ਇਹ ਬਹੁਤ ਹੀ ਵੱਡੇ ਇਤਿਹਾਸਕ ਅਤੇ ਸਿਆਸੀ ਮਹੱਤਵ ਦੀ ਗੱਲ ਹੈ ਕਿ ਇਸ ਵੇਲੇ ਭਾਰਤ ਵਿਚ ਭਾਜਪਾ ਸਰਕਾਰ ਦੀਆਂ ਖੇਤੀ-ਕਾਰੋਬਾਰੀ ਮੰਡੀ ਸੁਧਾਰਾਂ ਵਾਲੀਆਂ ਨੀਤੀਆਂ ਖਿਲਾਫ਼ ਚੱਲ ਰਹੇ ਇਤਿਹਾਸਕ ਕਿਸਾਨ ਅੰਦੋਲਨ ਨੇ ਨਾ ਕੇਵਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਮਹੱਤਵ ਨੂੰ ਸਮਝਿਆ ਹੈ ਸਗੋਂ ਚਲੰਤ ਸੰਘਰਸ਼ ਅਤੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਵਿਚਾਲੇ ਜੋੜ ਨੂੰ ਵੀ ਪਛਾਣਿਆ ਹੈ। ਕਿਸਾਨ ਜਥੇਬੰਦੀਆਂ ਨੇ ਅੰਦੋਲਨ ਦੀਆਂ ਥਾਵਾਂ ’ਤੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਤਿਕਾਰਨ ਦਾ ਇਹ ਅਹਿਮ ਫ਼ੈਸਲਾ ਕੀਤਾ ਹੈ ਜੋ ਖਾਸਕਰ ਪੰਜਾਬ ਅਤੇ ਸੰਭਵ ਹੈ ਕਿ ਭਾਰਤ ਭਰ ਵਿਚ ਕਿਸਾਨ ਲਹਿਰ ਨੂੰ ਬਲਸ਼ਾਲੀ ਬਣਾਉਣ ਲਈ ਦੀਰਘਕਾਲੀ ਸਿੱਟੇ ਕੱਢ ਸਕਦਾ ਹੈ। ਕੋਈ ਦਿਨ ਮਨਾਉਣ ਦੀ ਬਜਾਏ ਯਾਦ ਨੂੰ ਸਤਿਕਾਰਨ ਦੇ ਨੁਕਤੇ ’ਤੇ ਜ਼ੋਰ ਪਾਉਣ ਲਈ ਮੈਂ ਇਕ ਰਵਾਇਤ ਦਾ ਜ਼ਿਕਰ ਕਰਨਾ ਚਾਹਾਂਗਾ ਜੋ ਸ਼ਹੀਦੀ ਸਥਾਨ ਦੇ ਆਸ ਪਾਸ ਦੇ ਇਲਾਕੇ ਵਿਚ ਸਦੀਆਂ ਤੋਂ ਚਲੀ ਆ ਰਹੀ ਸੀ। ਇਨ੍ਹਾਂ ਦਿਨਾਂ ’ਚ ਲੋਕ ਵਰਤ ਰੱਖਦੇ ਹੁੰਦੇ ਸਨ ਅਤੇ ਰਾਤ ਨੂੰ ਭੁੰਜੇ ਸੌਂਦੇ ਸਨ ਤਾਂ ਕਿ ਉਹ ਗੁਰੂ ਦੇ ਲਾਲਾਂ ਵੱਲੋਂ ਹੱਡੀ ਹੰਢਾਈਆਂ ਪੀੜਾਂ ਆਪ ਮਹਿਸੂਸ ਕਰ ਸਕਣ। ਭਾਰਤੀ ਇਤਿਹਾਸਕਾਰੀ ਵਿਚ ਬਹੁਗਿਣਤੀ ਹਿੰਦੂ ਉਲਾਰਤਾ ਦਾ ਪਰਛਾਵਾਂ ਬਹੁਤ ਸੰਘਣਾ ਹੈ ਜਿਸ ਕਰ ਕੇ ਬਹੁਗਿਣਤੀ ਭਾਰਤੀ ਅੱਜ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਾਸਤਾਂ ਤੋਂ ਅਣਜਾਣ ਹਨ। ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੀ ਫਿਰਨੀ ’ਤੇ ਅੰਦੋਲਨ ਸਥਲਾਂ ’ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਨੂੰ ਸਤਿਕਾਰਨ ਦਾ ਫ਼ੈਸਲਾ ਕਰ ਕੇ ਭਾਰਤੀ ਮਨਮਸਤਕ ’ਤੇ ਇਸ ਸ਼ਹਾਦਤ ਦੇ ਮਹੱਤਵ ਨੂੰ ਉਭਾਰ ਕੇ ਸਾਹਮਣੇ ਲਿਆਂਦਾ ਹੈ।
ਦਸੰਬਰ ਦੇ ਅਖੀਰਲੇ ਦਿਨਾਂ ਵਿਚ ਹਰ ਸਾਲ ਆਲਮੀ ਸਿੱਖ ਭਾਈਚਾਰਾ ਗੁਰੂ ਗੋਬਿੰਦ ਸਿੰਘ ਦੇ ਬਹੁਤ ਹੀ ਛੋਟੀ ਉਮਰ ਵਿਚ ਸ਼ਹਾਦਤ ਦੇਣ ਵਾਲੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਨੂੰ ਸਤਿਕਾਰਦਾ ਹੈ। 25 ਫਰਵਰੀ 1699 ਨੂੰ ਜਨਮੇ ਸਭ ਤੋਂ ਛੋਟੇ ਸਾਹਿਬਜ਼ਾਦੇ ਫਤਹਿ ਸਿੰਘ ਨੇ 12 ਦਸੰਬਰ 1705 ਨੂੰ ਸ਼ਹੀਦ ਹੋਣ ਵੇਲੇ ਉਮਰ ਦੇ ਸੱਤ ਵਰ੍ਹੇ ਵੀ ਪੂਰੇ ਨਹੀਂ ਕੀਤੇ ਸਨ ਜਦੋਂਕਿ ਉਸ ਦੇ ਨਾਲ ਹੀ ਸ਼ਹੀਦ ਹੋਇਆ ਜ਼ੋਰਾਵਰ ਸਿੰਘ 17 ਨਵੰਬਰ 1705 ਨੂੰ ਹੀ ਮਸਾਂ ਨੌਂ ਸਾਲ ਦਾ ਹੋਇਆ ਸੀ। ਦੁਨੀਆਂ ਦੇ ਹਰ ਸੱਭਿਆਚਾਰ ਵਿਚ ਬਾਲਵਰੇਸ ਅਣਭੋਲਤਾ ਅਤੇ ਸਚਿਆਈ ਦੀ ਉਮਰ ਗਿਣੀ ਜਾਂਦੀ ਹੈ, ਪਰ ਦੋਵੇਂ ਸਾਹਿਬਜ਼ਾਦਿਆਂ ਨੂੰ ਐਨੀ ਛੋਟੀ ਉਮਰ ਵਿਚ ਜਿਵੇਂ ਘੋਰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ ਉਹ ਸਿੱਖ ਮਨਾਂ ਵਿਚ ਉੱਕਰੀਆਂ ਬਹੁਤ ਹੀ ਤਕਲੀਫ਼ਦੇਹ ਯਾਦਾਂ ’ਚੋਂ ਇਕ ਹੈ।
ਜਦੋਂ ਅਸੀਂ ਦੋਵੇਂ ਸਾਹਿਬਜ਼ਾਦਿਆਂ ਦੀ ਸ਼ਹਾਦਤ ’ਤੇ ਝਾਤ ਮਾਰਦੇ ਹਾਂ ਤਾਂ ਮਨੁੱਖੀ ਇਤਿਹਾਸ ਅਤੇ ਕਿਰਦਾਰ ਦੇ ਬਹੁਤ ਸਾਰੇ ਅਧਿਆਏ ਮਨ ਵਿਚ ਉੱਭਰਦੇ ਹਨ। ਸਮੁੱਚੇ ਮਨੁੱਖੀ ਇਤਿਹਾਸ ਵਿਚ ਇਕ ਸੰਘਰਸ਼ ਪਸਰਿਆ ਨਜ਼ਰ ਆਉਂਦਾ ਹੈ। ਇਕ ਪਾਸੇ ਸੱਤਾ ਵਿਚ ਬੈਠੇ ਹੋਏ ਲੋਕ ਹਨ ਜੋ ਸੱਤਾ ਦੇ ਜ਼ੋਰ ’ਤੇ ਆਪਣੇ ਵਿਰੋਧੀਆਂ ’ਤੇ ਜਬਰ ਜ਼ੁਲਮ ਕਰਦੇ ਹਨ ਅਤੇ ਦੂਜੇ ਪਾਸੇ ਉਹ ਲੋਕ ਹਨ ਜੋ ਮਨੁੱਖੀ ਆਜ਼ਾਦੀ ਦੇ ਵੱਕਾਰ ਲਈ ਖੜ੍ਹਦੇ ਰਹੇ ਹਨ ਅਤੇ ਆਪਣੇ ਅਕੀਦੇ ਤੇ ਸਿਦਕ ਲਈ ਆਪਣੀਆਂ ਜਾਨਾਂ ਵਾਰਨ ਲਈ ਤਿਆਰ ਹੁੰਦੇ ਹਨ। ਕੁਝ ਹਵਾਲਿਆਂ ਵਿਚ ਇਸ ਨੂੰ ਬਦੀ ਅਤੇ ਨੇਕੀ ਵਿਚਾਲੇ ਨਿਰੰਤਰ ਚਲਿਆ ਆ ਰਿਹਾ ਸੰਘਰਸ਼ ਕਰਾਰ ਦਿੱਤਾ ਗਿਆ ਹੈ। ਵਜ਼ੀਰ ਖ਼ਾਨ ਸਰਹਿੰਦ ਦਾ ਫ਼ੌਜਦਾਰ ਬਦੀ ਦੀ ਤਰਜਮਾਨੀ ਕਰਦਾ ਹੈ ਅਤੇ ਦੋਵੇਂ ਸਾਹਿਬਜ਼ਾਦੇ ਚੰਗਿਆਈ ਦੇ ਪ੍ਰਤੀਕ ਹਨ। ਸੱਤਾ ਵਿਚ ਬੈਠੇ ਲੋਕ ਅਕਸਰ ਅਸਲ, ਸੰਭਾਵੀ ਜਾਂ ਫ਼ਰਜ਼ੀ ਖ਼ਤਰੇ ਨੂੰ ਭਾਂਪ ਕੇ ਹੀ ਉਸੇ ਅਨੁਪਾਤ ਵਿਚ ਆਪਣੇ ਵਿਰੋਧੀਆਂ ਖਿਲਾਫ਼ ਆਪਣੀ ਤਾਕਤ ਦਾ ਇਸਤੇਮਾਲ ਕਰਨ ਦੇ ਸਮੱਰਥ ਹੁੰਦੇ ਹਨ। ਕੁਝ ਸੂਰਤਾਂ ਵਿਚ ਹਾਕਮ ਆਪਣੀ ਸੱਤਾ ਦੇ ਨਸ਼ੇ ਵਿਚ ਇਸ ਕਦਰ ਪਾਗਲ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਦੂਜਿਆਂ ਨੂੰ ਸਤਾਉਣ ਵਿਚ ਹੀ ਮਜ਼ਾ ਆਉਣ ਲੱਗ ਪੈਂਦਾ ਹੈ। ਵਕਤੀ ਤੌਰ ’ਤੇ ਹਾਕਮਾਂ ਨੂੰ ਜਿੱਤ ਦਾ ਅਹਿਸਾਸ ਹੁੰਦਾ ਹੈ, ਪਰ ਲੰਮੇ ਦਾਅ ਤੋਂ ਲੋਕਾਈ ਆਪਣੇ ਸਿਦਕ ਤੇ ਭਰੋਸੇ ਲਈ ਤਸੀਹੇ ਸਹਿਣ ਵਾਲਿਆਂ ਨੂੰ ਪ੍ਰਵਾਨ ਕਰਦੀ ਹੈ ਤੇ ਅੱਤਿਆਚਾਰੀਆਂ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੰਦੀ ਹੈ। ਵਜ਼ੀਰ ਖ਼ਾਨ ਤੇ ਉਸ ਕਾਜ਼ੀ ਨੂੰ ਅੱਜ ਕੌਣ ਯਾਦ ਕਰਦਾ ਹੈ ਜਿਸ ਨੇ ਸਾਹਿਬਜ਼ਾਦਿਆਂ ਨੂੰ ਜਿੰਦਾ ਕੰਧਾਂ ਵਿਚ ਚਿਣ ਕੇ ਕਤਲ ਕਰ ਦੇਣ ਦਾ ਹੁਕਮ ਸੁਣਾ ਦਿੱਤਾ ਸੀ। ਦੂਜੇ ਪਾਸੇ, ਸਾਹਿਬਜ਼ਾਦਿਆਂ ਨੂੰ ਲੱਖਾਂ ਲੋਕਾਂ ਵੱਲੋਂ ਪਿਆਰ, ਖਲੂਸ ਤੇ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ ਤੇ ਉਹ ਇਵੇਂ ਹੀ ਯਾਦ ਕੀਤੇ ਜਾਂਦੇ ਰਹਿਣਗੇ। ਇਤਿਹਾਸ ਦਾ ਇਕ ਵਡੇਰਾ ਸਬਕ ਹੈ ਕਿ ਬਦੀ ਵਕਤੀ ਤੌਰ ’ਤੇ ਜਿੱਤ ਜ਼ਰੂਰ ਸਕਦੀ ਹੈ, ਪਰ ਅੰਤਿਮ ਜਿੱਤ ਚੰਗਿਆਈ ਦੀ ਹੀ ਹੁੰਦੀ ਹੈ।
ਆਓ, ਹੁਣ ਮਨੁੱਖੀ ਕਿਰਦਾਰ ਦੇ ਵੱਖ ਵੱਖ ਪੱਖਾਂ ’ਤੇ ਝਾਤ ਮਾਰਦੇ ਹਾਂ। ਪਹਿਲਾਂ ਸਾਹਿਬਜ਼ਾਦਿਆਂ ਦੇ ਕਿਰਦਾਰ ਦੀ ਗੱਲ ਕਰੀਏ ਜੋ ਏਡੀ ਛੋਟੀ ਉਮਰ ਵਿਚ ਹੀ ਸਿਆਣਪ, ਦਲੇਰੀ, ਠਰੰਮੇ ਅਤੇ ਸਿਦਕਦਿਲੀ ਦੀਆਂ ਬੁਲੰਦੀਆਂ ’ਤੇ ਪਹੁੰਚ ਗਏ। ਜ਼ਾਹਿਰ ਹੈ ਕਿ ਉਹ ਆਪਣੇ ਦਾਦੇ ਗੁਰੂ ਤੇਗ਼ ਬਹਾਦਰ ਵੱਲੋਂ ਪਾਈ ਪਰੰਪਰਾ ਤੋਂ ਭਲੀਭਾਂਤ ਜਾਣੂੰ ਸਨ ਜਿਨ੍ਹਾਂ ਆਪਣੇ ਵਿਚਾਰਧਾਰਕ ਵਿਰੋਧੀਆਂ ਭਾਵ ਕਸ਼ਮੀਰੀ ਪੰਡਤਾਂ ਦੇ ਧਾਰਮਿਕ ਤੇ ਇਨਸਾਨੀ ਹਕੂਕ ਲਈ ਕੁਰਬਾਨੀ ਦਿੱਤੀ ਸੀ। ਇਹ ਅਨੁਮਾਨ ਲਾਉਣਾ ਮੁਸ਼ਕਲ ਨਹੀਂ ਹੈ ਕਿ ਉਨ੍ਹਾਂ ਨੂੰ ਆਪਣੀ ਦਾਦੀ ਮਾਤਾ ਗੁਜਰੀ ਵੱਲੋਂ ਆਪਣੇ ਪਰਿਵਾਰ ਦੇ ਇਤਿਹਾਸ ਅਤੇ ਅਕੀਦੇ ਦੀਆਂ ਉੱਚੀਆਂ ਰਵਾਇਤਾਂ ਬਾਰੇ ਸਿੱਖਿਆ ਦਿੱਤੀ ਗਈ ਸੀ। ਉਨ੍ਹਾਂ ਦੀ ਉਮਰ ਛੋਟੀ ਸੀ, ਪਰ ਉਹ ਆਪਣੀ ਇਤਿਹਾਸਕ ਭੂਮਿਕਾ ਨੂੰ ਬਾਖੂਬੀ ਸਮਝਦੇ ਸਨ। ਉਹ ਸਾਨੂੰ ਇਹ ਵੀ ਦੱਸਦੇ ਹਨ ਕਿ ਭਾਵੇਂ ਉਮਰ ਦੇ ਨਾਲ ਸਰੀਰਿਕ ਤੇ ਜੈਵਿਕ ਬੰਦਸ਼ਾਂ ਜੁੜੀਆਂ ਹੁੰਦੀਆਂ ਹਨ, ਪਰ ਇਨ੍ਹਾਂ ਬੰਦਸ਼ਾਂ ’ਤੇ ਪਾਰ ਪਾਇਆ ਜਾ ਸਕਦਾ ਹੈ। ਕੋਈ ਛੋਟੀ ਉਮਰ ਵਿਚ ਵੀ ਬਹੁਤ ਸੂਝਵਾਨ ਤੇ ਦਲੇਰ ਹੋ ਸਕਦਾ ਹੈ ਜਦਕਿ ਕੋਈ ਹੋਰ ਉਮਰ ਪੱਖੋਂ ਪ੍ਰੌਢ ਹੋ ਸਕਦਾ ਹੈ, ਪਰ ਵਿਹਾਰ ਤੇ ਕਿਰਦਾਰ ਪੱਖੋਂ ਬਚਕਾਨਾ ਹੋ ਸਕਦਾ ਹੈ।
ਇਸ ਦਾ ਅਨੁਮਾਨ ਹੀ ਲਾਇਆ ਜਾ ਸਕਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਉਨ੍ਹਾਂ ਦੇ ਦੋ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦੀ ਖ਼ਬਰ ਮਿਲੀ ਹੋਵੇਗੀ ਤਾਂ ਇਹ ਅੰਤਾਂ ਦੀ ਪੀੜ ਉਨ੍ਹਾਂ ਕਿਵੇਂ ਬਰਦਾਸ਼ਤ ਕੀਤੀ ਹੋਵੇਗੀ। ਤੇ ਇਹੀ ਉਹ ਸਮਾਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਕਿਰਦਾਰ ਦੀਆਂ ਉਨ੍ਹਾਂ ਬੁਲੰਦੀਆਂ ’ਤੇ ਨਜ਼ਰ ਆਉਂਦੇ ਹਨ ਜਿਸ ਦੀ ਮਿਸਾਲ ਮਨੁੱਖੀ ਇਤਿਹਾਸ ਵਿਚ ਕਦੇ ਕਦਾਈਂ ਹੀ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਦੇ ਜੀਵਨ ਵਿਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਜਦੋਂ ਉਨ੍ਹਾਂ ਬਦਲੇ ਦੀ ਭਾਵਨਾ ਤਹਿਤ ਆਮ ਮੁਸਲਮਾਨਾਂ ਨੂੰ ਨੁਕਸਾਨ ਪਹੁੰਚਾਉਣਾ ਚਾਹਿਆ ਹੋਵੇ ਅਤੇ ਨਾ ਹੀ ਆਪਣੇ ਪੈਰੋਕਾਰਾਂ ਨੂੰ ਅਜਿਹਾ ਕੋਈ ਵੀ ਕਦਮ ਉਠਾਉਣ ਦਾ ਸੰਕੇਤ ਮਾਤਰ ਵੀ ਦਿੱਤਾ ਹੋਵੇ। ਉਨ੍ਹਾਂ ਦੇ ਪੈਰੋਕਾਰਾਂ ਦੇ ਮਨਾਂ ’ਚ ਵਜ਼ੀਰ ਖ਼ਾਨ ਖਿਲਾਫ਼ ਰੋਹ ਦੇ ਭਾਂਬੜ ਬਲ਼ ਰਹੇ ਹੋਣਗੇ, ਪਰ ਗੁਰੂ ਸਾਹਿਬ ਦੀਆਂ ਉੱਚ ਇਖਲਾਕੀ ਕਦਰਾਂ ਕੀਮਤਾਂ ਨੇ ਸਿੱਖਾਂ ਅੰਦਰ ਅਜਿਹੇ ਮਨੋਵੇਗਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਤੇ ਵਜ਼ੀਰ ਖ਼ਾਨ ਦੇ ਕਿਸੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਖਿਲਾਫ਼ ਕਦੇ ਕੋਈ ਬਦਲੇਖੋਰ ਕਾਰਵਾਈ ਨਹੀਂ ਕੀਤੀ। ਬਿਨਾਂ ਸ਼ੱਕ, ਬਾਅਦ ਵਿਚ ਜਦੋਂ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਚੜ੍ਹਾਈ ਕੀਤੀ ਤਾਂ ਉਸ ਦੇ ਇਕ ਕਮਾਂਡਰ ਬਾਬਾ ਫਤਹਿ ਸਿੰਘ ਨੇ ਲੜਾਈ ’ਚ ਵਜ਼ੀਰ ਖ਼ਾਨ ਨੂੰ ਮਾਰ ਮੁਕਾਇਆ ਸੀ।
ਅੱਤ ਦੀ ਨਫ਼ਰਤ ਦੀਆਂ ਪਾਤਰ ਹਕੂਮਤਾਂ ਵਿਚ ਕੁਝ ਲੋਕ ਹੁੰਦੇ ਹਨ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੁੰਦੀ ਹੈ। ਅਜਿਹੇ ਲੋਕਾਂ ’ਚੋਂ ਇਕ ਸੀ ਮਾਲੇਰਕੋਟਲਾ ਦਾ ਨਵਾਬ ਸ਼ੇਰ ਮੁਹੰਮਦ ਖ਼ਾਨ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਫ਼ਤਵੇ ਦੀ ਸਖ਼ਤ ਮੁਖ਼ਾਲਫ਼ਤ ਕੀਤੀ ਸੀ ਹਾਲਾਂਕਿ ਉਸ ਦਾ ਭਰਾ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨਾਲ ਲੜਦਿਆਂ ਮਾਰਿਆ ਗਿਆ ਸੀ। ਸ਼ੇਰ ਮੁਹੰਮਦ ਖ਼ਾਨ ਨੇ ਦਲੀਲ ਦਿੱਤੀ ਸੀ ਕਿ ਉਸ ਦਾ ਭਰਾ ਜੰਗ ਦੇ ਮੈਦਾਨ ਵਿਚ ਮਾਰਿਆ ਗਿਆ ਸੀ ਤੇ ਸਾਹਿਬਜ਼ਾਦਿਆਂ ਦਾ ਇਸ ਵਿਚ ਕੋਈ ਕਸੂਰ ਨਹੀਂ ਸੀ। ਮਾਲੇਰਕੋਟਲੇ ਦੇ ਨਵਾਬ ਵੱਲੋਂ ਸਾਹਿਬਜ਼ਾਦਿਆਂ ਲਈ ਹਾਅ ਦਾ ਨਾਅਰਾ ਲਾਉਣ ਬਦਲੇ ਇਤਿਹਾਸ ਵਿਚ ਉਸ ਦਾ ਨਾਂ ਸਤਿਕਾਰ ਨਾਲ ਲਿਆ ਜਾਂਦਾ ਹੈ ਅਤੇ ਸਿੱਖ ਭਾਈਚਾਰੇ ਨੇ ਇਨਸਾਨੀਅਤ ਦੇ ਨਾਤੇ ਨਵਾਬ ਵੱਲੋਂ ਦਿੱਤੇ ਦਖ਼ਲ ਨੂੰ ਕਦੇ ਵੀ ਵਿਸਰਨ ਨਹੀਂ ਦਿੱਤਾ।
ਦੂਜੇ ਪਾਸੇ ਗੰਗੂ ਦੇ ਨਿੰਦਣਯੋਗ ਕਿਰਦਾਰ ਦੀ ਗੱਲ ਆਉਂਦੀ ਹੈ ਜਿਸ ਨੇ ਕਈ ਦਹਾਕੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਸੇਵਾ ਵਿਚ ਬਿਤਾਏ ਸਨ, ਪਰ ਜਦੋਂ ਔਖੇ ਵੇਲੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਗੰਗੂ ਦੇ ਕਹਿਣ ’ਤੇ ਉਸ ਦੇ ਘਰ ਵਿਚ ਪਨਾਹ ਲਈ ਸੀ ਤਾਂ ਉਸ ਨੇ ਵਿਸਾਹਘਾਤ ਕਰ ਕੇ ਮੁਕਾਮੀ ਪੁਲੀਸ ਨੂੰ ਸੂਹ ਦੇ ਦਿੱਤੀ ਜਿਸ ਕਰ ਕੇ ਮਾਤਾ ਗੁਜਰੀ ਜੀ ਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਗੰਗੂ ਦੇ ਕਿਰਦਾਰ ਤੋਂ ਪਤਾ ਚੱਲਦਾ ਹੈ ਕਿ ਕਿਵੇਂ ਲਾਲਚ ਬੰਦੇ ਨੂੰ ਵਿਸਾਹਘਾਤ ਕਰਨ ਲਈ ਉਕਸਾਉਂਦਾ ਹੈ। ਗੰਗੂ ਤੋਂ ਐਨ ਉਲਟ ਬਾਬਾ ਮੋਤੀ ਰਾਮ ਮਹਿਰਾ ਨੇ ਗੁਰੂ ਘਰ ਪ੍ਰਤੀ ਸੱਚੀ ਵਫ਼ਾਦਾਰੀ ਨਿਭਾਉਂਦਿਆਂ ਮਿਸਾਲੀ ਕਿਰਦਾਰ ਦਾ ਮੁਜ਼ਾਹਰਾ ਕੀਤਾ। ਉਹ ਠੰਢੇ ਬੁਰਜ ਵਿਚ ਕੈਦ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਜਾਂਦਾ ਸੀ। ਜਦੋਂ ਵਜ਼ੀਰ ਖ਼ਾਨ ਨੂੰ ਇਸ ਦੀ ਖ਼ਬਰ ਮਿਲੀ ਤਾਂ ਉਸ ਨੇ ਮੋਤੀ ਰਾਮ ਨੂੰ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸੇ ਤਰ੍ਹਾਂ, ਦੀਵਾਨ ਟੋਡਰ ਮੱਲ ਦਾ ਕਿਰਦਾਰ ਵੀ ਬੇਮਿਸਾਲ ਸੀ ਜਿਸ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਜਗ੍ਹਾ ਲੈਣ ਵਾਸਤੇ ਸੋਨੇ ਦੇ ਸਿੱਕੇ ਵਿਛਾ ਦਿੱਤੇ ਸਨ। ਸਾਡੇ ਚੇਤਿਆਂ ਤੇ ਇਤਿਹਾਸਕ ਹਵਾਲਿਆਂ ਵਿਚ ਵਜ਼ੀਰ ਖ਼ਾਨ ਅਤੇ ਗੰਗੂ ਨੂੰ ਤ੍ਰਿਸਕਾਰ ਨਾਲ ਯਾਦ ਕੀਤਾ ਜਾਂਦਾ ਹੈ ਜਦਕਿ ਸਾਹਿਬਜ਼ਾਦਿਆਂ ਅਤੇ ਨਵਾਬ ਮਾਲੇਰਕੋਟਲਾ, ਬਾਬਾ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਨੂੰ ਸ਼ਰਧਾ ਤੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।
ਕਿਸਾਨਾਂ ਦਾ ਇਹ ਅੰਦੋਲਨ ਵੀ ਕਈ ਮਾਅਨਿਆਂ ’ਚ ਬੇਇਨਸਾਫ਼ੀ ਖਿਲਾਫ਼ ਜੱਦੋਜਹਿਦ ਦੀ ਉਸੇ ਵਿਰਾਸਤ ਨੂੰ ਲੈ ਕੇ ਚੱਲਦਾ ਹੈ ਅਤੇ ਇਸ ਅੰਦੋਲਨ ਨੂੰ ਮਜ਼ਬੂਤੀ ਬਖ਼ਸ਼ਣ ਜਾਂ ਢਾਹ ਲਾਉਣ ਵਿਚ ਵੱਖੋ ਵੱਖਰੇ ਵਿਅਕਤੀਆਂ ਦੇ ਕਿਰਦਾਰ ਨੂੰ ਵੀ ਉਵੇਂ ਹੀ ਯਾਦ ਰੱਖਿਆ ਜਾਵੇਗਾ ਜਿਵੇਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਲੇ ਜ਼ੁਲਮ ਦਾ ਸਾਥ ਦੇਣ ਵਾਲਿਆਂ ਜਾਂ ਇਸ ਦਾ ਵਿਰੋਧ ਕਰਨ ਵਾਲਿਆਂ ਦੀ ਭੂਮਿਕਾ ਨੂੰ ਯਾਦ ਕੀਤਾ ਜਾਂਦਾ ਹੈ।
*ਵਿਜ਼ਿਟਿੰਗ ਸਕੌਲਰ, ਵੁਲਫਸਨ ਕਾਲਜ, ਆਕਸਫੋਰਡ ਯੂਨੀਵਰਸਿਟੀ, ਯੂਕੇ।