ਕੰਵਲਪ੍ਰੀਤ ਸਿੰਘ ਪੰਨੂ
ਪੰਜਾਬ ਵਿਚ ਵਾਹੀ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਪਹਿਲਾਂ ਕਿਸਾਨ ਦਰਿਆਵਾਂ ਕੰਢਿਆਂ ਵਸੇ। ਅੰਨ ਪਾਣੀ ਬਿਨਾਂ ਜ਼ਿੰਦਗੀ ਨਹੀਂ ਸੀ। ਦਰਿਆਵਾਂ ਨੇੜੇ ਖੇਤੀਬਾੜੀ ਪ੍ਰਫੁੱਲਤ ਹੋਈ। ਕਿਸਾਨ ਆਪਣੀਆਂ ਨਿਤ ਦੀਆਂ ਲੋੜਾਂ ਦੀ ਪੂਰਤੀ ਲਈ ਖੇਤੀ ਕਰਨ ਲੱਗਾ। ਇਸ ਦੇ ਨਾਲ ਪਸ਼ੂ ਪਾਲਣ ਦਾ ਕੰਮ ਸ਼ੁਰੂ ਹੋਇਆ ਕਿਉਂਕਿ ਖੇਤੀ ਲਈ ਬਲਦਾਂ ਝੋਟਿਆਂ ਦੀ ਜ਼ਰੂਰਤ ਸੀ। ਦੁੱਧ ਲਈ ਮੱਝਾਂ, ਗਾਵਾਂ ਦੀ ਲੋੜ ਸੀ। ਪਹਿਲਾਂ ਪਹਿਲ ਖੇਤੀ ਸਿਰਫ ਮੀਂਹ ਤੇ ਨਿਰਭਰ ਸੀ। ਸਿਰਫ ਉਨ੍ਹਾਂ ਫਸਲਾਂ ਦੀ ਪੈਦਾਵਾਰ ਹੁੰਦੀ ਜੋ ਘੱਟ ਪਾਣੀ ਜਾਂ ਪਾਣੀ ਤੋਂ ਬਿਨਾਂ ਹੁੰਦੀਆਂ ਸਨ। ਖੁੱਲ੍ਹੀਆਂ ਜ਼ਮੀਨਾਂ, ਜੰਗਲ, ਚਰਾਦਾਂ ਸਨ। ਪਸ਼ੂਆਂ ਨੂੰ ਚਰਾਦਾਂ ਵਿਚ ਖੁੱਲ੍ਹੇ ਛੱਡਿਆ ਜਾਂਦਾ। ਦਰਿਆ ਵਿਚ ਪਸ਼ੂ ਪਾਣੀ ਪੀਂਦੇ, ਨਹਾਉਂਦੇ ਸ਼ਾਮ ਵੇਲੇ ਕਿਸਾਨਾਂ ਦੇ ਡੇਰੇ ਪਹੁੰਚ ਜਾਂਦੇ। ਪਰਿਵਾਰ ਸਕੇ ਸੋਧਰੇ ਇਕੱਠੇ ਰਹਿੰਦੇ। ਸੁਰੱਖਿਆ ਲਈ ਇਕੱਠੇ ਰਹਿਣਾ ਸਮੇਂ ਦੀ ਮੰਗ ਸੀ। ਸਾਂਝੀਵਾਲਤਾ ਵਾਲਾ ਮਾਹੌਲ ਸੀ। ਆਪਸੀ ਮੋਹ ਮੁਹੱਬਤ ਸੀ।
ਖੂਹਾਂ ਹੋਂਦ ਵਿਚ ਆਉਣ ਨਾਲ ਖੇਤੀਵਿਚ ਨਵੀਂ ਕ੍ਰਾਂਤੀ ਆਈ। ਹੁਣ ਕਿਸਾਨ ਉਹ ਫਸਲਾਂ ਵੀ ਪੈਦਾ ਕਰਨ ਲੱਗ ਪਿਆ ਜੋ ਪਾਣੀ ਤੋਂ ਬਿਨਾਂ ਸੰਭਵ ਨਹੀਂ ਸਨ। ਪਸ਼ੂ ਧਨ ਦੀ ਲੋੜ ਵਧ ਗਈ। ਪਹਿਲਾਂ ਸਿਰਫ ਪੈਲੀ ਵਾਹੁਣ ਲਈ ਬਲਦਾਂ ਦੀ ਲੋੜ ਸੀ, ਹੁਣ ਖੂਹ ਵਿਚੋਂ ਪਾਣੀ ਕੱਢਣ, ਹਲਟ ਗੇੜਨ ਲਈ ਵੀ ਬਲਦਾਂ ਝੋਟਿਆਂ ਦੀ ਲੋੜ ਪੈ ਗਈ। ਹੁਣ ਵੱਧ ਮਨੁੱਖ ਸ਼ਕਤੀ ਦੀ ਵੀ ਜ਼ਰੂਰਤ ਸੀ। ਖੂਹ ਵਿਚੋਂ ਪਾਣੀ ਕੱਢਣਾ, ਖਾਲ ਰਾਹੀਂ ਪੈਲੀਆਂ ਵਿਚ ਲੈ ਜਾਣਾ। ਪੈਲੀ ਵਿਚ ਛੋਟੇ ਛੋਟੇ ਕਿਆਰੇ ਪਾਉਣੇ। ਸਵੇਰੇ ਸਵਖਤੇ ਉਠ ਕੇ ਜੋਤਾ ਲਾਉਣਾ। ਪਸ਼ੂ ਚਾਰਨੇ, ਫਸਲਾਂ ਦੀ ਸਾਂਭ ਸੰਭਾਲੀ ਕਰਨੀ।
ਭਾਈਚਾਰੇ ਵਿਚ ਖੁਸ਼ੀ, ਗਮੀ ਦੇ ਸਮਾਗਮਾਂ ਵਿਚ ਹਿੱਸਾ ਲੈਣਾ। ਸੜਕਾਂ ਅਤੇ ਆਵਾਜਾਈ ਦਾ ਕੋਈ ਸਾਧਨ ਉਸ ਸਮੇਂ ਨਹੀਂ ਸੀ; ਯਾਤਰਾ ਪੈਦਲ ਹੁੰਦੀ, ਜਾਂ ਫਿਰ ਸਰਦੇ ਪੁੱਜਦੇ ਘਰ ਵਿਚ ਘੋੜੀ ਜਾਂ ਊਠ ਹੁੰਦਾ ਸੀ। ਭਾਰ ਢੋਣ ਲਈ ਊਠ ਅਤੇ ਖੋਤੀਆਂ ਸਨ। ਕਪਾਹ ਤੋਂ ਬਣਿਆ ਸੂਤ ਚਰਖੇ ਤੇ ਕੱਤਿਆ ਜਾਂਦਾ ਅਤੇ ਜੁਲਾਹਾ ਖੱਡੀ ਤੇ ਕੱਪੜਾ ਬੁਣਦਾ।
ਫਿਰ ਗੱਡੇ ਹੋਂਦ ਵਿਚ ਆਏ। ਢੋਆ ਢੁਆਈ ਦਾ ਸਾਧਨ ਬਣ ਗਿਆ। ਕਿਸਾਨ ਵਪਾਰੀ ਨਹੀਂ, ਇਹ ਮਿੱਟੀ ਨਾਲ ਮਿੱਟੀ ਹੋ ਕੇ ਜ਼ਮੀਨ ਵਿਚੋਂ ਪੈਦਾਵਾਰ ਕਰਦਾ ਹੈ ਜਿਸ ਨਾਲ ਅਗਾਂਹ ਜ਼ਿੰਦਗੀ ਧੜਕਦੀ ਹੈ। ਫਸਲਾਂ ਦੀ ਪੈਦਾਵਾਰ ਵਧਾਉਣ ਅਤੇ ਜ਼ਮੀਨ ਦੀ ਤਾਕਤ ਲਈ ਸਿਰਫ ਗੋਹੇ ਦੀ ਰੂੜੀ ਦੀ ਵਰਤੋਂ ਹੁੰਦੀ। ਫਸਲਾਂ ਵਿਚੋਂ ਨਦੀਨ ਖਤਮ ਕਰਨ ਲਈ ਰੰਬੇ ਨਾਲ ਗੋਡੀ ਕੀਤੀ ਜਾਂਦੀ। ਇਉਂ ਸਦੀਆਂ ਤੋਂ ਅਸੀਂ ਖੇਤੀ ਦੀ ਕੁਦਰਤੀ ਰਵਾਇਤ ਅੱਗੇ ਤੋਰਦੇ ਗਏ। ਜੈਵਿਕ ਅਤੇ ਵੰਨ-ਸਵੰਨਤਾ ਵਾਲੀ ਵਿਧੀ ਮੌਜੂਦ ਸੀ। ਸਮਾਜ ਘਰੇਲੂ ਕਲੇਸ਼ ਅਤੇ ਤਣਾਅ ਤੋਂ ਮੁਕਤ ਸੀ।
ਜਦੋਂ ਡੈਮ ਬਣੇ ਤਾਂ ਬਿਜਲੀ ਤੇ ਨਹਿਰਾਂ ਦੀ ਆਮਦ ਹੋਈ ਤਾਂ ਕ੍ਰਾਂਤੀ ਦਾ ਇੱਕ ਹੋਰ ਦੌਰ ਸ਼ੁਰੂ ਹੋਇਆ। ਫਿਰ ਦੇਸ਼ ਨੇ ਪੰਜਾਬ ਸਾਹਮਣੇ ਮੰਗ ਰੱਖੀ ਕਿ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਲਈ ਪੰਜਾਬੀ ਕਿਸਾਨ ਕਣਕ ਤੇ ਝੋਨੇ ਦੀ ਖੇਤੀ ਕਰਨ। ਦੇਸ਼ ਦੇ ਹਾਕਮ ਠੂਠਾ ਫੜ ਕੇ ਵਿਦੇਸ਼ਾਂ ਤੋਂ ਅਨਾਜ ਮੰਗਣ ਜਾਂਦੇ ਸਨ। ਪੰਜਾਬ ਨੇ ਦੇਸ਼ ਨੂੰ ਅਨਾਜ ਵਿਚ ਆਤਮ-ਨਿਰਭਰ ਬਣਾਇਆ ਪਰ ਦੇਸ਼ ਦੇ ਹਾਕਮ ਨੇ ਪੰਜਾਬ ਦੀ ਕਿਸਾਨੀ ਦੇ ਮੰਦੇ ਭਾਗ ਲਿਖ ਦਿੱਤੇ। ਵਿਦੇਸ਼ਾਂ ਵਿਚ ਫੇਲ੍ਹ ਹੋਇਆ ਹਰੇ ਇਨਕਲਾਬ ਦਾ ਮਾਡਲ ਪੰਜਾਬ ਸਿਰ ਜਬਰੀ ਮੜ੍ਹ ਦਿੱਤਾ। ਇਥੋਂ ਹੀ ਕਿਸਾਨੀ ਦੀ ਬਰਬਾਦੀ ਦਾ ਦੌਰ ਸ਼ੁਰੂ ਹੋਇਆ। ਮਸ਼ਨਰੀ ਦੇ ਯੁੱਗ ਵਿਚ ਰਸਾਇਣਕ ਖਾਦਾਂ ਅਤੇ ਦਵਾਈਆਂ ਦਾ ਬੋਲਬਾਲਾ ਸੀ। ਸਿੱਟੇ ਵਜੋਂ, ਉਹ ਪੈਸਾ ਜਿਹੜਾ ਕਿਸਾਨਾਂ ਮਜ਼ਦੂਰਾਂ ਦੀਆਂ ਜੇਬਾਂ ਵਿਚ ਰਹਿੰਦਾ ਸੀ, ਸਰਮਾਏਦਾਰ ਕੰਪਨੀਆਂ ਦੀਆਂ ਜੇਬਾਂ ਵਿਚ ਜਾਣ ਲੱਗਾ। ਪਹਿਲਾਂ ਕਿਸਾਨ ਕਣਕ ਦੀ ਵਾਢੀ ਆਪਣੇ ਭਾਈਚਾਰੇ ਵਿਚ ਮੰਗ ਪਾ ਕੇ, ਇਕੱਠ ਕਰਕੇ ਵੱਢ ਕੇ ਭਰੀਆਂ ਬੰਨ੍ਹ ਲੈਂਦੇ ਸਨ; ਫਲ੍ਹਿਆਂ ਨਾਲ ਗਾਹ ਲੈਂਦੇ ਸਨ। ਨਾ ਵੱਢਣ ਲੱਗਿਆਂ ਪੈਸੇ ਲੱਗੇ ਅਤੇ ਨਾ ਹੀ ਕਣਕ, ਤੂੜੀ ਵੱਖ ਕਰਨ ਲੱਗਿਆਂ ਪੈਸੇ ਦੀ ਵਰਤੋਂ ਹੋਈ। ਮਨੁੱਖੀ ਸ਼ਕਤੀ ਅਤੇ ਪਸ਼ੂ ਸ਼ਕਤੀ ਦੀ ਵਰਤੋਂ ਹੋਈ। ਜਿਵੇਂ ਜਿਵੇਂ ਪਾਣੀ ਦੀ ਆਮਦ ਵਧੀ, ਜ਼ਮੀਨਾਂ ਆਬਾਦ ਹੋਈਆਂ। ਕਣਕ, ਝੋਨੇ ਥੱਲੇ ਰਕਬਾ ਵਧਦਾ ਗਿਆ।
ਫਿਰ ਖੇਤੀ ਦੇ ਖੇਤਰ ਵਿਚ ਮਜ਼ਦੂਰਾਂ ਦੀ ਆਮਦ ਵਿਚ ਵਾਧਾ ਹੋਇਆ। ਗਾਹੁਣ ਲਈ ਫਲ੍ਹੇ ਮੁੱਕ ਗਏ। ਇਸ ਦੀ ਥਾਂ ਕਣਕ ਕੱਢਣ ਲਈ ਬਿਜਲੀ ਵਾਲੀ ਮੋਟਰ ਅਤੇ ਟਰੈਕਟਰਾਂ ਤੇ ਚੱਲਣ ਵਾਲੀਆਂ ਮਸ਼ੀਨਾਂ ਆ ਗਈਆਂ। ਹੁਣ ਕਿਸਾਨ ਦਾ ਖਰਚਾ ਕਣਕ ਦੀ ਵਾਢੀ ਅਤੇ ਕਣਕ ਗਾਹੁਣ ਤੇ ਵੀ ਆਉਣ ਲੱਗਾ। ਝੋਨੇ ਦੀ ਲੁਆਈ ਅਤੇ ਝੜਾਈ ਤੇ ਵੀ ਖਰਚਾ ਆਉਣ ਲੱਗਾ। ਪੈਲੀ ਵਾਹੁਣ ਲਈ ਟਰੈਕਟਰ ਵਿਚ ਡੀਜ਼ਲ ਪੈਣ ਲੱਗਾ। ਹੁਣ ਕੰਪਨੀਆਂ ਦੀ ਨਜ਼ਰ ਇਸ ਗਲ ਤੇ ਪਈ ਕਿ ਕਿਸਾਨ ਦੀ ਜੇਬ ਵਿਚੋਂ ਪੈਸੇ ਨਿਕਲ ਕੇ ਮਜ਼ਦੂਰ ਦੀ ਜੇਬ ਵਿਚ ਜਾਂਦੇ ਹਨ, ਇਹ ਪੈਸੇ ਦੇਸੀ ਵਿਦੇਸ਼ੀ ਕੰਪਨੀਆਂ ਦੀਆਂ ਤਜੌਰੀਆਂ ਵਿਚ ਆਉਣੇ ਚਾਹੀਦੇ ਹਨ। ਗੋਹੇ ਦੀ ਰੂੜੀ ਦੀ ਜਗ੍ਹਾ ਰਸਾਇਣਕ ਖਾਦਾਂ ਨੇ ਲਈ ਲਈ। ਮੁਫ਼ਤ ਦੀ ਆਪਣੀ ਘਰੇਲੂ ਦੇਸੀ ਖਾਦ (ਰੂੜੀ) ਤੱਜ ਕੇ ਮੁੱਲ ਦੀ ਰਸਾਇਣ ਖਾਦ ਲੈ ਲਈ। ਫਸਲਾਂ ਵਿਚੋਂ ਰੰਬੇ ਦੀ ਗੋਡੀ ਗਾਇਬ ਕਰ ਦਿੱਤੀ। ਇਸ ਦੀ ਜਗ੍ਹਾ ਰਸਾਇਣਕ ਕੀਟ ਨਾਸ਼ਕ, ਨਦੀਨ ਨਾਸ਼ਕ ਦਵਾਈਆਂ ਨੇ ਲਈ। ਜ਼ਮੀਨ ਦੀ ਕੁਦਰਤੀ ਤਾਕਤ ਹੌਲੀ ਹੌਲੀ ਖਤਮ ਹੁੰਦੀ ਗਈ। ਬਨਾਉਟੀ ਤਾਕਤ ਦੇ ਕੇ ਫਸਲਾਂ ਦੀ ਪੈਦਾਵਾਰ ਵਧਾਉਣ ਲਈ ਪੰਜਾਬੀ ਕਿਸਾਨ ਨੂੰ ਉਕਸਾ ਕੇ ਸ਼ਿਕਾਰੀ ਨੇ ਜਾਲ ਵਿਚ ਫਾਹ ਹੀ ਲਿਆ। ਮਜ਼ਦੂਰ ਕਣਕ, ਝੋਨੇ, ਮੱਕੀ ਆਦਿ ਦੀ ਵਾਢੀ ਕਰਕੇ ਕਿਸਾਨ ਪਾਸੋਂ ਪੈਸੇ ਜਾਂ ਦਾਣੇ ਲੈ ਜਾਂਦਾ ਸੀ। ਆਪਣਾ ਪਰਿਵਾਰ ਖੇਤੀ ਵਿਚ ਕੰਮ ਕਰਕੇ ਪਾਲਦਾ ਸੀ। ਹੁਣ ਉਹ ਵਾਢੀ ਵਾਲਾ ਪੈਸਾ ਮਜ਼ਦੂਰ ਦੀ ਜੇਬ ਵਿਚ ਨਹੀਂ ਜਾਂਦਾ। ਇਹ ਪੈਸਾ ਕੰਬਾਇਨ ਬਣਾਉਣ ਵਾਲੀਆਂ ਕੰਪਨੀਆਂ ਦੀ ਜੇਬ ਵਿਚ ਜਾਂਦਾ ਹੈ।
ਇਉਂ ਹਰੇ ਇਨਕਲਾਬ ਦੇ ਇਸ ਮਾਡਲ ਨੇ ਅਨਾਜ ਭੰਡਾਰ ਤਾਂ ਭਰ ਦਿੱਤੇ ਪਰ ਕਿਸਾਨ ਦਾ ਵਾਲ ਵਾਲ ਕਰਜ਼ੇ ਨਾਲ ਵਿੰਨ੍ਹ ਦਿੱਤਾ। ਹਸਦੇ, ਵਸਦੇ ਖੁਸ਼ਹਾਲ ਪੰਜਾਬ ਦਾ ਕਿਸਾਨ ਸਲਫਾਸ ਖਾ ਕੇ, ਦਰਖਤਾਂ ਨਾਲ ਫਾਹ ਲੈ ਕੇ ਖੁਦਕਸ਼ੀਆਂ ਕਰਨ ਲਈ ਮਜਬੂਰ ਕਰ ਦਿੱਤਾ। ਦੇਸੀ ਵਿਦੇਸ਼ੀ ਕੰਪਨੀਆਂ ਖੁਸ਼ਹਾਲ ਹੋ ਗਈਆਂ। ਕਿਸਾਨ ਦੀ ਆਪਣੀ ਜ਼ਿੰਦਗੀ ਵੀ ਗਈ, ਜ਼ਮੀਨ ਦੀ ਸਿਹਤ ਵੀ ਬਿਮਾਰ ਹੋ ਗਈ। ਜਿਹੜੇ ਸਾਨੂੰ ਜੈਵਿਕ (ਆਰਗੈਨਿਕ) ਅਤੇ ਵੰਨ-ਸਵੰਨੀ ਖੇਤੀ ਦੀ ਨਸੀਹਤ ਦੇ ਰਹੇ ਹਨ, ਇਨ੍ਹਾਂ ਨੇ ਹੀ ਪੰਜਾਬ ਦੇ ਕਿਸਾਨਾਂ ਦਾ ਜੈਵਿਕ ਅਤੇ ਸਵੰਨਤਾ ਵਾਲਾ ਖੇਤੀ ਮਾਡਲ ਤਬਾਹ ਕੀਤਾ ਹੈ।
ਸਦੀਆਂ ਤੋਂ ਖੇਤੀ ਕਰਨ ਵਾਲਿਆਂ ਨੂੰ ਵੱਖ ਵੱਖ ਰੰਗਾਂ ਦੀਆਂ ਸਰਕਾਰਾਂ ਦੀਆਂ ਬਣਾਈਆਂ ਖੇਤੀ ਵਿਰੋਧੀ ਨੀਤੀਆਂ ਨੇ ਖੇਤੀ ਨੂੰ ਘਾਟੇ ਵਾਲੇ ਰਾਹ ਤੋਰ ਦਿੱਤਾ; ਤੇ ਫਿਰ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤਿੰਨ ਕਾਨੂੰਨ ਲੈ ਕੇ ਆ ਗਈ। ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਚੱਲੇ ਬੇਮਿਸਾਲ ਕਿਸਾਨ ਅੰਦੋਲਨ ਨੇ ਕੇਂਦਰ ਸਰਕਾਰ ਨੂੰ ਤਿੰਨ ਨਵੇਂ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦਿੱਤਾ। ਹੁਣ ਮਸਲਾ ਖੇਤੀ ਨੂੰ ਮੁੜ ਲੀਹ ਤੇ ਲਿਆਉਣ ਦਾ ਹੈ।
ਸੰਪਰਕ: 98723-31741