ਨਵਦੀਪ ਸਿੰਘ ਗਿੱਲ
ਟੋਕੀਓ ਓਲੰਪਿਕ ਖੇਡਾਂ ਵਿਚ ਭਾਰਤ ਨੇ ਖੇਡਾਂ ਦੇ 125 ਸਾਲਾ ਇਤਿਹਾਸ ਵਿਚ ਆਪਣਾ ਸਿਖਰਲਾ ਪ੍ਰਦਰਸ਼ਨ ਕੀਤਾ। ਪਹਿਲੀ ਵਾਰ ਸੱਤ ਤਗ਼ਮੇ ਜਿੱਤੇ, ਤਿੰਨੇ ਰੰਗਾਂ ਦੇ ਤਗ਼ਮੇ ਵੀ ਪਹਿਲੀ ਵਾਰ ਜਿੱਤੇ। ਭਾਰਤ ਨੇ ਇਕ ਸੋਨੇ, ਦੋ ਚਾਂਦੀ ਤੇ ਚਾਰ ਕਾਂਸੀ ਦੇ ਤਗ਼ਮਿਆਂ ਨਾਲ ਕੁੱਲ 7 ਤਗ਼ਮੇ ਜਿੱਤ ਕੇ ਮੈਡਲ ਸੂਚੀ ਵਿਚ 48ਵਾਂ ਸਥਾਨ ਹਾਸਲ ਕੀਤਾ। 1980 ਵਾਲੀਆਂ ਮਾਸਕੋ ਓਲੰਪਿਕਸ ਤੋਂ ਬਾਅਦ ਭਾਰਤ ਪਹਿਲੀ ਵਾਰ ਪਹਿਲੇ 50 ਮੁਲਕਾਂ ਵਿਚ ਸ਼ੁਮਾਰ ਹੋਇਆ ਹੈ। ਅਥਲੈਟਿਕਸ ਵਿਚ ਪਹਿਲਾ ਸੋਨ ਤਗ਼ਮਾ ਅਤੇ ਹਾਕੀ ਵਿਚ 41 ਸਾਲਾਂ ਬਾਅਦ ਤਗ਼ਮਾ ਜਿੱਤਣਾ ਵੱਡੀ ਪ੍ਰਾਪਤੀ ਹੈ। ਇਸ ਤੋਂ ਇਲਾਵਾ ਕਈ ਖਿਡਾਰੀ ਤੇ ਟੀਮਾਂ ਤਗ਼ਮੇ ਦੇ ਬਿਲਕੁਲ ਨੇੜੇ ਪਹੁੰਚੀਆਂ। ਇਨ੍ਹਾਂ ਨੇ ਤਗ਼ਮੇ ਭਾਵੇਂ ਨਹੀਂ ਜਿੱਤੇ ਪਰ ਆਪਣੇ ਪ੍ਰਦਰਸ਼ਨ ਨਾਲ ਖੇਡ ਪ੍ਰੇਮੀਆਂ ਦੇ ਦਿਲ ਜ਼ਰੂਰ ਜਿੱਤੇ ਹਨ।
ਮਹਿਲਾ ਹਾਕੀ ਟੀਮ ਨੇ ਸਭ ਤੋਂ ਵੱਧ ਭਾਰਤੀ ਖੇਡ ਪ੍ਰੇਮੀਆਂ ਦੇ ਦਿਲ ਜਿੱਤੇ। ਸੰਸਾਰ ਰੈਂਕਿੰਗ ਵਿਚ ਨੌਵੇਂ ਸਥਾਨ ਦੀ ਟੀਮ ਨੇ ਪਹਿਲੀ ਵਾਰ ਕੁਆਰਟਰ ਫਾਈਨਲ ਵਿਚ ਸਥਾਨ ਬਣਾਇਆ ਅਤੇ ਸੰਸਾਰ ਦੀ ਤਕੜੀ ਟੀਮ ਆਸਟਰੇਲੀਆ ਨੂੰ ਹਰਾ ਕੇ ਸੈਮੀ ਫਾਈਨਲ ਵਿਚ ਪੁੱਜੀ। ਇਸ ਤੋਂ ਬਾਅਦ ਅਰਜਨਟਾਈਨਾ ਤੇ ਫਿਰ ਕਾਂਸੀ ਦੇ ਤਗ਼ਮੇ ਵਾਲੇ ਮੈਚ ’ਚ ਬਰਤਾਨੀਆ ਹੱਥੋਂ ਫਸਵੇਂ ਮੁਕਾਬਲੇ ਵਿਚ ਹਾਰਨ ਕਰਕੇ ਟੀਮ ਤਗ਼ਮਾ ਭਾਵੇਂ ਨਹੀਂ ਜਿੱਤ ਸਕੀ ਪਰ ਖੇਡ ਪ੍ਰੇਮੀਆਂ ਨੂੰ ਜ਼ਰੂਰ ਬਾਗ਼ੋ-ਬਾਗ ਕਰ ਦਿੱਤਾ। ਰਾਣੀ ਰਾਮਪਾਲ ਦੀ ਕਪਤਾਨੀ ਹੇਠ ਗੋਲਚੀ ਸਵਿਤਾ ਪੂਨੀਆ, ਡਰੈਗ ਫਲਿੱਕਰ ਗੁਰਜੀਤ ਕੌਰ, ਵੰਦਨਾ ਕਟਾਰੀਆ ਸਣੇ ਹਰ ਖਿਡਾਰਨ ਨੇ ਸੌ ਫੀਸਦੀ ਪ੍ਰਦਰਸ਼ਨ ਦਿੱਤਾ।
ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ 32 ਵਰ੍ਹਿਆਂ ਦੇ ਮੁੱਕੇਬਾਜ਼ ਸਤੀਸ਼ ਕੁਮਾਰ ਨੇ ਜੋ ਬੁਲੰਦੀ ਛੋਹੀ, ਉਹ ਮੈਡਲ ਤੋਂ ਘੱਟ ਨਹੀਂ। ਸਤੀਸ਼ ਪਹਿਲਾ ਭਾਰਤੀ ਮੁੱਕੇਬਾਜ਼ ਸੀ ਜੋ ਓਲੰਪਿਕਸ ਦੇ ਸੁਪਰਹੈਵੀਵੇਟ ਵਰਗ ਲਈ ਕੁਆਲੀਫਾਈ ਹੋਇਆ। ਉਹਨੇ ਪ੍ਰੀ ਕੁਆਰਟਰ ਫਾਈਨਲ ਵਿਚ ਜਮਾਇਕਾ ਦੇ ਬਰਾਊਨ ਨੂੰ 4-1 ਨਾਲ ਹਰਾਇਆ ਪਰ ਉਸ ਦੇ ਸੱਟ ਲੱਗ ਜਾਣ ਕਾਰਨ ਟਾਂਕੇ ਲਗਾਉਣੇ ਪਏ। ਸਤੀਸ਼ ਦੀ ਸੱਟ ਨੂੰ ਦੇਖਦਿਆਂ ਉਸ ਦੀ ਪਤਨੀ ਵੀ ਮੁਕਾਬਲਾ ਨਾ ਖੇਡਣ ਦੀ ਸਲਾਹ ਦੇ ਰਹੀ ਸੀ ਪਰ ਸਤੀਸ਼ ਨੇ ਆਪਣੇ ਬੱਚਿਆਂ ਅਤੇ ਦੇਸ਼ ਵਾਸੀਆਂ ਸਾਹਮਣੇ ਮੁਕਾਬਲਾ ਛੱਡਣ ਦੀ ਸ਼ਰਮਿੰਦਗੀ ਸਹਿਣ ਦੀ ਬਜਾਇ ਖੇਡਣ ਨੂੰ ਤਰਜੀਹ ਦਿੱਤੀ। ਉਹਨੇ ਨੰਬਰ ਇਕ ਮੁੱਕੇਬਾਜ਼ ਉਜ਼ੇਬੇਕਿਸਤਾਨ ਦੇ ਜਲਾਲੋਵ ਨੂੰ ਤਕੜੀ ਟੱਕਰ ਦਿੱਤੀ ਅਤੇ ਰਿੰਗ ਵਿਚ ਪਸੀਨਾ ਤੇ ਖੂਨ, ਦੋਵੇਂ ਵਹਾਏ।
ਗੌਲਫ ਭਾਰਤ ਵਿਚ ਆਮ ਪ੍ਰਚੱਲਿਤ ਨਹੀਂ ਪਰ ਟੋਕੀਓ ਵਿਚ ਭਾਰਤੀ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਇਸ ਖੇਡ ਉਪਰ ਵੀ ਟਿਕੀਆਂ ਰਹੀਆਂ। ਮਹਿਲਾ ਵਿਅਕਤੀਗਤ ਮੁਕਾਬਲੇ ਵਿਚ ਭਾਰਤ ਦੀ ਅਦਿਤੀ ਅਸ਼ੋਕ ਤੀਜੇ ਰਾਊਂਡ ਤੱਕ ਦੂਜੇ ਸਥਾਨ ਉਤੇ ਰਹੀ ਅਤੇ ਆਖਰੀ ਤੇ ਚੌਥੇ ਰਾਊਂਡ ਦੀ ਸਮਾਪਤੀ ਉਤੇ ਉਹ ਚੌਥੇ ਸਥਾਨ ਉਤੇ ਰਹਿ ਗਈ। ਇਉਂ ਸਿਰਫ ਇਕ ਸ਼ਾਟ ਨਾਲ ਉਹ ਤਗ਼ਮੇ ਤੋਂ ਖੁੰਝ ਗਈ। ਇਸੇ ਤਰ੍ਹਾਂ ਪਹਿਲਵਾਨ ਦੀਪਕ ਪੂਨੀਆ ਸੈਮੀ ਫਾਈਨਲ ਤੱਕ ਬਹੁਤ ਵਧੀਆ ਖੇਡਿਆ, ਕਾਂਸੀ ਦੇ ਤਗ਼ਮੇ ਵਾਲੇ ਮੈਚ ਵਿਚ ਸਿਰਫ ਆਖਰੀ ਸਕਿੰਟਾਂ ਵਿਚ ਅੰਕ ਗੁਆਉਣ ਨਾਲ ਤਗ਼ਮੇ ਤੋਂ ਖੁੰਝ ਗਿਆ।
ਕਮਲਪ੍ਰੀਤ ਕੌਰ ਦੀ ਪ੍ਰਾਪਤੀ ਵੀ ਕਿਸੇ ਤੋਂ ਘੱਟ ਨਹੀਂ। ਮਲੋਟ ਨੇੜਲੇ ਪਿੰਡ ਕਬਰਵਾਲਾ ਦੇ ਸਾਧਾਰਨ ਕਿਸਾਨ ਪਰਿਵਾਰ ਦੀ ਇਸ ਧੀ ਨੇ ਡਿਸਕਸ ਥਰੋਅ ਦੇ ਫਾਈਨਲ ਵਿਚ ਦਾਖਲਾ ਪਾਇਆ ਅਤੇ ਆਪਣੀ ਪਹਿਲੀ ਓਲੰਪਿਕਸ ਵਿਚ ਨਰਵਸ ਹੋਈ ਕਮਲਪ੍ਰੀਤ ਨੇ ਛੇਵਾਂ ਸਥਾਨ ਹਾਸਲ ਕੀਤਾ। ਅਥਲੈਟਿਕਸ ਵਿਚ ਪਹਿਲੀਆਂ ਛੇ ਪੁਜ਼ੀਸ਼ਨਾਂ ਹੁਣ ਤੱਕ ਸਿਰਫ ਛੇ ਭਾਰਤੀ ਅਥਲੀਟਾਂ ਨੂੰ ਹੀ ਹਾਸਲ ਹੋਈਆਂ ਹਨ। ਉਹ ਆਪਣੇ ਇਸ ਪ੍ਰਦਰਸ਼ਨ ਨਾਲ ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ, ਪੀਟੀ ਊਸ਼ਾ, ਅੰਜੂ ਬੌਬੀ ਜਾਰਜ ਤੇ ਕ੍ਰਿਸ਼ਨਾ ਪੂਨੀਆ ਦੀ ਕਤਾਰ ਵਿਚ ਆ ਖਲੋਈ ਹੈ। ਕੋਚ ਰਾਖੀ ਤਿਆਗੀ ਦੀ ਸ਼ਾਗਿਰਦ 25 ਵਰ੍ਹਿਆਂ ਦੀ ਇਸ ਅਥਲੀਟ ਨੇ ਮੈਡਲ ਨਾ ਜਿੱਤ ਕੇ ਵੀ ਖੇਡ ਪ੍ਰੇਮੀਆਂ ਦੇ ਦਿਲ ਜਿੱਤ ਲਏ। ਪੁਰਸ਼ਾਂ ਦੀ ਰਿਲੇਅ ਟੀਮ ਨੇ 4 ਗੁਣਾ 400 ਮੀਟਰ ਰਿਲੇਅ ਦੌੜ ਵਿਚ ਨਵਾਂ ਏਸ਼ਿਆਈ ਰਿਕਾਰਡ ਬਣਾਇਆ।
ਦੋ ਨਿਸ਼ਾਨੇਬਾਜ਼ਾਂ ਨੇ ਪ੍ਰਭਾਵਿਤ ਕੀਤਾ। 19 ਵਰ੍ਹਿਆਂ ਦੇ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਟਲ ਵਿਚ ਕੁਆਲੀਫਿਕੇਸ਼ਨ ਰਾਊਂਡ ਵਿਚ 586 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਫਾਈਨਲ ਵਿਚ ਉਹ 137.4 ਸਕੋਰ ਨਾਲ ਪਹਿਲੇ ਤੋਂ ਸੱਤਵੇਂ ਸਥਾਨ ਉਤੇ ਖਿਸਕ ਗਿਆ। ਇਸੇ ਤਰ੍ਹਾਂ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਿਚ ਸੌਰਭ ਅਤੇ 19 ਵਰ੍ਹਿਆਂ ਦੀ ਮਨੂ ਭਾਕਰ ਦੀ ਟੀਮ 582 ਸਕੋਰ ਦੇ ਨਵੇਂ ਓਲੰਪਿਕ ਰਿਕਾਰਡ ਨਾਲ ਪਹਿਲਾ ਸਥਾਨ ਹਾਸਲ ਕੀਤਾ। ਫਾਈਨਲ ਵਿਚ ਉਹ 380 ਸਕੋਰ ਹੀ ਬਣਾ ਸਕੇ ਅਤੇ ਸੱਤਵੇਂ ਸਥਾਨ ਉਤੇ ਜਾ ਪੁੱਜੇ। ਦੋਵੇਂ ਆਪਣੀ ਪਹਿਲੀ ਓਲੰਪਿਕਸ ਖੇਡ ਰਹੇ ਸਨ।
ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਕੁਆਰਟਰ ਫਾਈਨਲ ਤੱਕ ਪੁੱਜ ਕੇ ਭਾਰਤ ਨੂੰ ਪਹਿਲੀਆਂ ਅੱਠ ਪੁਜ਼ੀਸ਼ਨਾਂ ਵਿਚ ਸ਼ੁਮਾਰ ਕੀਤਾ ਪਰ ਉਥੇ ਉਹ ਦੱਖਣੀ ਕੋਰੀਆ ਦੀ ਤਿੰਨ ਵਾਰ ਦੀ ਓਲੰਪਿਕ ਗੋਲਡ ਮੈਡਲਿਸਟ ਐਨ ਸਾਨ ਹੱਥੋਂ ਹਾਰ ਗਈ। ਪੁਰਸ਼ ਤੀਰਅੰਦਾਜ਼ ਅਤਨੂੰ ਦਾਸ ਨੇ ਰਾਊਂਡ 32 ਵਿਚ ਲੰਡਨ ਓਲੰਪਿਕਸ ਦੇ ਗੋਲਡ ਮੈਡਲ ਜੇਤੂ ਦੱਖਣੀ ਕੋਰੀਆ ਦੇ ਓਹ ਜਿਨ ਹਾਇਕ ਨੂੰ ਹਰਾ ਕੇ ਉਲਟ ਫੇਰ ਕੀਤਾ। ਮੁੱਕੇਬਾਜ਼ੀ ਵਿਚ ਪੂਜਾ ਰਾਣੀ ਨੇ ਕੁਆਰਟਰ ਫਾਈਨਲ ਤੱਕ ਸਫਰ ਤੈਅ ਕੀਤਾ ਪਰ ਚੀਨ ਦੀ ਤਕੜੀ ਮੁੱਕੇਬਾਜ਼ ਲੀ ਕਿਆਨ ਤੋਂ ਹਾਰ ਗਈ। ਐੱਮਸੀ ਮੇਰੀਕੌਮ ਤੇ ਸਿਮਰਨਜੀਤ ਕੌਰ ਨੂੰ ਵੀ ਪ੍ਰੀ ਕੁਆਰਟਰ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਭਵਾਨੀ ਦੇਵੀ ਤਲਵਾਰਬਾਜ਼ੀ ਵਿਚ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ। ਤਾਮਿਲਨਾਡੂ ਦੀ ਰਹਿਣ ਵਾਲੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਵਿਦਿਆਰਥਣ ਭਵਾਨੀ ਨੇ ਪਹਿਲੇ ਰਾਊਂਡ ਵਿਚ ਟਿਊਨੇਸ਼ੀਆ ਦੀ ਬੇਨ ਅਜ਼ੀਜ਼ੀ ਨੂੰ ਵੱਡੇ ਫਰਕ ਨਾਲ ਹਰਾਇਆ।
ਬੈਡਮਿੰਟਨ ਵਿਚ ਸਾਤਵਿਕਸਾਈਰਾਜ ਰਨਕੀਰੈਡੀ ਤੇ ਚਿਰਾਗ ਸ਼ੈਟੀ ਦੀ ਜੋੜੀ ਅਤੇ ਟੇਬਲ ਟੈਨਿਸ ਵਿਚ ਸ਼ਰਤ ਕਮਲ ਅਛੰਤਾ, ਮਨਿਕਾ ਬੱਤਰਾ ਤੇ ਐੱਸ ਮੁਖਰਜੀ ਨੇ ਸ਼ੁਰੂਆਤੀ ਮੈਚਾਂ ਵਿਚ ਜ਼ਰੂਰ ਦਮ ਖ਼ਮ ਦਿਖਾਇਆ ਪਰ ਉਹ ਅੱਗੇ ਨਹੀਂ ਵਧ ਸਕੇ। ਅਥਲੀਟ ਤੇਜਿੰਦਰ ਪਾਲ ਸਿੰਘ ਤੂਰ, ਘੋੜਸਵਾਰ ਫੁਆਦ ਮਿਰਜ਼ਾ, ਤੈਰਾਕ ਸ੍ਰੀਹਰੀ ਨਟਰਾਜ, ਸਾਜਨ ਪ੍ਰਕਾਸ਼ ਤੇ ਮਾਨਾ ਪਟੇਲ ਨੇ ਵੀ ਖੇਡਾਂ ਦੇ ਸਭ ਤੋਂ ਵੱਡੇ ਮੰਚ ਉਤੇ ਹਾਜ਼ਰੀ ਲਗਾਈ। ਓਲੰਪਿਕ ਖੇਡਾਂ ਦਾ ਨਿਸ਼ਾਨਾ ਵੀ ਵੱਧ ਤੋਂ ਵੱਧ ਹਿੱਸੇਦਾਰੀ ਹੈ, ਮੈਡਲ ਜਿੱਤਣਾ ਖੇਡਾਂ ਦਾ ਨਿਸ਼ਾਨਾ ਨਹੀਂ। ਇਹੋ ਅਸਲ ਖੇਡ ਭਾਵਨਾ ਹੈ ਜੋ ਸਾਨੂੰ ਅਥਲੈਟਿਕਸ ਵਿਚ ਇਟਲੀ ਦੇ ਤਾਮਬਰੀ ਅਤੇ ਕਤਰ ਦੇ ਮੁਤਾਜ਼ ਈਸਾ ਨੇ ਆਪਣੀ ਮਿਸਾਲ ਦੇ ਕੇ ਦੱਸੀ। ਦੋਵੇਂ ਸਾਂਝੇ ਚੈਂਪੀਅਨ ਬਣੇ। 1936 ਦੀਆਂ ਬਰਲਿਨ ਓਲੰਪਿਕ ਖੇਡਾਂ ਵਿਚ ਜਦੋਂ ਜਪਾਨ ਦੇ ਦੋ ਪੋਲ ਵਾਲਟਰਾਂ ਨੇ ਚਾਂਦੀ ਤੇ ਕਾਂਸੀ ਦਾ ਤਮਗਾ ਜਿੱਤਿਆ ਤਾਂ ਦੋਵਾਂ ਨੇ ਆਪੋ-ਆਪਣਾ ਤਮਗਾ ਅੱਧਾ-ਅੱਧਾ ਕਰਕੇ ਵੰਡ ਲਿਆ ਸੀ। ਦੋਵਾਂ ਕੋਲ ਅੱਧਾ ਚਾਂਦੀ ਤੇ ਅੱਧਾ ਕਾਂਸੀ ਦਾ ਤਮਗਾ ਰਹਿ ਗਿਆ ਸੀ।
ਸੰਪਰਕ: 97800-36216