ਅਭੀਜੀਤ ਭੱਟਾਚਾਰੀਆ
ਸੰਸਾਰ ਨੂੰ ਇਸ ਵਕਤ “ਸਭ ਤੋਂ ਵੱਡੇ ਆਲਮੀ ਅਮਨ ਤੇ ਸਲਾਮਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ”, ਇਹ ਗੱਲ ਯੂਕਰੇਨ-ਰੂਸ ਜੰਗ ਬਾਰੇ ਗੱਲ ਕਰਦਿਆਂ ਸੰਯੁਕਤ ਰਾਸ਼ਟਰ (ਯੂਐੱਨ) ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਹੀ। ਬਿਲਕੁਲ ਸਹੀ ਪਰ ਆਖਿ਼ਰ ਇਹ ਸੰਕਟ ਪੈਦਾ ਕਿਸ ਨੇ ਕੀਤਾ? ਕੀ ਇਕੱਲਾ ਰੂਸ ਹੀ ਇਸ ‘ਆਪਸੀ ਤਬਾਹੀ’ ਵਾਲੀ ਜੰਗ ਲਈ ਜਿ਼ੰਮੇਵਾਰ ਹੈ? ਕੀ ਰੂਸ ਦੀ ਇਹ ਇਜਾਰੇਦਾਰੀ ਕੀ ਧਮਕਾਊ ਕੂਟਨੀਤੀ ਅਤੇ ਪਸਾਰ ਦੇ ਚਾਹਵਾਨ ਪੱਛਮੀ ਮੁਲਕਾਂ ਦੇ ਰੰਗ ਵਿਚ ਭੰਗ ਪਾਉਣ ਵਾਲੀ ਹੈ ਜਿਨ੍ਹਾਂ ਦੀਆਂ ਆਪਣੇ ਖੇਤਰ ਤੋਂ ਬਾਹਰ ਜਾ ਕੇ ਡੇਰੇ ਲਾਉਣ ਦੀਆਂ ਕਾਰਵਾਈਆਂ ਨੂੰ ਕੇਪਟਾਊਨ ਤੋਂ ਲੈ ਕੇ ਕਲਕੱਤਾ ਤੱਕ, ਸੀਰੀਆ ਤੋਂ ਸਿੰਗਾਪੁਰ ਅਤੇ ਟਿਊਨੀਸ਼ੀਆ ਤੋਂ ਤਸਮਾਨੀਆ ਤੱਕ ਨਫ਼ਰਤ ਅਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ।
ਇਸ ਜੰਗ ਬਾਰੇ ਜਿਵੇਂ ਲਗਾਤਾਰ 24 ਘੰਟੇ ਕੀਤੀ ਜਾ ਰਹੀ ਜ਼ੋਰਦਾਰ ਮੀਡੀਆ ਰਿਪੋਰਟਿੰਗ ਵਿਚ ਰੂਸ ਨੂੰ ਮੁਜਰਮ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਉਸ ਨੂੰ ਕਿਸੇ ਵੀ ਜਾਗਰੂਕ ਦਰਸ਼ਕ ਵੱਲੋਂ ਮਨਜ਼ੂਰ ਕਰਨਾ ਅਤੇ ਉਸ ਉਤੇ ਵਿਸ਼ਵਾਸ ਕਰਨ ਮੁਸ਼ਕਿਲ ਹੈ। ਇਹ ਠੀਕ ਹੈ ਕਿ ਹਿੰਸਾ ਭੜਕਾਉਣ ਤੇ ਫੈਲਾਉਣ ਲਈ ਰੂਸ ਦੋਸ਼ੀ ਹੈ ਪਰ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਦੀ ਜਿ਼ੰਮੇਵਾਰੀ ਉਸੇ ਤਰ੍ਹਾਂ ਉਕਸਾਉਣ ਵਾਲੇ ਏਜੰਟ ਵਜੋਂ ਘੱਟ ਨਹੀਂ। ਸਾਰੇ ਹੀ ਜ਼ਮੀਨ, ਗੈਸ, ਵਸੀਲਿਆਂ, ਦੌਲਤ ਅਤੇ ਰੂਸ ਨੂੰ ਕਾਬੂ ਵਿਚ ਰੱਖਣਾ ਚਾਹੁੰਦੇ ਹਨ; ਅਜਿਹਾ 1991 ਵਿਚ ਸੋਵੀਅਤ ਸੰਘ ਦੇ ਟੁੱਟਣ ਵੇਲੇ ਤੋਂ ਹੀ ਚੱਲ ਰਿਹਾ ਹੈ। ਜਦੋਂ ਇਹ ਵਿਸ਼ਾਲ ਰਕਬੇ ਅਤੇ ਤਾਕਤਵਰ ਫ਼ੌਜ ਵਾਲਾ ਮੁਲਕ ਰੇਤ ਦੇ ਮਹਿਲ ਵਾਂਗ ਢਹਿ ਗਿਆ ਤਾਂ ਇਸ ਮਾਮਲੇ ਵਿਚ ਪੱਛਮੀ ਸੰਸਾਰ ਦੀ ਭੂਮਿਕਾ ਵੀ ਲਗਾਤਾਰ ਸ਼ੱਕੀ ਹੀ ਰਹੀ ਹੈ।
ਇਸ ਗੱਲ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ ਕਿ ਰੂਸ ਵੱਲੋਂ ਯੂਕਰੇਨ ਦੇ ਦੋ ਖਿੱਤਿਆਂ ਨੂੰ ਸਿਆਸੀ ਮਾਨਤਾ ਦਿੱਤੇ ਜਾਣ ਅਤੇ ਫਿਰ ਯੂਕਰੇਨ ਉਤੇ ਹਮਲਾ ਕੀਤੇ ਜਾਣ ਦੀ ਕਾਰਵਾਈ ਨੇ ਸੰਕਟ ਪੈਦਾ ਕਰ ਦਿੱਤਾ ਹੈ। ਰੂਸ ਦੀ ਇਹ ਕਾਰਵਾਈ ਠੀਕ ਹੈ ਜਾਂ ਗ਼ਲਤ, ਇਹ ਹਰ ਕਿਸੇ ਲਈ ਇਸ ਗੱਲ ਉਤੇ ਮੁਨੱਸਰ ਕਰਦਾ ਹੈ ਕਿ ਉਹ ਦੋਵਾਂ ਵਿਚੋਂ ਕਿਸ ਧਿਰ ਦੇ ਨਾਲ ਹੈ। ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਇਸੇ ਤਰ੍ਹਾਂ ਦੇ ਇਕ ਸੰਕਟ, ਜੇ ਇਸ ਤੋਂ ਗੰਭੀਰ ਨਾ ਵੀ ਸਹੀ, ਜਿਸ ਨੂੰ ਅਸੀਂ 1962 ਦੇ ਕਿਊਬਨ ਮਿਜ਼ਾਈਲ ਸੰਕਟ ਵਜੋਂ ਜਾਣਦੇ ਹਾਂ, ਨੇ ਸੰਸਾਰ ਨੂੰ ਉਸ ਵਕਤ ਦੇ ਸੋਵੀਅਤ ਸੰਘ ਅਤੇ ਅਮਰੀਕਾ ਦਰਮਿਆਨ ‘ਤੀਜੀ ਸੰਸਾਰ ਜੰਗ’ ਦੇ ਕੰਢੇ ਉਤੇ ਲਿਆ ਖੜ੍ਹਾ ਕੀਤਾ ਸੀ।
ਵੱਡੇ ਅਤੇ ਵਿਆਪਕ ਚੌਖਟੇ ਵਿਚ ਦੇਖਿਆ ਜਾਵੇ ਤਾਂ ਇਹ ਮਹਿਜ਼ ਰੂਸ ਬਨਾਮ ਯੂਕਰੇਨ ਜਾਂ ਕ੍ਰੀਮੀਆ ਦਾ ਮਾਮਲਾ ਨਹੀਂ ਸਗੋਂ ਇਹ ਮਸਲਾ ਤਾਂ ਰੂਸ ਬਨਾਮ ਸਮੁੱਚੇ ਪੱਛਮ ਦਾ ਹੈ। ਇਸ ਦੀ ਸ਼ੁਰੂਆਤ ਦਾ ਪਤਾ ਲਾਉਣਾ ਹੋਵੇ ਤਾਂ ਸਾਨੂੰ ਪਿਛਾਂਹ ਦੂਜੀ ਸੰਸਾਰ ਜੰਗ ਵੱਲ ਦੇਖਣਾ ਪਵੇਗਾ, ਜਦੋਂ ਸਭ ਤੋਂ ਵੱਧ ਨੁਕਸਾਨ ਰੂਸ ਦਾ ਹੋਇਆ। ਇਸ ਦੇ ਸਭ ਤੋਂ ਜਿ਼ਆਦਾ ਤਿੰਨ ਕਰੋੜ ਲੋਕ ਮਾਰੇ ਗਏ ਅਤੇ ਮਾਸਕੋ ਤੋਂ ਲੈ ਕੇ ਲੈਨਿਨਗ੍ਰਾਦ ਅਤੇ ਸਟਾਲਿਨਗ੍ਰਾਦ ਤੱਕ ਦੇ ਵਿਸ਼ਾਲ ਖਿੱਤੇ ਵਿਚ ਬੇਹਿਸਾਬੀ ਮਾਲੀ ਤਬਾਹੀ ਹੋਈ ਸੀ। ਇਸ ਦੇ ਬਾਵਜੂਦ ਰੂਸ ਨੇ ਔਕੜਾਂ ਦਾ ਸਾਹਮਣਾ ਕੀਤਾ। ਔਕੜ ਵੇਲੇ ਫਿਰ ਮਾਸਕੋ ਲੀਹ ਤੋਂ ਹਟ ਕੇ ਚੱਲਦਾ ਹੈ।
ਭਾਰਤ ਦੀ ਗੱਲ ਕੀਤੀ ਜਾਵੇ ਤਾਂ ਰੂਸ 1971 ਵਾਲੀ ਫ਼ੌਜੀ ਤੇ ਸਿਆਸੀ ਜਿੱਤ ਵਿਚ ਭਾਰਤ ਦਾ ਇਕੋ-ਇਕ ਦੋਸਤ ਅਤੇ ਰਖਵਾਲਾ ਸੀ। ਇਸ ਲਈ ਕੀਵ-ਮਾਸਕੋ ਸੰਬੰਧ ‘ਅੰਦਰੂਨੀ’ ਜਾਂ ‘ਦੁਵੱਲੇ’ ਤੌਰ ਤੇ ਜੋ ਵੀ ਹੋਣ, ਇਸ ਮਾਮਲੇ ਵਿਚ ਭਾਰਤ ਵੱਲੋਂ ਲਿਆ ਨਿਰਪੱਖ ਸਫ਼ਾਰਤੀ ਪੈਂਤੜਾ ਸ਼ਲਾਘਾ ਵਾਲਾ ਹੈ। ਕੀਵ ਤੇ ਮਾਸਕੋ, ਦੋਵਾਂ ਦੇ ਦਿੱਲੀ ਨਾਲ ਗੂੜ੍ਹੇ ਰਿਸ਼ਤੇ ਹਨ ਜਿਨ੍ਹਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ ਅਤੇ ਜ਼ਰੂਰੀ ਹੈ ਕਿ ਭਾਰਤ ਵੱਲੋਂ ਉਨ੍ਹਾਂ ਧਿਰਾਂ ਦੀ ਸ਼ਹਿ ਉਤੇ ਕਾਹਲੀ ਵਿਚ ਕੋਈ ਕਦਮ ਨਾ ਚੁੱਕਿਆ ਜਾਵੇ ਜਿਨ੍ਹਾਂ ਦੇ ਹੋਰ ਟੀਚੇ ਹੋ ਸਕਦੇ ਹਨ।
ਅਕਤੂਬਰ 1962 ਦੇ ਮਿਜ਼ਾਈਲ ਸੰਕਟ ਦੀ ਗੱਲ ਕਰੀਏ ਤਾਂ ਸੋਵੀਅਤ ਸੰਘ ਵੱਲੋਂ ਕਿਊਬਾ ’ਚ ਦਿੱਤੇ ਫ਼ੌਜੀ/ਮਿਜ਼ਾਈਲ ਦਖ਼ਲ ਖਿ਼ਲਾਫ਼ ਅਮਰੀਕਾ ਨੇ ਉਸ ਨੂੰ ਠੀਕ ਹੀ ਵੰਗਾਰਿਆ ਸੀ, ਕਿਉਂਕਿ ਇਹ ਕਾਰਵਾਈ ਅਮਰੀਕਾ ਦੇ ਫਲੋਰਿਡਾ ਸਮੁੰਦਰੀ ਸਾਹਿਲ ਤੋਂ ਮਹਿਜ਼ 90 ਮੀਲ ਦੂਰ ਇਕ ਤਰ੍ਹਾਂ ਅਮਰੀਕਾ ਦੇ ਵਿਹੜੇ ਵਿਚ ਹੀ ਕੀਤੀ ਜਾ ਰਹੀ ਸੀ। ਮਾਸਕੋ ਦੀ ਇਹ ਕਾਰਵਾਈ ਗ਼ਲਤ ਅਤੇ ਹੱਦੋਂ ਵੱਧ ਲਾਲਸਾ ਭਰੀ ਸੀ ਕਿਉਂਕਿ ਇਹ ਅਮਰੀਕਾ ਦੇ ‘ਹਿੱਤਾਂ ਦੇ ਖਿੱਤੇ’ ਜਿਵੇਂ ਇਸ ਦੇ ਆਰਥਿਕ ਜ਼ੋਨ ਤੇ ਸਮੁੰਦਰੀ ਪਾਣੀਆਂ ਦੇ ਘੇਰੇ ਵਿਚ ਆਉਂਦੀ ਸੀ।
1962 ’ਚ ਮਾਸਕੋ ਨੂੰ ਪੈਰ ਪਿਛਾਂਹ ਖਿੱਚਣੇ ਪਏ; ਅਮਰੀਕੀ ਸਟੈਂਡ ਦੀ ਤਸਦੀਕ ਹੋਈ। ਫਿਰ ਉਸ ਘਟਨਾ ਤੋਂ ਛੇ ਦਹਾਕੇ ਬਾਅਦ ਹੁਣ ਖ਼ੁਦ ਅਮਰੀਕਾ ਹੀ ਕਿਉਂ ਤਬਾਹਕੁਨ ਸਿੱਟਿਆਂ ਵਾਲੇ ਪੰਗੇ ਲੈ ਰਿਹਾ ਹੈ? ਜੇ ਕਿਊਬਾ ਦੇ ਟਾਪੂ ਅਮਰੀਕਾ ਲਈ ਉਸ ਦੇ ਐਨ ਘਰ ਦੇ ਕਰੀਬ ਹਨ, ਤਾਂ ਫਿਰ ਮਾਸਕੋ ਦੇ ਮਾਮਲੇ ਵਿਚ ਉਸ ਦੇ ਨਾਲ ਲੱਗਵੀਂ ਯੂਕਰੇਨ/ਕ੍ਰੀਮੀਆ ਦੀ ਧਰਤੀ ਨੂੰ ਕੀ ਆਖਿਆ ਜਾਵੇ? ਦੂਜਾ, ਕਿਊਬਾ ਕਦੋਂ ਅਮਰੀਕਾ ਦਾ ਹਿੱਸਾ ਰਿਹਾ ਹੈ? ਕੀ ਯੂਕਰੇਨ/ਕ੍ਰੀਮੀਆ 1991 ਤੱਕ ਸੋਵੀਅਤ ਸੰਘ ਦਾ ਅਟੁੱਟ ਹਿੱਸਾ ਨਹੀਂ ਸਨ?
ਸਾਫ਼ ਹੈ ਕਿ ਪੱਛਮ ਦੇ, ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਦੀ ਮਾਲੀ ਤਾਕਤ ਦਾ ਟਾਕਰਾ ਕਰਨ ਵਿਚ ਸਾਂਝੇ ਤੌਰ ਤੇ ਨਾਕਾਮ ਰਹਿਣ ਦੇ ਮੱਦੇਨਜ਼ਰ ਅਮਰੀਕਾ ਅਤੇ ਇਸ ਦੇ ਇਤਹਾਦੀ ਹੁਣ ਅਜਿਹਾ ਮਾਲੀ/ਵਿੱਤੀ ਗੱਠਜੋੜ ਬਣਾਉਣ ਲਈ ਬੇਤਾਬ ਹਨ ਜਿਸ ਰਾਹੀਂ ਘੱਟੋ-ਘੱਟ ਰੂਸ ਨੂੰ ਹੀ ਠੱਲ੍ਹਿਆ ਤੇ ਰੋਕਿਆ ਜਾ ਸਕੇ ਜਿਹੜਾ ਆਪਣੀ ਬਹੁਤ ਹੀ ਮਨਭਾਉਣੀ ਬਰਾਮਦ, ਭਾਵ ਕੁਦਰਤੀ ਗੈਸ ਰਾਹੀਂ ਯੂਰੋਪ ਦੇ ਧੁਰ ਅੰਦਰ ਤੱਕ ਪੈਰ ਜਮਾ ਰਿਹਾ ਹੈ। ਦਰਅਸਲ, ਯੂਰੋਪੀਅਨ ਯੂਨੀਅਨ ਅਤੇ ਨਾਟੋ ਮੁਲਕਾਂ ਦੀ ਹੱਦੋਂ ਟੱਪ ਰਹੀ ਸਿਆਸੀ-ਮਾਲੀ ਭੂਗੋਲ ਦੀਆਂ ਊਰਜਾ ਲੋੜਾਂ ਪੂਰੀਆਂ ਕਰਨ ਲਈ ਰੂਸ ਇਕੱਲਾ ਹੀ ਕਾਫ਼ੀ ਸੀ।
ਇਸ ਅਜੋਕੀ ਦੂਜੀ ਕ੍ਰੀਮੀਅਨ ਜੰਗ ਦਾ ਇਕ ਅਸਰ ਹਾਲਾਂਕਿ ਇਹ ਪਿਆ ਕਿ ਇਸ ਨਾਲ ਅਮਰੀਕਾ ਦੀ ਅਗਵਾਈ ਵਾਲੇ ਪੱਛਮ ਦਾ ਧਿਆਨ ਅਚਾਨਕ ਹਿੰਦ-ਪ੍ਰਸ਼ਾਂਤ ਧੁਰੀ ਤੋਂ ਬਦਲ ਕੇ ਯੂਰੋਪ ਦੀ ਵਧੇਰੇ ਜਾਣੀ-ਪਛਾਣੀ, ਉਪਜਾਊ ਅਤੇ ਮਾਵਾਂ ਦੇ ਪੁੱਤ ਮਾਰਨ ਵਾਲੀ ਧਰਤੀ ਵੱਲ ਚਲਾ ਗਿਆ ਹੈ ਜਿਸ ਦਾ ਸੰਸਾਰ ਭਰ ਵਿਚ ਤਿੰਨ ਸਦੀਆਂ ਤੋਂ ਵੀ ਵੱਧ ਸਮੇਂ ਤੋਂ ਹੱਤਿਆਵਾਂ, ਜਿੱਤਾਂ ਅਤੇ ਤਬਾਹੀ ਦਾ ਰਿਕਾਰਡ ਹੈ। ਅਮਰੀਕਾ ਦੀ ਅਗਵਾਈ ਵਾਲੇ ਪੱਛਮ ਨੂੰ ਦਰਅਸਲ ਦੋ ਮੋਰਚਿਆਂ, ਭਾਵ ਆਰਥਿਕ ਤੇ ਫ਼ੌਜੀ ਮੁੜ-ਉਭਾਰ ਤੋਂ ਔਖ ਮਹਿਸੂਸ ਹੋਣ ਲੱਗ ਪਈ ਸੀ। ਇਕ ਪਾਸੇ ਚੀਨ ਧੁਰ ਪੂਰਬ ਵਿਚ ਵੱਡੀ ਸਮੁੰਦਰੀ ਤਾਕਤ ਵਜੋਂ ਉਭਰ ਰਿਹਾ ਹੈ ਅਤੇ ਦੂਜੇ ਪਾਸੇ ਰੂਸ ਆਪਣੇ (ਸੋਵੀਅਤ ਸੰਘ ਦੇ) 1991 ਦੇ ਬਿਖਰਾਓ ਦੇ ਬਾਵਜੂਦ ਆਰਥਿਕ ਮੋਰਚੇ ਉਤੇ ਸਾਬਤ ਕਦਮੀ ਅੱਗੇ ਵਧ ਰਿਹਾ ਸੀ। ਇਸ ਤੋਂ ਇਲਾਵਾ ਘਟਦੀ ਆਬਾਦੀ ਅਤੇ ਆਰਥਿਕ ਬੇਯਕੀਨੀ ਦੀ ਸਮੱਸਿਆ ਵੀ ਪੱਛਮ ਨੂੰ ਜਕੜ ਰਹੀ ਹੈ ਤੇ ਆਲਮੀ ਅਰਥਚਾਰੇ ਨੂੰ ਵਧਦੀ ਮਹਿੰਗਾਈ, ਸਪਲਾਈ ਲੜੀ ਵਿਚਲੀਆਂ ਉਲਝਣਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਇਹੀ ਨਹੀਂ, ਆਲਮੀ ਮਹਾਮਾਰੀ ਤੋਂ ਬਾਅਦ ਆਰਥਿਕਤਾ ਦਾ ਉਭਾਰ ਵੀ ਉਮੀਦਾਂ ਮੁਤਾਬਕ ਨਾ ਹੋਣ ਦੇ ਸਿੱਟੇ ਵਜੋਂ ਘੱਟ ਵਿਕਾਸ ਦਰ ਅਤੇ ਘੱਟ ਤਾਕਤ ਕਾਰਨ ਜਬਿਰਾਲਟਰ ਟਾਪੂ ਤੋਂ ਲੈ ਕੇ ਹਾਂਗ ਕਾਂਗ ਅਤੇ ਦੱਖਣੀ ਅਫ਼ਰੀਕਾ ਤੋਂ ਲੈ ਕੇ ਰੂਸ ਦੇ ਧੁਰ ਪੂਰਬੀ ਟਾਪੂ ਸਖਾਲਿਨ ਤੱਕ ਫੈਲੇ ਰਵਾਇਤੀ ਗ਼ੈਰ-ਪੱਛਮ ਨੂੰ ਪ੍ਰਭਾਵਿਤ ਕਰਨ ਤੋਂ ਅਸਮਰੱਥ ਹੋਣ ਕਾਰਨ ਤਕਲੀਫ਼ਦੇਹ ਤਣਾਅ ਸਾਰੇ ਪਾਸਿਆਂ ਤੋਂ ਹੀ ਤੇਜ਼ੀ ਨਾਲ ਬਣਦਾ ਤੇ ਕਰੋਧਵਾਨ ਰੂਪ ਧਾਰਦਾ ਜਾ ਰਿਹਾ ਸੀ। ਰੂਸ ਨੂੰ ਕਦੇ ਵੀ ਯੂਰੋਪੀ ਤਾਕਤ ਵਜੋਂ ਪ੍ਰਵਾਨ ਨਹੀਂ ਕੀਤਾ ਗਿਆ ਅਤੇ ਇਸ ਨੂੰ ਹਮੇਸ਼ਾ ਸ਼ੱਕ ਦੀ ਨਜ਼ਰ ਨਾਲ ਦੇਖਿਆ ਗਿਆ। ਇਸੇ ਤੱਥ ਵੱਲ ਦੋ ਕੁ ਮਹੀਨੇ ਪਹਿਲਾਂ ਦਿੱਲੀ ਵਿਚ ਜਰਮਨੀ ਦੀ ਸਮੁੰਦਰੀ ਫ਼ੌਜ ਦੇ ਉਦੋਂ ਦੇ ਮੁਖੀ ਵਾਈਸ ਐਡਮਿਰਲ ਕੇਅ-ਆਚਿਮ ਸ਼ਾਨਬਾਖ਼ ਨੇ ਇਸ਼ਾਰਾ ਕੀਤਾ ਸੀ: “ਪੂਤਿਨ ਨੂੰ ਸਿਰਫ਼ ਸਤਿਕਾਰ ਚਾਹੀਦਾ ਹੈ। ਫਿਰ ਸਤਿਕਾਰ ਦੇਣ ਤੇ ਖ਼ਾਸ ਮੁੱਲ ਨਹੀਂ ਲੱਗਦਾ ਸਗੋਂ ਕੋਈ ਮੁੱਲ ਨਹੀਂ ਲੱਗਦਾ।”
ਕ੍ਰੀਮੀਆ ਦੀ 2022 ਦੀ ਜੰਗ ਜੁਗਰਾਫੀਏ ਅਤੇ ਪ੍ਰਭਾਵ/ਹਿੱਤਾਂ ਦੇ ਖੇਤਰ ਦਾ ਮਾਮਲਾ ਹੈ ਅਤੇ ਇਸ ਗੱਲ ਨੂੰ ਇਕ ਹੱਦ ਤੋਂ ਅਗਾਂਹ ਔਖਾ ਹੀ ਲੁਕਾ ਕੇ ਰੱਖਿਆ ਜਾ ਸਕਦਾ ਹੈ। ਅਜਿਹਾ ਹੀ ਕੁਝ 1982 ਵਿਚ ਫਾਕਲੈਂਡ ਆਈਲੈਂਡਜ਼ ਨੂੰ ਲੈ ਕੇ ਬਰਤਾਨੀਆ ਤੇ ਅਰਜਨਟੀਨਾ ਦਰਮਿਆਨ ਹੋਈ ਜੰਗ ਦਾ ਮਾਮਲਾ ਸੀ। ਇਹ ਟਾਪੂ ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿਚ ਅਰਜਨਟੀਨਾ ਦੇ ਸਾਹਿਲ ਤੋਂ 100 ਮੀਲ ਦੇ ਫ਼ਾਸਲੇ ਉਤੇ ਸਥਿਤ ਹਨ ਅਤੇ ਦੂਜੇ ਪਾਸੇ ਇਹ ਬਰਤਾਨੀਆ ਦੇ ਧੁਰ ਦੱਖਣੀ ਬੰਦਰਗਾਹ ਸ਼ਹਿਰ ਸਾਊਥੈਂਪਟਨ ਤੋਂ 15675 ਮੀਲ ਦੂਰ ਹੈ। ਇਹ ਟਾਪੂ ਕਿਸੇ ਸਮੇਂ ਅਰਜਨਟੀਨਾ ਦਾ ਹਿੱਸਾ ਸਨ ਪਰ ਇਨ੍ਹਾਂ ਉਤੇ 1833 ਤੋਂ ਬਰਤਾਨੀਆ ਦੀ ਹਕੂਮਤ ਰਹੀ ਹੈ। ਇਸ ਦੇ ਬਾਵਜੂਦ ਆਪਣੇ ਇਸ ਦੱਖਣੀ ਕਬਜ਼ੇ ਨੂੰ ਬਰਕਰਾਰ ਰੱਖਣ ਲਈ ਬਰਤਾਨੀਆ ਨੇ ਅਰਜਨਟੀਨਾ ਨਾਲ ਜੰਗ ਲੜੀ। ਫੌਜੀ ਮਾਰੇ ਗਏ, ਸਮੁੰਦਰੀ ਬੇੜੇ ਡੁੱਬੇ ਅਤੇ ਹਵਾਈ ਜਹਾਜ਼ ਫੁੰਡੇ ਗਏ ਸਾਰਾ ਕੁਝ ਇਸ ਦੇ ਕੌਮੀ ਹਿੱਤਾਂ ਤੇ ਪ੍ਰਭੂਤਾ ਦੇ ਖੇਤਰ ਅਤੇ ਇਕ ਬਹੁਤ ਹੀ ਦੂਰੇਡੇ ਪਰ ਯੂਰੋਪ ਦੇ ਤਾਕਤਵਰ ਮੁਲਕ ਬਰਤਾਨੀਆ ਦੀ ਦੱਖਣੀ ਅਮਰੀਕਾ ਦੇ ਗ਼ੈਰ-ਯੂਰੋਪੀ ਮੁਲਕ ਉਤੇ ਧੌਂਸ ਲਈ ਸੀ। ਦੂਜੇ ਪਾਸੇ ਕਿਊਬਾ ਮਿਜ਼ਾਈਲ ਸੰਕਟ ਦੇ ਮਾਮਲੇ ਵਿਚ ਅਮਰੀਕਾ ਆਪਣੇ ਨੇੜੇ ਦਾ ਮਾਮਲਾ ਬਣਾ ਕੇ ਸਿੱਧੀ ਟੱਕਰ ਲੈਣ ਲਈ ਤਿਆਰ ਹੋ ਗਿਆ ਸੀ। ਭਾਰਤ ਵਿਚ ਹਿੱਤਾਂ ਦਾ ਮਾਮਲਾ ਹਿਮਾਲਾ ਦੇ ਸਾਰੇ ਦੱਖਣੀ ਖਿੱਤੇ ਵਿਚ ਅਤੇ ਭੂਮੱਧ ਰੇਖਾ ਤੱਕ ਨੇੜਲੇ ਸਾਰੇ ਟਾਪੂਆਂ ਦੇ ਇਲਾਕਿਆਂ ਵਿਚ ਫੈਲਿਆ ਹੈ। ਜੰਮੂ ਅਤੇ ਕਸ਼ਮੀਰ ਤੇ ਲੱਦਾਖ਼ ਭਾਰਤ ਦੇ ਅਟੁੱਟ ਹਿੱਸੇ ਹਨ, ਫਿਰ ਵੀ ਇਨ੍ਹਾਂ ਦਾ ਵੱਡਾ ਹਿੱਸਾ ਪਾਕਿਸਤਾਨ ਤੇ ਚੀਨ ਦੇ ਨਾਜਾਇਜ਼ ਕਬਜ਼ੇ ਹੇਠ ਹੈ। ਇਸ ਸੂਰਤ ਵਿਚ ਕੀ ਇਹ ਖਿੱਤਾ ਹਮੇਸ਼ਾ ਲਈ ਪੁਰਅਮਨ ਰਹਿ ਸਕਦਾ ਹੈ? ਇਸ ਲਈ, ਜੋ ਕੁਝ ਅੱਜ ਪੂਤਿਨ ਨੇ ਕੀਤਾ ਹੈ ਅਤੇ ਉਹ ਕਰ ਰਹੇ ਹਨ, ਉਹ ਬਿਨਾਂ ਸ਼ੱਕ ਗ਼ਲਤ ਹੈ ਪਰ ਸਵਾਲ ਇਹ ਹੈ ਕਿ ਉਨ੍ਹਾਂ ਅਜਿਹਾ ਕੀਤਾ ਕਿਉਂ?
‘ਕੌਮੀ ਹਿੱਤ’ ਸਹੂਲਤ ਵਾਲਾ ਸ਼ਬਦ ਹੈ ਜਿਸ ਦਾ ਇਸਤੇਮਾਲ ਅਮੀਰ ਤੇ ਤਾਕਤਵਰ ਹਕੂਮਤਾਂ ਵੱਲੋਂ ਸਾਮਰਾਜਵਾਦ ਦੇ ਦੌਰ ਤੋਂ ਹੀ ਆਪਣੇ ਹਰ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਕੀਤਾ ਜਾਂਦਾ ਰਿਹਾ ਹੈ। ਪੱਛਮ ਭੁੱਲ ਜਾਂਦਾ ਹੈ ਕਿ ਰੂਸ ਦੀ ਜ਼ਮੀਨ ਦੀ ਤਾਕਤ ਦੁਨੀਆ ਦੇ ਕਰੀਬ ਅੱਧੇ ਹਿੱਸੇ ਤੱਕ ਫੈਲੀ ਹੋਈ ਹੈ। ਰੂਸ ਲਈ ਵੀ ਉਸ ਦੀ ਜ਼ਮੀਨ ਇਕ ਪਾਸੇ ਜਿਥੇ ਜਾਇਦਾਦ ਹੈ, ਉਥੇ ਜਿ਼ੰਮੇਵਾਰੀ ਵੀ ਹੈ। ਰੂਸ ਉਤੇ ਨੈਪੋਲੀਅਨ ਤੋਂ ਲੈ ਕੇ ਹਿਟਲਰ ਤੱਕ ਨੇ ਹਮਲੇ ਕੀਤੇ; ਦੂਜੇ ਪਾਸੇ ਮਾਸਕੋ ਨੇ ਵੀ ਛੋਟੇ ਮੁਲਕਾਂ ਪੋਲੈਂਡ, ਇਸਤੋਨੀਆ, ਲਾਤਵੀਆ, ਲਿਥੂਆਨੀਆ, ਰੁਮਾਨੀਆ, ਬਾਲਕਾਨ ਮੁਲਕਾਂ ਆਦਿ ਨੂੰ ਡਰਾਇਆ ਧਮਕਾਇਆ ਹੈ। ਅੱਜ 1991 ਵਿਚ ਹੋਇਆ ਇਲਾਕੇ ਅਤੇ ਤਾਕਤ ਦਾ ਨੁਕਸਾਨ ਹੀ ਮਾਸਕੋ ਦੀ ਇਸ ਗ਼ਲਤ ਢੰਗ ਨਾਲ ਚਿਤਵੀ ਗਈ ਦੂਜੀ ਕ੍ਰੀਮੀਅਨ ਜੰਗ ਦਾ ਆਧਾਰ ਹੈ। ਅਮਰੀਕਾ ਨੇ ਜਿਵੇਂ ਇਸ ਮਾਮਲੇ ਵਿਚ ਉਕਸਾਉਣ ਦਾ ਰੋਲ ਅਦਾ ਕੀਤਾ ਅਤੇ ਰੂਸ ਨੇ ਜਿਵੇਂ ਹਮਲਾ ਕੀਤਾ, ਇਸ ਸਭ ਕਾਸੇ ਤੋਂ ਬਚਿਆ ਜਾ ਸਕਦਾ ਸੀ। ਉਮੀਦ ਹੈ, ਸਪੱਸ਼ਟ ਸਮਝ ਨਾਲ ਰਾਹ ਨਿੱਕਲ ਸਕਦੇ ਹਨ, ਇਹ ਕੋਈ ਵੱਡੀ ਗੱਲ ਨਹੀਂ।
*ਵਿਸ਼ਲੇਸ਼ਕ ਅਤੇ ਲੇਖਕ।