ਔਨਿੰਦਿਓ ਚੱਕਰਵਰਤੀ
ਇਕ ਸਵਾਲ ਜਿਸ ਨੇ ਸਿਆਸੀ ਪੰਡਤਾਂ ਨੂੰ ਘੁੰਮਣਘੇਰੀ ਵਿਚ ਪਾਇਆ ਹੋਇਆ ਹੈ, ਇਹ ਹੈ ਕਿ ਭਾਰਤੀ ਲੋਕਾਂ ਦਾ ਰੋਹ ਕਦੇ ਬੇਰੁਜ਼ਗਾਰੀ ਦੇ ਸਵਾਲ ’ਤੇ ਉਬਾਲੇ ਕਿਉਂ ਨਹੀਂ ਖਾਂਦਾ ਤੇ ਉਹ ਇਸ ਮੁੱਦੇ ’ਤੇ ਵੋਟ ਕਿਉਂ ਨਹੀਂ ਪਾਉਂਦੇ। ਹੁਣ ਤਾਂ ਸਰਵੇਖਣਾਂ ਵਿਚ ਵੀ ਇਹ ਗੱਲ ਆ ਰਹੀ ਹੈ ਕਿ ਨੌਕਰੀਆਂ ਦੀ ਘਾਟ ਸਭ ਤੋਂ ਵੱਡਾ ਮੁੱਦਾ ਹੈ, ਫਿਰ ਵੀ ਵੋਟਾਂ ਦੇ ਤੌਰ ਤਰੀਕਿਆਂ ਵਿਚ ਕੋਈ ਖ਼ਾਸ ਫ਼ਰਕ ਦੇਖਣ ਵਿਚ ਨਹੀਂ ਆ ਰਿਹਾ। ਜੇ ਗੱਲ ਵਾਕਈ ਇਵੇਂ ਹੀ ਹੈ ਤਾਂ ਫਿਰ ਇੰਨੀ ਜ਼ਿਆਦਾ ਸੰਖਿਆ ਵਿਚ ਨੌਜਵਾਨ ਸੜਕਾਂ ’ਤੇ ਆ ਕੇ ਅਗਨੀਪਥ ਸਕੀਮ ’ਤੇ ਆਪਣਾ ਗੁੱਸਾ ਕਿਉਂ ਜਤਾ ਰਹੇ ਹਨ? ਉਹ ਵੀ ਬਹੁਤੀ ਥਾਈਂ ਆਪ ਮੁਹਾਰੇ। ਇਸ ਸਵਾਲ ਦਾ ਜਵਾਬ ਇਸ ਗੱਲ ਵਿਚ ਪਿਆ ਹੈ ਕਿ ਭਾਰਤ ਦੇ ਛੋਟੇ ਕਸਬਿਆਂ ਅਤੇ ਪਿੰਡਾਂ ਵਿਚਲੇ ਨੌਜਵਾਨਾਂ ਲਈ ਫ਼ੌਜ ਦੀ ਨੌਕਰੀ ਕੀ ਮਾਇਨੇ ਰੱਖਦੀ ਹੈ।
ਟਿਕਟੌਕ ਪਲੈਟਫਾਰਮ ਭਾਵੇਂ ਹੁਣ ਬੰਦ ਕਰ ਦਿੱਤਾ ਗਿਆ ਹੈ ਪਰ ਇਸ ਵਿਚੋਂ ਕੁਝ ਬਹੁਤ ਹੀ ਖਾਸ ਕਿਸਮ ਦੀ ਅੰਤਰਝਾਤ ਮਿਲਦੀ ਸੀ। ਟਿਕਟੌਕ ’ਤੇ ਕਈ ਵੰਨਗੀਆਂ ਤੇ ਥੀਮ ਲੋਕਪ੍ਰਿਯਾ ਸਨ ਜਿਨ੍ਹਾਂ ਵਿਚੋਂ ਦੋ ਸਾਡੇ ਲਈ ਪ੍ਰਸੰਗਕ ਹਨ। ਪਹਿਲੀ ਵੰਨਗੀ ਉਨ੍ਹਾਂ ਵੀਡੀਓਜ਼ ਦੀ ਹੈ ਜਿਨ੍ਹਾਂ ਵਿਚ ਫ਼ੌਜੀ ਜਵਾਨਾਂ ਨੂੰ ਦੇਸ਼ ਦੀ ਖ਼ਾਤਰ ਆਪਣੀਆਂ ਜਾਨਾਂ ਨਿਛਾਵਰ ਕਰਨ ਦੀ ਖਾਹਿਸ਼ ਦਰਸਾਈ ਗਈ ਹੈ। ਕੁਝ ਹੋਰ ਵੀਡੀਓਜ਼ ਹਨ ਜਿਨ੍ਹਾਂ ਵਿਚ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਲਈ ਕਵਾਇਦ ਕਰਦੇ ਹੋਏ, ਸੜਕਾਂ ’ਤੇ ਦੌੜਦੇ ਹੋਏ ਭਾਰੇ ਟਾਇਰ ਖਿੱਚਦਿਆਂ ਜਾਂ ਸਿਰੇ ਦੀ ਜਿਸਮਾਨੀ ਮੁਸ਼ੱਕਤ ਦੇ ਕਰਤੱਬ ਕਰਦਿਆਂ ਦਿਖਾਇਆ ਗਿਆ ਹੈ। ਇਨ੍ਹਾਂ ਵੀਡੀਓਜ਼ ਵਿਚ ਫ਼ੌਜ ਅਤੇ ਦੇਸ਼ ਲਈ ਜਾਨ ਵਾਰਨ ਦੀ ਸ਼ਾਨ ਵਿਚ ਲੋਕਪ੍ਰਿਯਾ ਪਿੱਠਵਰਤੀ ਗੀਤ ਵੀ ਪਾਏ ਗਏ ਹਨ।
ਟਿਕਟੌਕ ਦੀ ਇਕ ਹੋਰ ਵੰਨਗੀ ਸਰਕਾਰੀ ਨੌਕਰੀ ਨਾਲ ਸਬੰਧਿਤ ਹੈ। ਇਹ ਆਮ ਤੌਰ ’ਤੇ ਮਜ਼ਾਹੀਆ ਵੀਡੀਓਜ਼ ਹਨ ਕਿ ਕਿਵੇਂ ਸਰਕਾਰੀ ਨੌਕਰੀ ਪਾਉਣ ਵਾਲੇ ਨੌਜਵਾਨਾਂ ਵੱਲ ਮੁਟਿਆਰਾਂ ਖਿੱਚੀਆਂ ਜਾਂਦੀਆਂ ਹਨ, ਫਿਰ ਭਾਵੇਂ ਉਹ ਦੇਖਣ ਪਾਖਣ ਨੂੰ ਬਹੁਤੇ ਸੋਹਣੇ ਨਾ ਵੀ ਹੋਣ। ਬਹੁਤ ਜ਼ਿਆਦਾ ਵਾਇਰਲ ਹੋਈ ਇਕ ਟਿਕਟੌਕ ਵੀਡੀਓ ਵਿਚ ਸਜੀ ਧਜੀ ਔਰਤ ਨੂੰ ਬਦਸ਼ਕਲ ਜਿਹੇ ਆਦਮੀ ਨਾਲ ਖੜ੍ਹੇ ਦਿਖਾਇਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਲੰਘਣ ਵਾਲੇ ਵਿਅਕਤੀ ਨੂੰ ਸ਼ੱਕ ਪੈਂਦਾ ਹੈ ਕਿ ਉਹ ਦੋਵੇਂ ਇਕ ਦੂਜੇ ਨੂੰ ਪਸੰਦ ਕਿਵੇਂ ਕਰਦੇ ਹੋਣਗੇ ਤਾਂ ਆਦਮੀ ਜਵਾਬ ਦਿੰਦਾ ਹੈ ਕਿ ‘ਇਹ ਸਭ ਸਰਕਾਰੀ ਨੌਕਰੀ ਦਾ ਕਮਾਲ ਹੈ।’ ਇਕ ਹੋਰ ਵੀਡੀਓ ਵਿਚ ਆਦਮੀ ਜਵਾਨ ਔਰਤ ਨੂੰ ਦੱਸਦਾ ਹੈ ਕਿ ਜਦੋਂ ਉਹ ਉਸ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਲੈ ਕੇ ਦਿਖਾਏਗਾ ਤਾਂ ਉਹ ਵੀ ਉਸ ਨੇੜੇ ਆਉਣ ਤੋਂ ਨਹੀਂ ਰੋਕ ਸਕੇਗੀ।
ਇਹ ਵੰਨਗੀਆਂ ਸਮੱਗਰੀ, ਮਿਜ਼ਾਜ ਤੇ ਪੇਸ਼ਕਾਰੀ ਦੇ ਲਿਹਾਜ਼ ਤੋਂ ਵੱਖੋ ਵੱਖਰੀਆਂ ਹੋ ਸਕਦੀਆਂ ਹਨ ਪਰ ਪ੍ਰੇਰਨਾ ਤੇ ਹਾਸਰਸ ਦੇ ਪੱਖ ਤੋਂ ਇਨ੍ਹਾਂ ਦਾ ਥੀਮ ਬਹੁਤ ਮਿਲਦਾ ਜੁਲਦਾ ਹੈ। ਇਹ ਦੋਵੇਂ ਸਿਰੇ ਦੀ ਪਿੱਤਰਵਾਦੀ ਹੈਂਕੜ ਦੇ ਪ੍ਰਸੰਗ ਵਿਚੋਂ ਉਪਜਦੀਆਂ ਹਨ। ਇਨ੍ਹਾਂ ਦੀਆਂ ਆਪਸੀ ਗੱਲਬਾਤ ਦੇ ਪ੍ਰਤੀਕ ਵੀ ਆਪੋ ਵਿਚ ਜੁੜੇ ਹੋਏ ਹਨ। ਨੌਜਵਾਨ ਮਜ਼ਬੂਤ ਤੇ ਧੱਕੜ ਬਣਨ ਅਤੇ ਨਾਲ ਹੀ ਆਪਣਾ ਆਪ ਵਾਰਨ ਦੀ ਚੇਸ਼ਟਾ ਰੱਖਦੇ ਹਨ। ਕੁਝ ਮਾਮਲਿਆਂ ਵਿਚ ਜੇ ਆਦਮੀ ਦੀ ਸ਼ਕਲ ਸੂਰਤ ਸੋਹਣੀ ਵੀ ਨਹੀਂ ਹੈ ਤਾਂ ਵੀ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਸੋਹਣੀਆਂ ਔਰਤਾਂ ਸਿਰਫ਼ ਪੈਸਾ, ਰੁਤਬਾ ਤੇ ਸਥਿਰਤਾ ਚਾਹੁੰਦੀਆਂ ਹਨ (ਸੁਣੋ ਸੁੰਦਰ ਲੜਕੀਓ, ਏਕ ਸਰਕਾਰੀ ਨੌਕਰੀ ਫੇਂਕ ਕੇ ਮਾਰੂੰਗਾ)। ਇਹੀ ਉਹੀ ਮੁਕਾਮ ਹੈ ਜਿੱਥੇ ਇਕ ਸਰਕਾਰੀ ਨੌਕਰੀ ਜ਼ਰੀਏ ਜੰਗਬਾਜ਼ੀ, ਮਰਦ-ਸੱਤਾ, ਵਿੱਤੀ ਸਥਿਰਤਾ ਤੇ ਸੱਤਾ ਨਾਲ ਜੁੜਨ ਦੀ ਖਾਹਿਸ਼ ਆਦਿ ਸਭ ਕੁਝ ਆਦਰਸ਼ਕ ਨੌਕਰੀ ਦਾ ਤਸੱਵੁਰ ਘੜਦੀ ਹੈ।
ਇਹ ਕੋਈ ਨਵੀਂ ਗੱਲ ਵੀ ਨਹੀਂ ਹੈ ਪਰ ਪਿਛਲੇ ਦਸਾਂ ਕੁ ਸਾਲਾਂ ਤੋਂ ਇਸ ਵਿਚ ਕਾਫ਼ੀ ਤੇਜ਼ੀ ਆ ਗਈ ਹੈ ਕਿਉਂਕਿ ਮੁੱਖਧਾਰਾ ਦੇ ਮੀਡੀਆ ਤੇ ਜਨਤਕ ਸਭਿਆਚਾਰ ਵਿਚ ਸੱਜੇਪੰਥ ਦਾ ਦਬਦਬਾ ਕਾਇਮ ਹੋ ਗਿਆ ਹੈ। ਉਦਾਰਵਾਦੀ ਖਿਤਿਆਂ ਵਿਚ ਜਿੱਥੇ ਇਸ ਨੂੰ ਵਿਸ਼ੈਲੀ ਮਰਦਾਨਗੀ ਦੇ ਤੌਰ ’ਤੇ ਦੇਖਿਆ ਜਾਂਦਾ ਹੈ, ਉੱਥੇ ਸੰਜੇਪੰਥ ਲਈ ਇਹ ਆਦਰਸ਼ਕ ਵਿਚਾਰਧਾਰਾ ਗਿਣੀ ਜਾਂਦੀ ਹੈ। ਜਿੱਥੇ ਸਟੇਟ ਨਾਲ ਇਸ ਦੀ ਵਿਰੋਧਾਭਾਸੀ ਪਛਾਣ ਹੁੰਦੀ ਹੈ, ਉੱਥੇ ਪ੍ਰਾਈਵੇਟ ਉਦਮਾਂ ਨਾਲ ਇਸ ਦਾ ਦੇਵ-ਸਰੂਪ ਰਿਸ਼ਤਾ ਹੁੰਦਾ ਹੈ। ਇਹ ਕੁਲੀਨ ਰਾਜਨੀਤੀ ਦੇ ਖੇਤਰਾਂ ਵਿਚ ਨੌਕਰਸ਼ਾਹ-ਪ੍ਰਬੰਧਕੀ ਸਮੂਹਾਂ ਉਪਰ ਕਾਰੋਬਾਰੀ ਜਾਤਾਂ ਤੇ ਜਮਾਤਾਂ ਦੀ ਫਤਿਹ ਨਾਲ ਨੇੜਿਓਂ ਜੁੜੀ ਹੁੰਦੀ ਹੈ। ਇਤਿਹਾਸਕ ਕਾਰਨਾਂ ਕਰ ਕੇ ਤਜਾਰਤੀ ਕੁਲੀਨਾਂ ਨੇ ਪੱਛਮੀ ਜਾਗ੍ਰਿਤੀ ਦੇ ਬਿਰਤਾਂਤ ਅਤੇ ਇਸ ਦੀਆਂ ਪਦਾਰਥਕ ਰਹੁ-ਰੀਤਾਂ ਦਾ ਮਾਰਗ ਅਪਣਾਉਣ ਦਾ ਵਿਰੋਧ ਕੀਤਾ ਹੈ। ਇਸ ਕਰ ਕੇ ਇਸ ਨੂੰ ਲੋਕਾਂ ਨੂੰ ਸਾਝੇ ਸਭਿਆਚਾਰ ਤੇ ਭਾਸ਼ਾ ਦੇ ਨਾਂ ’ਤੇ ਧੂਹ ਪਾਉਣ ਦੀ ਖੁੱਲ੍ਹ ਮਿਲਦੀ ਹੈ, ਭਾਵੇਂ ਇਹ ਰਵਾਇਤਾਂ ਕਿੰਨੀਆਂ ਵੀ ਫ਼ਰਜ਼ੀ ਤੇ ਕਾਲਪਨਿਕ ਕਿਉਂ ਨਾ ਹੋਣ।
ਨਵੇਂ ਕੁਲੀਨ ਦੇ ਇਸ ਉਭਾਰ ਨਾਲ ਹੇਠਲੇ ਮੱਧ ਵਰਗੀ ਸਮੂਹਾਂ ਨੂੰ ਸੱਤਾ ਦੀ ਪ੍ਰਕਿਰਿਆ ਵਿਚ ਹਿੱਸੇਦਾਰੀ ਦਾ ਖਿਆਲ ਦਿੱਤਾ ਸੀ। ਜੇ ਪਹਿਲਾਂ ਉਹ ਸਰਕਾਰ ਨੂੰ ਕਲਿਆਣਕਾਰੀ ਦੇ ਤੌਰ ’ਤੇ ਦੇਖਦੇ ਸਨ ਤਾਂ ਅੱਜ ਉਹ ਸਰਕਾਰ ਨੂੰ ਕੌਮੀ ਪਛਾਣ ਦੇ ਰੂਪ ਵਿਚ ਤੱਕਦੇ ਹਨ। ਇਹੀ ਉਹ ਗੱਲ ਹੈ ਜੋ ਫ਼ੌਜ ਵਿਚ ਭਰਤੀ ਹੋਣ ਨੂੰ ਤਾਕਤ ਦਾ ਕਦਮ ਬਣਾਉਂਦਾ ਹੈ। ਇਸ ਵਿਚ ਮਰਦਾਨਗੀ, ਵਕਾਰ, ਸ਼ਕਤੀ ਤੇ ਅਖਤਿਆਰ ਜੁੜ ਜਾਂਦੇ ਹਨ ਜਿਸ ਨਾਲ ਇਕ ਨੌਜਵਾਨ ਦੇ ਰਾਸ਼ਟਰ ਅੰਦਰ ਆਪਣੇ ਵਜੂਦ ਦੀ ਚਾਹਤ ਨੂੰ ਬੂਰ ਪੈਂਦਾ ਹੈ।
ਇਸ ਦੀ ਜੜ੍ਹ ਵਿਚ ਵਿੱਤੀ ਸਥਿਰਤਾ, ਰੁਤਬਾ ਅਤੇ ਬਹੁਤ ਸਾਰੀਆਂ ਸੁੱਖ ਸਹੂਲਤਾਂ ਤੇ ਸੂਤਰ ਪਏ ਹਨ ਜੋ ਸਰਕਾਰੀ ਨੌਕਰੀ ਸਦਕਾ ਮੁਅੱਸਰ ਹੁੰਦੀਆਂ ਹਨ। 2011-12 ਦੇ ਆਰਥਿਕ ਸੰਕਟ ਤੋਂ ਬਾਅਦ ਇਸ ਦੀ ਕੀਮਤ ਹੋਰ ਵੀ ਵਧ ਗਈ ਹੈ ਕਿਉਂਕਿ ਸੰਕਟ ਤੋਂ ਬਾਅਦ ਐਲਾਨੇ ਗਏ ਰਾਹਤ ਪੈਕੇਜ ਦਾ ਅਸਰ ਵੀ ਜਲਦੀ ਖਤਮ ਹੋ ਗਿਆ। ਜਨਤਕ ਪ੍ਰਵਚਨ ਵਿਚ ਭਾਵੇਂ ਪ੍ਰਾਈਵੇਟ ਸੈਕਟਰ ਦਾ ਮਹਿਮਾ-ਮੰਡਨ ਕੀਤਾ ਜਾਂਦਾ ਹੈ ਪਰ ਭਾਰਤ ਦੇ ਨੌਜਵਾਨਾਂ ਅੰਦਰ ਇਹ ਅਹਿਸਾਸ ਵਧ ਰਿਹਾ ਹੈ ਕਿ ਪ੍ਰਾਈਵੇਟ ਸੈਕਟਰ ਦੀ ਨੌਕਰੀ ਜਾਂ ਉਦਮਸ਼ੀਲਤਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ। ਇਹ ਹਮੇਸ਼ਾ ਬਹੁਤ ਹੀ ਵਿਸਫ਼ੋਟਕ ਸਥਿਤੀ ਰਹੀ ਹੈ ਜਿੱਥੇ ਇਕ ਪਾਸੇ ਸਰਕਾਰੀ ਨੌਕਰੀਆਂ ਵਿਚ ਕਮੀ ਆ ਰਹੀ ਹੈ, ਅਸਾਮੀਆਂ ’ਤੇ ਭਰਤੀ ਨਹੀਂ ਕੀਤੀ ਜਾ ਰਹੀ, ਤੇ ਦੂਜੇ ਪਾਸੇ ਲੱਖਾਂ ਦੀ ਤਾਦਾਦ ਵਿਚ ਨੌਜਵਾਨ ਸਰਕਾਰ ਦੇ ਕਿਸੇ ਵੀ ਅੰਗ ਵਿਚ ਨੌਕਰੀ ਹਾਸਲ ਕਰਨ ਲਈ ਭਟਕਦੇ ਫਿਰ ਰਹੇ ਹਨ। 2018-19 ਤੋਂ ਬਾਅਦ ਹਰ ਥਾਈਂ ਨੌਕਰੀਆਂ ਦੀ ਘਾਟ ਦੇ ਮੱਦੇਨਜ਼ਰ ਸਥਿਤੀ ਹੋਰ ਜ਼ਿਆਦਾ ਵਿਸਫ਼ੋਟਕ ਬਣ ਗਈ ਹੈ। ਜੇ ‘ਸੀਐੱਮਆਈਈ’ ਦੇ ਹਾਲੀਆ ਚੁਮਾਸਿਕ ਵਿਸ਼ਲੇਸ਼ਣ ’ਤੇ ਝਾਤ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ 20-24 ਸਾਲ ਦੀ ਉਮਰ ਵਰਗ ਦੇ 38 ਫ਼ੀਸਦ ਨੌਜਵਾਨ ਲੜਕੇ ਲੜਕਿਆਂ ਨੂੰ ਨੌਕਰੀ ਦੀ ਤਲਾਸ਼ ਹੈ। ਜਦੋਂ ਵੀਹਵਿਆਂ ਦੀ ਉਮਰ ਦੇ ਨੌਜਵਾਨਾਂ ਦਾ ਸਵਾਲ ਆਉਂਦਾ ਹੈ ਤਾਂ ਇਹ ਅਨੁਪਾਤ ਦੁੱਗਣਾ ਹੋ ਜਾਣ ਦੇ ਆਸਾਰ ਹਨ। ਕੰਮ ਦੀ ਆਸ ਲਾ ਕੇ ਬੈਠੇ 5.4 ਕਰੋੜ ਨੌਜਵਾਨਾਂ ਵਿਚੋਂ 2.6 ਕਰੋੜ ਬੇਰੁਜ਼ਗਾਰ ਹਨ।
ਫਿਰ ਵੀ ਜਿਸ ਪੱਧਰ ’ਤੇ ਬੇਰੁਜ਼ਗਾਰੀ ਫੈਲ ਗਈ ਹੈ, ਇਹ ਕੋਈ ਸਿਆਸੀ ਉਥਲ ਪੁਥਲ ਪੈਦਾ ਨਹੀਂ ਕਰ ਰਹੀ। ਜਦੋਂ ਸਰਕਾਰੀ ਨੌਕਰੀਆਂ (ਜਿਵੇਂ ਮੈਡੀਕਲ ਤੇ ਇੰਜਨੀਅਰਿੰਗ ਟੈਸਟ ਆਦਿ) ਦਾ ਸਵਾਲ ਆਉਂਦਾ ਹੈ ਤਾਂ ਹਾਲਾਤ ਬਦਲ ਜਾਂਦੇ ਹਨ ਕਿਉਂਕਿ ਇਨ੍ਹਾਂ ਨੌਕਰੀਆਂ ਲਈ ਅਰਜ਼ੀ ਦੇਣ ਤੋਂ ਪਹਿਲਾਂ ਲੰਮਾ ਸਮਾਂ ਤਿਆਰੀ ਕਰਨੀ ਪੈਂਦੀ ਹੈ। ਇਸੇ ਕਰ ਕੇ ਕਿਸੇ ਨਾ ਕਿਸੇ ਸਰਕਾਰੀ ਨੌਕਰੀ ਲਈ ਦਾਖ਼ਲਾ ਪ੍ਰੀਖਿਆ ਜਾਂ ਨਿਯੁਕਤੀ ਪੱਤਰ ਜਾਰੀ ਕਰਨ ਵਿਚ ਦੇਰੀ ਦੇ ਸਵਾਲ ’ਤੇ ਭੜਕੇ ਹੋਏ ਨੌਜਵਾਨਾਂ ਦੇ ਸੰਘਰਸ਼ ਦੀਆਂ ਤਸਵੀਰਾਂ ਟੈਲੀਵਿਜ਼ਨਾਂ ’ਤੇ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਜਿਸਮਾਨੀ ਤੌਰ ’ਤੇ ਮਜ਼ਬੂਤ ਨੌਜਵਾਨ ਫ਼ੌਜ ਵਿਚ ਭਰਤੀ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਸਾਲਾਂਬੱਧੀ ਦੌੜਾਂ ਲਾਉਂਦੇ ਤੇ ਛਾਲਾਂ ਮਾਰਦੇ ਰਹਿੰਦੇ ਹਨ ਪਰ ਜਦੋਂ ਅਚਾਨਕ ਉਨ੍ਹਾਂ ਨੂੰ ਇਹ ਆਖ ਦਿੱਤਾ ਜਾਂਦਾ ਹੈ ਕਿ ਤੁਸੀਂ ਸਿਰਫ਼ ਚਾਰ ਸਾਲ ਤੱਕ ਹੀ ਫ਼ੌਜੀ ਵਰਦੀ ਪਹਿਨ ਸਕੋਗੇ ਤਾਂ ਉਨ੍ਹਾਂ ਅੰਦਰ ਭਰਿਆ ਗੁੱਸਾ ਉਬਾਲਾ ਖਾ ਜਾਂਦਾ ਹੈ ਜਿਸ ਦੇ ਸਬੂਤ ਸੜਕਾਂ ’ਤੇ ਦਿਖਾਏ ਦਿੰਦੇ ਹਨ।
*ਲੇਖਕ ਸੀਨੀਅਰ ਆਰਥਿਕ ਸਮੀਖਿਅਕ ਹੈ।