ਅਰੀਤ ਕੌਰ
1978 ਦੀਆਂ ਗਰਮੀਆਂ ਦੇ ਦਿਨ ਸਨ ਜਦੋਂ ਮੈਂ ਬੰਸੀ ਕੌਲ ਨੂੰ ਪਹਿਲੀ ਵਾਰ ਅੰਮ੍ਰਿਤਸਰ ਵਿਚ ਮਿਲੀ ਸਾਂ। ਮੇਰੇ ਪਿਤਾ ਗੁਰਸ਼ਰਨ ਸਿੰਘ ਅਤੇ ਉੱਘੇ ਕਵੀ ਅਮਰਜੀਤ ਚੰਦਨ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਨਾਟਕ ਕਲਾ ਕੇਂਦਰ (ਜਿਸ ਨੂੰ ਮੇਰੇ ਪਿਤਾ ਚਲਾਉਂਦੇ ਸਨ) ਦੀ ਮਹੀਨਾ ਭਰ ਚੱਲਣ ਵਾਲੀ ਥੀਏਟਰ ਵਰਕਸ਼ਾਪ ਦੇ ਨਿਰਦੇਸ਼ਨ ਲਈ ਸੱਦਿਆ ਸੀ। ਉਸ ਵੇਲੇ ਬੰਸੀ ਕੌਲ ਨੈਸ਼ਨਲ ਸਕੂਲ ਆਫ ਡਰਾਮਾ ਦੇ ਅਧਿਆਪਕ ਅਤੇ ਐੱਨਐੱਸਡੀ ਰੈਪਰਟਰੀ ਦੇ ਡਾਇਰੈਕਟਰ ਵੀ ਸਨ। ਰੰਗਮੰਚ ਦੀ ਦੁਨੀਆ ਵਿਚ ਇਹ ਉਨ੍ਹਾਂ ਦੇ ਸ਼ਾਨਾਮੱਤੇ ਸਫ਼ਰ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਹੈ। ਉਨ੍ਹਾਂ ਦੀ ਸ਼ਖ਼ਸੀਅਤ ਬਹੁਤ ਦਿਲਕਸ਼ ਅਤੇ ਉਨ੍ਹਾਂ ਦਾ ਸਲੀਕਾ ਵੀ ਕਮਾਲ ਦਾ ਸੀ ਜਿਸ ਤੋਂ ਉਨ੍ਹਾਂ ਦੇ ਰਾਬਤੇ ਵਿਚ ਆਉਣ ਵਾਲਾ ਹਰ ਆਦਮੀ ਜਾਂ ਔਰਤ, ਬਜ਼ੁਰਗ ਜਾਂ ਨੌਜਵਾਨ, ਹਰ ਸ਼ਖ਼ਸ ਮੁਤਾਸਿਰ ਹੁੰਦਾ ਸੀ।
ਇਹ ਵਰਕਸ਼ਾਪ ਨਾਟਕ ‘ਧਮਕ ਨਗਾਰੇ ਦੀ’ ਤਿਆਰ ਕਰਨ ਵਾਸਤੇ ਰੱਖੀ ਗਈ ਸੀ। ਬਾਅਦ ਵਿਚ ਇਹ ਨਾਟਕ ਪੰਜਾਬੀ ਰੰਗ ਮੰਚ ਦੇ ਇਤਿਹਾਸ ਦਾ ਮਾਣਮੱਤਾ ਹਸਤਾਖਰ ਬਣਿਆ। ਨਾਟਕ ਦੇ ਪਲਾਟ/ਬਿਰਤਾਂਤ ਵਰਕਸ਼ਾਪ ਦੇ ਪਹਿਲੇ ਦਿਨ ਹੀ ਤੈਅ ਕੀਤਾ ਗਿਆ ਸੀ ਤੇ ਇਸ ਸਬੰਧੀ ਹੋਈ ਵਿਚਾਰ ਚਰਚਾ ਵਿਚ ਅਮਰਜੀਤ ਚੰਦਨ, ਸ਼ਾਇਰ ਸ਼ਹਰਯਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਸਬਿੰਦਰਜੀਤ ਸਾਗਰ ਦਾ ਭਰਵਾਂ ਯੋਗਦਾਨ ਸੀ। ਸਹਿਮਤੀ ਬਣੀ ਕਿ ਇਹ ਇਤਿਹਾਸਕ ਡਰਾਮਾ ਮੁਗ਼ਲ ਸਲਤਨਤ ਵੇਲੇ ਦੀਆਂ ਬੇਰੁਖ਼ੀਆਂ ਤੇ ਵਧੀਕੀਆਂ ਖਿਲਾਫ਼ ਦੁੱਲਾ ਭੱਟੀ ਦੀ ਅਗਵਾਈ ਹੇਠ ਉੱਠੇ ਕਿਸਾਨੀ ਵਿਦਰੋਹ ਦੀ ਗਾਥਾ ਤੇ ਆਧਾਰਿਤ ਹੋਵੇਗਾ। ਸਮਕਾਲੀ ਖੇਤੀਬਾੜੀ ਸੰਕਟ ਦੀ ਦਾਸਤਾਂ ਉਪਰ ਦੁੱਲਾ ਭੱਟੀ ਦਾ ਗਾਥਾ ਬਿਆਨ ਕੀਤੀ ਜਾਵੇਗੀ।
ਵਰਕਸ਼ਾਪ ਲਗਾਉਣ ਵਿਚ ਉਦੋਂ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਪੇਸ਼ੇਵਰ ਕਲਾਕਾਰ ਮਿਲਦੇ ਨਹੀਂ ਸਨ। ਐਮਰਜੈਂਸੀ ਵੇਲੇ ਮੇਰੇ ਪਿਤਾ ਦੀ ਅੰਦਰੂਨੀ ਸੁਰੱਖਿਆ ਵਿਵਸਥਾ ਕਾਨੂੰਨ (ਮੀਸਾ – ਮੌਜੂਦਾ ਯੂਏਪੀਏ ਕਾਨੂੰਨ ਵਰਗਾ) ਤਹਿਤ ਗ੍ਰਿਫ਼ਤਾਰੀ ਹੋਣ ਤੋਂ ਬਾਅਦ ਉਨ੍ਹਾਂ ਨਾਲ ਕੰਮ ਕਰਨ ਵਾਲੇ ਪੁਰਾਣੇ ਕਲਾਕਾਰਾਂ ਨੇ ਮਿਲਣਾ ਜੁਲਣਾ ਬੰਦ ਕਰ ਦਿੱਤਾ ਸੀ। ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਪਿਤਾ ਜੀ ਨੇ ਅਸਲੋਂ ਨਵੀਂ ਟੀਮ ਬਣਾਉਣ ਦਾ ਫ਼ੈਸਲਾ ਕੀਤਾ। ਇਸ ਟੀਮ ਵਿਚ ਜ਼ਿਆਦਾਤਰ ਅੰਮ੍ਰਿਤਸਰ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਤੋਂ ਸਕੂਲ ਅਤੇ ਕਾਲਜ ਜਾਣ ਵਾਲੇ ਨੌਜਵਾਨ ਵਿਦਿਆਰਥੀ ਸਨ ਤੇ ਉਹ ਸਾਧਾਰਨ ਘਰਾਂ ਤੋਂ ਸਨ। ਇਹ ਨੌਜਵਾਨ ਟੀਮ ਹਾਲਾਂਕਿ ਪਿਛਲੇ ਕੁਝ ਮਹੀਨਿਆਂ ਤੋਂ ਪੇਂਡੂ ਖੇਤਰਾਂ ਵਿਚ ਨੁੱਕੜ ਨਾਟਕ ਅਤੇ ਨਾਟਕ ਖੇਡ ਰਹੀ ਸੀ ਪਰ ਉਸ ਨੂੰ ਵਡੇਰੇ ਰੰਗਮੰਚ ਦੀ ਪ੍ਰੋਡਕਸ਼ਨ ਦਾ ਕੋਈ ਤਜਰਬਾ ਨਹੀਂ ਸੀ। ‘ਧਮਕ ਨਗਾਰੇ ਦੀ’ ਡਾਂਸ ਡਰਾਮਾ ਸੀ ਜਿਸ ਕਰ ਕੇ ਇਸ ਲਈ ਸੰਗੀਤਕ ਪਿਛੋਕੜ ਵਾਲੇ ਕਲਾਕਾਰਾਂ ਦੀ ਵੀ ਲੋੜ ਪੈਣੀ ਸੀ। ਇਸ ਦੀ ਭਰਪਾਈ ਅੰਡਰ-ਗ੍ਰੈਜੁਏਟ ਨੌਜਵਾਨ ਪਰਮਜੀਤ ਸਿੰਘ ਨੇ ਕਰ ਦਿੱਤੀ ਜੋ ਹਾਰਮੋਨੀਅਮ ਵਜਾਉਣਾ ਜਾਣਦਾ ਸੀ। ਅੱਗੇ ਚੱਲ ਕੇ ਪਰਮਜੀਤ ਸਿੰਘ ਮੇਰੇ ਪਿਤਾ ਦੇ ਸੰਗੀਤਕ ਨਾਟਕਾਂ ਦੀ ਅਹਿਮ ਕੜੀ ਬਣਦਾ ਹੈ। 1980ਵਿਆਂ ਵਿਚ ਉਸ ਵਲੋਂ ਗਾਏ ‘ਉੱਠਣ ਦਾ ਵੇਲਾ’ ਜਿਹੇ ਨਾਬਰੀ ਦੇ ਗੀਤਾਂ ਦੀ ਗੂੰਜ ਇਸ ਵੇਲੇ ਨਵੀਂ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸੁਣਾਈ ਦਿੰਦੀ ਹੈ।
ਜਦੋਂ ਬੰਸੀ ਕੌਲ ਨੇ ਇਸ ਨਵੀਂ ਟੀਮ ਨਾਲ ਵਰਕਸ਼ਾਪ ਸ਼ੁਰੂ ਕੀਤੀ ਤਾਂ ਉਹ ਅਕਸਰ ਮਜ਼ਾਹੀਆ ਲਹਿਜ਼ੇ ਵਿਚ ਆਖਦੇ, ‘’ਮੈਂ ਆਪਣੇ ਨਾਟਕ ਪ੍ਰੋਡਕਸ਼ਨ ਦੇ ਕਰੀਅਰ ਵਿਚ ਇੰਨੇ ਸਿਖਾਂਦਰੂ ਅਦਾਕਾਰਾਂ ਦੀ ਟੀਮ ਨਹੀਂ ਦੇਖੀ’’, ਪਰ ਉਹ ਕਮਾਲ ਦੇ ਟੀਮ ਲੀਡਰ ਸਨ ਜਿਨ੍ਹਾਂ ਨੂੰ ਸਿਖਾਂਦਰੂਆਂ ਦੀ ਟੋਲੀ ਤੋਂ ਵੀ ਬਿਹਤਰੀਨ ਕੰਮ ਲੈਣ ਦਾ ਵੱਲ ਆਉਂਦਾ ਸੀ। ਉਨ੍ਹਾਂ ਕੁਝ ਖਾਸ ਕਿਸਮ ਦੇ ਡਾਂਸ ਸਟੈੱਪ ਸਿਰਜੇ ਜਿਨ੍ਹਾਂ ਦੀ ਆਪਣੀ ਹੀ ਸੁਰ ਤਾਲ ਸੀ ਅਤੇ ਇਹਦੇ ਪਿੱਛੇ ਲੋਕ ਸੰਗੀਤ ਰਵਾਇਤਾਂ ਸਨ। ਅੱਜ ਪੈਂਤੀ ਸਾਲਾਂ ਬਾਅਦ ਮੈਨੂੰ ਯਾਦ ਹੈ ਕਿ ਉਹ ਇੰਨੀ ਖ਼ੂਬਸੂਰਤੀ ਨਾਲ ਨੱਚਦੇ ਸਨ ਕਿ ਦੇਖਣ ਵਾਲੇ ਅਸ਼ ਅਸ਼ ਕਰ ਉੱਠਦੇ ਸਨ। ਉਹ ਅਕਸਰ ਕਹਿੰਦੇ ਸਨ ਕਿ ਇੱਥੇ ਅਸੀਂ ਭੰਗੜਾ ਨਹੀਂ ਪਾਉਣਾ, ਨਾਚ ਤੋਂ ਨਾਟਕ ਦਾ ਰੋਹ, ਦਲੇਰੀ ਜਾਂ ਰੰਜ਼, ਭਾਵ ਇਹਦਾ ਰੌਂਅ ਉੱਭਰ ਕੇ ਸਾਹਮਣੇ ਆਉਣਾ ਚਾਹੀਦਾ ਹੈ। ਬੰਸੀ ਕੌਲ ਦਾ ਕਮਾਲ ਇਹ ਸੀ ਕਿ ਉਨ੍ਹਾਂ ਨੇ ਪਤਲੀਆਂ ਜਿਹੀਆਂ ਦੋ ਟਾਹਣੀਆਂ ਲੈ ਕੇ ਨਵਾਂ ਸੰਗੀਤ ਸਾਜ਼ ਈਜਾਦ ਕਰ ਲਿਆ ਸੀ ਜਿਨ੍ਹਾਂ ਨਾਲ ਬਹੁਤ ਗੂੰਜਵੀਂ ਲਰਜ਼ ਪੈਦਾ ਹੁੰਦੀ ਸੀ। ਉਹ ਆਪਣੇ ਪ੍ਰਾਜੈਕਟ ਵਿਚ ਹਰ ਬੰਦੇ ਅੰਦਰਲੀ ਪ੍ਰਤਿਭਾ ਦੀ ਅਸਰਦਾਰ ਢੰਗ ਨਾਲ ਵਰਤੋਂ ਕਰ ਲੈਦੇ ਸਨ। ਮਿਸਾਲ ਦੇ ਤੌਰ ਤੇ ਕੁਝ ਸਿਖਾਂਦਰੂ ਕਲਾਕਾਰ ਦਰਜ਼ੀ, ਤਰਖਾਣੇ ਅਤੇ ਜੁੱਤੀਆਂ ਗੰਢਣ ਵਾਲੇ ਪਰਿਵਾਰਾਂ ਤੋਂ ਸਨ। ਬੰਸੀ ਕੌਲ ਵੱਲੋਂ ਨਾਟਕ ਲਈ ਵਿਉਂਤਿਆ ਸੈੱਟ ਅਤੇ ਕੱਪੜੇ, ਕਲਾਕਾਰਾਂ ਨੇ ਖ਼ੁਦ ਤਿਆਰ ਕੀਤੇ ਸਨ। ਇਸ ਨਾਟਕ ਦੀ ਪ੍ਰੋਡਕਸ਼ਨ, ਸਾਂਝੀਵਾਲਤਾ ਅਤੇ ਇਕਮੁੱਠਤਾ ਦੀ ਮਿਸਾਲ ਬਣ ਗਈ ਸੀ।
ਵਰਕਸ਼ਾਪ ਦੀ ਅੰਮ੍ਰਿਤਸਰ ਵਿਚ ਵਾਹਵਾ ਚਰਚਾ ਹੋ ਰਹੀ ਸੀ। ਸ਼ਹਿਰ ਦੇ ਬਹੁਤ ਸਾਰੇ ਉਭਰਦੇ ਕਲਾਕਾਰ ਸੈਸ਼ਨ ਦੇਖਣ ਆਉਣ ਲੱਗ ਪਏ ਤੇ ਉਨ੍ਹਾਂ ਨੂੰ ਨਾਟਕ ਵਿਚ ਛੋਟਾ ਮੋਟਾ ਰੋਲ ਮਿਲਣ ਦੀ ਆਸ ਹੁੰਦੀ ਸੀ। ਇਨ੍ਹਾਂ ਵਿਚੋਂ ਇਕ ਸੀ ਕੇਵਲ ਧਾਲੀਵਾਲ ਜੋ ਉਦੋਂ ਸਕੂਲੀ ਵਿਦਿਆਰਥੀ ਸੀ ਤੇ ਹੁਣ ਅਸੀਂ ਭਲੀਭਾਂਤ ਜਾਣਦੇ ਹਾਂ ਕਿ ਉਹ ਭਾਰਤ ਦੇ ਰੰਗਮੰਚ ਦਾ ਕਿੱਡਾ ਵੱਡਾ ਨਾਂ ਹੈ। ਇਕ ਦਿਨ ਵੈਟਰਨ ਅਦਾਕਾਰ ਵੇਦ ਸ਼ਰਮਾ ਹੁਰੀਂ ਆ ਗਏ। ਉਨ੍ਹਾਂ ਦੀ ਆਮਦ ਨਾਲ ਵੱਡੀ ਸਮੱਸਿਆ ਹੱਲ ਹੋ ਗਈ, ਕਿਉਂਕਿ ਨੌਜਵਾਨ ਅਦਾਕਾਰਾਂ ਵਿਚੋਂ ਕੋਈ ਵੀ ਦੁੱਲਾ ਭੱਟੀ ਵਾਲੇ ਕਿਰਦਾਰ ਵਿਚ ਫੱਬਦਾ ਨਹੀਂ ਸੀ। ਵੇਦ ਸ਼ਰਮਾ ਨੇ ਇਹ ਕਿਰਦਾਰ ਬਾਖੂਬੀ ਨਿਭਾਇਆ ਅਤੇ ਇਹ ਉਨ੍ਹਾਂ ਦੇ ਲੰਮੇ ਕਰੀਅਰ ਦੀ ਯਾਦਗਾਰ ਪੇਸ਼ਕਾਰੀ ਸਾਬਿਤ ਹੋਇਆ। ਹੋਰ ਸ਼ਹਿਰਾਂ ਤੋਂ ਵੀ ਕਈ ਲੋਕ ਪ੍ਰੋਡਕਸ਼ਨ ਵਿਚ ਹਿੱਸਾ ਲੈਣ ਆ ਰਹੇ ਸਨ। ਇਨ੍ਹਾਂ ਵਿਚੋਂ ਇਕ ਫ਼ੂਲਵੰਤ ਸਿੰਘ ਮਿਨੋਚਾ ਸਨ ਜੋ ਮੇਰੇ ਪਿਤਾ ਦੇ ਭਾਖੜਾ ਨੰਗਲ ਡੈਮ ਪ੍ਰਾਜੈਕਟ ਵਿਚ ਨੌਕਰੀ ਵੇਲਿਆਂ ਦੇ ਸਹਿਕਰਮੀ ਸਨ। ਮੈਂ ਉਦੋਂ ਚੌਦਾਂ ਸਾਲਾਂ ਦੀ ਸੀ ਤੇ ਰੰਗਮੰਚ ਦੀ ਇਸ ਸਰਗਰਮੀ ਨਾਲ ਮੇਰਾ ਲਗਾਓ ਇੰਨਾ ਵਧ ਗਿਆ ਕਿ ਮੈਂ ਸਕੂਲ ਜਾਣਾ ਹੀ ਛੱਡ ਦਿੱਤਾ ਤੇ ਫਿਰ ਮੈਂ ਪ੍ਰਾਈਵੇਟ ਪ੍ਰੀਖਿਆਰਥਣ ਦੇ ਤੌਰ ਤੇ ਦਸਵੀਂ ਦੀ ਪ੍ਰੀਖਿਆ ਦੇਣ ਦਾ ਫ਼ੈਸਲਾ ਕੀਤਾ। ਮੈਂ ਮਹਿਸੂਸ ਕਰ ਰਹੀ ਸਾਂ ਕਿ ਘਰ ਵਿਚ ਰਹਿ ਕੇ ਜੋ ਮੈਂ ਤਜਰਬਾਤੀ ਸਿੱਖਿਆ ਲੈ ਰਹੀ ਹਾਂ, ਉਹ ਰੈਗੂਲਰ ਸਕੂਲ ਵਿਦਿਆਰਥੀ ਨਾਲੋਂ ਬਹੁਤ ਜ਼ਿਆਦਾ ਹੈ।
ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਦੇ ਬਾਵਜੂਦ ਬੰਸੀ ਕੌਲ ਨੇ ਨਾਟਕ ਦੀ ਕਮਾਲ ਦੀ ਤਿਆਰੀ ਕੀਤੀ ਤੇ ਪੰਜਾਬੀ ਰੰਗਮੰਚ ਪ੍ਰੇਮੀ ਅੱਜ ਵੀ ਇਸ ਨਾਟਕ ਤੇ ਰਸ਼ਕ ਕਰਦੇ ਹਨ। ਉਨ੍ਹਾਂ ਪੰਜਾਬੀ ਰੰਗਮੰਚ ਨੂੰ ਕੌਮੀ ਮੰਜ਼ਰ ਤੇ ਲੈ ਕੇ ਜਾਣ ਵਿਚ ਮਦਦ ਕੀਤੀ। ਇਸ ਵਰਕਸ਼ਾਪ ਦੇ ਦਿਨਾਂ ਦੀਆਂ ਯਾਦਾਂ ਮੇਰੇ ਮਨ ਵਿਚ ਹਮੇਸ਼ਾ ਤਾਜ਼ੀਆਂ ਰਹਿੰਦੀਆਂ ਹਨ। ਇਹ ਉਸ ਗੁਜ਼ਰੇ ਜ਼ਮਾਨੇ ਦੀਆਂ ਯਾਦਾਂ ਦਾ ਗੁਲਦਸਤਾ ਹੈ ਜਦੋਂ ਬੰਸੀ ਕੌਲ ਨੇ ਆਪਣੇ ਨਿਰਦੇਸ਼ਨ ਦਾ ਜਾਦੂ ਸਿਰਜਿਆ ਸੀ ਤੇ ਅਦਾਕਾਰਾਂ ਤੇ ਸੰਗੀਤਕਾਰਾਂ ਦੀ ਇਕ ਨਵੀਂ ਪਨੀਰੀ ਤਿਆਰ ਹੋਈ ਸੀ।
ਸੰਪਰਕ: 98153-58034