ਮਾਨਵ
ਮੁਦਰਾ ਲੀਰਾ ਦੀ ਗਿਰਾਵਟ ਅਤੇ ਬੁਨਿਆਦੀ ਵਸਤਾਂ ਦੀਆਂ ਕੀਮਤਾਂ ਵਿਚ ਤਿੱਖਾ ਵਾਧਾ ਸੰਸਾਰ ਦੇ 17ਵੇਂ ਸਭ ਤੋਂ ਵੱਡੇ ਅਰਥਚਾਰੇ ਤੁਰਕੀ ਦੇ ਕਰੋੜਾਂ ਕਿਰਤੀਆਂ ਤੇ ਤਬਾਹੀ ਦਾ ਸਬਬ ਬਣ ਰਿਹਾ ਹੈ। 2021 ਵਿਚ ਹੀ ਤੁਰਕੀ ਦੀ ਮੁਦਰਾ ਲੀਰਾ ਦੀ ਕਦਰ ਡਾਲਰ ਦੇ ਮੁਕਾਬਲੇ 7 ਤੋਂ ਡਿੱਗ ਕੇ ਲਗਭਗ 14 ਲੀਰਾ ਨੂੰ ਢੁੱਕ ਚੁੱਕੀ ਹੈ। ਵਧਦੀ ਮਹਿੰਗਾਈ ਅਤੇ ਜਾਬਰ ਹੋ ਰਹੀ ਏਰਦੋਗਨ ਸਰਕਾਰ ਨੇ ਇਸ ਇਤਿਹਾਸਕ ਮੁਲਕ ਉੱਤੇ ਸਭ ਦੀਆਂ ਨਜ਼ਰਾਂ ਟਿਕਾ ਦਿੱਤੀਆਂ ਹਨ।
ਲੀਰਾ ਦੀ ਗਿਰਾਵਟ ਇਸ ਗੱਲ ਦਾ ਵੀ ਸੰਕੇਤ ਹੈ ਕਿ 2008 ਦੇ ਸੰਕਟ ਮਗਰੋਂ ਸੰਸਾਰ ਅਰਥਚਾਰਾ ਉਹਨਾਂ ਹਾਲਤਾਂ ਤੋਂ ਨਹੀਂ ਉੱਭਰ ਸਕਿਆ ਜਿਹਨਾਂ ਨੇ 2008 ਦੀ ਮਹਾਮੰਦੀ ਨੂੰ ਜਨਮ ਦਿੱਤਾ ਸੀ ਸਗੋਂ ਸਰਕਾਰਾਂ ਤੇ ਕੇਂਦਰੀ ਬੈਂਕਾਂ ਦੀ ਸੰਕਟ ਤੋਂ ਉੱਭਰਨ ਲਈ ਘੜੀ ਸਸਤੇ ਕਰਜ਼ਿਆਂ ਦੀ ਨੀਤੀ ਨੇ ਨਵੇਂ (ਤੇ ਹੋਰ ਵੱਡੇ) ਸੰਕਟਾਂ ਲਈ ਰਾਹ ਪੱਧਰਾ ਕਰ ਦਿੱਤਾ ਹੈ। ਕੇਂਦਰੀ ਬੈਂਕਾਂ ਵੱਲੋਂ ਅਪਣਾਈ ਗਈ ਘੱਟ ਤੋਂ ਘੱਟ ਵਿਆਜ ਦਰ ਦੀ ਨੀਤੀ ਨੇ ਸੰਸਾਰ ਪੱਧਰ ਤੇ ਨਵੇਂ ਵਿੱਤੀ ਬੁਲਬੁਲੇ, ਨਵੇਂ ਵਿੱਤੀ ਤਾਸ਼ ਦੇ ਘਰ ਖੜ੍ਹੇ ਕੀਤੇ ਹਨ ਜਿਹਨਾਂ ਵਿਚੋਂ ਇੱਕ ਤੁਰਕੀ ਹੁਣ ਖਿੰਡ ਰਿਹਾ ਹੈ। 2008 ਮਗਰੋਂ ਦਾ ਆਰਥਿਕ ਵਾਧਾ ਮੁੱਖ ਤੌਰ ਤੇ ਪੈਦਾਵਾਰੀ ਖੇਤਰ ਵਿਚ ਨਿਵੇਸ਼ ਦੀ ਥਾਂ ਵਿੱਤੀ ਖੇਤਰ ਵਿਚ ਨਿਵੇਸ਼ ’ਤੇ ਨਿਰਭਰ ਹੈ।
ਇੱਕ-ਡੇਢ ਦਹਾਕੇ ਤੱਕ ਤੁਰਕੀ ਨੂੰ ਤੇਜ਼ੀ ਨਾਲ਼ ਵਧਦੇ ਅਰਥਚਾਰਿਆਂ ਵਿਚ ਗਿਣਿਆ ਜਾਂਦਾ ਸੀ। 2002 ਵਿਚ ਏਰਦੋਗਨ ਦੇ ਸਦਰ ਬਣਨ ਮਗਰੋਂ ਦਾ ਦੌਰ ਵੀ ਅਜਿਹਾ ਹੀ ਸੀ। ਸੰਸਾਰ ਵਿਆਪੀ ਤੇਜ਼ੀ ਦੇ ਮੱਦੇਨਜ਼ਰ ਤੁਰਕੀ ਵਿਚ ਵੀ ਤੇਜ਼ੀ ਦਾ ਦੌਰ ਚੱਲਿਆ। ਸਨਅਤੀ ਪੈਦਾਵਾਰ, ਉਸਾਰੀ ਸਨਅਤ ਤੇ ਸੈਰ-ਸਪਾਟੇ ਦਾ ਤੇਜ਼ੀ ਨਾਲ਼ ਵਿਕਾਸ ਹੋਇਆ ਤੇ ਇਸ ਰਾਹੀਂ ਰੁਜ਼ਗਾਰ ਦੇ ਨਵੇਂ ਮੌਕੇ ਵਧੇ ਤੇ ਉਜਰਤਾਂ ਵਿਚ ਵੀ ਇੱਕ ਹੱਦ ਤੱਕ ਵਾਧਾ ਹੋਇਆ। ਇਹੀ ਉਹ ਸਮਾਂ ਸੀ ਜਦੋਂ ਆਮ ਲੋਕਾਂ ਵਿਚ ਏਰਦੋਗਨ ਸਰਕਾਰ ਦੀ ਚੰਗੀ ਭੱਲ ਵੀ ਬਣੀ। ਫਿਰ 2008 ਮਗਰੋਂ ਸੰਸਾਰ ਪੱਧਰ ਤੇ ਆਏ ਸਰਮਾਏਦਾਰਾ ਆਰਥਿਕ ਸੰਕਟ ਨੇ ਭਾਵੇਂ ਇਸ ਤੋਰ ਨੂੰ ਸਾਲ ਦੋ ਸਾਲ ਲਈ ਬਰੇਕਾਂ ਲਾਈਆਂ ਪਰ 2011 ਤੋਂ ਮਗਰੋਂ ਕੁਝ ਸਾਲਾਂ ਲਈ ਗੱਡੀ ਇੱਕ ਵਾਰ ਮੁੜ ਲੀਹ ਤੇ ਆਉਂਦੀ ਦਿਸੀ ਪਰ ਸਰਮਾਏਦਾਰਾ ਤਰੱਕੀ ਵਿਚ ਹੀ ਕਿਉਂਕਿ ਇਸ ਦੀ ਖੜੋਤ ਦੇ ਬੀਜ ਸਮੋਏ ਹੁੰਦੇ ਨੇ, ਸਰਮਾਏਦਾਰਾ ਖੁਸ਼ਹਾਲੀ ਦੇ ਅੰਦਰ ਹੀ ਬਹੁਤਿਆਂ ਦੀ ਬਦਹਾਲੀ ਲੁਕੀ ਹੁੰਦੀ ਹੈ, ਉਸੇ ਤਰ੍ਹਾਂ ਇਸ ਡੇਢ ਕੁ ਦਹਾਕੇ ਦੇ ਆਰਥਿਕ ਵਾਧੇ ਦੇ ਕਾਰਨਾਂ ਵਿਚ ਹੀ ਨਵੇਂ ਸੰਕਟ ਦੇ ਬੀਜ ਵੀ ਮੌਜੂਦ ਸਨ। ਤੁਰਕੀ ਦੀ ਇਹ ਤਰੱਕੀ ਬੇਹੱਦ ਘੱਟ ਵਿਆਜ ਦਰਾਂ ਤੇ ਮੁਹੱਈਆ ਸਸਤੇ ਕਰਜ਼ਿਆਂ ਦੀ ਨੀਤੀ ਤੇ ਟਿਕੀ ਸੀ। ਤੁਰਕੀ ਵਿਚ ਨਿਵੇਸ਼ ਕਰਨ ਵਾਲ਼ੀਆਂ ਕੰਪਨੀਆਂ ਨੂੰ ਡਾਲਰ ਅਤੇ ਯੂਰੋ ਵਿਚ ਮਿਲ਼ਦੇ ਸਸਤੇ ਕਰਜ਼ਿਆਂ ਕਰਕੇ ਧੜਾਧੜ ਤੁਰਕੀ ਅੰਦਰ ਸਨਅਤ ਤੇ ਸੈਰ-ਸਪਾਟੇ ਦੇ ਖੇਤਰ ਵਿਚ ਨਿਵੇਸ਼ ਹੋ ਰਿਹਾ ਸੀ। ਰੀਅਲ ਅਸਟੇਟ ਖੇਤਰ ਦਾ ਆਲਮ ਇਹ ਸੀ ਕਿ ਇਸ ਅਰਸੇ ਵਿਚ ਪੂਰੇ ਯੂਰੋਪੀਅਨ ਖਿੱਤੇ ਵਿਚ ਮਾਸਕੋ ਤੋਂ ਬਾਅਦ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਬੇਹੱਦ ਉੱਚੀਆਂ, ਗਗਨਚੁੰਬੀ ਇਮਾਰਤਾਂ ਵਾਲ਼ਾ ਦੂਜਾ ਸਭ ਤੋਂ ਵੱਡਾ ਸ਼ਹਿਰ ਬਣ ਗਿਆ।
ਉਂਜ, ਸਸਤੇ ਕਰਜ਼ਿਆਂ ਤੇ ਟਿਕੀ ਇਸ ‘ਤਰੱਕੀ’ ਨੇ ਵੱਡੇ ਪੈਮਾਨੇ ਤੇ ਕਰਜ਼ੇ ਅਤੇ ਸੱਟੇਬਾਜ਼ੀ ਦੀ ਸਮੱਸਿਆ ਖੜ੍ਹੀ ਕਰ ਦਿੱਤੀ।
ਤੁਰਕੀ ਦੀਆਂ ਕੰਪਨੀਆਂ ਜੋ ਹੁਣ ਤੱਕ ਡਾਲਰ ਤੇ ਯੂਰੋ ਵਿਚ ਸਸਤੇ ਕਰਜ਼ੇ ਲੈ ਕੇ ਤੁਰਕੀ ਅੰਦਰ ਨਿਵੇਸ਼ ਕਰ ਰਹੀਆਂ ਸਨ, ਉਹਨਾਂ ਸਿਰ ਦੇਣਦਾਰੀਆਂ ਵਧਦੀਆਂ ਗਈਆਂ। ਇਹਨਾਂ ਕੰਪਨੀਆਂ ਅਤੇ ਸਰਕਾਰ ਨੇ ਹੁਣ 13 ਅਰਬ ਡਾਲਰ ਦੀਆਂ ਰਿਕਾਰਡ ਦੇਣਦਾਰੀਆਂ ਨੱਕੀ ਕਰਨੀਆਂ ਹਨ। ਦੂਜੇ ਪਾਸੇ ਪੱਛਮੀ ਸਰਮਾਏਦਾਰਾ ਮੁਲਕਾਂ ਅੰਦਰ ਵਧ ਰਹੀ ਮਹਿੰਗਾਈ ਨੂੰ ਦੇਖਦਿਆਂ ਹੁਣ ਨੀਤੀ ਬਦਲੀ ਜਾ ਰਹੀ ਹੈ। ਹੁਣ ਵੱਖ ਵੱਖ ਮੁਲਕਾਂ ਦੀਆਂ ਕੇਂਦਰੀ ਬੈਂਕਾਂ ਨੇ ਵਿਆਜ ਦਰਾਂ ਵਧਾ ਕੇ ਕਰਜ਼ੇ ਮਹਿੰਗੇ ਕਰਨ ਦੀ ਨੀਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ। ਵਿਆਜ ਦਰਾਂ ਵਧਣ, ਡਾਲਰ ਦੇ ਤਕੜੇ ਹੋਣ, ਸੰਸਾਰ ਵਪਾਰ ਬਾਰੇ ਬੇਯਕੀਨੀ ਬਣੀ ਰਹਿਣ ਆਦਿ ਕਾਰਨਾਂ ਕਰਕੇ ਵੱਡੇ ਨਿਵੇਸ਼ਕ ਹੁਣ ਆਪਣਾ ਪੈਸਾ ਤੁਰਕੀ ਜਾਂ ਅਜਿਹੇ ਹੀ ਹੋਰ ਘੱਟ ਵਿਕਸਤ ਸਰਮਾਏਦਾਰਾ ਮੁਲਕਾਂ ਦੇ ਮੁਕਾਬਲੇ ਅਮਰੀਕਾ ਵਰਗੇ ਵਧੇਰੇ ਭਰੋਸੇਯੋਗ ਮੁਲਕਾਂ ਵਿਚ ਨਿਵੇਸ਼ ਕਰ ਰਹੇ ਹਨ ਜਿਸ ਰਾਹੀਂ ਡਾਲਰ ਦੀ ਮੰਗ ਹੋਰ ਵਧ ਰਹੀ ਹੈ। ਨਤੀਜਾ ਡਾਲਰ ਹੋਰ ਤਕੜਾ ਹੋ ਰਿਹਾ ਹੈ।
ਜੇ ਤੁਰਕੀ ਆਪਣੀਆਂ ਇਹਨਾਂ ਦੇਣਦਾਰੀਆਂ ਤੇ ਦਿਵਾਲੀਆ ਹੁੰਦਾ ਹੈ ਤਾਂ ਇਸ ਦਾ ਅਸਰ ਇਕੱਲੇ ਤੁਰਕੀ ਤੱਕ ਸੀਮਤ ਨਹੀਂ ਰਹਿਣਾ। ਤੁਰਕੀ ਨੂੰ ਕਰਜ਼ਾ ਦੇਣ ਵਾਲ਼ੇ ਸਭ ਤੋਂ ਵੱਡੇ ਅਦਾਰੇ- ਇਟਲੀ ਦਾ ਯੂਨੀਕਰੈਡਿਟ, ਫਰਾਂਸ ਦਾ ਬੀਐੱਨਪੀ ਪਰੀਬਾਸ ਤੇ ਸਪੇਨ ਦਾ ਬੀਬੀਵੀਏ ਵੀ ਚਿੰਤਾ ਵਿਚ ਨੇ ਕਿ ਜੇ ਐਨੀ ਵੱਡੀ ਦੇਣਦਾਰੀ ਤੇ ਤੁਰਕੀ ਦਿਵਾਲੀਆ ਹੁੰਦਾ ਹੈ ਤਾਂ ਉਹਨਾਂ ਦੀ ਹੋਂਦ ਨੂੰ ਖਤਰਾ ਖੜ੍ਹਾ ਹੋਣ ਦਾ ਖ਼ਦਸ਼ਾ ਹੈ। ਬੇਯਕੀਨੀ ਦੇ ਇਸ ਆਲਮ ਵਿਚ ਨਿਵੇਸ਼ਕ ਤੇਜ਼ੀ ਨਾਲ਼ ਆਪਣਾ ਪੈਸਾ ਤੁਰਕੀ ਵਿਚੋਂ ਬਾਹਰ ਕੱਢ ਰਹੇ ਹਨ। ਤੁਰਕੀ ਦੇ ਸਰਮਾਏਦਾਰਾਂ ਦਾ ਇੱਕ ਹਿੱਸਾ ਵੀ ਡਿੱਗ ਰਹੀ ਲੀਰਾ ਦੇ ਮੱਦੇਨਜ਼ਰ ਆਪਣੀਆਂ ਬੱਚਤਾਂ ਡਾਲਰਾਂ ਵਿਚ ਵਟਾ ਰਿਹਾ ਹੈ। ਇਸ ਸਭ ਕਾਸੇ ਦਾ ਲੀਰਾ ਦੇ ਹੋਰ ਹੇਠਾਂ ਜਾਣ ਤੇ ਆਮ ਲੋਕਾਂ ਲਈ ਰਿਕਾਰਡ ਤੋੜ ਮਹਿੰਗਾਈ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ।
ਇਸ ਸੰਕਟ ਦਾ ਰਵਾਇਤੀ ਸਰਮਾਏਦਾਰਾ ‘ਰਾਹ’ ਇਹ ਹੈ ਕਿ ਡਿੱਗ ਰਹੀ ਮੁਦਰਾ ਦੇ ਮੱਦੇਨਜ਼ਰ ਸਰਕਾਰ ਵਿਆਜ ਦਰਾਂ ਇੱਕਦਮ ਬੇਹੱਦ ਵਧਾ ਦੇਵੇ। ਵਧੀਆਂ ਵਿਆਜ ਦਰਾਂ ਕਰਕੇ ਇੱਕ ਤਾਂ ਨਵੇਂ ਕਰਜ਼ੇ ਘਟ ਜਾਣਗੇ ਤੇ ਦੂਜਾ ਬਾਹਰੀ ਨਿਵੇਸ਼ਕ ਬਿਹਤਰ ਆਮਦਨ ਦੀ ਆਸ ਵਿਚ ਲੀਰਾ ਵਿਚ ਨਿਵੇਸ਼ ਕਰਨ ਦੀ ਇੱਛਾ ਰੱਖਣਗੇ ਪਰ ਇਸ ‘ਹੱਲ’ ਦਾ ਮਤਲਬ ਹੋਵੇਗਾ, ਤੁਰਕੀ ਦੇ ਅਰਥਚਾਰੇ ਨੂੰ ਇੱਕਦਮ ਠੱਪ ਕਰ ਦੇਣਾ। ਆਪਣੀ ਮਕਬੂਲੀਅਤ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਚੁੱਕੀ ਏਰਦੋਗਨ ਸਰਕਾਰ ਅਜਿਹਾ ਕੁਝ ਵੀ ਕਰਨ ਤੋਂ ਪਹਿਲਾਂ ਕਈ ਵਾਰ ਸੋਚੇਗੀ।
ਦੂਜਾ ਸਰਮਾਏਦਾਰਾ ‘ਰਾਹ’ ਇਹ ਹੋ ਸਕਦਾ ਹੈ ਕਿ ਤੁਰਕੀ ਸੰਸਾਰ ਬੈਂਕ ਜਾਂ ਕੌਮਾਂਤਰੀ ਮੁਦਰਾ ਕੋਸ਼ ਜਿਹੀਆਂ ਏਜੰਸੀਆਂ ਤੋਂ ਕਰਜ਼ਾ ਲਵੇ ਪਰ ਇਹ ਵੀ ਬਦਲੇ ਵਿਚ ਸਰਕਾਰ ਨੂੰ ਲੋਕ ਮਾਰੂ ਨਵ-ਉਦਾਰਵਾਦੀ ਨੀਤੀਆਂ ਤੇਜ਼ ਕਰਨ ਦੀ ਸ਼ਰਤ ਲਾਉਣਗੇ ਜਿਹੜੀ ਕਿਸੇ ਪੱਖੋਂ ਵੀ ਤੁਰਕੀ ਨੂੰ ਵਾਰਾ ਨਹੀਂ ਖਾਂਦੀ। ਤੀਜਾ ‘ਰਾਹ’ ਇਹ ਹੋ ਸਕਦਾ ਹੈ ਕਿ ਤੁਰਕੀ ਦੀ ਸਰਕਾਰ ਸਰਮਾਏਦਾਰਾਂ ਅਤੇ ਲੋਕਾਂ ਤੇ ਲੀਰਾ ਨੂੰ ਡਾਲਰ ਵਿਚ ਵਟਾਉਣ ਦੀ ਪਬੰਦੀ ਲਾ ਕੇ ਹਰ ਤਰ੍ਹਾਂ ਮੁਦਰਾ ਨੂੰ ਮੁਲਕੋਂ ਬਾਹਰ ਜਾਣ ਤੇ ਬੰਦਸ਼ ਲਾ ਦੇਵੇ ਪਰ ਇਸ ਦਾ ਸਿੱਧਾ ਮਤਲਬ ਇਹੀ ਹੋਵੇਗਾ ਕਿ ਵਿਦੇਸ਼ੀ ਸਰੋਤਾਂ ਅਤੇ ਦਰਾਮਦਾਂ ਤੇ ਨਿਰਭਰ (ਆਪਣੀਆਂ ਤੇਲ, ਗੈਸ, ਕੋਲੇ ਦੀਆਂ ਊਰਜਾ ਲੋੜਾਂ ਦਾ 90% ਤੁਰਕੀ ਬਾਹਰੋਂ ਮੰਗਵਾਉਂਦਾ ਹੈ) ਅਰਥਚਾਰੇ ਨੂੰ ਬਰੇਕਾਂ ਲਾਉਣੀਆਂ। ਕਹਿਣ ਦਾ ਕੁੱਲ ਨਿਚੋੜ ਇਹ ਹੈ ਕਿ ਮੌਜੂਦਾ ਢਾਂਚੇ ਅਧੀਨ ਤੁਰਕੀ ਦੇ ਵਧਦੇ ਆਰਥਿਕ ਸੰਕਟ ਨੂੰ ਹੱਲ ਕਰਨ ਦਾ ਕੋਈ ਰਾਹ ਮੌਜੂਦ ਨਹੀਂ।
ਤੁਰਕੀ ਵਿਚ ਜਿਉਂ ਜਿਉਂ ਸਰਮਾਏਦਾਰਾ ਨੀਤੀਆਂ ਲਾਗੂ ਹੁੰਦੀਆਂ ਗਈਆਂ, ਓਵੇਂ ਓਵੇਂ ਸੱਤਾ ਦਾ ਕਿਰਦਾਰ ਵਧੇਰੇ ਲੋਕ ਵਿਰੋਧੀ ਹੁੰਦਾ ਗਿਆ। ਪਿਛਲੇ ਡੇਢ ਦਹਾਕੇ ਦੇ ਕਾਰਜਕਾਲ ਵਿਚ ਏਰਦੋਗਨ ਸਰਕਾਰ ਨੇ ਸਰਮਾਏਦਾਰਾਂ ਦੀ ਸੇਵਾ ਖਾਤਰ ਨਾ ਸਿਰਫ਼ ਆਰਥਿਕ ਨੀਤੀਆਂ ਘੜੀਆਂ ਸਗੋਂ ਸਿਆਸੀ ਤੌਰ ਤੇ ਕਿਰਤ ਕਾਨੂੰਨ ਬਦਲ ਕੇ, ਟਰੇਡ ਯੂਨੀਅਨਾਂ ਖਤਮ ਕਰਕੇ, ਸਰਕਾਰੀ ਜਾਇਦਾਦਾਂ ਵੇਚ ਕੇ ਵੀ ਸਰਮਾਏਦਾਰਾਂ ਲਈ ਰਾਹ ਪੱਧਰ ਕੀਤਾ। ਇਸ ਸਾਰੇ ਕਾਸੇ ਲਈ ਰਾਜ ਸੱਤਾ ਦਾ ਕਿਰਦਾਰ ਵਧੇਰੇ ਤਾਨਾਸ਼ਾਹ ਬਣਦਾ ਗਿਆ, ਖਾਸਕਰ 2013 ਦੇ ਗੇਜ਼ੀ ਉਭਾਰ ਮਗਰੋਂ ਜਦੋਂ ਏਰਦੋਗਨ ਸਰਕਾਰ ਨੇ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ, ਸਿਆਸੀ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਤੇਜ਼ ਕੀਤੀਆਂ, ਕੁਰਦਾਂ ਖਿਲਾਫ ਜਬਰ ਤੇਜ਼ ਕੀਤਾ, ਪੁਲੀਸ-ਅਦਾਲਤਾਂ-ਮੀਡੀਆ ਨੂੰ ਵੱਧ ਤੋਂ ਵੱਧ ਆਪਣੇ ਅਖ਼ਤਿਆਰ ਵਿਚ ਕਰਨਾ ਸ਼ੁਰੂ ਕੀਤਾ। ਹੁਣ ਆਰਥਿਕ ਸੰਕਟ ਨੇ ਜਿੱਥੇ ਇੱਕ ਪਾਸੇ ਏਰਦੋਗਨ ਸਰਕਾਰ ਦੇ ਹੱਥ ਬੰਨ੍ਹ ਦਿੱਤੇ ਹਨ, ਉਥੇ ਹੀ ਸਰਕਾਰੀ ਸੰਸਥਾਵਾਂ ਤੇ ਵੀ ਲੋਕਾਂ ਦਾ ਭਰੋਸਾ ਖੁਰ ਰਿਹਾ ਹੈ। ਇਸੇ ਕਰਕੇ ਪਿਛਲੇ ਸਮਿਆਂ ਅੰਦਰ ਤੁਰਕੀ ਦੇ ਸਨਅਤੀ ਸ਼ਹਿਰਾਂ ਅੰਦਰ ਮਜ਼ਦੂਰਾਂ ਦੀਆਂ ਹੜਤਾਲਾਂ ਤੇ ਯੂਨੀਅਨ ਸਰਗਰਮੀਆਂ ਵਿਚ ਉਭਾਰ ਦਿਸ ਰਿਹਾ ਹੈ। ਜਿਹੜੀ ਯੂਨੀਅਨ ਮੈਂਬਰਸ਼ਿਪ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਈ ਸੀ, ਉਸ ਨੇ ਮੋੜਾ ਕੱਟਿਆ ਹੈ। ਟੈਕਸਟਾਈਲ, ਉਸਾਰੀ, ਸਿਹਤ, ਖਾਣਾਂ, ਡਾਕ ਆਦਿ ਵੱਖ ਵੱਖ ਖੇਤਰਾਂ ਦੇ ਮਜ਼ਦੂਰਾਂ ਦੀਆਂ ਯੂਨੀਅਨਾਂ ਬਣਾਉਣ ਲਈ, ਛਾਂਟੀਆਂ ਤੇ ਘੱਟ ਉਜਰਤਾਂ ਖਿਲਾਫ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਇਹ ਤੁਰਕੀ ਅੰਦਰ ਆਉਣ ਵਾਲ਼ੇ ਸਮਿਆਂ ਦੇ ਸਪੱਸ਼ਟ ਸੰਕੇਤ ਹਨ। ਆਉਣ ਵਾਲ਼ਾ ਸਮਾਂ ਤੁਰਕੀ, ਖਾਸਕਰ ਕੇਂਦਰੀ ਏਸ਼ੀਆ ਤੇ ਯੂਰੋਪ ਲਈ ਦਿਲਚਸਪ ਬਣ ਰਿਹਾ ਹੈ।
ਸੰਪਰਕ: 98888-08188