸਿਆਂ ਪੱਖੋਂ ਹੌਲਾ ਨਿਕਲਿਆ ਤਾਂ ਉਸ ਨੂੰ ਭਾਰਤੀ ਸੂਹੀਆ ਦੱਸ ਕੇ ਪਾਕਿਸਤਾਨੀ ਫੌ਼ਜ ਕੋਲ ਫੜਾ ਦਿੱਤਾ ਗਿਆ।
ਇਥੋਂ ਸ਼ੁਰੂ ਹੋਈ ਹਾਮਿਦ ਦੀ ਦਰਦੀਲੀ ਦਾਸਤਾਂ। ਪਾਕਿਸਤਾਨੀ ਖੁਫ਼ੀਆ ਏਜੰਸੀਆਂ ਨੇ ਉਸ ਨੂੰ ਅੰਤਾਂ ਦੇ ਤਸੀਹੇ ਦਿੱਤੇ, ਇਹ ਕਬੂਲ ਕਰਵਾਉਣ ਲਈ ਕਿ ਉਹ ਭਾਰਤੀ ਸੂਹੀਆ ਹੈ। ਹਾਮਿਦ ਆਪਣੀ ਮਾਸੂਮੀਅਤ ਦੀ ਦੁਹਾਈ ਦਿੰਦਾ ਰਿਹਾ। ਜ਼ਮੀਨੀ ਸਤਹਿ ਤੋਂ 20 ਫੁੱਟ ਥੱਲੇ ਬਣੇ ਤਹਿਖ਼ਾਨੇ ਵਿਚ ਉਹ ਤਿੰਨ ਵਰ੍ਹਿਆਂ ਤਕ ਤਸੀਹੇ ਝੱਲਦਾ ਰਿਹਾ। ਰੂਹ ਬੇਜ਼ਾਰ ਹੋ ਗਈ, ਜਿਗਰਾ ਜਵਾਬ ਦੇਣ ਲੱਗਾ ਪਰ ਉਹ ਜਿਵੇਂ-ਤਿਵੇਂ ਜਾਸੂਸ ਨਾ ਹੋਣ ਦੇ ਦਾਅਵੇ ਉੱਤੇ ਕਾਇਮ ਰਿਹਾ। ਉਸ ਦੇ ਮੁਸਲਮਾਨ ਹੋਣ ਤੇ ਸ਼ੱਕ ਕੀਤਾ ਗਿਆ। ਜਦੋਂ ਸ਼ੱਕ ਦੀ ਗੁੰਜਾਇਸ਼ ਨਾ ਰਹੀ ਤਾਂ ਇਹ ਕਿਹਾ ਗਿਆ ਕਿ ਭਾਰਤੀ ਮੁਸਲਮਾਨ ਤਾਂ ਪਾਕਿਸਤਾਨ ਲਈ ਵੱਧ ਖ਼ਤਰਨਾਕ ਹਨ। ਉਨ੍ਹਾਂ ਦੀ ਪਛਾਣ ਪਾਕਿਸਤਾਨੀਆਂ ਤੋਂ ਵੱਖਰੀ ਨਹੀਂ। ਇਸੇ ਲਈ ਉਹ ਵੱਧ ਡੰਗ ਮਾਰਨ ਦੇ ਸਮਰੱਥ ਹਨ।
ਹਾਮਿਦ ਦੀ ਗੁੰਮਸ਼ੁਦਗੀ ਮਾਪਿਆਂ- ਫੌਜ਼ੀਆ ਤੇ ਨਿਹਾਲ ਅਨਸਾਰੀ ਲਈ ਕਹਿਰ ਬਣ ਕੇ ਆਈ। ਉਨ੍ਹਾਂ ਨੇ ਉਸ ਦੀ ਉੱਘ-ਸੁੱਘ ਜਾਨਣ ਲਈ ਬੜੇ ਜ਼ਫ਼ਰ ਜਾਲ਼ੇ। ਉਨ੍ਹਾਂ ਨੂੰ ਸ਼ੱਕ ਸੀ ਕਿ ਹਾਮਿਦ ਫਿਜ਼ਾ ਨੂੰ ਬਚਾਉਣ ਲਈ ਗਿਆ ਹੈ ਪਰ ਹੈ ਕਿੱਥੇ? ਇਸ ਦਾ ਪਤਾ ਕਿੱਥੋਂ ਲੱਗੇ? ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨ ਕੋਲ ਕੋਈ ਜਾਣਕਾਰੀ ਨਹੀਂ ਸੀ। ਪਾਕਿਸਤਾਨੀ ਮੀਡੀਆ ਵਿਚੋਂ ਵੀ ਕੁਝ ਨਹੀਂ ਸੀ ਲੱਭ ਰਿਹਾ। ਜੇਕਰ ਹਾਮਿਦ ਇਹ ਮੰਨ ਜਾਂਦਾ ਕਿ ਉਹ ‘ਭਾਰਤੀ ਜਾਸੂਸ’ ਹੈ ਤਾਂ ਇਹ ਖ਼ਬਰ ਪਾਕਿਸਤਾਨੀ ਮੀਡੀਆ ਦਾ ‘ਸ਼ਿੰਗਾਰ’ ਬਣ ਜਾਣੀ ਸੀ ਪਰ ਅਜਿਹੇ ਕਬੂਲਨਾਮੇ ਦੀ ਅਣਹੋਂਦ ਵਿਚ ਪਾਕਿਸਤਾਨੀ ਫੌਜ ਕਿਸ ਮੂੰਹ ਨਾਲ ਦੁਨੀਆ ਨੂੰ ਇਹ ਦੱਸਦੀ ਕਿ ਉਸ ਨੇ ‘ਭਾਰਤੀ ਜਾਸੂਸ’ ਕਾਬੂ ਕੀਤਾ ਹੋਇਆ ਹੈ। ਅਜਿਹੀਆਂ ਕਠਿਨਾਈਆਂ ਦੇ ਬਾਵਜੂਦ ਫ਼ੌਜ਼ੀਆ ਤੇ ਨਿਹਾਲ ਨੇ ਹਾਮਿਦ ਨੂੰ ਲੱਭਣ ਦੇ ਯਤਨ ਜਾਰੀ ਰੱਖੇ। ਪਾਕਿਸਤਾਨੀ ਮੀਡੀਆ ਤੋਂ ਵੀ ਮਦਦ ਮੰਗਣੀ ਜਾਰੀ ਰੱਖੀ ਗਈ। ਅੱਲ੍ਹਾ ਦੇ ਦਰਾਂ ਤੇ ਜਾ ਕੇ ਪੁੱਤਰ ਦੀ ਸਲਾਮਤੀ ਲਈ ਜੋਦੜੀਆਂ ਵੀ ਨਾਲੋ-ਨਾਲ ਚਲਦੀਆਂ ਰਹੀਆਂ। ਉਹ ਮੱਕਾ ਸ਼ਰੀਫ਼ ਵਿਖੇ ਜ਼ਿਆਰਤ ਤੇ ਸਨ ਜਦੋਂ ਉਨ੍ਹਾਂ ਨੂੰ ਪਿਸ਼ਾਵਰ ਤੋਂ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਦਾ ਫੋਨ ਆਇਆ। ਜ਼ੀਨਤ ਨੂੰ ਹਾਮਿਦ ਬਾਰੇ ਕੁਝ ਜਾਣਕਾਰੀ ਮਿਲੀ ਸੀ ਜਿਸ ਦੀ ਉਹ ਤਸਦੀਕ ਚਾਹੁੰਦੀ ਸੀ; ਨਾਲ ਹੀ ਉਸ ਨੇ ਹਾਮਿਦ ਦੀ ਬੇਗੁਨਾਹੀ ਦੇ ਸਬੂਤ ਵੀ ਮੰਗੇ। ਇਹ ਗੱਲ ਦਸੰਬਰ 2015 ਦੀ ਹੈ। ਇਸ ਫੋਨ ਤੋਂ ਪਹਿਲੀ ਵਾਰ ਫ਼ੌਜ਼ੀਆ ਨੂੰ ਹਾਮਿਦ ਦੇ ਜ਼ਿੰਦਾ ਹੋਣ ਦਾ ਸਬੂਤ ਮਿਲਿਆ ਅਤੇ ਨਾਲ ਹੀ ਉਸ ਦੀ ਰਿਹਾਈ ਲਈ ਜੱਦੋਜਹਿਦ ਹੋਰ ਤੇਜ਼ ਕਰਨ ਦਾ ਬਲ ਵੀ ਮਿਲਿਆ। ਖ਼ਬਰ ਨਸ਼ਰ ਹੋਣ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਵੀ ਸਰਗਰਮ ਹੋਇਆ। ਸਾਢੇ ਤਿੰਨ ਵਰ੍ਹਿਆਂ ਬਾਅਦ ਹਾਮਿਦ ਨੂੰ ਫ਼ੌਜੀ ਤਹਿਖ਼ਾਨੇ ਵਿਚੋਂ ਕੱਢ ਕੇ ਐਬਟਾਬਾਦ ਜੇਲ੍ਹ ਵਿਚ ਤਬਦੀਲ ਕੀਤਾ ਗਿਆ। ਏਨੇ ਲੰਮੇ ਸਮੇਂ ਬਾਅਦ ਸੂਰਜ ਦੇ ਦਰਸ਼ਨ ਨਸੀਬ ਹੋਣ ਅਤੇ ਹਰਿਆਵਲ ਦਿਸਣ ਦੇ ਮੰਜ਼ਰ ਨੂੰ ਉਸ ਨੇ ਬੜੇ ਮਾਰਮਿਕ ਲਹਿਜੇ ਨਾਲ ਬਿਆਨ ਕੀਤਾ ਹੈ।
ਉਸ ਦਾ ਮਾਮਲਾ ਭਾਰਤ ਤੇ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨਾਂ ਕੋਲ ਵੀ ਪੁੱਜਾ ਅਤੇ ਸੰਯੁਕਤ ਰਾਸ਼ਟਰ ਦੇ ਅਜਿਹੇ ਮੰਚਾਂ ਤੇ ਵੀ। ਸਿਵਿਲੀਅਨ ਅਦਾਲਤ ਵਿਚ ਉਸ ਉੱਤੇ ਮੁਕੱਦਮਾ ਚੱਲਿਆ, ਪਾਕਿਸਤਾਨ ਵਿਚ ਗ਼ੈਰ-ਕਾਨੂੰਨੀ ਤੌਰ ਤੇ ਦਾਖ਼ਲ ਹੋਣ ਦੇ ਦੋਸ਼ਾਂ ਹੇਠ ਸਜ਼ਾ ਹੋਈ। ਪਾਕਿਸਤਾਨੀ ‘ਅਸਟੈਬਲਿਸ਼ਮੈਂਟ’ ਉਸ ਨੂੰ ਸੁੱਕਾ ਛੱਡਣ ਦੇ ਰੌਂਅ ਵਿਚ ਨਹੀਂ ਸੀ ਪਰ ਹਿੰਦੀਆਂ-ਪਾਕੀਆਂ ਦਰਮਿਆਨ ਇਨਸਾਨੀ ਰਿਸ਼ਤਿਆਂ ਦੀ ਬਰਕਰਾਰੀ ਲਈ ਜੂਝਣ ਵਾਲਿਆਂ ਨੇ ਹਾਮਿਦ ਦੀ ਰਿਹਾਈ ਲਈ ਘੋਲ ਜਾਰੀ ਰੱਖਿਆ। ਤੱਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਹਾਮਿਦ ਦੀ ਮਾਂ ਫ਼ੌਜ਼ੀਆ ਲਈ ਹਮਦਰਦੀ ਦਾ ਮੁਜੱਸਮਾ ਬਣੀ ਰਹੀ। ਉਸ ਨੇ ਇਹ ਵਾਅਦਾ ਪੁਗਾਇਆ ਕਿ ਉਹ ਹਾਮਿਦ ਨੂੰ ਵਤਨ ਪਰਤਾ ਕੇ ਰਹੇਗੀ। ਉੱਘੇ ਪਾਕਿਸਤਾਨੀ ਵਕੀਲ ਕਾਜ਼ੀ ਅਨਵਰ ਅਤੇ ਐਡਵੋਕੇਟ ਰਖ਼ਸ਼ੰਦਾ ਨਾਜ਼ ਨੇ ਵੱਖ ਵੱਖ ਅਦਾਲਤੀ ਮੰਚਾਂ ਤੇ ਹਾਮਿਦ ਦੇ ਮੁਕੱਦਮੇ ਨਾ ਸਿਰਫ਼ ਮੁਫ਼ਤ ਲੜੇ ਸਗੋਂ ਉਸ ਵਾਸਤੇ ਮਾਨਸਿਕ ਤੇ ਮਨੋਵਿਗਿਆਨਕ ਸਹਾਰਾ ਵੀ ਬਣੇ ਰਹੇ। ਸਭ ਤੋਂ ਵੱਧ ਖ਼ਮਿਆਜ਼ਾ ਜ਼ੀਨਤ ਸ਼ਹਿਜ਼ਾਦੀ ਅਤੇ ਉਸ ਦੇ ਪਰਿਵਾਰ ਨੇ ਭੁਗਤਿਆ। ਸੁਰੱਖਿਆ ਏਜੰਸੀਆਂ ਵੱਲੋਂ ਲਗਾਤਾਰ ਪ੍ਰੇਸ਼ਾਨ ਕੀਤੇ ਜਾਣ ਕਾਰਨ ਉਸ ਦੇ ਭਰਾ ਨੇ ਖੁ਼ਦਕੁਸ਼ੀ ਕਰ ਲਈ। ਜ਼ੀਨਤ ਨੂੰ ਵੀ ਅਗਵਾ ਕਰ ਲਿਆ ਗਿਆ। ਉਸ ਦੀ ਰਿਹਾਈ, ਸਿਵਿਲ ਸੁਸਾਇਟੀ ਤੇ ਮੀਡੀਆ ਭਾਈਚਾਰੇ ਵੱਲੋਂ ਜ਼ੋਰਦਾਰ ਮੁਹਿੰਮ ਚਲਾਏ ਜਾਣ ਸਦਕਾ ਸੰਭਵ ਹੋਈ। ਅੰਤ ਪਿਸ਼ਾਵਰ ਹਾਈ ਕੋਰਟ ਨੇ ਹੁਕਮ ਦਿੱਤਾ ਕਿ ਹਾਮਿਦ ਨੂੰ ਭਾਰਤ ਪਰਤਾਇਆ ਜਾਵੇ ਪਰ ਹਿੰਦ-ਪਾਕਿ ਸਬੰਧਾਂ ਅੰਦਰਲੀ ਕੁੜਿੱਤਣ ਨੇ ਨਵੇਂ ਖ਼ਤਰੇ ਖੜ੍ਹੇ ਕਰ ਦਿੱਤੇ। ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਣ ਦਾ ਸਮਾਗਮ ਇਨ੍ਹਾਂ ਖ਼ਤਰਿਆਂ ਨੂੰ ਦੂਰ ਕਰਨ ਦਾ ਸਬੱਬ ਬਣਿਆ। ਇਸ ਸਮਾਗਮ ਦੌਰਾਨ ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਹਾਮਿਦ ਦੀ ਤ੍ਰਾਸਦੀ ਦੀ ਚਰਚਾ ਪਾਕਿਸਤਾਨੀ ਵਜ਼ੀਰੇ-ਆਜ਼ਮ ਇਮਰਾਨ ਖ਼ਾਨ ਕੋਲ ਕੀਤੀ। ਇਮਰਾਨ ਨੇ ਛੇਤੀ ਕੁਝ ਕਰਨ ਦਾ ਭਰੋਸਾ ਦਿੱਤਾ। 21 ਦਿਨਾਂ ਬਾਅਦ 18 ਦਸੰਬਰ 2018 ਹਾਮਿਦ ਵਾਹਗਾ-ਅਟਾਰੀ ਸਰਹੱਦੀ ਲਾਂਘੇ ਰਾਹੀਂ ਵਤਨ ਪਰਤ ਆਇਆ।
ਦੁਖਾਂਤ ਤੋਂ ਸੁਖਾਂਤ ਤੱਕ ਦਾ ਇਹ ਸਫ਼ਰ ਹਿਰਦਿਆਂ ਉੱਤੇ ਡੂੰਘੀ ਛਾਪ ਛੱਡਣ ਵਾਲਾ ਹੈ। ਬੜਾ ਸਕੂਨ ਹੈ ਇਸ ਅਹਿਸਾਸ ਵਿਚ ਕਿ ਹੈਵਾਨਾਂ ਦੀ ਬਹੁਤਾਤ ਦੇ ਬਾਵਜੂਦ ਜਦੋਂ ਤੱਕ ਇਨਸਾਨੀਅਤ ਜ਼ਿੰਦਾ ਹੈ, ਸਾਡਾ ਜਹਾਨ ਤਬਾਹੀ ਅਤੇ ਫ਼ਨਾਹੀ ਤੋਂ ਮਹਿਫੂਜ਼ ਹੈ।
ਵਿਗਿਆਨਕ ਪੁੱਠ ਵਾਲਾ ਅਦਬ
ਡਾ. ਸ਼ਿਆਮ ਸੁੰਦਰ ਦੀਪਤੀ ਪੇਸ਼ੇਵਰ ਡਾਕਟਰ ਹੋਣ ਦੇ ਨਾਲ ਨਾਲ ਕਲਮ ਦੇ ਵੀ ਧਨੀ ਹਨ। ਉਨ੍ਹਾਂ ਦੇ ਲੇਖਣ ਵਿਚ ਅਦਬੀ ਲੱਜ਼ਤ ਤਾਂ ਹੈ ਹੀ, ਵਿਗਿਆਨਕ ਲੀਹਾਂ ਤੇ ਗਿਆਨ ਵੰਡਣ ਵਾਲਾ ਤੱਤ ਵੀ ਭਰਪੂਰ ਮਿਕਦਾਰ ਵਿਚ ਰਿਹਾ ਹੈ। ‘ਇਕ ਭਰਿਆ-ਪੂਰਾ ਦਿਨ’ (ਪ੍ਰੇਰਨਾ ਪ੍ਰਕਾਸ਼ਨ; 176 ਪੰਨੇ; 100 ਰੁੁਪਏ) ਸ਼ੂਗਰ ਰੋਗ ਦੇ ਬਾਵਜੂਦ 45 ਵਰ੍ਹਿਆਂ ਤੋਂ ਵੱਧ ਸਮੇਂ ਤੋਂ ਸਿਹਤਮੰਦ ਜੀਵਨ ਜਿਊਣ ਦੇ ਦਾਅ-ਪੇਚ ਦੱਸਣ ਵਾਲਾ ਲੇਖ ਸੰਗ੍ਰਹਿ ਹੈ। ਸਾਰੇ ਦਾਅ-ਪੇਚ ਡਾ. ਦੀਪਤੀ ਦੇ ਨਿੱਜੀ ਤਜਰਬਿਆਂ ਉੱਤੇ ਆਧਾਰਿਤ ਹਨ। ਉਹ ਐੱਮਬੀਬੀਐੱਸ ਕਰ ਰਹੇ ਸਨ ਜਦੋਂ 22 ਵਰ੍ਹਿਆਂ ਦੀ ਉਮਰ ਵਿਚ ਉਨ੍ਹਾਂ ਨੂੰ ਸ਼ੂਗਰ ਰੋਗ ਹੋ ਗਿਆ। ਉਨ੍ਹਾਂ ਨੇ ਇਸ ਮਰਜ਼ ਦੀ ਗੰਭੀਰਤਾ ਨੂੰ ਸਮਝਿਆ, ਇਸ ਨੂੰ ਚੁਣੌਤੀ ਵਜੋਂ ਲਿਆ ਅਤੇ ਜੀਵਨ ਸ਼ੈਲੀ ਨੂੰ ਅਜਿਹੀ ਤਰਤੀਬ ਦਿੱਤੀ ਕਿ ਸ਼ੂਗਰ, ਸਿਹਤਮੰਦ ਜ਼ਿੰਦਗੀ ਦੇ ਰਸ-ਰੰਗ ਵਿਚ ਕਦੇ ਅੜਿੱਕਾ ਨਹੀਂ ਬਣੀ। ਸੰਗ੍ਰਹਿ ਅੰਦਰਲੇ ਸਾਰੇ 18 ਲੇਖ ਇਸ ਜਜ਼ਬੇ ਦੀ ਸ਼ਾਹਦੀ ਭਰਦੇ ਹਨ। ਅੰਤਿਕਾ ਵਿਚ ਉਨ੍ਹਾਂ ਨੇ ਨਾਮਵਰ ਕਹਾਣੀਕਾਰ ਮਹਿੰਦਰ ਸਿੰਘ ਜੋਸ਼ੀ ਨਾਲ ਜੁੜਿਆ ਪ੍ਰੇਰਕ ਪ੍ਰਸੰਗ ਪੇਸ਼ ਕਰ ਕੇ ਦੱਸਿਆ ਹੈ ਕਿ ਉਸ ਪ੍ਰਸੰਗ ਨੇ ਉਨ੍ਹਾਂ ਨੂੰ ਸਵੈ ਨਾਲ ਜੁੜੀਆਂ ਲਿਖਤਾਂ ਰਚਣ ਦੀ ਜੁਗਤ ਤੇ ਦਿਸ਼ਾ ਵਿਖਾਈ। ਕਿਤਾਬ ਵਿਚ ਨਸੀਹਤਾਂ ਨਹੀਂ, ਜੁਗਤਾਂ ਹਨ; ਜ਼ਿੰਦਗੀ ਨੂੰ ਸਾਰਥਿਕ ਢੰਗ ਨਾਲ ਜਿਊਣ ਦੀਆਂ। ਇਹ ਪੱਖ ਇਸ ਕਿਤਾਬ ਨੂੰ ਖ਼ਾਸ ਤੌਰ ਤੇ ਜ਼ਿਕਰਯੋਗ ਬਣਾਉਂਦਾ ਹੈ।
*ਹਰ ਸੋਮਵਾਰ ਪਰਵਾਜ਼ ਪੰਨੇ ’ਤੇ ਛਪਣ ਵਾਲਾ ਇਹ ਕਾਲਮ ਅੱਜ ਛਾਪਿਆ ਜਾ ਰਿਹਾ ਹੈ।