ਟੀਐੱਨ ਨੈਨਾਨ
ਕੁੱਲ ਆਲਮ ਦੇ ਅਰਥਚਾਰੇ ਦੇ ਵਿਕਾਸ ਵਿਚ ਕਿਸੇ ਇਕ ਮੁਲਕ ਦੇ ਨਾਤੇ ਸਭ ਤੋਂ ਵੱਡਾ ਯੋਗਦਾਨ ਚੀਨ ਦਾ ਹੈ। ਦੁਨੀਆ ਦੀ ਨਿਰਮਾਣ ਧੁਰੀ ਅਤੇ ਮੋਹਰੀ ਵਪਾਰਕ ਮੁਲਕ ਹੋਣ ਦੇ ਨਾਤੇ ਆਲਮੀ ਮੰਗ ਅਤੇ ਵਪਾਰ ਦੇ ਸਬੰਧ ਵਿਚ ਆ ਰਹੀਆਂ ਤਬਦੀਲੀਆਂ ਦਾ ਮੂਲ ਕਾਰਕ ਇਹੀ ਬਣਿਆ ਹੋਇਆ ਹੈ। ਇਸ ਸਾਲ ਆਸ ਹੈ ਕਿ ਆਲਮੀ ਵਿਕਾਸ ਦਰ ਵਿਚ ਇਕ ਤਿਹਾਈ ਹਿੱਸਾ ਇਕੱਲੇ ਚੀਨ ਦਾ ਰਹੇਗਾ। ਇਸੇ ਕਰ ਕੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜੇ ਚੀਨ ਦੀ ਵਿਕਾਸ ਦਰ ਮਾਂਦ ਪਈ ਤਾਂ ਆਲਮੀ ਵਿਕਾਸ ਦਰ ਵੀ ਮੱਠੀ ਪੈ ਜਾਵੇਗੀ; ਤੇ ਜੇ ਚੀਨ ਦੀ ਮੰਗ ਡਿੱਗ ਪਈ ਤਾਂ ਤੇਲ ਤੋਂ ਲੈ ਕੇ ਸਟੀਲ ਤੱਕ ਹਰ ਚੀਜ਼ ਦੀਆਂ ਕੀਮਤਾਂ ਡਿੱਗ ਜਾਣਗੀਆਂ। ਵਿੱਤੀ ਜਗਤ ਸਣੇ ਸਭ ਤਰ੍ਹਾਂ ਬਾਜ਼ਾਰਾਂ ’ਤੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ।
ਇਸੇ ਕਰ ਕੇ ਚੀਨ ਦੀ ਸਭ ਤੋਂ ਵੱਡੀ ਮਕਾਨ ਉਸਾਰੀ ਕੰਪਨੀ ਐਵਰਗਰੈਂਡ ਦੇ ਸੰਕਟ ਕਾਰਨ ਬਾਜ਼ਾਰਾਂ ਵਿਚ ਤਰਥੱਲੀ ਦੇਖਣ ਨੂੰ ਮਿਲ ਰਹੀ ਹੈ। ਇਹ ਉਹ ਕੰਪਨੀ ਹੈ ਜਿਸ ਦੇ ਮਾਲਕ ਦਾ ਸ਼ੁਮਾਰ ਚੀਨ ਦੇ ਸਭ ਤੋਂ ਵੱਧ ਰਈਸ ਆਦਮੀਆਂ ਵਿਚ ਹੁੰਦਾ ਹੈ। ਐਵਰਗਰੈਂਡ ਦਾ ਇਕਾਂਗੀ ਕਾਰੋਬਾਰ ਹੈ: ਇਸ ਵੇਲੇ ਕੰਪਨੀ ਦੇ 16 ਲੱਖ ਘਰਾਂ ਦਾ ਨਿਰਮਾਣ ਚੱਲ ਰਿਹਾ ਸੀ ਅਤੇ ਇਸ ਦੇ ਸਿਰ ’ਤੇ 300 ਅਰਬ ਡਾਲਰ (ਭਾਰਤ ਦੇ ਵੱਡੇ ਕਾਰਪੋਰੇਟ ਸੈਕਟਰ ਦੀ ਕੁੱਲ ਕਾਰੋਬਾਰ ਦੇ ਕਰੀਬ) ਦਾ ਕਰਜ਼ਾ ਹੈ। ਇਸ ਕੋਲ ਅਜਿਹੀ ਇਲੈਕਟ੍ਰਿਕ ਵਾਹਨ ਨਿਰਮਾਣ ਕੰਪਨੀ ਦੀ ਦੋ ਤਿਹਾਈ ਹਿੱਸੇਦਾਰੀ ਹੈ ਜੋ ਐਵਰਗਰਾਂਡ ਦਾ ਥਾਪੜਾ ਮਿਲਣ ਸਦਕਾ ਕੀਮਤ ਦੇ ਲਿਹਾਜ਼ ਤੋਂ ਫੋਰਡ ਮੋਟਰਜ਼ ਤੋਂ ਵੀ ਵੱਡੀ ਕੰਪਨੀ ਬਣ ਗਈ ਹੈ। ਜਦੋਂ ਕੋਈ ਇੰਨੀ ਵੱਡੀ ਕੰਪਨੀ ਅਚਨਚੇਤ ਵਿੱਤੀ ਤੌਰ ’ਤੇ ਅਸਥਿਰ ਹੋ ਜਾਵੇ ਤਾਂ ਬਾਜ਼ਾਰਾਂ ਦੇ ਸਾਹ ਫੁੱਲ ਜਾਂਦੇ ਹਨ ਤੇ ਪਿਛਲੇ ਹਫ਼ਤੇ ਜੋ ਕੁਝ ਹੋਇਆ, ਇਸੇ ਦਾ ਸਬੂਤ ਹੈ।
ਐਵਰਗਰੈਂਡ ਦੇ ਸ਼ੇਅਰਾਂ ਦੇ ਭਾਅ ਵਿਚ ਸਾਲ ਪਹਿਲਾਂ ਦੇ ਪੱਧਰ ਦੇ ਮੁਕਾਬਲੇ 16 ਫ਼ੀਸਦ ਤੋਂ ਵੱਧ ਕਮੀ ਆ ਚੁੱਕੀ ਹੈ। ਇਸ ਦੀਆਂ ਬੌਂਡ ਕੀਮਤਾਂ ਡਾਲਰ ਦੇ ਮੁਕਾਬਲੇ 26 ਫ਼ੀਸਦ ਡਿੱਗੀਆਂ ਹਨ, ਭਾਵ ਨਿਵੇਸ਼ਕਾਂ ਨੂੰ ਆਪਣੇ ਪੈਸੇ ਦਾ ਇਕ ਚੁਥਾਈ ਹਿੱਸਾ ਹੀ ਮਿਲਣ ਦੀ ਆਸ ਰਹਿ ਗਈ ਹੈ ਹਾਲਾਂਕਿ ਲੰਘੇ ਸ਼ੁੱਕਰਵਾਰ ਇਸ ਵਿਚ ਹਲਕਾ ਜਿਹਾ ਸੁਧਾਰ ਆਇਆ ਸੀ। ਐਵਰਗਰੈਂਡ ਤੋਂ ਆਪਣੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ, ਵੈਂਡਰਾਂ ਦੇ ਬਿੱਲਾਂ ਦਾ ਭੁਗਤਾਨ ਨਹੀਂ ਹੋ ਰਿਹਾ। ਕੁਝ ਮੁਕਾਮੀ ਸਰਕਾਰਾਂ ਨੇ ਨਵੇਂ ਅਪਾਰਟਮੈਂਟਾਂ ਦੀ ਵਿਕਰੀ ’ਤੇ ਰੋਕ ਲਗਾ ਦਿੱਤੀ ਹੈ। ਜੇ ਕੰਪਨੀ ਡੁੱਬ ਗਈ ਤਾਂ ਚੀਨ ਦੀਆਂ ਹੋਰ ਮਕਾਨ ਉਸਾਰੀ ਕੰਪਨੀਆਂ ’ਤੇ ਵੀ ਅਸਰ ਪੈ ਸਕਦਾ ਹੈ ਅਤੇ ਉਭਰ ਰਹੇ ਬੌਂਡ ਬਾਜ਼ਾਰ ਮੁਤੱਲਕ ਸੰਸੇ ਸਿਰ ਚੁੱਕ ਸਕਦੇ ਹਨ। ਜੇ ਨਵੇਂ ਕਰਜ਼ਿਆਂ ਦੀ ਸਪਲਾਈ ਬੰਦ ਹੋ ਜਾਂਦੀ ਹੈ ਤਾਂ ਚੀਨ ਦੀਆਂ ਕੁਝ ਹੋਰ ਹੰਢਣਸਾਰ ਕੰਪਨੀਆਂ ਲਈ ਵੀ ਆਪਣਾ ਕਾਰ-ਵਿਹਾਰ ਚਲਾਉਣਾ ਔਖਾ ਹੋ ਸਕਦਾ ਹੈ।
ਉਂਝ ਜਿਸ ਪੈਮਾਨੇ ’ਤੇ ਚੀਨੀ ਅਰਥਚਾਰੇ ਦਾ ਚੱਕਰ ਚਲਦਾ ਹੈ, ਉਸ ਲਿਹਾਜ਼ ਤੋਂ ਇਹ ਕੋਈ ਇੰਨੀ ਵੱਡੀ ਸਮੱਸਿਆ ਨਹੀਂ ਜਾਪਦੀ ਜਿਸ ਨੂੰ ਸੌਖਿਆਂ ਨਜਿੱਠਿਆ ਨਾ ਜਾ ਸਕਦਾ ਹੋਵੇ। ਐਵਰਗਰੈਂਡ ਦਾ 300 ਅਰਬ ਡਾਲਰ ਦਾ ਕਰਜ਼ਾ ਕੁੱਲ ਚੀਨੀ ਕਰਜ਼ ਦਾ ਮਸਾਂ ਇਕ ਫ਼ੀਸਦ ਬਣਦਾ ਹੈ। ਚੀਨੀ ਅਹਿਲਕਾਰ ਕੰਪਨੀ ਦਾ ਮੁੜ-ਗਠਨ ਕਰ ਸਕਦੇ ਹਨ ਤੇ ਇਸ ਦੇ ਸਹਾਇਕ ਕਾਰੋਬਾਰਾਂ (ਜਿਵੇਂ ਇਲੈਕਟ੍ਰਿਕ ਵਾਹਨ ਕੰਪਨੀ) ਨੂੰ ਵੇਚਿਆ ਜਾ ਸਕਦਾ ਹੈ ਤੇ ਇਹੋ ਜਿਹੇ ਹੋਰ ਕਈ ਕਦਮ ਉਠਾਏ ਜਾ ਸਕਦੇ ਹਨ। ਰਾਜ ਦਾ ਥਾਪੜਾ ਮਿਲਣ ਨਾਲ ਬਾਜ਼ਾਰਾਂ ਨੂੰ ਟਿਕਾਅ ਆ ਸਕਦਾ ਹੈ ਅਤੇ ਇਸ ਦੇ ਬਦਅਸਰਾਂ ਦਾ ਫੈਲਾਅ ਸੀਮਤ ਹੋ ਸਕਦਾ ਹੈ।
ਪਰ ਇਸ ਦਾ ਇਕ ਨੁਕਸਾਨ ਵੀ ਹੋ ਸਕਦਾ ਹੈ। ਐਵਰਗਰਾਂਡ ਇਸ ਕਰ ਕੇ ਦਿੱਕਤਾਂ ਵਿਚ ਫਸੀ ਹੈ ਕਿਉਂਕਿ ਇਹ ਵਡੇਰੀ ਸਮੱਸਿਆ ਨਾਲ ਜੁੜੀ ਹੋਈ ਹੈ ਜਿਸ ਕਰ ਕੇ ਚੀਨ ਦੀ ਸਰਕਾਰ ਨੂੰ ਪਿਛਲੇ ਸਾਲ ਖ਼ਾਸ ਕਰ ਕੇ ਨਾ ਕੇਵਲ ਮਕਾਨ ਨਿਰਮਾਣ ਕੰਪਨੀਆਂ ਸਗੋਂ ਬਾਕੀ ਖੇਤਰਾਂ ਦੀਆਂ ਕੰਪਨੀਆਂ ਦੇ ਬੇਤਹਾਸ਼ਾ ਕਰਜ਼ਿਆਂ ਖਿਲਾਫ਼ ਕਾਰਵਾਈ ਕਰਨੀ ਪਈ ਸੀ। ਚੀਨ ਦਾ ਕਰਜ਼ ਬਹੁਤ ਖ਼ਤਰਨਾਕ ਪੱਧਰ ’ਤੇ ਅੱਪੜ ਚੁੱਕਿਆ ਹੈ ਤੇ ਇਹ ਇਸ ਦੀ ਕੁੱਲ ਘਰੇਲੂ ਪੈਦਾਵਾਰ ਤੋਂ ਕਰੀਬ ਤਿੰਨ ਗੁਣਾ ਹੋ ਗਿਆ ਹੈ ਤੇ ਪਿਛਲੇ ਕੁਝ ਸਾਲਾਂ ਦੌਰਾਨ ਹੀ ਇਸ ਵਿਚ ਦੁੱਗਣਾ ਵਾਧਾ ਦਰਜ ਹੋਇਆ ਸੀ। ਪਿਛਲੇ ਸਾਲ ਕਰਜ਼ ਦੇ ਨੇਮਾਂ ਵਿਚ ਸਖ਼ਤੀ ਦਾ ਐਲਾਨ ਹੋਣ ਨਾਲ ਐਵਰਗਰਾਂਡ ਜਿਹੀਆਂ ਕੰਪਨੀਆਂ ਨੂੰ ਨਵੇਂ ਕਰਜ਼ੇ ਲੈਣ ’ਤੇ ਸ਼ਰਤਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਸੀ। ਫਿਰ ਪੇਈਚਿੰਗ ਨੇ ਜਿਵੇਂ ਕੁਝ ਕੰਪਨੀਆਂ ਨੂੰ ਦੀਵਾਲੀਆ ਹੋਣ ਦਿੱਤਾ ਤਾਂ ਇਸ ਤੋਂ ਸੰਕੇਤ ਮਿਲਿਆ ਕਿ ਉਹ ਇਨ੍ਹਾਂ ਨੇਮਾਂ ਪ੍ਰਤੀ ਗੰਭੀਰ ਹੈ। ਜੇ ਚੀਨ ਦੀ ਸਰਕਾਰ ਐਵਰਗਰਾਂਡ ਦੀ ਬੇੜੀ ਬੰਨ੍ਹੇ ਲਾ ਦਿੰਦੀ ਤਾਂ ਦੂਜੀਆਂ ਕੰਪਨੀਆਂ ਨੇ ਵੀ ਉਸ ਤੋਂ ਇਹੋ ਤਵੱਕੋ ਕਰਨੀ ਸੀ ਜਿਸ ਨਾਲ ਵਿੱਤੀ ਕਿਫ਼ਾਇਤ ਦੀ ਕਵਾਇਦ ਦਾ ਮਕਸਦ ਹੀ ਨਾਕਾਮ ਹੋ ਜਾਣਾ ਸੀ। ਬਹਰਹਾਲ, ਇਸ ਦਾ ਅਗਲਾ ਘਟਨਾਕ੍ਰਮ ਪੇਈਚਿੰਗ ਦੇ ਇਸ ਅਨੁਮਾਨ ’ਤੇ ਨਿਰਭਰ ਕਰੇਗਾ ਕਿ ਇਸ ਦਾ ਵਿੱਤ ਬਾਜ਼ਾਰਾਂ ਤੇ ਵਿਵਸਥਾ ਜੋਖ਼ਮਾਂ ’ਤੇ ਕਿਹੋ ਜਿਹਾ ਅਸਰ ਪੈਂਦਾ ਹੈ। ਸੰਖੇਪ ਸਾਰ ਇਹ ਹੈ ਕਿ ਹਾਲਾਂਕਿ ਐਵਰਗਰਾਂਡ ਦਾ ਕਰਜ਼ਾ ਕੁੱਲ ਚੀਨੀ ਕਰਜ਼ ਦਾ ਇਕ ਫ਼ੀਸਦ ਤੋਂ ਵੀ ਘੱਟ ਬਣਦਾ ਹੈ ਤਾਂ ਕੀ ਐਨੀ ਵੱਡੀ ਕੰਪਨੀ ਨੂੰ ਨਾਕਾਮ ਹੋਣ ਦੀ ਆਗਿਆ ਦਿੱਤੀ ਜਾ ਸਕਦੀ ਹੈ?
ਐਵਰਗਰਾਂਡ ਦੀਆਂ ਚੱਲ ਰਹੀਆਂ ਵਿੱਤੀ ਮੁਸ਼ਕਲਾਂ ਦਾ ਕੌਮਾਂਤਰੀ ਫਸਾਰ ਬਹੁਤ ਵਿਆਪਕ ਨਹੀਂ ਹੋਣਗੇ ਕਿਉਂਕਿ ਇਸ ਦਾ ਜ਼ਿਆਦਾਤਰ ਕਰਜ਼ ਘਰੋਗੀ ਸੀ, ਫਿਰ ਵੀ ਇਸ ਦੇ ਦੂਜੇ ਗੇੜ ਦਾ ਅਸਰ ਸਾਹਮਣੇ ਆ ਸਕਦੇ ਹਨ। ਵੱਡੀ ਗੱਲ ਇਹ ਹੈ ਕਿ ਜੇ ਸੌਖੇ ਢੰਗ ਨਾਲ ਕਰਜ਼ ਸਦਕਾ ਚੀਨ ਆਪਣੀ ਵਿਕਾਸ ਦਰ ਨੂੰ ਖ਼ਾਸਕਰ 2008 ਦੇ ਆਰਥਿਕ ਸੰਕਟ ਤੋਂ ਬਾਅਦ ਵੀ ਠੁੰਮਣਾ ਦੇਣ ਵਿਚ ਕਾਮਯਾਬ ਰਿਹਾ ਸੀ ਤਾਂ ਹੁਣ ਕਰਜ਼ ਨੇਮਾਂ ਵਿਚ ਸਖ਼ਤਾਈ ਨਾਲ ਚੀਨੀ ਅਰਥਚਾਰੇ ਦੀ ਧੜਕਣ ਮਾਂਦ ਪੈ ਸਕਦੀ ਹੈ ਜੋ ਵਡੇਰੇ ਆਲਮੀ ਅਰਥਚਾਰੇ ਨੂੰ ਵੀ ਵਾਰਾ ਨਹੀਂ ਖਾਵੇਗਾ। ਜੇ ਐਵਰਗਰਾਂਡ ਬਚ ਵੀ ਗਈ ਤਾਂ ਵੀ ਇਸ ਨੂੰ ਆਪਣੀਆਂ ਬੈਲੇਂਸ ਸ਼ੀਟਾਂ ਠੀਕ ਕਰਨ ਵਿਚ ਕਈ ਸਾਲ ਲੱਗ ਜਾਣਗੇ ਤੇ ਭਾਰਤ ਇਸ ਅਮਲ ਦੀ ਪੀੜ ਬਾਖ਼ੂਬੀ ਮਹਿਸੂਸ ਕਰਦਾ ਹੈ। ਕੁਝ ਵੀ ਹੋਵੇ, ਇਸ ਨਾਲ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਅਰਥਚਾਰੇ ਤੇ ਆਰਥਿਕ ਤੇ ਰਣਨੀਤਕ ਦਬਦਬੇ ਦੇ ਪੱਖ ਤੋਂ ਅਮਰੀਕਾ ਨੂੰ ਚੁਣੌਤੀ ਦੇ ਰਹੇ ਚੀਨ ਦੇ ਵਿਕਾਸ ਦੀ ‘ਕਰਾਮਾਤੀ’ ਦਰ ਦੇ ਯੁੱਗ ਦਾ ਅੰਤ ਹੋ ਗਿਆ ਹੈ। ਹੁਣ ਇਸ ਦੀ ਕੋਈ ਸੋਧੀ ਹੋਈ ਪਟਕਥਾ ਲਿਖਣੀ ਪਵੇਗੀ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ। 1980ਵਿਆਂ ਅਤੇ 1990 ਵਿਚ ਉਹ ‘ਬਿਜ਼ਨਸ ਵਰਲਡ’ ਅਤੇ ‘ਇਕਨਾਮਿਕ ਟਾਈਮਜ਼’ ਦਾ ਸੰਪਾਦਕ ਰਿਹਾ, 1992 ਤੋਂ ਬਾਅਦ ‘ਬਿਜ਼ਨਸ ਸਟੈਂਡਰਡ’ ਦਾ ਪ੍ਰਮੁੱਖ ਸੰਪਾਦਕ ਬਣਿਆ ਅਤੇ ਮਗਰੋਂ ਇਸ ਗਰੁੱਪ ਦਾ ਚੇਅਰਮੈਨ ਰਿਹਾ।