ਡਾ. ਸ਼ਿਆਮ ਸੁੰਦਰ ਦੀਪਤੀ
ਦਵਾ ਕੰਪਨੀਆਂ ਦਾ ਗਲਬਾ ਹੁਣ ਕਿਸੇ ਇਕ ਮੁਲਕ ਤੱਕ ਸੀਮਤ ਨਹੀਂ ਹੈ। ਇਹ ਹੁਣ ਸੰਸਾਰ ਸਿਹਤ ਸੰਸਥਾ ਦੇ ਜ਼ਰੀਏ ਸਾਰੇ ਸੰਸਾਰ ’ਤੇ ਹੈ। ਅੰਦਾਜ਼ਾ ਲਗਾਓ, ਬਲੱਡ ਸ਼ੂਗਰ ਦੀ ਬਿਮਾਰੀ ਦੀ ਸੀਮਾ ਜੋ ਕਦੇ 120 ਸੀ, ਹੁਣ 105 ਹੈ; ਇਸੇ ਤਰ੍ਹਾਂ ਕੋਲੈਸਟਰੋਲ ਨੂੰ ਲੈ ਕੇ 200-250 ਕਾਫੀ ਸਮਾਂ ਰਹੀ ਸੀਮਾ ਹੁਣ 150-200 ਹੈ। ਇਹ ਸੀਮਾ ਤੈਅ ਕੌਣ ਕਰਦਾ ਹੈ?
ਦਵਾਈਆਂ ਦਾ ਸੰਸਾਰ ਬਾਜ਼ਾਰ, ਹਥਿਆਰਾਂ ਦੇ ਬਾਜ਼ਾਰ ਤੋਂ ਬਾਅਦ ਦੂਜੇ ਨੰਬਰ ਦੇ ਮੁਨਾਫੇ ਵਾਲਾ ਹੈ। ਦਵਾਈਆਂ ਵੀ ਹਥਿਆਰ ਹਨ ਜੋ ਬਿਮਾਰੀਆਂ ਨਾਲ ਲੜਨ ਲਈ ਸੁਖਾਵੇਂ ਹਾਲਾਤ ਪੈਦਾ ਕਰਦੇ ਹਨ। ਹਥਿਆਰਾਂ ਦੀ ਇਸ ਸਮਝ ਤਹਿਤ ਜਿਸ ਤਰ੍ਹਾਂ ਜੰਗੀ ਹਥਿਆਰ ਬਣਾਉਣ ਵਾਲੇ ਮੁਲਕ/ਸਰਮਾਏਦਾਰ ਕਾਰੋਬਾਰੀ ਚਾਹੁੰਦੇ ਹਨ ਕਿ ਦੁਨੀਆ ਵਿਚ ਕਿਤੇ ਨਾ ਕਿਤੇ ਜੰਗ ਲੱਗੀ ਰਹੇ, ਉਸੇ ਤਰ੍ਹਾਂ ਦਵਾਈਆਂ ਦੇ ਕਾਰੋਬਾਰੀ ਵੀ ਚਾਹੁੰਦੇ ਹਨ, ਬਿਮਾਰੀਆਂ ਚਲਦੀਆਂ ਰਹਿਣ। ਇਹ ਸਰਮਾਏਦਾਰੀ ਸੋਚ ਹੈ ਜਿਸ ਤਹਿਤ ਨਵੇਂ ਬਾਜ਼ਾਰ ਲੱਭੇ ਜਾਂਦੇ ਹਨ ਜਾਂ ਪੈਦਾ ਕੀਤੇ ਜਾਂਦੇ ਹਨ, ਭਾਵੇਂ ਉਹ ਕੋਈ ਵੀ ਸਮਾਨ ਬਣਾਉਣ, ਸਾਬਣ ਸੈਂਪੂ ਤੋਂ ਲੈ ਕੇ ਦਵਾਈਆਂ ਤੱਕ।
ਹਥਿਆਰਾਂ ਵਾਲੇ ਅਮਨ-ਅਮਾਨ ਵਾਲੇ ਸਮਿਆਂ ਵਿਚ ਵੀ ਹਥਿਆਰ ਖਰੀਦਣ ਦੀ ਗੱਲ ਕਰਦੇ ਹਨ। ਇਹ ਸਮਝ ਜਾਂ ਨਾਅਰਾ ਸਰਮਾਏਦਾਰੀ ਬਾਜ਼ਾਰ ਵਿਚੋਂ ਹੀ ਨਿਕਲਿਆ ਜਾਪਦਾ ਹੈ ਕਿ ਜੇ ਤੁਸੀਂ ਅਮਨ ਨਾਲ ਰਹਿਣਾ ਚਾਹੁੰਦੇ ਹੋ ਤਾਂ ਜੰਗ ਲਈ ਤਿਆਰ ਰਹੋ। ਆਪਣੇ ਸਿਰ ਥੱਲੇ ਪਿਸਤੌਲ ਰੱਖ ਕੇ ਸੋਵੋ ਜੋ ਆਪਾ-ਵਿਰੋਧੀ ਮਤ ਹੈ। ਇਹੀ ਸੋਚ ਦਵਾਈ ਕੰਪਨੀਆਂ ਦਾ ਰਾਹ ਦਸੇਰਾ ਹੈ ਕਿ ਜੇ ਦਵਾਈਆਂ ਦੇ ਲੜ ਲੱਗੇ ਰਹੋਗੇ ਤਾਂ ਬਿਮਾਰ ਨਹੀਂ ਹੋਵੇਗੇ। ਮੈਡੀਕਲ ਵਿਗਿਆਨ ਵਿਚ ਹੁਣ ਕੁਝ ਬਿਮਾਰੀਆਂ ਨੂੰ ਲੈ ਕੇ ਇਹ ਮੱਦ ਜੁੜ ਗਈ ਹੈ ਕਿ ਚਾਲੀ ਸਾਲ ਤੋਂ ਬਾਅਦ ਆਪਣਾ ਨਿਯਮਿਤ ਚੈੱਕਅੱਪ ਕਰਵਾਓ ਤੇ ਬਿਮਾਰੀ ਨੂੰ ਛੇਤੀ ਫੜ ਕੇ ਨਿਯਮਿਤ ਦਵਾਈ ਖਾਉ।
ਹਥਿਆਰ ਵੀ ਆਤਮ ਰੱਖਿਆ ਦੀ ਦੁਹਾਈ ਦਿੰਦੇ ਹਨ, ਤੇ ਜਾਂ ਕਿਸੇ ਹੋਰ ਤੇ ਜਿ਼ਆਦਤੀ ਹੋ ਰਹੀ ਹੋਵੇ ਤਾਂ ਉਦੋਂ ਵਰਤਣ ਲਈ ਹੈ। ਹਥਿਆਰਾਂ ਵਾਂਗ ਹੁਣ ਦਵਾਈਆਂ ਵੀ ਆਤਮ ਰੱਖਿਆ ਲਈ ਹਨ, ਇਹ ਵਰਤਾਰਾ ਸ਼ੁਰੂ ਹੋ ਗਿਆ ਹੈ। ਬਿਮਾਰੀ ਤੋਂ ਪਹਿਲਾਂ ਦਵਾਈ, ਵੈਕਸੀਨ ਦਾ ਕੰਮ ਉਹੀ ਤਾਂ ਹੈ।
ਦਵਾਈਆਂ ਦੇ ਖੋਜ ਇਤਿਹਾਸ ’ਚ ਜਾਈਏ ਤਾਂ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਹ ਜ਼ਿੰਦਗੀ ’ਚੋਂ ਤਕਲੀਫ਼ ਦੂਰ ਕਰਨ ਦਾ ਜ਼ਰੀਆ ਹਨ। ਦਰਦ ਮੈਡੀਕਲ ਵਿਗਿਆਨ ਵਿਚ ਫਾਇਦੇਮੰਦ ਲੱਛਣ ਮੰਨਿਆ ਜਾਂਦਾ ਹੈ, ਜਦੋਂ ਕੋਈ ਇਸ ਤੋਂ ਰਾਹਤ ਲਈ ਹੱਥ ਪੈਰ ਮਾਰਦਾ ਹੈ ਤੇ ਸਰਗਰਮ ਹੋ ਕੇ ਕੋਈ ਰਾਹ ਲੱਭਦਾ ਹੈ। ਮਨੁੱਖ ਦੇ ਮੁਢਲੇ ਵਿਕਾਸ ਦਾ ਕੇਂਦਰ ‘ਤੀਰ ਤੁਕਾ’ ਰਿਹਾ ਹੈ; ਫਿਰ ਉਸ ਨੂੰ ਦੁਹਰਾਇਆ ਗਿਆ ਤੇ ਅਪਣਾਇਆ ਗਿਆ। ਅਜਿਹੇ ਲਾਭਕਾਰੀ ਟੋਟਕੇ ਅੱਜ ਵੀ ਜ਼ੁਬਾਨੀ ਜਾਰੀ ਹਨ। ਇਕ ਹੋਰ ਪਹਿਲੂ ਵਿਚਾਰਨਯੋਗ ਹੈ ਕਿ ਮਨੁੱਖੀ ਸਰੀਰ ਵਿਚ ਸਵੈ-ਮੁਰੰਮਤ ਜਾਂ ਆਪਣੇ ਆਪ ਠੀਕ ਹੋਣ ਦਾ ਗੁਣ ਹੈ। ਇਹ ਸੁਰੱਖਿਆ ਪ੍ਰਣਾਲੀ ਹੈ ਜੋ ਬਿਮਾਰੀ ਹੋਣ ਤੋਂ ਰੋਕਦੀ ਵੀ ਹੈ ਤੇ ਬਿਮਾਰ ਹੋਣ ਤੇ ਖੁਦ ਠੀਕ ਵੀ ਕਰ ਦਿੰਦੀ ਹੈ।
ਉਂਜ, ਜਿਉਂ ਜਿਉਂ ਬਿਮਾਰੀ ਤੇ ਸਿਹਤ ਵਿਗਿਆਨ, ਵਿਗਿਆਨੀਆਂ ਦੇ ਹੱਥੋਂ ਸਰਮਾਏਦਾਰਾਂ ਤੇ ਕਾਰੋਬਾਰੀਆਂ ਦੇ ਨਾਲ ਜੁੜਿਆ ਤਾਂ ਇਸ ਦਾ ਰੂਪ ਬਦਲਣਾ ਸ਼ੁਰੂ ਹੋ ਗਿਆ।
ਭਾਰਤੀ ਪਰੰਪਰਾ ਦੀ ਪ੍ਰਣਾਲੀ ਆਯੁਰਵੇਦ ਜਿਸ ਦਾ ਅਰਥ ਜੀਵਨ ਦਾ ਵਿਗਿਆਨ ਹੈ, ਬਿਮਾਰੀ ਨੂੰ ਘੱਟ ਤਵੱਜੋ ਦਿੰਦੀ ਹੈ, ਬਚਾਅ ਨੂੰ ਵੱਧ; ਪਰ ਉਸ ਪਰੰਪਰਾ ਨੂੰ ਦੇਵੀ ਦੇਵਤਿਆਂ ਨਾਲ ਜੋੜ ਕੇ, ਜਜ਼ਬਾਤੀ ਬਣਾ ਕੇ ਰੱਖਿਆ। ਵਿਦੇਸ਼ੀ ਦਵਾ ਪ੍ਰਣਾਲੀ, ਅੰਗਰੇਜ਼ ਲਿਆਏ ਜੋ ਵਿਗਿਆਨਕ ਲੀਹਾਂ ਤੇ ਉਸਾਰੀ ਅਤੇ ਲਗਾਤਾਰ ਖੋਜ ਰਾਹੀਂ ਵਿਕਸਿਤ ਹੋਈ, ਭਾਰਤੀ ਪਰੰਪਰਾ ਨੂੰ ਇਕ ਪਾਸੇ ਧੱਕ ਦਿੱਤਾ ਅਤੇ ਅੱਜ ਪੂਰੀ ਦੁਨੀਆ ਇਸ ਦੀ ਜਕੜ ਵਿਚ ਹੈ ਕਿ ਖੋਜ ਅਤੇ ਬਾਜ਼ਾਰ ਦੇ ਨਾਂ ਤੇ ਇਸ ਦਾ ਦਬਦਬਾ ਹੈ। ਸਿਹਤ ਅਤੇ ਮੈਡੀਸਨ ਦੇ ਭਾਰਤੀ ਦੇਵਤਾ ‘ਧਨਵੰਤਰੀ’ ਨੂੰ ਧਨਤੇਰਸ ਵਿਚ ਬਦਲ ਕੇ ਸੋਨਾ ਜਾਂ ਅਜਿਹੇ ਹੋਰ ਧਾਤੂ ਦੀ ਖਰੀਦਦਾਰੀ ਨਾਲ ਜੋੜ ਲਿਆ ਅਤੇ ਸਿਹਤ ਬਾਰੇ ਵਿਚਾਰ ਚਰਚਾ ਨੂੰ ਵੀ ਅਸੀਂ ਖੁਦ ਕਿਨਾਰੇ ਕਰ ਲਿਆ।
ਸਵਾਲ ਸੀ ਜ਼ਿੰਦਗੀ ਵਿਚੋਂ ਤਕਲੀਫ਼ ਖਤਮ ਕਰਨ ਦਾ, ਨਾ ਕਿ ਇਸ ਦਰਦ ਨੂੰ ਲਮਕਾ ਕੇ ਫਾਇਦਾ ਲੈਣ ਦਾ। ਫਾਇਦਾ ਸਰਮਾਏਦਾਰੀ ਦਾ ਮੂਲ ਮੰਤਰ ਹੈ। ਉਸ ਨੂੰ ਦਰਦ/ਤਕਲੀਫ ਪਰੇਸ਼ਾਨ ਨਹੀਂ ਕਰਦੇ ਕਿਉਂਕਿ ਇਸ ਦੇ ਜ਼ਰੀਏ ਹੀ ਉਸ ਨੇ ਧਨਾਢ ਹੋਣਾ ਹੈ। ਇਕ ਘਟਨਾ ਹੈ: ਦਵਾਈ ਕੰਪਨੀ ਦਾ ਏਜੰਟ ਡਾਕਟਰ ਨੂੰ ਆਪਣੀ ਦਵਾਈ ਲਿਖਣ ਦੀ ਗੁਜ਼ਾਰਿਸ਼ ਕਰ ਰਿਹਾ ਹੈ। ਡਾਕਟਰ ਕਹਿੰਦਾ ਹੈ- ਇਹ ਦਵਾ ਲਿਖੀ ਜਾ ਰਹੀ ਹੈ, ਕਾਫ਼ੀ ਮਕਬੂਲ ਹੈ। ਏਜੰਟ ਕਹਿੰਦਾ ਹੈ- ਥੋੜ੍ਹੀ ਹੋਰ ਵਧਾਉ, ਕੰਪਨੀ ਨੇ ਦਸ ਫੀਸਦੀ ਟੀਚਾ (ਟਾਰਗੈੱਟ) ਹੋਰ ਵਧਾ ਦਿੱਤਾ ਹੈ; ਟੀਚਾ, ਭਾਵ ਬਿਨਾ ਲੋੜ ਤੋਂ ਦਵਾ ਲਿਖਣੀ ਜਾਂ ਲੋੜ ਪੈਦਾ ਕਰਨੀ। ਦੁਨੀਆ ਵਿਚ ਸਭ ਤੋਂ ਵੱਧ ਵਿਕਣ ਵਾਲੀ ਦਵਾਈ ‘ਐਟੀਏਸਿਡ’ ਹੈ, ਤੇਜ਼ਾਬ ਪੈਦਾ ਨਾ ਹੋਣ ਦੇਣ ਵਾਲੀ। ਡਾਕਟਰ ਸਮਝਦਾ ਹੈ ਕਿ ਸਾਰੀਆਂ ਦਵਾਈਆਂ ਹੀ ਤੇਜ਼ਾਬ ਪੈਦਾ ਕਰਦੀਆਂ ਹਨ, ਇਸ ਲਈ ਇਹ ਲਿਖਣ ਵਿਚ ਕੋਈ ਹਰਜ ਨਹੀਂ। ਦੂਜੀ ਹੈ ਬੀ ਕੰਪਲੈਕਸ, ਭਾਵ ਤਾਕਤ ਦੀ ਦਵਾਈ।
ਇਥੇ ਫਿਰ ਇਕ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਜੋ ਸਰਮਾਏਦਾਰ ਡਾਕਟਰ ਨੂੰ ਦਵਾ ਲਿਖਣ ਦਾ ਹਿੱਸੇਦਾਰ ਬਣਾਉਂਦਾ ਹੈ, ਉਹ ਡਾਕਟਰਾਂ ਨੂੰ ਤੋਹਫੇ ਦਿੰਦਾ ਹੈ, ਵਿਦੇਸ਼ਾਂ ਦੀ ਸੈਰ ਕਰਵਾਉਂਦਾ ਹੈ, ਕਾਨਫਰੰਸਾਂ ਲਈ ਮਦਦ ਕਰਦਾ ਹੈ ਜਾਂ ਕਿਤੇ ਕਿਤੇ ਸਿੱਧਾ ਕਮਿਸ਼ਨ ਵੀ ਦਿੰਦਾ ਹੈ। ਸਾਡੇ ਇਕ ਪ੍ਰੋਫੈਸਰ ਪੰਜ ਦਹਾਕੇ ਪਹਿਲਾਂ ਗੱਲ ਸੁਣਾਉਂਦੇ ਸੀ: ‘ਜੇ ਡਾਕਟਰ ਇਕ ਦਵਾ ਲਿਖਦਾ ਹੈ ਤਾਂ ਮਤਲਬ ਉਸ ਨੇ ਬਿਮਾਰੀ ਫੜ ਲਈ ਹੈ, ਜੇ ਦੋ ਦਵਾਈਆਂ ਲਿਖਦਾ ਹੈ ਤਾਂ ਅਜੇ ਉਸ ਨੂੰ ਪੂਰਾ ਯਕੀਨ ਨਹੀਂ ਹੈ, ਤੇ ਜੇ ਤਿੰਨ ਲਿਖੇ ਤਾਂ ਸਮਝੋ ਉਹ ਭੰਬਲਭੂਸੇ ਵਿਚ ਹੈ ਤੇ ਇਸ ਤੋਂ ਵੱਧ ਲਿਖੇ ਤਾਂ ਪੱਕਾ ਦਵਾ ਕੰਪਨੀ ਦਾ ਏਜੰਟ ਹੈ।’
ਦਵਾਈ ਦਾ ਰਿਸ਼ਤਾ ਬਿਮਾਰੀ ਨਾਲ ਹੈ, ਸਿਹਤ ਨਾਲ ਹੈ ਤੇ ਨਾਲ ਹੀ ਬਾਜ਼ਾਰ ਨਾਲ ਵੀ, ਜਦੋਂ ਸਰਕਾਰਾਂ ਲੋਕਾਂ ਨੂੰ ਆਪਣੇ ਹਾਲ ਤੇ ਛੱਡ ਦੇਣ। ਦਵਾਈ ਆਪ ਪੈਸਾ ਖਰਚ ਕੇ ਬਾਜ਼ਾਰੋਂ ਮਿਲਦੀ ਹੈ। ਇਸ ਦਾ ਇਕ ਹੋਰ ਪਾਸਾ ਹੈ ਕਿ ਬਿਮਾਰੀਆਂ ਵੱਧ ਅਤੇ ਵਾਰ ਵਾਰ ਕਿਸ ਨੂੰ ਹੁੰਦੀਆਂ ਹਨ। ਨਿਸ਼ਚਿਤ ਹੀ ਜਿਸ ਦੀ ਸੁਰੱਖਿਆ ਪ੍ਰਣਾਲੀ ਕਮਜ਼ੋਰ ਹੈ, ਜਿਸ ਕੋਲ ਖਾਣ ਲਈ ਲੋੜੀਂਦੀ ਪੌਸ਼ਟਿਕ ਖੁਰਾਕ ਨਹੀਂ ਹੈ; ਕਹਿ ਲਓ ਗਰੀਬ ਲੋਕ।
ਇਥੇ ਇਕ ਹੋਰ ਪਹਿਲੂ ਵਿਚਾਰਨ ਵਾਲਾ ਹੈ ਕਿ ਅਜੋਕੇ ਸਮੇਂ ਵਿਚ ਸਾਫ਼ ਸਪੱਸ਼ਟ ਅਮੀਰ ਗਰੀਬ ਦੀਆਂ ਬਿਮਾਰੀਆਂ ਦੀ ਸੂਚੀ ਹੈ, ਭਾਵੇਂ ਰਾਜਨੀਤੀਵਾਨ ਕਹਿੰਦੇ ਹਨ ਕਿ ਬਿਮਾਰੀ ਅਮੀਰ ਗਰੀਬ ਨਹੀਂ ਦੇਖਦੀ ਪਰ ਡਾਕਟਰੀ ਇਲਾਜ ਤਾਂ ਜੇਬ ਦੇਖਦਾ ਹੀ ਹੈ। ਫਿਰ ਵੀ ਟੀਬੀ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਬਹੁਤਾਤ ਵਿਚ ਗਰੀਬਾਂ ਨੂੰ ਹੁੰਦੀਆਂ ਹਨ ਤੇ ਮੋਟਾਪਾ, ਸ਼ੂਗਰ ਰੋਗ, ਦਿਲ ਦੀਆਂ ਬਿਮਾਰੀਆਂ ਦਾ ਜਿ਼ਆਦਾ ਹਮਲਾ ਰੱਜੇ ਪੁੱਜੇ ਲੋਕਾਂ ਤੇ ਹੁੰਦਾ ਹੈ। ਇਹ ਗੱਲ ਉਭਾਰਨ ਦਾ ਮਤਲਬ ਇਹ ਹੈ ਕਿ ਵਪਾਰੀ, ਕਾਰੋਬਾਰੀ, ਕਾਰਪੋਰੇਟ, ਦਵਾਈ ਕੰਪਨੀਆਂ ਬਾਜ਼ਾਰ ਮੁਤਾਬਿਕ ਚੀਜ਼ਾਂ ਬਣਾਉਂਦੇ ਅਤੇ ਖੋਜ ਕਰਵਾਉਂਦੇ ਹਨ। ਪਿਛਲੇ ਕਈ ਸਾਲਾਂ ਦੇ ਖੋਜ ਕਾਰਜਾਂ ਤੇ ਨਜ਼ਰ ਮਾਰ ਕੇ ਦੇਖੋ, ਸ਼ੂਗਰ ਅਤੇ ਬਲੈੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਲੈ ਕੇ ਖੋਜ ਹਮੇਸ਼ਾ ਚੱਲਦੀ ਰਹਿੰਦੀ ਹੈ। ਹਰ ਦੋ ਤਿੰਨ ਸਾਲਾਂ ਬਾਅਦ ਕੋਈ ਨਾ ਕੋਈ ਨਵੀਂ ਦਵਾ ਆ ਜਾਂਦੀ ਹੈ ਜਦੋਂ ਕਿ ਟੀਬੀ ਅਤੇ ਮਲੇਰੀਆ ਨੂੰ ਲੈ ਕੇ ਸਾਲਾਂਬੱਧੀ ਖੋਜ ਨਹੀਂ ਹੁੰਦੀ। ਇਹ ਤੱਥ ਹੈ ਕਿ ਖੋਜ ਲਈ ਨਿਸ਼ਚਿਤ 90 ਫੀਸਦੀ ਪੈਸਾ ਅਮੀਰਾਂ ਦੀਆਂ ਬਿਮਾਰੀਆਂ ਨੂੰ ਲੈ ਕੇ ਚਾਹੀਦੇ ਇਲਾਜ ਤੇ ਵਰਤਿਆ ਜਾਂਦਾ ਹੈ।
ਬਾਜ਼ਾਰ ਦੇ ਮੱਦੇਨਜ਼ਰ ਇਕ ਹੋਰ ਪਹਿਲੂ ਕਿ ਕਿਸੇ ਵੀ ਬਿਮਾਰੀ ਲਈ ਦਵਾਈ ਦਿੱਤੀ ਜਾਵੇ ਤੇ ਫਿਰ ਉਸ ਦਵਾਈ ਦੇ ਫਾਇਦੇ ਦੇ ਨਾਲ ਕੋਈ ਬੁਰਾ ਅਸਰ ਵੀ ਨਜ਼ਰ ਆਵੇ ਤਾਂ ਡਾਕਟਰ ਉਸ ਪ੍ਰਭਾਵ ਨੂੰ ਘੱਟ ਕਰਨ ਲਈ ਇਕ ਹੋਰ ਦਵਾਈ ਜੋੜ ਦਿੰਦਾ ਹੈ, ਜਿਵੇਂ ਤੇਜ਼ਾਬ ਲਈ ਗੋਲੀ; ਤੇ ਇਹ ਸਿਲਸਿਲਾ ਚਲਦਾ ਰਹਿੰਦਾ ਹੈ ਜਦੋਂ ਕਿ ਖੋਜ ਮੁਢਲੀ ਦਵਾ ’ਤੇ ਹੋਣੀ ਚਾਹੀਦੀ ਹੈ।
ਉਂਜ ਵੀ ਮਰੀਜ਼ ਨੂੰ ਬਹੁਤੀ ਵਾਰ ਲੱਛਣਾਂ ਦੇ ਆਧਾਰ ਤੇ ਦਵਾਈ ਦਿੱਤੀ ਜਾਂਦੀ ਹੈ; ਲੋੜ ਹੁੰਦੀ ਹੈ ਕਿ ਤਕਲੀਫ਼ ਦੇ ਰਹੇ ਲੱਛਣ ਤੋਂ ਰਾਹਤ ਮਿਲੇ ਪਰ ਕਦੇ ਡਾਕਟਰ ਉਸ ਦੀ ਜੜ੍ਹ ਵੱਲ ਨਹੀਂ ਜਾਂਦੇ ਕਿ ਇਹ ਹਾਲਤ ਜੋ ਹੁਣ ਬਣੀ ਹੈ, ਫਿਰ ਨਾ ਬਣੇ।
ਦਵਾ ਕੰਪਨੀਆਂ ਦਾ ਗਲਬਾ ਹੁਣ ਕਿਸੇ ਇਕ ਮੁਲਕ ਤੱਕ ਸੀਮਤ ਨਹੀਂ ਹੈ। ਇਹ ਹੁਣ ਸੰਸਾਰ ਸਿਹਤ ਸੰਸਥਾ ਦੇ ਜ਼ਰੀਏ ਸਾਰੇ ਸੰਸਾਰ ਤੇ ਹੈ। ਤੁਸੀਂ ਅੰਦਾਜ਼ਾ ਲਗਾਓ, ਬਲੱਡ ਸ਼ੂਗਰ ਦੀ ਬਿਮਾਰੀ ਦੀ ਸੀਮਾ ਜੋ ਕਦੇ 120 ਸੀ, ਹੁਣ 105 ਹੈ; ਇਸੇ ਤਰ੍ਹਾਂ ਕੋਲੈਸਟਰੋਲ ਨੂੰ ਲੈ ਕੇ 200-250 ਕਾਫੀ ਸਮਾਂ ਰਹੀ ਸੀਮਾ ਹੁਣ 150-200 ਹੈ। ਇਹ ਸੀਮਾ ਤੈਅ ਕੌਣ ਕਰਦਾ ਹੈ? ਇਸ ਲਈ ਭਾਵੇਂ ਮਾਹਿਰਾਂ ਦੀ ਕਮੇਟੀ ਹੁੰਦੀ ਹੈ ਪਰ ਅੰਦਾਜ਼ਾ ਲਗਾਓ ਕਿਸੇ ਵੀ ਸੀਮਾ ਨੂੰ ਘੱਟ ਕਰਨ ਨਾਲ ਰਾਤੀਂ ਚੈਨ ਨਾਲ ਸੁੱਤੇ ਲੋਕ ਸਵੇਰੇ ਸ਼ੂਗਰ ਦੇ ਮਰੀਜ਼ ਬਣ ਕੇ ਉਠਦੇ ਹਨ ਤੇ ਦਵਾ ਕੰਪਨੀਆਂ ਨੂੰ ਬਣਿਆ ਬਣਾਇਆ ਬਾਜ਼ਾਰ ਮਿਲ ਜਾਂਦਾ ਹੈ।
ਇਹ ਮਾਡਲ ਹੈ ਜਿਥੇ ਬਾਜ਼ਾਰ ਕਿੰਨੀ ਹੀ ਫ਼ਿਰਕਮੰਦੀ ਜ਼ਾਹਿਰ ਕਰਦਾ ਹੈ। ਦਵਾ ਕੰਪਨੀ ਮੈਨਕਾਇੰਡ ਲਈ ਮੁਲਕ ਦਾ ਮਸ਼ਹੂਰ ਅਦਾਕਾਰ ਇਸ਼ਤਿਹਾਰ ਦਿੰਦਾ ਹੈ ਕਿ ਇਹ ਤੁਹਾਡੀ ਸੇਵਾ ਵਿਚ ਲੱਗੀ ਹੈ, ਡਾਕਟਰ ਮਿਹਨਤ ਕਰਕੇ ਤੁਹਾਡੀ ਬਿਮਾਰੀ ਲੱਭਦਾ ਹੈ- ਸ਼ੂਗਰ ਜਾਂ ਬੀਪੀ, ਫਿਰ ਪਰਚੀ ਤੇ ਦਵਾ ਲਿਖਦਾ ਹੈ, ਤੇ ਤੁਸੀਂ ਉਸ ਨੂੰ ਸੰਜੀਦਗੀ ਨਾਲ ਨਹੀਂ ਲੈਂਦੇ। ਡਾਕਟਰ ਜੋ ਲਿਖਦਾ ਹੈ, ਉਹ ਲਓ ਤੇ ਜਦੋਂ ਤਕ ਕਹਿੰਦਾ ਹੈ, ਦਵਾਈ ਲਓ। ਇਹ ਸਰਮਾਏਦਾਰੀ ਦਾ ਧੋਖਾ ਦੇਊ ਚਿਹਰਾ ਹੈ। ਉਨ੍ਹਾਂ ਨੂੰ ਫ਼ਿਕਰ ਹੀ ਮੁਨਾਫੇ ਦਾ ਹੈ। ਉਨ੍ਹਾਂ ਨੇ ਇਸ ਅਦਾਕਾਰ ਨੂੰ ਘੱਟੋ-ਘੱਟ ਇਕ ਕਰੋੜ ਦਿੱਤਾ ਹੋਵੇਗਾ।
ਖੈਰ! ਅਸੀਂ ਵੀ ਸੁਚੇਤ ਨਹੀਂ ਹਾਂ ਜਾਂ ਸਾਨੂੰ ਕੀਤਾ ਨਹੀਂ ਹੈ, ਤੇ ਨਾਲ ਹੀ ਮਰੀਜ਼ ਨੂੰ ਜੋ ਡਾਕਟਰ ਤੇ ਵਿਸ਼ਵਾਸ ਹੈ, ਉਹ ਵੀ ਇਹ ਹਾਲਤ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਅਸੀਂ ਸਵਾਲ ਹੀ ਨਹੀਂ ਕਰਦੇ, ਨਾਲੇ ਡਾਕਟਰ ਵੀ ਉਸ ਮਾਨਸਿਕਤਾ ਵਾਲੇ ਨਹੀਂ ਕਿ ਹੱਸ ਕੇ ਸਮਝਾਉਣ ਤੇ ਜਵਾਬ ਦੇਣ। ਕਾਰੋਬਾਰੀ ਨੂੰ ਤਾਂ ਇਹ ਮੁਆਫ਼ਿਕ ਹੀ ਨਹੀਂ।
*ਪ੍ਰੋਫੈਸਰ, ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ।
ਸੰਪਰਕ: 98158-08506