ਟੀਐੱਨ ਨੈਨਾਨ
ਟਾਟਾ ਗਰੁੱਪ ਅੱਠੋ-ਅੱਠ ਮਾਰ ਰਿਹਾ ਹੈ। ਇਕ ਸਾਲ ਤੋਂ ਕਾਰ ਬਾਜ਼ਾਰ ਵਿਚ ਟਾਟਾ ਮੋਟਰਜ਼ ਦੀ ਹਿੱਸੇਦਾਰੀ ਦੁੱਗਣੀ ਹੋ ਗਈ ਹੈ ਅਤੇ ਕੀਮਤਾਂ ਚੜ੍ਹਨ ਕਰ ਕੇ ਟਾਟਾ ਸਟੀਲ ਦੀਆਂ ਵੀ ਪੌ ਬਾਰਾਂ ਹਨ। ਟਾਟਾ ਕਨਸਲਟੈਂਸੀ ਸਰਵਿਸਜ਼ ਅਤੇ ਟਾਈਟਨ ਵੀ ਨਾਲੋ-ਨਾਲ ਦੌੜ ਲਾ ਰਹੀਆਂ ਹਨ। ਟਾਟਾ ਗਰੁੱਪ ਸਿਰ ਅਜੇ ਵੀ ਕਰਜ਼ੇ ਦਾ ਬਹੁਤ ਭਾਰੀ ਬੋਝ ਹੈ ਪਰ ਚੰਗੀ ਗੱਲ ਇਹ ਹੈ ਕਿ ਇਹ ਹਲਕਾ ਹੋ ਰਿਹਾ ਹੈ। ਨਿਵੇਸ਼ਕਾਂ ਅੰਦਰ ਉਤਸ਼ਾਹ ਦਾ ਮਾਹੌਲ ਹੈ; ਪਿਛਲੇ ਕਰੀਬ ਇਕ ਸਾਲ ਤੋਂ ਗਰੁੱਪ ਦੀ ਮਾਰਕਿਟ ਪੂੰਜੀਕਾਰੀ ਵਿਚ ਇਜ਼ਾਫ਼ਾ ਹੋ ਰਿਹਾ ਹੈ। ਕਿਸੇ ਵੇਲੇ ਗਰੁੱਪ ਦੀ ਬਾਜ਼ਾਰੀ ਕੀਮਤ ਦੀ ਕਰੀਬ 90 ਫ਼ੀਸਦ ਹਿੱਸੇਦਾਰੀ ਟੀਸੀਐੱਸ ਪਾਉਂਦੀ ਸੀ ਜੋ ਹੁਣ ਦੋ-ਤਿਹਾਈ ’ਤੇ ਆ ਗਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸਾਫਟਵੇਅਰ ਸਰਵਿਸਜ਼ ਕੰਪਨੀ ਹੁਣ ਗਰੁੱਪ ਦੀ ਇਕਲੌਤੀ ਕਮਾਊ ਕੰਪਨੀ ਨਹੀਂ ਰਹੀ। ਇਸ ਸਭ ਕਾਸੇ ਦੇ ਮੱਦੇਨਜ਼ਰ ਗਰੁੱਪ ਦੀ ਸਿਰਮੌਰ ਮੈਨੇਜਮੈਂਟ ਸ਼ਾਬਾਸ਼ ਦੀ ਹੱਕਦਾਰ ਹੈ।
ਇਸ ਦੀਆਂ ਹਾਲੀਆ ਪਹਿਲਕਦਮੀਆਂ ਦੀ ਬੇਤਹਾਸ਼ਾ ਰੇਂਜ ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ ਜਿਸ ਦੇ ਚਾਰ ਜਾਂ ਪੰਜ ਵਡੇਰੇ ਸ਼ੋਹਬੇ ਹਨ ਤੇ ਹਰ ਸ਼ੋਹਬੇ ਦੇ ਖ਼ਾਸ ਕਾਰੋਬਾਰ ਚੱਲਦੇ ਹਨ। ਟਾਟਾ ਗਰੁੱਪ ਮਾਲਵਾਹਕ ਜਹਾਜ਼ਾਂ, ਲੜਾਕੂ ਜਹਾਜ਼ਾਂ ਦੇ ਖੰਭਾਂ (ਵਿੰਗਜ਼) ਤੇ ਹੈਲੀਕਾਪਟਰਾਂ ਵਿਚ ਤੇਲ ਭਰਨ ਵਾਲੇ ਯੰਤਰ (ਫਿਊਸਿਲੇਜਜ਼), ਵੱਖ ਵੱਖ ਕਿਸਮ ਦੇ ਬਖ਼ਤਰਬੰਦ ਤੇ ਰੱਖਿਆ ਮੰਤਵਾਂ ਦੇ ਵਾਹਨਾਂ, ਆਰਟਿਲਰੀ ਗੰਨਾਂ, ਡਰੋਨ, ਨਵੀਨ ਤੱਤਾਂ (ਐਡਵਾਂਸਡ ਮੈਟੀਰੀਅਲਜ਼) ਅਤੇ ਸਹਾਇਕ ਹਥਿਆਰ ਪ੍ਰਣਾਲੀਆਂ ਦੇ ਨਿਰਮਾਣ ਦਾ ਨਿਸ਼ਾਨਾ ਲੈ ਕੇ ਰੱਖਿਆ ਤੇ ਏਅਰੋਸਪੇਸ ਖੇਤਰ ਵਿਚ ਉੱਤਰਿਆ ਹੈ। ਇਹੋ ਜਿਹੇ ਸਾਜ਼ੋ-ਸਾਮਾਨ ਤਿਆਰ ਕਰਨ ਵਾਸਤੇ ਮੋਹਰੀ ਨਿਰਮਾਣਕਾਰਾਂ ਨਾਲ ਹੱਥ ਮਿਲਾਉਣਾ ਪੈਣਾ ਜ਼ਰੂਰੀ ਹੁੰਦਾ ਹੈ। ਇਸ ਦੌਰਾਨ, ਇਸ ਨੇ ‘ਸੁਪਰ ਐਪ’ ਜ਼ਰੀਏ ਡਿਜੀਟਲ ਖੇਤਰ ਵਿਚ ਦਸਤਕ ਦਿੱਤੀ ਹੈ ਜਿਸ ਇਹ ਪ੍ਰਚੂਨ, ਸੈਰ-ਸਪਾਟਾ ਅਤੇ ਵਿੱਤੀ ਸੇਵਾਵਾਂ (ਇਹ ਵਾਲਾ ਅਜਿਹਾ ਖੇਤਰ ਹੈ ਜਿੱਥੇ ਪਹਿਲਾਂ ਇਹ ਨਾਕਾਮੀ ਦਾ ਸਵਾਦ ਚਖ਼ ਚੁੱਕਿਆ ਹੈ) ਜਿਹੇ ਖਪਤਕਾਰ ਮੁੁਖੀ ਕਾਰੋਬਾਰਾਂ ਦੀ ਰੇਂਜ ਪੇਸ਼ ਕਰਨਾ ਲੋਚਦੀ ਹੈ। ਕੰਪਨੀਆਂ ਦੀ ਖ਼ਰੀਦੋ-ਫ਼ਰੋਖ਼ਤ ਨਾਲ ਇਸ ਨੂੰ ਤੇਜ਼ ਸ਼ੁਰੂਆਤ ਕਰਨ ਵਿਚ ਮਦਦ ਮਿਲੀ ਹੈ।
ਤੀਜਾ, ਇਸ ਨੇ ਹੈਂਡਸੈਟ ਯੰਤਰ ਤੇ ਅਸੈਂਬਲੀ ਪਲਾਂਟ, ਨੈੱਟਵਰਕ ਯੰਤਰ ਕੰਪਨੀ ਵਿਚ ਨਿਵੇਸ਼ ਜ਼ਰੀਏ ਇਲੈਕਟ੍ਰੌਨਿਕਸ ਹਾਰਡਵੇਅਰ ਨਿਰਮਾਣ ਵਿਚ ਪੈਰ ਧਰਿਆ ਹੈ ਅਤੇ ਇਸ ਦਾ ਤਾਜ਼ਾਤਰੀਨ ਉਦਮ ਦਾ ਆਗਾਜ਼ ਚਿੱਪ ਨਿਰਮਾਣ ਵਿਚ ਹੋਇਆ ਹੈ। ਇਸ ਦੇ ਨਾਲ ਹੀ ਗਰੁੱਪ ਨੇ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੇ ਨਿਰਮਾਣ ਵਿਚ ਆਗੂ ਭੂਮਿਕਾ ਨਿਭਾਉਣ ਦਾ ਇਰਾਦਾ ਜ਼ਾਹਿਰ ਕੀਤਾ ਹੈ; ਤੇ ਬਿਨਾ ਸ਼ੱਕ, ਇਹ ਏਅਰ ਇੰਡੀਆ ਨੂੰ ਖਰੀਦਣਾ ਚਾਹੇਗਾ, ਭਾਵੇਂ ਇਸ ਨਾਲ ਇਸ ਦੇ ਏਵੀਏਸ਼ਨ ਪੋਰਟਫੋਲੀਓ (ਵਿਸਤਾਰਾ ਤੇ ਏਅਰ ਏਸ਼ੀਆ ਸਮੇਤ) ਵਿਚ ਘੜਮੱਸ ਦੀ ਹਾਲਤ ਹੀ ਕਿਉਂ ਨਾ ਬਣ ਜਾਵੇ।
ਇਨ੍ਹਾਂ ਸਭ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਇਨ੍ਹਾਂ ਪਹਿਲਕਦਮੀਆਂ ਦੀ ਰੇਂਜ ਦਾ ਮਤਲਬ ਇਹ ਨਿਕਲਦਾ ਹੈ ਕਿ ਗਰੁੱਪ ਅਜਿਹੇ ਪੰਧ ’ਤੇ ਝੰਡਾ ਗੱਡ ਰਿਹਾ ਹੈ ਜਿੱਥੇ ਵੱਖ ਵੱਖ ਦਿਓਕੱਦ ਆਲਮੀ ਕੰਪਨੀਆਂ ਨੇ ਧਾਂਕ ਜਮਾਈ ਹੋਈ ਹੈ, ਜਿਵੇਂ ਇੰਟੈਲ, ਸੈਮਸੰਗ, ਟੈਸਲਾ, ਹੁਆਵੇ, ਐਮੇਜ਼ਾਨ, ਵਾਲਮਾਰਟ ਆਦਿ। ਇਹ ਅਜਿਹੀਆਂ ਕੰਪਨੀਆਂ ਹਨ ਜਿਨ੍ਹਾਂ ਦਾ ਆਪੋ-ਆਪਣੇ ਉਦਮ ’ਤੇ ਫੋਕਸ ਰਿਹਾ ਹੈ ਜਦਕਿ ਟਾਟਾ ਦਾ ਮਾਮਲਾ ਇੰਝ ਨਹੀਂ ਹੈ। ਸੋਚ ਕੇ ਹੈਰਾਨੀ ਹੁੰਦੀ ਹੈ ਕਿ ਕਿਸੇ ਇਕ ਗਰੁੱਪ ਕੋਲ ਇਨ੍ਹਾਂ ਸਾਰੇ ਉਦਮਾਂ ਨੂੰ ਚਲਾਉਣ ਤੇ ਨਜਿੱਠਣ ਜੋਗੀ ਮਾਨਸਿਕ ਚੌਖਟਾ, ਵਿੱਤੀ ਤਾਕਤ ਤੇ ਖੋਜ ਬਜਟ ਹੋ ਸਕਦੇ ਹਨ।
ਇਹ ਵਿਰੋਧਾਭਾਸ ਜੱਗ ਜ਼ਾਹਰ ਹੈ: ਟਾਟਾ ਗਰੁੱਪ ਗੱਲਾਂ ਤਾਂ ਫੋਕਸ ਦੀਆਂ ਕਰ ਰਿਹਾ ਹੈ ਪਰ ਇਹ ਉਸੇ ਪੁਰਾਣੇ ਵੱਡ-ਸਮੂਹ ਵਾਂਗ ਹੀ ਵਿਚਰ ਰਿਹਾ ਹੈ। ਸੰਭਵ ਹੈ ਕਿ ਇਹ ਸਭ ਕੁਝ ਅਤਿ ਤਕਨੀਕੀ ਇੰਜਨੀਅਰਿੰਗ ਖੇਤਰਾਂ ਵਿਚ ਆਪਣੇ ਆਪ ਨੂੰ ਮੋਹਰੀ ਬਣਾਉਣ ਦੀ ਯੋਜਨਾ ਹੋਵੇ। ਖਾਦ ਤੇ ਸੀਮਿੰਟ ਜਿਹੀਆਂ ਜਿਣਸਾਂ ਵਿਚੋਂ ਇਸ ਦੀ ਰੁਖ਼ਸਤ ਨੂੰ ਇਸੇ ਯੋਜਨਾ ਦੀ ਲੜੀ ਦੇ ਤੌਰ ’ਤੇ ਦੇਖਿਆ ਜਾਂਦਾ ਹੈ ਪਰ ਸਟੀਲ ਵਿਚ ਬਣੇ ਰਹਿਣ ਨੂੰ ਇਸ ਦੇ ਖਿਲਾਫ਼ ਨਹੀਂ ਸਮਝਿਆ ਜਾਂਦਾ। ਇਸ ਤੋਂ ਇਲਾਵਾ ਜੋਖ਼ਮ ਵਾਲੀ ਗੱਲ ਇਹ ਹੈ ਕਿ ਗਹਿ-ਗੱਚ ਪੂੰਜੀ ਵਾਲੇ ਕਾਰੋਬਾਰਾਂ ਅੰਦਰ ਜੋਖ਼ਮ ਬਹੁਤ ਵਧ ਰਿਹਾ ਹੈ ਤੇ ਇਸ ਦੇ ਨਾਲ ਹੀ ਇਹ ਕਾਰੋਬਾਰ ਬਹੁਤ ਤੇਜ਼ੀ ਨਾਲ ਪ੍ਰਸੰਗਕਤਾ ਗੁਆ ਰਹੇ ਹਨ ਤੇ ਜੇ ਮੁਨਾਫ਼ੇ ਸੁੰਗੜਨ ਤੋਂ ਬਚਣਾ ਹੈ ਤਾਂ ਇਸ ਲਈ ਸਕੇਲ ਦੀ ਲੋੜ ਪਵੇਗੀ।
ਗਰੁੱਪ ਦੇ ਇਤਿਹਾਸ ਤੋਂ ਕੁਝ ਸਬਕ ਲਏ ਜਾ ਸਕਦੇ ਹਨ। ਟਾਈਟਨ ਤੇ ਟਾਟਾ ਐਲਕਸੀ ਜਿਹੇ ਖਪਤਕਾਰ ਮੁਖੀ ਉਦਮਾਂ ਵਿਚ ਮੌਜੂਦਾ ਤੇ ਹਾਲੀਆ ਦਿਨਾਂ ਵਿਚ ਸਫ਼ਲਤਾਵਾਂ ਮਿਲੀਆਂ ਹਨ; ਐਲਕਸੀ ਦੇ ਸ਼ੇਅਰ ਦੀ ਕੀਮਤ ਇਕ ਸਾਲ ਵਿਚ ਚਾਰ ਗੁਣਾ ਵਧ ਗਈ ਹੈ। ਪਹਿਲਾਂ, ਸਟੀਲ ਨਿਰਮਾਣ ਲਈ ਕੱਚਾ ਲੋਹਾ, ਕੋਲਾ ਅਤੇ ਚੂਨੇ, ਕੱਪੜਾ ਮਿੱਲਾਂ ਵਾਸਤੇ ਨਰਮਾ ਅਤੇ ਪਣ-ਬਿਜਲੀ ਪੈਦਾ ਕਰਨ ਲਈ ਪਾਣੀ ਜਿਹੇ ਮੁਕਾਮੀ ਤੌਰ ’ਤੇ ਉਪਲਬਧ ਸਰੋਤਾਂ ਦੀ ਕੀਮਤ ਵਿਚ ਵਾਧੇ ਲਈ ਸਾਂਝੇ ਉਦਮਾਂ ’ਤੇ ਜ਼ੋਰ ਦਿੱਤਾ ਜਾਂਦਾ ਸੀ। ਉਂਝ, ਸਮਝੌਤੇ ਸਿਰੇ ਚਾੜ੍ਹਨ ਦਾ ਪਿਛਲਾ ਦੌਰ ਕੋਈ ਸ਼ਾਨਦਾਰ ਸਿੱਟੇ ਨਹੀਂ ਕੱਢ ਸਕਿਆ ਸੀ। ਟਾਟਾ ਗਰੁੱਪ ਵਲੋਂ ਕੰਪਨੀਆਂ ਦੀ ਖਰੀਦੋ-ਫ਼ਰੋਖ਼ਤ ਵਿਚ ਯੂਰਪ ਵਿਚ ਇਕ ਸਟੀਲ ਕੰਪਨੀ, ਬਰਤਾਨੀਆ ਵਿਚ ਦੋ ਲਗਜ਼ਰੀ ਕਾਰ ਕੰਪਨੀਆਂ, ਵਿਦੇਸ਼ ਵਿਚਲਾ ਇਕ ਸ਼ਾਨਦਾਰ ਹੋਟਲ, ਇੰਡੋਨੇਸ਼ੀਆ ਵਿਚ ਕੋਲਾ ਖਾਣਾਂ ਆਦਿ ਗਿਣੀਆਂ ਜਾਂਦੀਆਂ ਹਨ ਤੇ ਇਨ੍ਹਾਂ ਸਭ ਨਾਲ ਦੁੱਖ ਭਰੀ ਦਾਸਤਾਨ ਜੁੜੀ ਹੋਈ ਹੈ ਜਦਕਿ ਟੈਲੀਕਾਮ ਖੇਤਰ ਵਿਚ ਇਸ ਦੇ ਹੱਥੋਂ ਭਾਰੀ ਗੜਬੜ ਹੋਈ ਸੀ। ਹਵਾਬਾਜ਼ੀ ਵਿਚ ਟਾਟਾ ਗਰੁੱਪ ਹਾਲੇ ਵੀ ਛੋਟਾ ਜਿਹਾ ਖਿਡਾਰੀ ਹੈ, ਠੀਕ ਉਵੇਂ ਜਿਵੇਂ ਇਹ ਘਰੇਲੂ ਕਾਰ ਕਾਰੋਬਾਰ ਵਿਚ ਹੈ। ਇੰਡੀਗੋ ਅਤੇ ਮਾਰੂਤੀ ਜਿਹੇ ਕੇਂਦਰਤ ਖਿਡਾਰੀਆਂ ਨੇ ਇਨ੍ਹਾਂ ਬਾਜ਼ਾਰਾਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ।
ਇਸ ਪਿਛੋਕੜ ਵਿਚ ਉਹ ਕਿਹੜਾ ਤਰਕ ਹੈ ਜੋ ਅੱਜਕੱਲ੍ਹ ਕਾਰਆਮਦ ਹੋ ਰਿਹਾ ਹੈ? ਰੱਖਿਆ ਖੇਤਰ ਵਿਚ ਵਿਦੇਸ਼ੀ ਭਿਆਲਾਂ ਜਾਂ ਸਰਕਾਰ ਤੋਂ ਪੱਕੀ-ਠੱਕੀ ਖਰੀਦਾਰੀ ਹੋਣ ਦਾ ਫ਼ਾਇਦਾ ਹੈ। ਜਿੱਥੋਂ ਤੱਕ ਹੈਂਡਸੈੱਟਾਂ ਦਾ ਸਵਾਲ ਹੈ ਤਾਂ ਜੇ ਆਲਮੀ ਸਕੇਲ ਹੋਵੇ ਤਾਂ ਘਰੇਲੂ ਬਾਜ਼ਾਰ ਦਾ ਵੀ ਫ਼ਾਇਦਾ ਮਿਲਦਾ ਹੈ ਪਰ ਇਸ ਖੇਤਰ ਵਿਚ ਭੀੜ ਵਧ ਰਹੀ ਹੈ। ਸਾਰੇ ਤਾਂ ਨਹੀਂ ਪਰ ਬਾਕੀ ਦੇ ਕੁਝ ਉਦਮਾਂ ਲਈ ਫਹੁੜੀਆਂ ਦੀ ਲੋੜ ਪੈਂਦੀ ਹੈ। ਸਰਕਾਰ ਨਕਦੀ ਤੇ ਨਾਲ ਹੀ ਦਰਾਂ ਦੀ ਸੁਰੱਖਿਆ ਦੇ ਰੂਪ ਵਿਚ ਵੱਡੇ ਗੱਫ਼ੇ ਦੇ ਰਹੀ ਹੈ ਪਰ ਇਹ ਸਭ ਕੁਝ ਕਿੰਨੀ ਕੁ ਦੇਰ ਚੱਲੇਗਾ? ਮੁੱਦਾ ਇਹ ਹੈ ਕਿ ਜ਼ਰੂਰੀ ਨਹੀਂ ਕਿ ਉਹ ਹਰ ਕਾਰੋਬਾਰ ਜਿਹੜਾ ਅਵਸਰ ਨਜ਼ਰ ਆਉਂਦਾ ਹੈ ਜਾਂ ਜਿਸ ਨੂੰ ਸਰਕਾਰ ਹੱਲਾਸ਼ੇਰੀ ਦੇ ਰਹੀ ਹੋਵੇ, ਉਸ ਵਿਚ ਤੁਹਾਨੂੰ ਕੁੱਦ ਜਾਣਾ ਚਾਹੀਦਾ ਹੈ। ਲੰਮੇ ਦਾਅ ਦੇ ਲਾਭ ਲਈ ਆਪਣੇ ਆਪ ਨੂੰ ਕਾਰੋਬਾਰ ਦੇ ਯੋਗ ਸਿੱਧ ਕਰਨਾ ਪੈਂਦਾ ਹੈ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ। 1980ਵਿਆਂ ਅਤੇ 1990 ਵਿਚ ਉਹ ‘ਬਿਜ਼ਨਸ ਵਰਲਡ’ ਅਤੇ ‘ਇਕਨਾਮਿਕ ਟਾਈਮਜ਼’ ਦਾ ਸੰਪਾਦਕ ਰਿਹਾ, 1992 ਤੋਂ ਬਾਅਦ ‘ਬਿਜ਼ਨਸ ਸਟੈਂਡਰਡ’ ਦਾ ਪ੍ਰਮੁੱਖ ਸੰਪਾਦਕ ਬਣਿਆ ਅਤੇ ਮਗਰੋਂ ਇਸ ਗਰੁੱਪ ਦਾ ਚੇਅਰਮੈਨ ਰਿਹਾ।