ਕਿਸਾਨੀ ਅੰਦੋਲਨ ਵਿਚੋਂ ਲਿਸ਼ਕਦਾ ਪੰਜਾਬੀ ਸੁਭਾਅ ਦਾ ਸੱਚ

ਕਿਸਾਨੀ ਅੰਦੋਲਨ ਵਿਚੋਂ ਲਿਸ਼ਕਦਾ ਪੰਜਾਬੀ ਸੁਭਾਅ ਦਾ ਸੱਚ

ਅਮਨ ਕੁਦਰਤ

ਕਿਸਾਨੀ ਮੋਰਚੇ ਨਾਲ ਸਬੰਧਿਤ ਵੱਖ ਵੱਖ ਤਰ੍ਹਾਂ ਦੀਆਂ ਖ਼ਬਰਾਂ ਵੱਖ ਵੱਖ ਸਾਧਨਾਂ ਰਾਹੀਂ ਸਾਡੇ ਤੀਕ ਅੱਪੜ ਰਹੀਆਂ ਹਨ। ਇਨ੍ਹਾਂ ਖ਼ਬਰਾਂ ਵਿਚ ਚੰਗੀਆਂ ਵੀ ਹਨ ਅਤੇ ਮਾੜੀਆਂ ਵੀ। ਰਾਹਤ ਦੇਣ ਵਾਲੀਆਂ ਵੀ ਹਨ ਅਤੇ ਪਰੇਸ਼ਾਨ ਕਰਨ ਵਾਲੀਆਂ ਵੀ। ਕਿਤੇ ਮੋਰਚੇ ਦਾ ਸਬੰਧ ਖਾਲਿਸਤਾਨ ਨਾਲ ਦੱਸਿਆ ਜਾ ਰਿਹਾ ਹੈ ਅਤੇ ਕਿਤੇ ਇਸ ਮੋਰਚੇ ਪਿੱਛੇ ਪਾਕਿਸਤਾਨ ਦਾ ਹੋਣਾ ਚਰਚਾ ਹੁੰਦਾ ਹੈ। ਇਨ੍ਹਾਂ ਬਾਰੇ ਬਹੁਤ ਕੁਝ ਲਿਖਿਆ, ਪੜ੍ਹਿਆ ਤੇ ਵਿਚਾਰਿਆ ਜਾ ਰਿਹਾ ਹੈ। ਇਸ ਬਿਆਨੀਏ ਤੋਂ ਨਿਰਲੇਪ ਰਹਿੰਦਿਆਂ ਸਭ ਦਾ ਧਿਆਨ ਪੰਜਾਬੀ ਬੰਦੇ ਦੇ ਮਖ਼ਸੂਸ ਸੁਭਾਅ ਵੱਲ ਦਿਵਾਉਣਾ ਚਾਹੁੰਦੀ ਹਾਂ। ਕਿਸਾਨੀ ਮੋਰਚੇ ਵਿਚ ਆ ਰਹੇ ਉਤਰਾਅ-ਚੜ੍ਹਾਅ ਦੇ ਬਾਵਜੂਦ ਪੰਜਾਬੀ ਬੰਦਾ ਜਿਸ ਰੰਗ ਵਿਚ ਰੰਗਿਆ ਮੋਰਚੇ ਵਿਚ ਦਿਖਾਈ ਦਿੰਦਾ ਹੈ, ਉਹ ਭਿੰਨ ਭਿੰਨ ਧਾਰਮਿਕ ਪਛਾਣ ਵਾਲੇ ਲੋਕਾਂ ਦਾ ਆਪਸੀ ਸਹਿਚਾਰ ਅਤੇ ਭਾਈਚਾਰੇ ਦਾ ਰੰਗ ਹੈ। ਪੰਜਾਬੀ ਸਭਿਆਚਾਰ ਦਾ ਹੰਢਣਸਾਰ ਕੀਮਤ ਪ੍ਰਬੰਧ ਫ਼ਿਰਕੂ ਸੋਚ ਨੂੰ ਪ੍ਰਵਾਨ ਨਹੀਂ ਕਰਦਾ, ਭਾਵੇਂ ਕਦੇ ਕਦੇ ਇਤਿਹਾਸ ਵਿਚ ਇਸ ਤਰ੍ਹਾਂ ਦੇ ਰੁਝਾਨ ਤਿੱਖੇ ਹੋਏ ਪਰ ਅੰਤ ਨੂੰ ਪੰਜਾਬੀ ਬੰਦਾ ਫਿ਼ਰਕਾਪ੍ਰਸਤੀ ਦੀ ਹਨੇਰੀ ਨੂੰ ਪਛਾੜਦਾ ਰਿਹਾ ਹੈ ਅਤੇ ਹੁਣ ਇਕ ਵਾਰ ਫਿਰ ਇਸ ਨੇ ਫਿਰਕਾਪ੍ਰਸਤੀ ਨੂੰ ਖੂੰਜੇ ਲਾ ਦਿਖਾਇਆ ਹੈ। ਇਸ ਅੰਦੋਲਨ ਰਾਹੀਂ ਮੁੜ ਸਾਬਿਤ ਹੋ ਗਿਆ ਹੈ ਕਿ ਪੰਜਾਬੀ ਹਿੰਦੂ, ਸਿੱਖ, ਮੁਸਲਮਾਨ ਨਾ ਹੋ ਕੇ ਪੰਜਾਬੀ ਹੈ।

ਪੰਜਾਬ ਦੀ ਇਹ ਖ਼ਾਸੀਅਤ ਮੰਨੀ ਜਾਂਦੀ ਹੈ ਕਿ ਇਹ ਜ਼ਿੰਦਗੀ ਦੇ ਕਿਸੇ ਵੀ ਪੱਖ ’ਚ ਆ ਰਹੇ ਪਰਿਵਰਤਨਾਂ, ਨਵੀਆਂ ਕਾਢਾਂ ਨੂੰ ਕਿਸੇ ਹੋਰ ਸਭਿਆਚਾਰ ਦੇ ਮੁਕਾਬਲੇ ਛੇਤੀ ਅਪਣਾਉਂਦਾ ਹੈ; ਛੇਤੀ ਹੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦਾ ਹੈ। ਜਿਹੜੀ ਵੀ ਕੌਮ ਨਾਲ ਸਬੰਧਿਤ ਲੋਕ ਪੰਜਾਬ ’ਚ ਆਏ, ਉਨ੍ਹਾਂ ਨੂੰ ਪੰਜਾਬ ਨੇ ਆਪਣੇ ਕਲਾਵੇ ’ਚ ਲੈ ਲਿਆ। ਵੱਖ ਵੱਖ ਧਰਮਾਂ ਨੇ ਪੰਜਾਬ ਦੀ ਧਰਤੀ ਦੇ ਬਹੁਰੰਗਾਂ ’ਚ ਇਜ਼ਾਫ਼ਾ ਕੀਤਾ ਹੈ। ਇਸੇ ਲਈ ਪੰਜਾਬੀ ਸਭਿਆਚਾਰ ’ਚ ਵੱਖ ਵੱਖ ਧਰਮਾਂ, ਕੌਮਾਂ ਤੇ ਨਸਲਾਂ ਦਾ ਮਿਲਗੋਭਾ ਦੇਖਣ ਨੂੰ ਮਿਲ ਜਾਣਾ ਸੁਭਾਵਿਕ ਹੈ।

ਪੰਜਾਬ ਦੀਆਂ ਸਿਆਸੀ ਪਾਰਟੀਆਂ ਆਪੋ-ਆਪਣੇ ਸੌੜੇ ਮਕਸਦਾਂ ਲਈ ਪੰਜਾਬ ਦੇ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡ ਕੇ ਆਪਣੇ ਮਨਸੂਬਿਆਂ ਨੂੰ ਕਾਮਯਾਬ ਕਰਨ ਦੀ ਹਮੇਸ਼ਾਂ ਕੋਸ਼ਿਸ਼ਾਂ ਕਰਦੀਆਂ ਹਨ। ਕੱਟੜ ਫਿਰਕੂ ਤਿੱਖੀ ਸੁਰ ਅਲਾਪੀ ਜਾਂਦੀ ਰਹੀ ਹੈ। ਪੰਜਾਬੀ ਹਿੰਦੂਆਂ ਨੂੰ ਪੰਜਾਬੀ ਸਿੱਖਾਂ ਖਿਲਾਫ਼ ਉਕਸਾਇਆ ਜਾਂਦਾ ਰਿਹਾ ਹੈ। ਉਨ੍ਹਾਂ ਅੰਦਰ ਨਫ਼ਰਤ ਦੇ ਬੀਜ ਉਗਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਪਰ ਫਿਰਕਾਪ੍ਰਸਤੀ ਪੰਜਾਬੀ ਬੰਦੇ ਦੇ ਸੁਭਾਅ ਦਾ ਪੱਕਾ ਹਿੱਸਾ ਨਹੀਂ ਬਣ ਸਕੀ। ਪੰਜਾਬੀਅਤ ਸਭ ਧਰਮਾਂ ਦਾ ਆਦਰ ਕਰਦੀ ਹੈ।

ਕੇਂਦਰ ਸਰਕਾਰ ਦੇ ਪਾਸ ਕੀਤੇ ਖੇਤੀ ਦੇ ਤਿੰਨ ਕਾਨੂੰਨ ਵਾਪਿਸ ਕਰਵਾਉਣ ਲਈ ਦਿੱਲੀ ਵਿਖੇ ਕਿਸਾਨ ਸੰਘਰਸ਼ ਚੱਲ ਰਿਹਾ ਹੈ ਜਿਸ ਵਿਚ ਦੇਸ਼ ਭਰ ਵਿਚੋਂ ਵੱਡੀ ਤਾਦਾਦ ਵਿਚ ਕਿਸਾਨ ਸ਼ਿਰਕਤ ਕਰ ਰਹੇ ਹਨ। ਇਸ ਮੋਰਚੇ ਵਿਚ ਅਤੇ ਇਸ ਮੋਰਚੇ ਕਾਰਨ ਪੰਜਾਬੀ ਧਾਰਮਿਕ ਵੰਨ-ਸਵੰਨਤਾ ਦੇ ਆਪਸੀ ਸਹਿਚਾਰ ਦੀ ਬਹੁਤ ਸੋਹਣੀ ਤਸਵੀਰ ਉੱਭਰ ਕੇ ਸਾਹਮਣੇ ਆ ਰਹੀ ਹੈ। ਵੱਖ ਵੱਖ ਧਰਮਾਂ ਦੇ ਸ਼ਰਧਾਲੂ ਮੋਰਚੇ ਵਿਚ ਆਪੋ-ਆਪਣੇ ਤਰੀਕੇ ਨਾਲ ਯੋਗਦਾਨ ਪਾ ਰਹੇ ਹਨ। ਉਥੇ ਪੰਜਾਬ ਤੋਂ ਗਏ ਲੋਕ ਹਿੰਦੂ, ਸਿੱਖ ਮੁਸਲਮਾਨ ਨਾ ਹੋ ਕੇ ਪੰਜਾਬੀ ਹਨ ਅਤੇ ਭਾਰਤ ਦੇ ਹੋਰ ਸੂਬਿਆਂ ਤੋਂ ਆਏ ਲੋਕ ਮਿਲ ਕੇ ਬਹੁਰੰਗੀ ਭਾਰਤੀਅਤਾ ਦਾ ਪ੍ਰਮਾਣ ਬਣਦੇ ਹਨ। ਮਲਵਈ, ਪੁਆਧੀ, ਦੁਆਬੇ ਅਤੇ ਮਾਝੇ ਦੇ ਨਾ ਹੋ ਕੇ ਪੰਜਾਬੀ ਹਨ। ਪੰਜਾਬ ਤੇ ਹਰਿਆਣਾ ਨਾ ਹੋ ਕੇ ਆਪਸ ਵਿਚ ਭਾਈਚਾਰਕ ਏਕਤਾ ਦਰਸਾ ਰਹੇ ਹਨ। ਇਕ-ਦੂਜੇ ਦਾ ਖਿਆਲ ਰੱਖਿਆ ਜਾ ਰਿਹਾ ਹੈ। ਪੰਜਾਬੀ ਬੰਦੇ ਦੀ ਅਸਲ ਧਾਰਮਿਕਤਾ ਜਾਂ ਕਹੋ ਕਿ ਧਾਰਮਿਕ ਵੰਨ-ਸਵੰਨਤਾ ਆਪਣੇ ਅਸਲੀ ਖਾਸੇ ਵਿਚ ਦਿੱਲੀ ਵਿਚ ਬੈਠੀ ਨਜ਼ਰ ਆ ਰਹੀ ਹੈ। ਤਸੱਲੀ ਦੇਣ ਵਾਲੀਆਂ ਕਿੰਨੀਆਂ ਹੀ ਖ਼ਬਰਾਂ ਸਾਡੇ ਤੱਕ ਪਹੁੰਚ ਰਹੀਆਂ ਹਨ। ਰਲ-ਮਿਲ ਕੇ ਲੰਗਰ ਤਿਆਰ ਹੋ ਰਹੇ ਹਨ ਅਤੇ ਇਸ ਪ੍ਰਸੰਗ ਵਿਚ ਧਾਰਮਿਕ ਵੰਨ-ਸਵੰਨਤਾ ਆਪਣੇ ਪੂਰੇ ਜਾਹੋ-ਜਲਾਲ ਵਿਚ ਨਜ਼ਰੀਂ ਪੈਂਦੀ ਹੈ। ਕਿਤੇ ਬਰਿਆਨੀ ਵੰਡੀ ਜਾ ਰਹੀ ਹੈ, ਕਿਤੇ ਹਰੀਆਂ ਜਲੇਬੀਆਂ। ਫਿਰਕੂ ਇੱਕਰੰਗ ਦੀ ਬਜਾਏ ਆਪਸੀ ਮੁਹੱਬਤ ਅਤੇ ਸਾਥ ਦੇ ਵੰਨ-ਸਵੰਨੇ ਰੰਗ ਗੂੜ੍ਹੇ ਹੋ ਰਹੇ ਹਨ।

ਪੰਜਾਬ ਦਾ ਵੱਡਾ ਹਿੱਸਾ ਕਿਸਾਨੀ ਨਾਲ ਸਬੰਧਿਤ ਹੈ ਪਰ ਹੋਰ ਬਹੁਤ ਸਾਰੇ ਸਹਾਇਕ ਕਿੱਤਿਆਂ ਵਾਲੇ ਲੋਕ ਵੀ ਹਨ ਜੋ ਕਿਸਾਨੀ ਦੇ ਇਸ ਘੋਲ ਵਿਚ ਵਿਚ ਆਪਣਾ ਹਿੱਸਾ ਪਾ ਰਹੇ ਹਨ। ਖੇਤਾਂ ਵਿਚ ਵੱਖ ਵੱਖ ਜਾਤਾਂ ਧਰਮਾਂ ਦੇ ਲੋਕ ਕੰਮ ਕਰਦੇ ਹਨ। ਇਹ ਵੀ ਇਕ ਕਾਰਨ ਹੈ ਕਿ ਪੰਜਾਬ ਵਿਚ ਜਾਤ ਅਤੇ ਧਰਮ ਦੀ ਕੱਟੜਤਾ ਦੀ ਗੰਢ ਓਨੀ ਪੀਡੀ ਨਹੀਂ। ਕਿਸਾਨੀ ਕੋਈ ਇਕੱਲੇ-ਇਕਹਿਰੇ ਬੰਦੇ ਦਾ ਕੰਮ ਨਹੀਂ। ਇਸ ਲਈ ਪੰਜਾਬ ਦੇ ਸੁਭਾਅ ਦਾ ਇਕਹਿਰੀ ਪਛਾਣ ਵਾਲਾ ਖਾਸਾ ਹੀ ਨਹੀਂ ਰਿਹਾ। ਇਸੇ ਲਈ ਪੰਜਾਬੀ ਬੰਦਾ ਸਾਰੇ ਧਾਰਮਿਕ ਨਿਰਦੇਸ਼ਾਂ ਦੇ ਬਾਵਜੂਦ ਲੋਕ-ਧਰਮ ਦੀ ਪੈਰਵੀ ਕਰਦਾ ਹੈ। ਖਾਸ ਹਾਲਾਤ ਵਿਚ ਪੰਜਾਬੀਆਂ ਦਾ ਲੋਕ ਧਰਮ ਵਾਲਾ ਰਵੱਈਆ ਵਿਸ਼ੇਸ਼ ਰੂਪ ਵਿਚ ਉੱਭਰ ਕੇ ਸਾਹਮਣੇ ਆਉਂਦਾ ਹੈ। ਪੰਜਾਬੀ ਲੇਖਕ ਬਲਦੇਵ ਸਿੰਘ ਧਾਲੀਵਾਲ ਕਿਸਾਨੀ ਮੋਰਚੇ ਦੇ ਸਹਿਚਾਰ ਅਤੇ ਮਿਲਵਰਤਨ ਨਾਲ ਲਬਰੇਜ਼ ਦ੍ਰਿਸ਼ਾਂ ਬਾਰੇ ਲਿਖਦੇ ਹਨ: “ਕਿਸਾਨੀ ਦਾ ਲੋਕ-ਧਰਮ ਪਹਿਲਾਂ ਕਿਤਾਬਾਂ ਵਿਚ ਪੜ੍ਹਿਆ ਸੀ, ਹੁਣ ਅੱਖੀਂ ਦੇਖ ਰਹੇ ਹਾਂ। ਕਿਸਾਨੀ ਸੰਘਰਸ਼ ਦੀ ਲੋਕ-ਸਿਆਣਪ ਹੈਰਾਨ ਕਰਨ ਵਾਲੀ ਤਾਂ ਹੈ ਹੀ, ਨਾਲ ਹੀ ਸਕੂਨ ਦੇਣ ਵਾਲੀ ਵੀ ਹੈ। ਪੜ੍ਹਿਆ ਇਹ ਸੀ ਕਿ ਕਿਸਾਨੀ ਉਂਝ ਤਾਂ ਲੋਕ ਧਰਮ ਦੀ ਪੈਰੋਕਾਰ ਹੀ ਹੁੰਦੀ ਹੈ ਪਰ ਸੰਕਟ ਦੇ ਸਮਿਆਂ ਵਿਚ, ਸੰਘਰਸ਼ ਦੇ ਦਿਨੀਂ ਇਸ ਲੋਕ-ਧਰਮ ਨੂੰ ਆਪਣੀ ਢਾਲ ਬਣਾ ਲੈਂਦੀ ਹੈ। ਇਸ ਤਰ੍ਹਾਂ ਉਹ ਸਮੂਹ ਧਾਰਮਿਕ ਅਤੇ ਸੰਪਰਦਾਇਕ ਮਾਨਤਾਵਾਂ ਦੇ ਪ੍ਰਗਤੀਸ਼ੀਲ ਤੱਤਾਂ ਨੂੰ ਆਪਣੀ ਲੋਕ-ਸਿਆਣਪ ਵਿੱਚ ਸਮੋ ਕੇ ਆਪਣੀ ਤਾਕਤ ਬਣਾ ਲੈਂਦੀ ਹੈ। ਗਦਰ ਲਹਿਰ ਵੇਲੇ ਅਤੇ ਸੁਤੰਤਰਤਾ ਸੰਗਰਾਮ ਸਮੇਂ ਵੀ ਇਹੀ ਵਾਪਰਿਆ ਸੀ ਅਤੇ ਹੁਣ ਵੀ ਸਾਰੇ ਧਾਰਮਿਕ ਚਿੰਨ੍ਹ, ਪ੍ਰਤੀਕ ਨਵੇਂ ਅਰਥਾਂ ਨਾਲ ਸੁਰਜੀਤ ਹੋ ਰਹੇ ਹਨ। ਜਿੱਤ ਦੇ ਨਿਸ਼ਾਨ ਇਉਂ ਹੀ ਗੱਡੇ ਜਾਂਦੇ ਹਨ।”

ਪੰਜਾਬੀ ਬੰਦੇ ਦੀ ਇਹ ਖਾਸੀਅਤ ਰਹੀ ਹੈ ਕਿ ਉਹ ਇਕਹਿਰੀ ਧਾਰਮਿਕ ਪਛਾਣ ਪ੍ਰਤੀ ਕੱਟੜ ਰਵੱਈਆ ਨਹੀਂ ਅਪਣਾਉਂਦਾ। ਪੰਜਾਬ ਵਿਚ ਲੋਕ ਪਰਸਪਰ ਸਹਿਣਸ਼ੀਲਤਾ ਨਾਲ ਰਹਿੰਦੇ ਅਤੇ ਵਿਚਰਦੇ ਹਨ। ਭਾਈਚਾਰਕ ਸਾਂਝ ਪੰਜਾਬ ਦੀ ਪਛਾਣ ਦਾ ਠੋਸ ਆਧਾਰ ਹੈ। ਇਸ ਲਈ ਅਨੰਤ ਫਿਰਕੂ ਝੱਖੜ ਝੁੱਲਣ ਦੇ ਬਾਵਜੂਦ ਪੰਜਾਬੀ ਬੰਦਾ ਆਪਣੇ ਅਸਲ ਆਪੇ ਸੰਗ ਖੜ੍ਹਾ ਹੈ। ਆਮ ਹਾਲਾਤ ਵਿਚ ਵੀ ਲੋਕ ਆਪਣੀ ਭਾਈਚਾਰਕ ਸਾਂਝ ਨਾਲ ਹੀ ਨਿਭਦੇ ਹਨ। ਪੰਜਾਬੀ ਬੰਦੇ ਦੇ ਮਨ ਵਿਚ ਹੋਰ ਧਰਮਾਂ ਪ੍ਰਤੀ ਕੋਈ ਵੈਰ-ਵਿਰੋਧ ਦੀ ਭਾਵਨਾ ਨਹੀਂ। ਕਿਸਾਨੀ ਮੋਰਚੇ ਵਿਚ ਵੀ ਇਹ ਧਾਰਮਿਕ ਤਰਲਤਾ ਧਰਨੇ ਦੇ ਖਾਸ ਲੱਛਣ ਵਜੋਂ ਉਭਰ ਕੇ ਸਾਹਮਣੇ ਆ ਰਹੀ ਹੈ। ਹਰਵਿੰਦਰ ਭੰਡਾਲ ਆਪਣੇ ਨਾਵਲ ‘ਮੈਲ਼ੀ ਮਿੱਟੀ’ ਵਿਚ ਲਿਖਦਾ ਹੈ, “ਉਂਝ ਪਿੰਡ ਦੇ ਲੋਕ ਪੂਰੇ ਧਰਮੀ-ਕਰਮੀ ਸਨ। ਹਰ ਪੱਤੀ ਦਾ ਆਪਣਾ ਗੁਰਦੁਆਰਾ ਸੀ ਤੇ ਪਿੰਡ ਦੇ ਥੋੜ੍ਹੇ ਜਿਹੇ ਹਿੰਦੂਆਂ ਲਈ ਛੋਟਾ ਜਿਹਾ ਮੰਦਰ। ਉਹ ਗੁੱਗਾ ਵੀ ਪੂਜਦੇ ਤੇ ਖਵਾਜਾ ਵੀ। ਪਿੰਡ ਦੇ ਬਾਹਰਵਾਰ ਮਜ਼ਬੀਆਂ, ਸਾਂਹਸੀਆਂ ਦੇ ਘਰ ਸਨ ਜਿਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਨੇ ਕੀ ਪੂਜਣਾ ਹੈ। ਵੈਸੇ ਬਾਕੀ ਲੋਕਾਂ ਨੂੰ ਵੀ ਕਿਹੜਾ ਪਤਾ ਸੀ? ਜਿਸ ਨੂੰ ਜਿੱਥੇ ਜਾਣ ਦਾ ਮੌਕਾ ਮਿਲਦਾ, ਉੱਥੇ ਹੀ ਚਲਾ ਜਾਂਦਾ ਤੇ ਮੱਥਾ ਟੇਕ ਦਿੰਦਾ।” ਪੰਜਾਬ ਵਿਚ ਧਾਰਮਿਕ ਵੰਡੀਆਂ ਦਾ ਠੋਸ ਆਧਾਰ ਨਹੀਂ ਰਿਹਾ। ਪੰਜਾਬ ਦੀ ਤਾਸੀਰ ਇਸ ਕਿਸਮ ਦੀਆਂ ਧਾਰਮਿਕ ਹੱਦਬੰਦੀਆਂ ਨੂੰ ਨਹੀਂ ਸਵੀਕਾਰਦੀ।

ਕਿਸਾਨੀ ਅੰਦੋਲਨ ਨੇ ਵੀ ਇਹੀ ਸਬਕ ਦਿੱਤਾ ਹੈ ਕਿ ਅਸੀਂ ਆਪਣੇ ਆਮ ਜੀਵਨ ਵਿਚ ਵੀ ਧਾਰਮਿਕ ਸਹਿਣਸ਼ੀਲਤਾ ਅਤੇ ਮਿਲਵਰਤਨ ਦਾ ਖ਼ਿਆਲ ਰੱਖੀਏ। ਪੰਜਾਬੀਅਤ ਦਾ ਧਰਮ ਨਿਭਾਉਂਦੇ ਹੋਏ ਪੰਜਾਬ ਦੀ ਵੱਖਰੀ ਪਛਾਣ ਅਤੇ ਧਾਰਮਿਕ ਵੰਨ-ਸਵੰਨਤਾ ਨੂੰ ਸਹਿਜ ਵਰਤਾਰੇ ਵਜੋਂ ਕਬੂਲੀਏ। ਇਸ ਤਰ੍ਹਾਂ ਕੋਈ ਮਾੜੀ ਤਾਕਤ ਪੰਜਾਬ ਦਾ ਵਾਲ ਵੀ ਵਿੰਗਾ ਨਹੀਂ ਕਰ ਸਕੇਗੀ ਅਤੇ ਪੰਜਾਬ ਦੀ ਸਾਂਝੀ ਤਾਕਤ ਸਭ ਮੈਦਾਨ ਫ਼ਤਹਿ ਕਰਨ ਦਾ ਆਧਾਰ ਬਣੇਗੀ।

ਸੰਪਰਕ: 99144-92258

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All