ਜਗਰੂਪ ਸਿੰਘ
ਪਿਤਾ ਜੀ ਮਿੱਟੀ ਨਾਲ ਮਿੱਟੀ ਹੁੰਦੇ ਸੱਤ ਅੱਠ ਜੀਆਂ ਦਾ ਪੇਟ ਪਾਲਦੇ। ਦੋ ਰੁਪਏ ਦਿਹਾੜੀ ਹੁੰਦੀ ਸੀ ਅਤੇ ਕੰਮ ਕਰਨ ਦਾ ਸਮਾਂ ਪੂਰਾ ਦਿਨ ਤੈਅ ਸੀ। ਆਮਦਨ ਵਧਾਉਣ ਦੀ ਆਸ ਨਾਲ ਉਹ ਹੋਰ ਜੁਗਾੜ ਵੀ ਕਰਦੇ, ਜਿਵੇਂ ਜੋੜਾ-ਜੁੱਤੀ ਬਣਾਉਣਾ ਆਦਿ। ਰੋਟੀ ਕਮਾਉਣ ਦੇ ਅਜਿਹੇ ਜੁਗਾੜ ਵਿਚ ਨਾ ਪਾਪ ਸੀ ਅਤੇ ਨਾ ਹੀ ਕੋਈ ਜੁਰਮ। ਖੈਰ! ਪਿਤਾ ਜੀ ਨੇ ਸੋਚਿਆ ਹੋਵੇਗਾ ਕਿ ਜੇ ਵੱਡਾ ਮੁੰਡਾ ਪੜ੍ਹ ਜਾਵੇ, ਤਦ ਸਾਰੇ ਟੱਬਰ ਦੀ ਰੋਟੀ ਦਾ ਉਮਰ ਭਰ ਦਾ ਜੁਗਾੜ ਹੋ ਜਾਵੇਗਾ। ਪੜ੍ਹਾਈ ਸਮੇਂ ਸਾਈਕਲ ਪੰਚਰ ਲਾਉਣਾ, ਸਬਜ਼ੀ ਵੇਚਣਾ ਆਦਿ ਹੋਰ ਨਿੱਕੇ ਮੋਟੇ ਜੁਗਾੜ ਕਰਨੇ ਪਏ। ਪਿਓ ਪੁੱਤ ਦੀ ਮਿਹਨਤ ਨਾਲ ਪੁੱਤ ਪ੍ਰੋਫੈਸਰ ਹੋ ਗਿਆ। ਪ੍ਰੋਫੈਸਰ ਹੋਣਾ ਵੀ ਨੌਕਰੀ ਕਰਨਾ ਹੀ ਸੀ। ਮੇਰੀ ਰੋਟੀ ਦਾ ਜੁਗਾੜ ਕਹਾਵਤ ਦੇ ਤੀਸਰੇ ਪਾਏ ’ਤੇ ਹੁੰਦਾ ਹੋਇਆ ਵੀ ਉਨ੍ਹਾਂ ਦਿਨਾਂ ਵਿਚ ਉੱਤਮ ਹੀ ਮੰਨਿਆ ਜਾਂਦਾ ਸੀ।
ਜੁਗਾੜ ਦਾ ਮੁਹਾਂਦਰਾ ਬਦਲਣਾ ਹੀ ਸੀ, ਇਸ ਦੌਰਾਨ ਇਕ ਸੱਜਣ ਨਾਲ ਮੁਲਾਕਾਤ ਹੋਈ ਜਿਹੜਾ ਲੋਕਾਂ ਲਈ ਰੋਟੀ-ਰੋਜ਼ੀ ਦਾ ਜੁਗਾੜ ਕਰਨ ਦੀ ਲੜਾਈ ਲੜ ਰਿਹਾ ਸੀ। ਉਹ ਮੇਰੇ ਨਾਲੋਂ ਵੱਧ ਪੜ੍ਹਿਆ ਲਿਖਿਆ ਸੀ। ਮੇਰਾ ਪਿਛੋਕੜ ਜਾਣਨ ਤੋਂ ਬਾਅਦ ਉਹ ਮੈਨੂੰ ਮੁਕਾਬਲੇ ਦੇ ਇਮਿਤਹਾਨ ਰਾਹੀਂ ਵੱਡਾ ਅਫਸਰ ਬਣਨ ਦੀ ਸਲਾਹ ਦਿੰਦਾ। ਉਧਰ, ਪਿਤਾ ਜੀ ਨੂੰ ਲਗਦਾ ਸੀ, ਮੁੰਡਾ ਛੋਟੇ ਜੁਗਾੜ ਤੇ ਹੀ ਖੁਸ਼ ਹੋ ਗਿਆ ਹੈ ਅਤੇ ਅਫਸਰੀ ਲਈ ਜ਼ੋਰ ਪਾਉਂਦੇ ਦੋਹਾਂ ਦੀਆਂ ਨਸੀਹਤਾਂ ਕਹੋ ਜਾਂ ਦੁਆਵਾਂ, ਮੈਂ ਅਫਸਰ ਹੋ ਗਿਆ। ਇੱਥੇ ਪੈਰ ਰੱਖਦਿਆਂ ਹੀ ਜੁਗਾੜ ਦਾ ਅਜੀਬ ਰੂਪ ਸਾਹਮਣੇ ਦਿਖਾਈ ਦੇਣ ਲੱਗਾ। ਕਦੇ ਸ਼ਹਿਰ, ਕਦੇ ਚਾਰਜ, ਕਦੇ ਤਰੱਕੀ ਆਦਿ ਲਈ ਜੁਗਾੜ ਕਰਨਾ ਪੈ ਰਿਹਾ ਜਾਪਦਾ ਸੀ। ਉਦੋਂ ਤੱਕ ਮੇਰਾ ਜੁਗਾੜੀ ਤਜਰਬਾ ਕੋਈ ਵੀਹ ਕੁ ਸਾਲ ਦਾ ਹੋ ਚੁੱਕਿਆ ਸੀ ਜਦ ਮੇਰੀ ਮੁਲਾਕਾਤ ਅਚਾਨਕ ਇਕ ਵੱਡੇ ਪੁਲੀਸ ਅਫਸਰ ਨਾਲ ਹੋਈ। ਕੋਈ ਸਰਕਾਰੀ ਸਮਾਗਮ ਸੀ। ਗੱਲੀਂ-ਬਾਤੀਂ ਮੈਂ ਕਹਿ ਬੈਠਿਆ ਕਿ ਸਾਡੇ ਮੁਲਕ ਦੇ ਦੇ ਲੋਕ ਹੋਰ ਮੁਲਕਾਂ ਦੇ ਲੋਕਾਂ ਵਾਂਗ ਐਡਵੈਂਚਰਸ ਨਹੀਂ ਹਨ। ਉਹ ਮਿੱਤਰ ਕਹਿਣ ਲੱਗੇ, “ਭਾਈ ਸਾਹਿਬ, ਇਸ ਮੁਲਕ ਵਿਚ ਰੋਟੀ ਦਾ ਜੁਗਾੜ ਹੋ ਜਾਣਾ ਹੀ ਸਭ ਤੋਂ ਵੱਡਾ ਐਡਵੈਂਚਰ ਹੈ।” ਉਸ ਵਕਤ ਉਸ ਦੀ ਗੱਲ ਹਾਸੋ-ਹੀਣੀ ਜਾਪੀ, ਜਿਵੇਂ ਮਨ ਕਹਿ ਰਿਹਾ ਸੀ- ਹੁਣ ਇਸ ਨੂੰ ਕੀ ਸਮੱਸਿਆ ਹੈ!
ਕੁਝ ਸਮਾਂ ਹੋਰ ਬੀਤ ਗਿਆ। ਸਮੇਂ ਦਾ ਗੇੜ ਮੈਨੂੰ ਪੰਜਾਬ ਵਾਪਿਸ ਲੈ ਆਇਆ ਸੀ। ਪ੍ਰੋਫੈਸਰੀ ਵੇਲੇ ਦਾ ਸੁਹਿਰਦ ਮਿੱਤਰ ਅਖਬਾਰ ਦਾ ਸੰਪਾਦਕ ਬਣ ਚੁੱਕਿਆ ਸੀ। ਉਸ ਨੂੰ ਫੋਨ ਕੀਤਾ। ਸ਼ਾਹ-ਸਲਾਮ ਤੋਂ ਬਾਅਦ ਪ੍ਰਸ਼ਨ ਕਰਨੋਂ ਨਾ ਰਹਿ ਸਕਿਆ- “ਇਹ ਕਿਵੇਂ?” ਕਹਿਣ ਲੱਗਾ, “ਸੱਚ ਪੁੱਛਦੈਂ?” ਫਿਰ ਕਹਿੰਦਾ, “ਲੈ ਸੁਣ ਫਿਰ… ਜਿ਼ੰਦਗੀ ਵਿਚ ਰੌਲਾ ਸਿਰਫ ਇਸ ਗੱਲ ਦਾ ਹੈ ਕਿ ਕੌਣ ਵਧੀਆ ਮਕਾਨ ਵਿਚ ਰਹਿੰਦਾ ਹੈ, ਕੌਣ ਵਧੀਆ ਰੋਟੀ ਖਾਂਦਾ ਹੈ ਅਤੇ ਕੌਣ ਵਧੀਆ ਔਰਤ ਨਾਲ ਜੀਅ ਰਿਹਾ ਹੈ। ਜਦ ਸਾਡੇ ਕੋਲ ਇਹ ਸਭ ਨਹੀਂ ਸੀ, ਅਸੀਂ ਰੌਲਾ ਪਾਉਂਦੇ ਸੀ ਤੇ ਹੁਣ ਸਾਡਾ ਜੁਗਾੜ ਹੋ ਗਿਐ, ਅਸੀਂ ਚੁੱਪ ਕਰ ਗਏ ਹਾਂ। ਇਸ ਸਭ ਕਾਸੇ ਲਈ ਮੈਂ ਕਾਫੀ ਪਾਪੜ ਵੇਲੇ ਹਨ।” ਕਹਿ ਕੇ ਉਹ ਚੁੱਪ ਹੋ ਗਿਆ। ਉਸ ਦੀ ਚੁੱਪ ਮੈਨੂੰ ਆਪਣੇ ਪਿਤਾ ਦੇ ਤਿੱਖੇ ਸੰਘਰਸ਼ ਅਤੇ ਸਕੂਲ ਦੇ ਉਸ ਡਾਢੇ ਕੁੱਤੇ ਦੀ ਯਾਦ ਕਰਵਾ ਗਈ ਜਿਹੜਾ ਅੱਧੀ ਛੁੱਟੀ ਵੇਲੇ ਬੱਚਿਆਂ ਦੀ ਸੁੱਟੀ ਰੋਟੀ ਦੀ ਬੁਰਕੀ ਦੂਜਿਆਂ ਦੇ ਉੱਤੋਂ ਦੀ ਹਵਾ ਵਿਚ ਬੁੜ੍ਹਕ ਕੇ ਖਾ ਜਾਂਦਾ ਸੀ। ਇਹ ਉਸ ਦਾ ਆਪਣਾ ਜੁਗਾੜ ਸੀ।
ਮੇਰੀ ਯਾਦ ਭੂਤ ਕਾਲ ਤੋਂ ਵਰਤਮਾਨ ਦੇ ਜੁਗਾੜ ਤੇ ਆਣ ਟਿਕੀ ਹੈ। ਸਮੇਂ ਨਾਲ ਜੁਗਾੜ ਵਿਚ ਜੁਰਮ ਅਤੇ ਪਾਪ, ਦੋਵੇਂ ਘੁਸ ਚੁੱਕੇ ਸਨ। ਮੈਨੂੰ ਲੱਗਿਆ, ਸਮਾਜ ਵਿਚ ਚਿੱਟੇ ਦੀ ਵਿਕਰੀ, ਰਿਸ਼ਵਤਖੋਰੀ, ਨੌਕਰੀ ਦਿਵਾਉਣ ਦਾ ਧੰਦਾ, ਪੰਜਾਬ ਦੀ ਮਾਇਆ ਬਾਹਰ ਭੇਜਣ ਲਈ ਕੈਨੇਡਾ ਦੇ ਵੀਜ਼ੇ ਲਗਵਾਉਣੇ, ਬੈਂਕ ਖਾਤੇ ਹੈਕ ਕਰਨੇ, ਸਿਆਸੀ ਬਦਲਾਖੋਰੀ ਦੇ ਨਵੇਂ ਨਵੇਂ ਤਰੀਕੇ ਆਦਿ ਸਭ ਜੁਗਾੜ ਦੇ ਨਵੇਂ ਰੂਪ ਅਤੇ ਨਵੀਆਂ ਮੰਜਿ਼ਲਾਂ ਸਨ। ਜੁਗਾੜ ਦਾ ਸਫ਼ਰ ਵੀ ਮਨੁੱਖ ਦੇ ਸਫ਼ਰ ਨਾਲ ਜਾਰੀ ਰਹੇਗਾ।
ਸੰਪਰਕ: 98888-28406