ਟੀਐੱਨ ਨੈਨਾਨ
ਮਿਸਰ ਦੀ ਕਾਹਿਰਾ ਯੂਨੀਵਰਸਿਟੀ ਵਿਚ ਜਿੱਥੇ ਹੁਣ ਮਜ਼ਹਬੀ ਕੱਟੜਤਾ ਦਾ ਰੰਗ ਚੜ੍ਹਦਾ ਜਾਂਦਾ ਹੈ, ਦੇ ਸਾਹਮਣੇ ਕਰੀਬ ਇਕ ਸਦੀ ਪੁਰਾਣਾ ਹਿਜਾਬ ਉਠਾਉਂਦੀ ਮੁਸਲਿਮ ਮੁਟਿਆਰ ਦਾ ਬੁੱਤ ਲੱਗਿਆ ਹੋਇਆ ਹੈ ਜੋ ਪਿੱਤਰਸੱਤਾ ਦੀ ਪਰੰਪਰਾ ਅਤੇ ਸਮਾਜ ਵੱਲੋਂ ਉਸ ਉਪਰ ਲਾਈਆਂ ਬੰਦਸ਼ਾਂ ਤੋਂ ਜ਼ਿਹਨੀ ਮੁਕਤੀ ਪਾਉਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਲਿਹਾਜ਼ਾ, ਇਹ ਦਲੀਲ ਦੇਣੀ ਔਖੀ ਹੈ ਕਿ ਇਸਲਾਮ ਵਿਚ ਹਿਜਾਬ ਪਹਿਨਣ ਜਾਂ ਇਹੋ ਜਿਹੇ ਹੋਰ ਬਿੰਬਾਂ ਦੀ ਮਨਾਹੀ ਕੀਤੀ ਹੋਈ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਭਾਰਤ ਵਿਚ ਇਸ ਸਮੇਂ ਮਿਸਰ ਦੀ ਇਸ ਚੇਤਨਾ ਦੇ ਉਲਟ ਰੁਝਾਨ ਚੱਲ ਰਿਹਾ ਹੈ। ਸਾਡੇ ਮੁਲਕ ਅੰਦਰ ਬਹੁਤ ਸਾਰੀਆਂ ਮੁਸਲਿਮ ਔਰਤਾਂ ਉਨਾਂ ਥਾਵਾਂ ਉੱਤੇ ਵੀ ਰਵਾਇਤੀ ਲਬਿਾਸ ਪਹਿਨ ਕੇ ਜਾਣਾ ਪਸੰਦ ਕਰਦੀਆਂ ਹਨ ਜਿੱਥੇ ਪਹਿਲਾਂ ਹਿਜਾਬ ਜਾਂ ਬੁਰਕਾ ਪਹਿਨਣ ਦੀ ਕੋਈ ਰਵਾਇਤ ਨਹੀਂ ਸੀ।
ਉਦਾਰਵਾਦੀਆਂ, ਧਰਮ ਨਿਰਪੱਖਵਾਦੀਆਂ ਤੇ ਸਮਾਜੀ ਤਰੱਕੀਪਸੰਦਾਂ, ਤੇ ਖ਼ਾਸ ਤੌਰ ਤੇ ਮਾਨਵਵਾਦੀਆਂ ਨੂੰ ਇਸ ਰੁਝਾਨ ਦੀ ਚਿੰਤਾ ਹੋ ਰਹੀ ਹੈ ਕਿਉਂਕਿ ਇਸ ਨਾਲ ਮਜ਼ਹਬੀਅਤ ਦਾ ਜਨਤਕ ਵਿਖਾਲਾ ਵਧਦਾ ਹੈ ਤੇ ਇਹ ਰੁਝਾਨ ਕਿਸੇ ਇਕ ਧਰਮ ਤੱਕ ਸੀਮਤ ਨਹੀਂ ਹੈ। ਬਹਰਹਾਲ, ਉਨ੍ਹਾਂ ਨੂੰ ਇਹ ਗੱਲ ਮੰਨਣੀ ਪੈਣੀ ਹੈ ਕਿ ਹਿਜਾਬ ਉਸੇ ਤਰ੍ਹਾਂ ਪਛਾਣ ਦਾ ਚਿੰਨ੍ਹ ਹੈ ਜਿਵੇਂ ਕਿਸੇ ਸਿੱਖ ਮਰਦ ਲਈ ਪੱਗ ਹੁੰਦੀ ਹੈ। ਜਦੋਂ ਸਕੂਲ ਕਾਲਜ ਵਿਚ ਪੱਗ ਬੰਨ੍ਹਣ ਅਤੇ ਮੱਥੇ ਉੱਤੇ ਵਿਭੂਤੀ ਲਾਉਣ ਦੀ ਆਗਿਆ ਦਿੱਤੀ ਹੋਈ ਹੈ ਤਾਂ ਹਿਜਾਬ ਧਾਰਨ ਕਰਨ ਤੇ ਕੀ ਇਤਰਾਜ਼ ਹੋ ਸਕਦਾ ਹੈ? ਜੇ ਨਹੀਂ, ਤਾਂ ਕੀ ਇਹ ਦਲੀਲ ਬੁਰਕੇ ਤੇ ਵੀ ਲਾਗੂ ਹੋ ਸਕਦੀ ਹੈ?
ਇਹ ਤਿਲਕਣ ਭਰਿਆ ਮੈਦਾਨ ਹੈ, ਖਾਸ ਤੌਰ ਤੇ ਇਸ ਦੀ ਉਤਰਾਈ ਬਹੁਤ ਤਿਲਕਵੀਂ ਹੈ ਪਰ ਕੁਝ ਸਮਾਜ ਹੋਰਨਾਂ ਦੇ ਮੁਕਾਬਲੇ ਜ਼ਿਆਦਾ ਧਰਮ ਕੇਂਦਰਤ ਹੋ ਸਕਦੇ ਹਨ ਤੇ ਭਾਰਤ ਵਿਚ ਕੁਝ ਇਹੋ ਜਿਹਾ ਹੀ ਹੋ ਰਿਹਾ ਹੈ। ਕੀ ਇਹ ਬਹੁ ਭਾਂਤੇ, ਬਹੁ ਧਰਮੀ ਮੁਲਕ ਲਈ ਸ਼ੁਭ ਹੈ? ਸ਼ਾਇਦ ਨਹੀਂ। ਕੀ ਹੱਲ ਦੇ ਰੂਪ ਵਿਚ ਕਠੋਰ ਧਰਮ ਨਿਰਪੱਖਤਾ ਦੀ ਕੋਈ ਗੁੰਜਾਇਸ਼ ਹੈ? ਸ਼ਾਇਦ ਨਹੀਂ। ਹਾਲਾਂਕਿ ਹਰ ਕਿਸਮ ਦੀਆਂ ਵਰਦੀਆਂ (ਸਕੂਲਾਂ ਜਾਂ ਹਥਿਆਰਬੰਦ ਦਸਤਿਆਂ ਵਿਚ) ਦਾ ਮਕਸਦ ਵਖਰੇਵਿਆਂ ਨੂੰ ਘੱਟ ਤੋਂ ਘੱਟ ਕਰਨਾ ਹੁੰਦਾ ਹੈ ਪਰ ਉਨ੍ਹਾਂ ਵਿਚ ਕੁਝ ਲਚਕ ਵੀ ਵਰਤੀ ਜਾਂਦੀ ਹੈ; ਮਸਲਨ, ਵੱਖ ਵੱਖ ਕਿਸਮ ਦੀਆਂ ਦਾੜ੍ਹੀਆਂ ਦਾ ਮੁੱਦਾ ਚਲਦਾ ਰਿਹਾ ਹੈ। ਇਹੋ ਜਿਹਾ ਕੋਈ ਇਕ-ਮਾਤਰ ਫਾਰਮੂਲਾ ਨਹੀਂ ਹੈ ਜੋ ਸਭਨਾਂ ਦੇ ਮੁਆਫ਼ਿਕ ਹੋਵੇ।
ਇਸ ਕਾਲਮਨਵੀਸ ਦਾ ਅਜਿਹੇ ਖੇਤਰ ’ਚ ਭਟਕਣ ਦਾ ਇਰਾਦਾ ਨਹੀਂ ਜਿਸ ਬਾਰੇ ਹੋਰ ਲੋਕ ਜ਼ਿਆਦਾ ਜਾਣਕਾਰੀ ਰੱਖਦੇ ਹਨ ਸਗੋਂ ਇਸ ਦਾ ਮੰਤਵ ਇੰਨਾ ਹੈ ਕਿ ਬਹਿਸ ਇਸ ਵਿਸ਼ੇ ਤੇ ਕੇਂਦਰਤ ਹੋਵੇ ਕਿ ਸਮਾਜ ਦੀ ਤਰਜੀਹ ਕੀ ਹੋਣੀ ਚਾਹੀਦੀ ਹੈ; ਭਾਵ, ਔਰਤਾਂ ਦੀ ਸਿੱਖਿਆ ਅਤੇ ਕੰਮਕਾਜੀ ਥਾਵਾਂ ਵਿਚ ਉਨ੍ਹਾਂ ਦੀ ਸ਼ਮੂਲੀਅਤ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਿਸੇ ਵੀ ਹੋਰ ਧਾਰਮਿਕ ਭਾਈਚਾਰੇ ਦੇ ਮੁਕਾਬਲੇ ਮੁਸਲਿਮ ਔਰਤਾਂ ਅੰਦਰ ਸਾਖਰਤਾ ਘੱਟ ਹੈ। ਉਚੇਰੀ ਸਿੱਖਿਆ ਵਿਚ ਔਰਤਾਂ ਦੀ ਹਿੱਸੇਦਾਰੀ ਦਾ ਵੀ ਇਹੀ ਹਾਲ ਹੈ ਅਤੇ ਆਬਾਦੀ ਦੇ ਲਿਹਾਜ਼ ਤੋਂ ਮੁਸਲਿਮ ਔਰਤਾਂ ਦੀ ਹਿੱਸੇਦਾਰੀ ਸਭ ਤੋਂ ਘੱਟ ਹੈ। ਹਾਲਾਂਕਿ ਇਨ੍ਹਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਪਰ ਇਸ ਵਿਚ ਸੁਧਾਰ ਲਈ ਕਾਫ਼ੀ ਕੁਝ ਕਰਨ ਦੀ ਲੋੜ ਹੈ। ਇਸ ਲਈ ਇਸ ਗੱਲ ਦਾ ਸਵਾਗਤ ਕਰਨਾ ਬਣਦਾ ਹੈ ਕਿ ਮੁਸਲਿਮ ਲੜਕੀਆਂ ਤੇ ਮੁਟਿਆਰਾਂ ਸਕੂਲ ਤੇ ਕਾਲਜ ਆ ਰਹੀਆਂ ਹਨ ਅਤੇ ਆਪਣੇ ਆਪ ਨੂੰ ਜ਼ਿੰਦਗੀ ਲਈ ਬਿਹਤਰ ਢੰਗ ਨਾਲ ਲੈਸ ਕਰ ਰਹੀਆਂ ਹਨ। ਸੰਭਾਵੀ ਤੌਰ ਤੇ ਕਿਸੇ ਔਰਤ ਉੱਤੇ ਕੱਪੜਿਆਂ ਦੀ ਨਿੱਜੀ ਪਸੰਦ ਦੀ ਜ਼ਿੰਮੇਵਾਰੀ ਪਾਉਣ ਦੀ ਦਲੀਲ ਦੀ ਖ਼ੁਦ-ਬ-ਖੁਦ ਸਿਫ਼ਾਰਸ਼ ਨਹੀਂ ਕੀਤੀ ਜਾ ਸਕਦੀ।
ਕੰਮਕਾਜੀ ਥਾਵਾਂ ਉੱਤੇ ਔਰਤਾਂ ਦੀ ਮੌਜੂਦਗੀ ਦਾ ਮੁੱਦਾ ਵੀ ਜੁੜਿਆ ਹੈ। ਕੰਮਕਾਜੀ ਉਮਰ ਵਰਗ ਵਿਚ ਸਾਰੇ ਭਾਈਚਾਰਿਆਂ ਦੀਆਂ ਕੰਮ ਕਰਦੀਆਂ ਜਾਂ ਕੰਮ ਕਰਨ ਦੀਆਂ ਇੱਛਕ ਔਰਤਾਂ ਦੀ ਗਿਣਤੀ 30 ਫ਼ੀਸਦ ਤੋਂ ਘੱਟ ਕੇ 20 ਫ਼ੀਸਦ ਤੇ ਆ ਗਈ ਹੈ। ਇਸ ਦੇ ਮੁਕਾਬਲੇ ਮਰਦਾਂ ਦੀ ਗਿਣਤੀ ਕਰੀਬ 80 ਫ਼ੀਸਦ ਤੋਂ ਘਟ ਕੇ 75 ਫ਼ੀਸਦ ਰਹਿ ਗਈ ਹੈ। ਇਹ ਮਹਾਮਾਰੀ ਤੋਂ ਪਹਿਲਾਂ ਦੇ ਅੰਕੜੇ ਹਨ ਅਤੇ ਪਿਛਲੇ ਦੋ ਤਿੰਨ ਸਾਲਾਂ ਦੌਰਾਨ ਇਨ੍ਹਾਂ ਅੰਕੜਿਆਂ ਵਿਚ ਹੋਰ ਜ਼ਿਆਦਾ ਕਮੀ ਆਉਣ ਦੇ ਆਸਾਰ ਹਨ। ਮੁਸਲਿਮ ਔਰਤਾਂ ਦਾ ਅਨੁਪਾਤ ਸਾਰੇ ਭਾਈਚਾਰਿਆਂ ਦੀਆਂ ਔਰਤਾਂ ਦੀ 20 ਫ਼ੀਸਦ ਸੰਖਿਆ ਤੋਂ ਵੀ ਘੱਟ ਜਾਪਦਾ ਹੈ। ਸਿੱਖਿਆ ਹਾਸਲ ਕਰਨੀ ਹੋਵੇ ਜਾਂ ਰੋਜ਼ੀ ਰੋਟੀ ਲਈ ਕੰਮ ਕਰਨ ਦਾ ਸਵਾਲ, ਮੁਸਲਿਮ ਔਰਤਾਂ ਨੂੰ ਘਰਾਂ ਤੋਂ ਬਾਹਰ ਆਉਣ ਦੀ ਹੱਲਾਸ਼ੇਰੀ ਦੇਣ ਦੀ ਲੋੜ ਹੈ ਤਾਂ ਕਿ ਉਨ੍ਹਾਂ ਨੂੰ ਨਿੱਜੀ ਤੇ ਸਮਾਜਿਕ ਤੌਰ ਤੇ ਸਾਰੇ ਸਿੱਧੇ ਤੇ ਜੁੜਵੇਂ ਲਾਭ ਮਿਲ ਸਕਣ। ਕਈ ਹੋਰਨਾਂ ਗੱਲਾਂ ਤੋਂ ਇਲਾਵਾ ਇਸ ਨਾਲ ਪਰਿਵਾਰਾਂ ਨੂੰ ਸੀਮਤ ਰੱਖਣ ਵਿਚ ਮਦਦ ਮਿਲੇਗੀ ਜਿਸ ਨੂੰ ਲੈ ਕੇ ਮੁਸਲਮਾਨਾਂ ਉੱਤੇ ਅਕਸਰ ਦੋਸ਼ ਲਾਏ ਜਾਂਦੇ ਹਨ।
ਆਖ਼ਰੀ ਗੱਲ ਗ਼ਰੀਬੀ ਦੀ ਕਰਦੇ ਹਾਂ। ਸਾਡੇ ਮੁਲਕ ਵਿਚ ਕਿਰਤੀਆਂ ਦੀ ਬਹੁਤਾਤ ਹੈ, ਗ਼ਰੀਬੀ ਰੇਖਾ ਤੋਂ ਉਪਰ ਕਿਸੇ ਪਰਿਵਾਰ ਨੂੰ ਪਾਲਣ ਲਈ ਘਰ ਦੇ ਇਕ ਜੀਅ ਦੀ ਆਮਦਨ ਨਾਲ ਕੰਮ ਨਹੀਂ ਚਲਦਾ; ਤੇ ਰੁਜ਼ਗਾਰ ਬਾਰੇ ਪਹਿਲਾਂ ਨਾਲੋਂ ਵੀ ਜ਼ਿਆਦਾ ਬੇਯਕੀਨੀ ਬਣ ਹੋਈ ਹੈ। ਔਰਤਾਂ ਦੇ ਕੰਮ ਕਰਨ ਨਾਲ ਵਾਧੂ ਆਮਦਨ ਦੀ ਜ਼ਾਮਨੀ ਵਧਦੀ ਹੈ। ਇਸ ਨਾਲ ਨੌਕਰੀਆਂ ਤੇ ਔਰਤ-ਮਰਦ ਦਾ ਬਖੇੜਾ ਖੜ੍ਹਾ ਕਰਨ ਦੀ ਲੋੜ ਨਹੀਂ ਹੈ। ਵਸਤਰ ਫੈਕਟਰੀਆਂ ਅਤੇ ਇਲੈਕਟ੍ਰੌਨਿਕ ਸਾਜ਼ੋ-ਸਮਾਨ ਜੋੜਨ ਵਾਲੀਆਂ ਇਕਾਈਆਂ ਜਿਹੀਆਂ ਰੁਜ਼ਗਾਰ ਦੀਆਂ ਬਹੁਤ ਸਾਰੀਆਂ ਸਰਗਰਮੀਆਂ ਹਨ ਜਿਨ੍ਹਾਂ ਵਿਚ ਸਾਰੇ ਭਾਈਚਾਰਿਆਂ ਦੀਆਂ ਔਰਤਾਂ ਕੰਮ ਕਰਦੀਆਂ ਹਨ। ਅਧਿਆਪਨ ਤੇ ਨਰਸਿੰਗ ਜਿਹੇ ਕਿੱਤੇ ਤਾਂ ਪਹਿਲਾਂ ਤੋਂ ਹੀ ਮੌਜੂਦ ਹਨ ਜਿੱਥੇ ਰਵਾਇਤੀ ਤੌਰ ਤੇ ਔਰਤਾਂ ਕੰਮ ਕਰਦੀਆਂ ਹਨ। ਇਸ ਦੌਰਾਨ, ਕੁਝ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਗ਼ਰੀਬਾਂ ਅੰਦਰ ਕਬਾਇਲੀਆਂ, ਮੁਸਲਮਾਨਾਂ ਤੇ ਦਲਿਤਾਂ ਦਾ ਅਨੁਪਾਤ ਸਭ ਤੋਂ ਜ਼ਿਆਦਾ ਹੈ। ਇਨ੍ਹਾਂ ਵਰਗਾਂ ਦੀਆਂ ਔਰਤਾਂ ਨੂੰ ਪੜ੍ਹਾਈ ਲਿਖਾਈ ਕਰਵਾ ਕੇ ਰੁਜ਼ਗਾਰ ਤੇ ਲਗਵਾਉਣਾ ਨਾ ਕੇਵਲ ਜ਼ਾਹਿਰਾ ਤੌਰ ਤੇ ਸਮਾਜ ਦਾ ਫਾਇਦਾ ਹੈ ਸਗੋਂ ਆਰਥਿਕ ਤੌਰ ਤੇ ਵੀ ਜ਼ਰੂਰੀ ਹੈ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ। 1980ਵਿਆਂ ਅਤੇ 1990 ਵਿਚ ਉਹ ‘ਬਿਜ਼ਨਸ ਵਰਲਡ’ ਅਤੇ ‘ਇਕਨਾਮਿਕ ਟਾਈਮਜ਼’ ਦਾ ਸੰਪਾਦਕ ਰਿਹਾ, 1992 ਤੋਂ ਬਾਅਦ ‘ਬਿਜ਼ਨਸ ਸਟੈਂਡਰਡ’ ਦਾ ਪ੍ਰਮੁੱਖ ਸੰਪਾਦਕ ਬਣਿਆ ਅਤੇ ਮਗਰੋਂ ਇਸ ਗਰੁੱਪ ਦਾ ਚੇਅਰਮੈਨ ਰਿਹਾ।