ਸਵਰਾਜਬੀਰ
ਅਮਰੀਕਾ ਵਿਚ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਜੋਅ ਬਾਇਡਨ ਦੀ ਡੋਨਲਡ ਟਰੰਪ ’ਤੇ ਜਿੱਤ ਨਾਲ ਸਾਰੀ ਦੁਨੀਆ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਬਹੁਤ ਵਾਰ ਇਹ ਕਿਹਾ ਜਾਂਦਾ ਹੈ ਕਿ ਅਮਰੀਕਾ ਦੀਆਂ ਮੁੱਖ ਪਾਰਟੀਆਂ ਡੈਮੋਕਰੈਟਿਕ ਅਤੇ ਰਿਪਬਲਿਕਨ ਪਾਰਟੀ ਵਿਚ ਕੋਈ ਜ਼ਿਆਦਾ ਫ਼ਰਕ ਨਹੀਂ, ਦੋਵੇਂ ਕਾਰਪੋਰੇਟ ਕੰਪਨੀਆਂ ਤੇ ਇਜਾਰੇਦਾਰੀ ਸਰਮਾਏਦਾਰੀ ਦਾ ਪੱਖ ਪੂਰਨ ਵਾਲੀਆਂ ਪਾਰਟੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦੋਹਾਂ ਪਾਰਟੀਆਂ ਦੀਆਂ ਬਹੁਤ ਸਾਰੀਆਂ ਨੀਤੀਆਂ ’ਤੇ ਸਹਿਮਤੀ ਹੈ ਪਰ ਸਿਆਸੀ ਮਾਹਿਰ ਇਹ ਵੀ ਸਵੀਕਾਰ ਕਰਦੇ ਹਨ ਕਿ ਇਨ੍ਹਾਂ ਪਾਰਟੀਆਂ ਦੀਆਂ ਵਿਚਾਰਧਾਰਾਵਾਂ ਵਿਚ ਕੁਝ ਫ਼ਰਕ ਤਾਂ ਜ਼ਰੂਰ ਹੈ। ਵਿਚਾਰਧਾਰਾਵਾਂ ਵਿਚ ਕੁਝ/ਥੋੜ੍ਹਾ-ਬਹੁਤ ਅੰਤਰ ਹੋਣਾ ਵੀ ਲੋਕਾਂ ਲਈ ਬਹੁਤ ਮਹੱਤਵਪੂਰਨ ਹੋ ਨਿੱਬੜਦਾ ਹੈ ਕਿਉਂਕਿ ਹਰ ਵਿਚਾਰਧਾਰਕ ਅੰਤਰ ਪਿੱਛੇ ਲੰਮੀ ਇਤਿਹਾਸਕ ਲੜਾਈ ਪਈ ਹੁੰਦੀ ਹੈ।
ਇਨ੍ਹਾਂ ਸਮਿਆਂ ਵਿਚ ਡੈਮੋਕਰੈਟਿਕ ਪਾਰਟੀ ਨੂੰ ਰਿਪਬਲਿਕਨ ਪਾਰਟੀ ਤੋਂ ਜ਼ਿਆਦਾ ਉਦਾਰਵਾਦੀ, ਪਰਵਾਸੀਆਂ ਦੀ ਜ਼ਿਆਦਾ ਹਾਮੀ ਅਤੇ ਸਿਹਤ, ਵਿੱਦਿਆ ਤੇ ਸਮਾਜਿਕ ਸੁਰੱਖਿਆ ਦੇ ਖੇਤਰਾਂ ਵਿਚ ਘੱਟ ਸਾਧਨਾਂ ਵਾਲੇ ਲੋਕਾਂ ਨੂੰ ਜ਼ਿਆਦਾ ਸਹੂਲਤਾਂ ਦੇਣ ਵਾਲੀ ਪਾਰਟੀ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਡੈਮੋਕਰੈਟਿਕ ਪਾਰਟੀ ਨੂੰ ਨਸਲਵਾਦ ਦੀ ਜ਼ਿਆਦਾ ਵਿਰੋਧੀ ਅਤੇ ਯਹੂਦੀਆਂ ਨਾਲ ਘਿਰਣਾ ਕਰਨ ਦੇ ਰੁਝਾਨ ਦਾ ਵਿਰੋਧ ਕਰਨ ਵਾਲੀ ਪਾਰਟੀ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਸਮਲਿੰਗੀ, ਔਰਤਾਂ ਦੀ ਆਜ਼ਾਦੀ ਅਤੇ ਹੋਰ ਧਾਰਮਿਕ ਅਤੇ ਸਮਾਜਿਕ ਮਾਮਲਿਆਂ ਵਿਚ ਵੀ ਡੈਮੋਕਰੈਟਿਕ ਪਾਰਟੀ ਨੂੰ ਜ਼ਿਆਦਾ ਆਜ਼ਾਦ ਖਿਆਲ ਰੱਖਣ ਵਾਲੀ ਅਤੇ ਵੱਖ ਵੱਖ ਨਸਲਾਂ, ਰੰਗਾਂ ਤੇ ਭਿੰਨ ਭਿੰਨ ਭਾਸ਼ਾਵਾਂ ਬੋਲਣ ਵਾਲੇ ਲੋਕ ਸਮੂਹਾਂ ਦੇ ਵਖਰੇਵਿਆਂ ਨੂੰ ਰਿਪਬਲਿਕਨ ਪਾਰਟੀ ਤੋਂ ਜ਼ਿਆਦਾ ਸਨਮਾਨ ਦੇਣ ਵਾਲੀ ਪਾਰਟੀ ਵਜੋਂ ਮਾਨਤਾ ਦਿੱਤੀ ਜਾਂਦੀ ਹੈ।
ਇਨ੍ਹਾਂ ਪਾਰਟੀਆਂ ਵਿਚ ਜ਼ਿਆਦਾ ਉਦਾਰ ਖਿਆਲ ਰੱਖਣ ਵਾਲਿਆਂ ਨੂੰ ਖੱਬੇ-ਪੱਖੀ ਅਤੇ ਘੱਟ ਉਦਾਰ ਖਿਆਲ ਰੱਖਣ ਵਾਲਿਆਂ ਨੂੰ ਸੱਜੇ-ਪੱਖੀ ਕਿਹਾ ਜਾਂਦਾ ਹੈ। ਇਸ ਖੱਬੇ-ਪੱਖੀ ਸੱਜੇ-ਪੱਖੀ ਹੋਣ ਦਾ ਵਿਰੋਧ ਕਈ ਵਾਰ ਇਸ ਢੰਗ ਨਾਲ ਵੀ ਪੇਸ਼ ਕੀਤਾ ਜਾਂਦਾ ਹੈ ਕਿ ਜ਼ਿਆਦਾ ਉਦਾਰਵਾਦੀਆਂ ਨੂੰ ਖੱਬੇ-ਪੱਖੀ/ਸਾਮਵਾਦੀ/ਕਮਿਊਨਿਸਟ ਕਹਿ ਕੇ ਅਮਰੀਕਾ ਦੀ ਤਰਜ਼ੇ-ਜ਼ਿੰਦਗੀ ਜਿਸ ਦੀ ਪਰਿਭਾਸ਼ਾ ਨਿੱਜੀ ਆਜ਼ਾਦੀ, ਜਾਇਦਾਦ ਬਣਾਉਣ ਅਤੇ ਧਨ ਕਮਾਉਣ ’ਤੇ ਕੋਈ ਪਾਬੰਦੀ ਨਾ ਹੋਣਾ, ਅਮਰੀਕਾ ਨੂੰ ਦੁਨੀਆ ਦਾ ਸਰਵਸ੍ਰੇਸ਼ਟ ਦੇਸ਼ ਸਮਝਣਾ ਆਦਿ ਜਿਹੇ ਮਾਪਦੰਡਾਂ ਰਾਹੀਂ ਕੀਤੀ ਜਾਂਦੀ ਹੈ, ਦੇ ਵਿਰੋਧੀ ਗਰਦਾਨਿਆ ਜਾਂਦਾ ਹੈ (ਜਿਵੇਂ ਸਾਡੇ ਦੇਸ਼ ਵਿਚ ਹੁਣ ਉਦਾਰਵਾਦੀਆਂ ਨੂੰ ਵੀ ‘ਸ਼ਹਿਰੀ ਨਕਸਲੀ’, ‘ਟੁਕੜੇ ਟੁਕੜੇ ਗੈਂਗ’ ਅਤੇ ‘ਦੇਸ਼ਧ੍ਰੋਹੀ’ ਕਿਹਾ ਜਾਂਦਾ ਹੈ)। ਉਦਾਹਰਣ ਦੇ ਤੌਰ ’ਤੇ ਅਮਰੀਕਨ ਪ੍ਰੈਸ ਦਾ ਇਕ ਹਿੱਸਾ ਬਰਾਕ ਓਬਾਮਾ ਨੂੰ ਕਮਿਊਨਿਸਟ ਤੇ ਮਾਰਕਸਵਾਦੀ ਕਹਿੰਦਾ ਰਿਹਾ ਹੈ ਅਤੇ ਇਹ ਦੱਸਿਆ ਜਾਂਦਾ ਸੀ ਕਿ ਉਸ ਦਾ ਪਿਤਾ (ਜੋ ਕੀਨੀਆ ਵਾਸੀ ਸੀ) ਬਸਤੀਵਾਦ ਵਿਰੋਧੀ ਖੱਬੇ-ਪੱਖੀ, ਮਾਂ ਅਤੇ ਮਤਰੇਆ ਪਿਉ (ਜਿਸ ਨਾਲ ਓਬਾਮਾ ਦੀ ਮਾਂ ਨੇ ਪਹਿਲੇ ਪਤੀ ਨਾਲ ਤਲਾਕ ਤੋਂ ਬਾਅਦ ਵਿਆਹ ਕੀਤਾ) ਮਾਰਕਸਵਾਦੀ ਸਨ। ਨਿਊ ਯਾਰਕ ਦੇ ਮੇਅਰ ਰੂਡੋਲਫ਼ ਜੂਲਿਆਨੀ ਨੇ 2015 ਦੀ ਇਕ ਇੰਟਰਵਿਊ ਵਿਚ ਓਬਾਮਾ ਦੀ ‘ਮਾਰਕਸਵਾਦੀ ਸੋਚ’ ਦੀਆਂ ਜੜ੍ਹਾਂ ਤਲਾਸ਼ਦਿਆਂ ਇਸ ਦਾ ਸਿਹਰਾ ਫਰੈਂਕ ਮਾਰਸ਼ਲ ਡੇਵਿਸ, ਜਿਹੜਾ ਅਮਰੀਕਨ ਕਮਿਊਨਿਸਟ ਪਾਰਟੀ ਦਾ ਮੈਂਬਰ ਸੀ, ਸਿਰ ਬੰਨ੍ਹਿਆ ਸੀ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਬਰਾਕ ਓਬਾਮਾ ਫਰੈਂਕ ਮਾਰਸ਼ਲ ਡੇਵਿਸ ਦੇ ਪ੍ਰਭਾਵ ਹੇਠ ਰਿਹਾ ਹੈ। ਸਿਆਹਫ਼ਾਮ ਮੂਲ ਦਾ ਡੇਵਿਸ ਕਵੀ, ਪੱਤਰਕਾਰ, ਨਸਲਵਾਦ-ਵਿਰੋਧੀ ਅਤੇ ਕਿਰਤੀਆਂ ਦੇ ਹੱਕਾਂ ਲਈ ਕੰਮ ਕਰਨ ਵਾਲਾ ਕਾਰਕੁਨ ਸੀ। ਅਮਰੀਕਾ ਦੀ ਅੰਦਰੂਨੀ ਜਾਂਚ ਏਜੰਸੀ ‘ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਟ’ (ਐੱਫ਼ਬੀਆਈ) ਉਸ ਦੀਆਂ ਕਾਰਵਾਈਆਂ ’ਤੇ ਨਜ਼ਰ ਰੱਖਦੀ ਸੀ। ਉਹ ਬਲੈਕ ਸ਼ਿਕਾਗੋ ਰੈਨੇਸ (ਸਿਆਹਫ਼ਾਮ ਸ਼ਿਕਾਗੋ ਪੁਨਰਜਾਗਰਤੀ) ਗਰੁੱਪ ਦਾ ਮੈਂਬਰ ਸੀ। ਬਰਾਕ ਓਬਾਮਾ ਆਪਣੀਆਂ ਯਾਦਾਂ ‘ਆਪਣੇ ਪਿਉ ਤੋਂ ਮਿਲੇ ਸੁਪਨੇ’ (Dreams from My Father) ਵਿਚ ਡੇਵਿਸ ਤੋਂ ਕਬੂਲੇ ਅਸਰ ਦਾ ਜ਼ਿਕਰ ਕਰਦਾ ਹੈ।
ਬਰਾਕ ਓਬਾਮਾ ਦੇ ਸਿਹਤ ਅਤੇ ਵਿੱਤੀ ਖੇਤਰਾਂ ਵਿਚ ਸੁਧਾਰ ਲਿਆਉਣ ਦੇ ਯਤਨਾਂ ਅਤੇ ਉਦਾਰਵਾਦੀ ਨੀਤੀਆਂ ਕਾਰਨ ਅਮਰੀਕੀ ਗੋਰਿਆਂ ਦੀ ਬਹੁਗਿਣਤੀ ਬਰਾਕ ਓਬਾਮਾ ਤੋਂ ਇਸ ਕਦਰ ਨਾਰਾਜ਼ ਹੋਈ ਸੀ ਕਿ ਉਨ੍ਹਾਂ ਨੇ ਅੰਤਾਂ ਦੇ ਸੱਜੇ-ਪੱਖੀ ਅਤੇ ਹੂੜ੍ਹਮੱਤ ਵਾਲੇ ਰਿਪਬਲਿਕਨ ਆਗੂ ਡੋਨਲਡ ਟਰੰਪ ਨੂੰ ਰਾਸ਼ਟਰਪਤੀ ਚੁਣ ਲਿਆ। ਹੁਣ ਵੀ ਟਰੰਪ ਕੋਈ ਬਹੁਤੀ ਬੁਰੀ ਤਰ੍ਹਾਂ ਨਾਲ ਨਹੀਂ ਹਾਰਿਆ। ਉਸ ਨੂੰ 47 ਫ਼ੀਸਦੀ ਵੋਟ ਮਿਲੇ ਹਨ ਅਤੇ ਗੋਰੇ ਅਮਰੀਕਨਾਂ ਦਾ ਵੱਡਾ ਹਿੱਸਾ ਸਮਝਦਾ ਹੈ ਕਿ ਉਸ ਨੇ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਹਿੱਸੇ ਨਾਲ ਟਰੰਪਵਾਦੀ ਸੋਚ ਦਾ ਰਿਸ਼ਤਾ ਬੜਾ ਡੂੰਘਾ ਹੈ ਪਰ ਅਮਰੀਕਾ ਵਾਸੀਆਂ ਦਾ ਇਕ ਵੱਡਾ ਹਿੱਸਾ ਉਸ ਦੀ ਹੂੜ੍ਹਮੱਤ, ਨਸਲਵਾਦੀ ਸੋਚ, ਲੋਕਾਂ ਨੂੰ ਵੰਡ ਕੇ ਰੱਖਣ ਵਾਲੀਆਂ ਨੀਤੀਆਂ, ਕੋਵਿਡ-19 ਦੀ ਮਹਾਮਾਰੀ ਬਾਰੇ ਦਿਖਾਇਆ ਲਾਪ੍ਰਵਾਹੀ ਵਾਲਾ ਵਤੀਰਾ, ਸਿਆਸੀ ਵਿਰੋਧੀਆਂ ਬਾਰੇ ਉਜੱਡ ਭਾਸ਼ਾ ਦਾ ਇਸਤੇਮਾਲ, ਸੁਹਿਰਦਤਾ ਦੀ ਘਾਟ ਅਤੇ ਪਰਵਾਸੀਆਂ ਦੇ ਅੰਨ੍ਹੇ ਵਿਰੋਧ ਤੋਂ ਤੰਗ ਆ ਗਿਆ। ਜਿਵੇਂ ਉਸ ਦੇ ਇਕ ਹਮਾਇਤੀ ਨੇ ਬੀਬੀਸੀ ਦੇ ਪੱਤਰਕਾਰ ਨਿਕ ਬਰਾਂਇਟ ਨੂੰ ਦੱਸਿਆ, ‘‘ਲੋਕ ਥੱਕ ਗਏ ਹਨ। ਉਹ ਚਾਹੁੰਦੇ ਹਨ ਕਿ ਦੇਸ਼ ਵਿਚ ਸਹਿਜ ਨਾਲ ਜਿਊਣ ਦਾ ਢੰਗ (normalcy) ਵਾਪਸ ਆ ਜਾਏ। ਉਹ ਚਾਹੁੰਦੇ ਹਨ ਕਿ ਘਿਰਣਾ ਖ਼ਤਮ ਹੋ ਜਾਏ।’’ ਇਸ ਤਰ੍ਹਾਂ ਇਸ ਵਾਰੀ ਗੋਰਿਆਂ ਦੇ ਪੜ੍ਹੇ-ਲਿਖੇ ਹਿੱਸੇ, ਔਰਤਾਂ ਅਤੇ ਨੌਜਵਾਨਾਂ ਦੇ ਵੱਡੇ ਹਿੱਸੇ ਨੇ ਬਾਇਡਨ ਨੂੰ ਵੋਟ ਪਾਏ ਹਨ।
ਜੋਅ ਬਾਇਡਨ ਡੈਮੋਕਰੈਟਿਕ ਪਾਰਟੀ ਵਿਚ ਬਰਨੀ ਸੈਂਡਰਜ਼, ਜਿਸ ਨੂੰ ਖੱਬੇ-ਪੱਖੀ ਅਤੇ ਸਮਾਜਵਾਦੀ ਖਿਆਲਾਂ ਵਾਲਾ ਸਮਝਿਆ ਜਾਂਦਾ ਸੀ, ਨੂੰ ਹਰਾ ਕੇ ਡੈਮੋਕਰੈਟਿਕ ਪਾਰਟੀ ਦਾ ਉਮੀਦਵਾਰ ਬਣਿਆ। ਉਸ ਨੂੰ ਡੈਮੋਕਰੈਟਿਕ ਪਾਰਟੀ ਵਿਚ ਕੇਂਦਰਵਾਦੀ ਵਿਚਾਰਾਂ ਵਾਲਾ ਮੰਨਿਆ ਜਾਂਦਾ ਹੈ। ਇਸੇ ਕਾਰਨ ਉਹ ਬਰਨੀ ਸੈਂਡਰਜ਼ ਨੂੰ ਹਰਾ ਸਕਿਆ ਕਿਉਂਕਿ ਬਹੁਤੇ ਅਮਰੀਕੀ ‘ਖੱਬੇ-ਪੱਖੀਆਂ’ ਨੂੰ ਪਸੰਦ ਨਹੀਂ ਕਰਦੇ। ਜਿਵੇਂ ਆਮ ਪ੍ਰਭਾਵ ਹੈ ਅਤੇ ਜੋ ਬਹੁਤ ਹੱਦ ਤਕ ਠੀਕ ਵੀ ਹੈ, ਦੇ ਅਨੁਸਾਰ ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਨਾਲ ਅਮਰੀਕਾ ਦੀਆਂ ਅੰਦਰੂਨੀ ਅਤੇ ਵਿਦੇਸ਼ੀ ਨੀਤੀਆਂ ਵਿਚ ਕੋਈ ਵੱਡੀਆਂ ਤਬਦੀਲੀਆਂ ਨਹੀਂ ਆਉਣਗੀਆਂ ਪਰ ਕੁਝ ਫ਼ਰਕ ਜ਼ਰੂਰ ਪੈਣਗੇ ਜੋ ਕਾਫ਼ੀ ਮਹੱਤਵਪੂਰਨ ਹੋ ਸਕਦੇ ਹਨ।
ਵਕਾਲਤ ਦੀ ਪੜ੍ਹਾਈ ਕਰਨ ਤੋਂ ਬਾਅਦ ਜੋਅ ਬਾਇਡਨ 1973 ਵਿਚ 29 ਸਾਲ ਦੀ ਉਮਰ ਵਿਚ ਅਮਰੀਕਾ ਦੀ ਸੈਨੇਟ ਦਾ ਮੈਂਬਰ ਬਣਿਆ ਅਤੇ 6 ਵਾਰ ਸੈਨੇਟਰ ਚੁਣਿਆ ਗਿਆ। ਉਹ ਸੈਨੇਟ ਦੀਆਂ ਕਈ ਕਮੇਟੀਆਂ ਦਾ ਮੁਖੀ ਰਿਹਾ। 1988 ਅਤੇ 2008 ਵਿਚ ਉਸ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟਿਕ ਪਾਰਟੀ ਦਾ ਉਮੀਦਵਾਰ ਬਣਨ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਾ ਹੋਇਆ। ਉਹ ਬਰਾਕ ਓਬਾਮਾ ਨਾਲ 2008 ਤੋਂ 2016 ਤਕ ਅਮਰੀਕਾ ਦਾ ਉਪ-ਰਾਸ਼ਟਰਪਤੀ ਰਿਹਾ। ਉਸ ਨੇ ਜ਼ਿੰਦਗੀ ਵਿਚ ਬਹੁਤ ਦੁੱਖ ਵੇਖੇ ਨੇ। ਦਸੰਬਰ 1972 ਵਿਚ ਇਕ ਹਾਦਸੇ ਵਿਚ ਉਸ ਦੀ ਪਤਨੀ ਤੇ ਧੀ ਦੀ ਮੌਤ ਹੋ ਗਈ ਅਤੇ ਦੋਵੇਂ ਪੁੱਤਰ ਜ਼ਖ਼ਮੀ ਹੋ ਗਏ। ਉਹ ਆਪਣੇ ਪੁੱਤਰਾਂ ਦੀ ਦੇਖਭਾਲ ਲਈ ਲਗਾਤਾਰ ਵਾਸ਼ਿੰਗਟਨ ਤੇ ਡੇਲਾਵੇਅਰ (Delaware) ਵਿਚਕਾਰ ਰੋਜ਼ਾਨਾ ਸਫ਼ਰ (ਲਗਭਗ 3 ਘੰਟੇ) ਕਰਦਾ ਰਿਹਾ। ਬਾਅਦ ਵਿਚ ਉਸ ਦੇ ਇਕ ਪੁੱਤਰ ਦੀ 2015 ਵਿਚ 45 ਸਾਲ ਦੀ ਉਮਰ ਵਿਚ ਕੈਂਸਰ ਨਾਲ ਮੌਤ ਹੋ ਗਈ। 1977 ਵਿਚ ਉਸ ਨੇ ਦੂਸਰੀ ਸ਼ਾਦੀ ਕੀਤੀ।
ਭਾਰਤ ਅਤੇ ਖ਼ਾਸ ਕਰ ਕੇ ਪੰਜਾਬ ਦੇ ਲੋਕਾਂ ਲਈ ਮਹੱਤਵਪੂਰਨ ਹੈ ਕਿ ਬਾਇਡਨ ਪਰਵਾਸੀਆਂ ਦੀਆਂ ਸਮੱਸਿਆਵਾਂ ਸਬੰਧੀ ਡੋਨਲਡ ਟਰੰਪ ਨਾਲੋਂ ਕਿਤੇ ਜ਼ਿਆਦਾ ਹਮਦਰਦੀ ਰੱਖਦਾ ਹੈ ਅਤੇ ਉਹ ਇਸ ਸਬੰਧ ਵਿਚ ਕੱਟੜਤਾ ਜਾਂ ਵਿਰੋਧ ਨਹੀਂ ਦਿਖਾਏਗਾ ਜੋ ਟਰੰਪ ਨੇ ਦਿਖਾਇਆ। ਉਹ ਐੱਚ-1ਬੀ ਵੀਜ਼ਾ ਰੱਖਣ ਵਾਲਿਆਂ ਅਤੇ ਉਨ੍ਹਾਂ ਦੀਆਂ ਪਤਨੀਆਂ/ਪਤੀਆਂ ਨੂੰ ਅਮਰੀਕਾ ਵਿਚ ਕੰਮ ਕਰਨ ਦੀ ਇਜਾਜ਼ਤ ਦੇਣ ਦਾ ਵੀ ਹਮਾਇਤੀ ਹੈ। ਉਸ ਦੇ ਰਾਸ਼ਟਰਪਤੀ ਚੁਣੇ ਜਾਣ ਨਾਲ ਵੱਡੀ ਗਿਣਤੀ ਵਿਚ ਭਾਰਤੀਆਂ ਅਤੇ ਪਰਵਾਸੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲਣ ਦੀਆਂ ਆਸਾਂ ਵੀ ਬੱਝੀਆਂ ਹਨ।
ਵਾਤਾਵਰਨ ਸਬੰਧੀ ਮਾਮਲਿਆਂ ਵਿਚ ਬਾਇਡਨ ਦੀ ਸੋਚ ਟਰੰਪ ਨਾਲੋਂ ਕਿਤੇ ਹਾਂ-ਪੱਖੀ ਹੈ। ਉਸ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਪੈਰਿਸ ਵਾਤਾਵਰਨ ਸਮਝੌਤੇ ਵਿਚ ਸ਼ਾਮਲ ਹੋ ਜਾਵੇਗਾ ਅਤੇ ਇਸ ਤਰ੍ਹਾਂ ਬਾਇਡਨ ਵਾਤਾਵਰਨ ਸਬੰਧੀ ਸਮੱਸਿਆਵਾਂ ਸੁਲਝਾਉਣ ਦੀਆਂ ਸੰਸਾਰ ਪੱਧਰ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰੇਗਾ। ਕੋਵਿਡ-19 ਨਾਲ ਲੜਾਈ ਵਿਚ ਵੀ ਉਹ ਦੂਸਰੇ ਦੇਸ਼ਾਂ ਨਾਲ ਸਹਿਯੋਗ ਕਰੇਗਾ ਜਦੋਂਕਿ ਇਸ ਸਬੰਧ ਵਿਚ ਟਰੰਪ ਦਾ ਵਤੀਰਾ ਬਹੁਤ ਨਾਂਹ-ਪੱਖੀ ਰਿਹਾ ਹੈ।
ਭਾਰਤ ਵਾਸੀਆਂ, ਔਰਤਾਂ ਤੇ ਸਿਆਹਫ਼ਾਮ ਨਸਲਾਂ ਦੇ ਲੋਕਾਂ ਲਈ ਇਸ ਜਿੱਤ ਦਾ ਇਕ ਹੋਰ ਵੱਡਾ ਪੱਖ ਕਮਲਾ ਹੈਰਿਸ ਦਾ ਉਪ-ਰਾਸ਼ਟਰਪਤੀ ਬਣਨਾ ਹੈ। ਉਹ ਅਮਰੀਕਾ ਦੀ ਪਹਿਲੀ ਮਹਿਲਾ ਉਪ-ਰਾਸ਼ਟਰਪਤੀ ਹੈ। ਉਸ ਦੀ ਮਾਂ ਭਾਰਤ (ਤਾਮਿਲ ਨਾਡੂ) ਅਤੇ ਪਿਤਾ ਜਮਾਇਕਾ ਦਾ ਰਹਿਣ ਵਾਲੇ ਹਨ। ਉਸ ਨੇ ਹਮੇਸ਼ਾ ਆਪਣੀ ਪਛਾਣ ਅਮਰੀਕਾ ਵਿਚ ਰਹਿਣ ਵਾਲੀ ਇਕ ਸਿਆਹਫ਼ਾਮ ਔਰਤ ਵਜੋਂ ਬਣਾਈ ਹੈ ਅਤੇ ਉਸ ਦਾ ਉਪ-ਰਾਸ਼ਟਰਪਤੀ ਬਣਨ ਦਾ ਪ੍ਰਭਾਵ ਦੇਸ਼ ਵਿਚ ਨਸਲ, ਰੰਗ ਅਤੇ ਪਰਵਾਸ ਦੇ ਮਸਲਿਆਂ ਬਾਰੇ ਨੀਤੀਆਂ ’ਤੇ ਪਵੇਗਾ। ਉਸ ਦਾ ਉਪ-ਰਾਸ਼ਟਰਪਤੀ ਬਣਨਾ ਅਮਰੀਕਾ ਵਿਚ ਪਰਵਾਸ ਕਰਨ ਵਾਲਿਆਂ ਦੀ ਇਕ ਹੋਰ ਪ੍ਰਾਪਤੀ ਵੀ ਹੈ। ਜੋਅ ਬਾਇਡਨ ਅਤੇ ਕਮਲਾ ਹੈਰਿਸ ਨੂੰ ਦੁਨੀਆਂ ਦੇ ਹੋਰ ਖੇਤਰਾਂ ਵਿਚ ਜਮਹੂਰੀ ਹੱਕਾਂ ਲਈ ਲੜ ਰਹੇ ਲੋਕਾਂ ਦੇ ਹਮਾਇਤੀ ਵੀ ਮੰਨਿਆ ਜਾਂਦਾ ਹੈ (ਭਾਵੇਂ ਅਮਰੀਕਨ ਹਾਕਮ ਆਪਣੇ ਦੇਸ਼ ਦੇ ਹਿੱਤਾਂ ਨੂੰ ਜਮਹੂਰੀਅਤ ਅਤੇ ਜਮਹੂਰੀ ਹੱਕਾਂ ਤੋਂ ਜ਼ਿਆਦਾ ਤਰਜੀਹ ਦਿੰਦੇ ਹਨ) ਜਦੋਂਕਿ ਡੋਨਲਡ ਟਰੰਪ ਇਨ੍ਹਾਂ ਮਸਲਿਆਂ ਬਾਰੇ ਉਦਾਸੀਨ ਸੀ ਅਤੇ ਪੂਤਿਨ ਜਿਹੇ ਤਾਨਾਸ਼ਾਹੀ ਰੁਚੀਆਂ ਵਾਲੇ ਹਾਕਮਾਂ ਦਾ ਹਮਾਇਤੀ ਸੀ। ਭਾਰਤੀਆਂ ਦੀ ਇਸ ਚੋਣ ਵਿਚ ਦਿਲਚਸਪੀ ਇਸ ਲਈ ਵੀ ਜ਼ਿਆਦਾ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ ਵਿਚ ਜਾ ਕੇ ‘ਇਸ ਵਾਰ ਟਰੰਪ ਸਰਕਾਰ’ ਦਾ ਨਾਹਰਾ ਦੇ ਕੇ ਟਰੰਪ ਦੀ ਹਮਾਇਤ ਕੀਤੀ ਸੀ।
ਉਪਰੋਕਤ ਹਾਲਾਤ ਵਿਚ ਜੋਅ ਬਾਇਡਨ ਦਾ ਅਮਰੀਕਾ ਦਾ ਰਾਸ਼ਟਰਪਤੀ ਬਣਨਾ ਮਹੱਤਵਪੂਰਨ ਹੈ। ਇਸ ਨਾਲ ਅੰਤਰਰਾਸ਼ਟਰੀ ਸਬੰਧਾਂ ਅਤੇ ਅਮਰੀਕਾ ਦੀਆਂ ਅੰਦਰੂਨੀ ਨੀਤੀਆਂ ਵਿਚ ਕੁੜੱਤਣ ਘਟੇਗੀ; ਘਿਰਣਾ ਅਤੇ ਹੂੜ੍ਹਮੱਤ ਦੇ ਰੁਝਾਨਾਂ ਨੂੰ ਠੱਲ੍ਹ ਪਵੇਗੀ। ਇਹ ਜਿੱਤ ਤਾਨਾਸ਼ਾਹੀ ਰੁਚੀਆਂ ਵਾਲੇ ਹਾਕਮਾਂ ਲਈ ਚਿਤਾਵਨੀ ਵੀ ਹੈ ਕਿ ਇਕ ਦਿਨ ਉਨ੍ਹਾਂ ਦੀ ਆਪਹੁਦਰੀ ਹਕੂਮਤ ਦਾ ਅੰਤ ਹੋਣਾ ਹੈ। ਅਮਰੀਕਾ ਦੇ ਥੱਕੇ ਤੇ ਹੰਭੇ ਹੋਏ ਲੋਕਾਂ ਕੋਲ ਇਸ ਵੇਲੇ ਬਾਇਡਨ ਤੋਂ ਬਿਨਾ ਕੋਈ ਹੋਰ ਵਿਕਲਪ ਨਹੀਂ ਸੀ। ਮੈਕਸਿਮ ਗੋਰਕੀ ਨੇ ਲਿਖਿਆ ਸੀ, ‘‘ਬੰਦਾ ਬੰਦੇ ਦੇ ਪਿਆਰ ਲਈ ਤਰਸਦਾ ਹੈ; ਤੇ ਜਦ ਬੰਦਾ ਭੁੱਖਾ ਹੋਵੇ ਤਾਂ ਉਸ ਨੂੰ ਅੱਧਪੱਕੀ (ਅੱਧੀ ਕੱਚੀ) ਰੋਟੀ ਦਾ ਟੁਕੜਾ ਵੀ ਸਵਾਦ ਲੱਗਦਾ ਏ।’’ ਪੰਜਾਬੀ ਦੇ ਸ਼ਾਇਰ ਰਾਜਿੰਦਰ ਸਿੰਘ ਚੀਮਾ ਅਨੁਸਾਰ, ‘‘ਥੋੜ੍ਹੇ ਥੱਕੇ ਮੁਸਾਫ਼ਿਰ ਬੋਲ ਹੱਸ ਕੇ, ਕਰੀ ਜਾਂਦੇ ਨੇ ਪੈਂਡਾ ਜ਼ਿੰਦਗੀ ਦਾ/ਵਗੀ ਜਾਂਦੀ ਏ ’ਵਾ ਮਜਬੂਰੀਆਂ ਦੀ, ਕਿਤੇ ਆਉਂਦੈ ਬੁੱਲਾ ਖੁਸ਼ੀ ਦਾ।’’ .
‘‘ਜਦੋਂ ਅਸੀਂ ਇਸ ਵਾਰ ਵੋਟਾਂ ਪਾਈਆਂ ਤਾਂ ਅਸੀਂ ਜੋਅ ਬਾਇਡਨ ਤੇ ਕਮਲਾ ਹੈਰਿਸ (ਉਹ ਕੇਂਦਰਵਾਦੀ ਜਿਨ੍ਹਾਂ ਨੇ ਬਰਨੀ ਸੈਂਡਰਜ਼ ਅਤੇ ਅਲਿਜ਼ਬੈੱਥ ਵਾਰਨ ਦੀਆਂ ਸਿਹਤ ਤੇ ਵਿੱਤੀ ਖੇਤਰ ਬਾਰੇ ਬਹੁਤ ਵਧੀਆ ਤਜਵੀਜ਼ਾਂ ਤੋਂ ਪਾਸਾ ਮੋੜ ਲਿਆ ਸੀ) ਨੂੰ ਵੋਟਾਂ ਨਹੀਂ ਸੀ ਪਾ ਰਹੇ, ਸਗੋਂ ਅਸੀਂ ਇਸ ਲਈ ਵੋਟਾਂ ਪਾ ਰਹੇ ਸਾਂ ਕਿ ਭਵਿੱਖ ਵਿਚ ਵੋਟਾਂ ਪਾਉਣ ਦੀ ਸੰਭਾਵਨਾ ਬਣੀ ਰਹੇ; ਅਸੀਂ ਇਸ ਲਈ ਵੋਟਾਂ ਪਾ ਰਹੇ ਸਾਂ ਕਿ ਵੋਟਾਂ ਪਾ ਕੇ ਸਰਕਾਰ ਬਣਾਉਣ ਵਾਲੀ ਜਮਹੂਰੀ ਪ੍ਰਕਿਰਿਆ ਬਰਕਰਾਰ ਰਹੇ।’’
-ਜੁਡਿਥ ਬਟਲਰ, ਨਾਰੀਵਾਦੀ ਚਿੰਤਕ