ਰਾਮਚੰਦਰ ਗੁਹਾ
ਦੱਖਣੀ ਅਫ਼ਰੀਕਾ ਤੋਂ ਹਿੰਦੋਸਤਾਨ ਪਰਤਣ ਤੋਂ ਕੁਝ ਹਫ਼ਤੇ ਬਾਅਦ ਅਪਰੈਲ 1915 ਵਿਚ ਮੋਹਨਦਾਸ ਕਰਮਚੰਦ ਗਾਂਧੀ ਦਿੱਲੀ ਠਹਿਰੇ ਸਨ ਜਿੱਥੇ ਉਹ ਸੇਂਟ ਸਟੀਫਨ’ਜ਼ ਕਾਲਜ ਦੇ ਵਿਦਿਆਰਥੀਆਂ ਦੀ ਇਕੱਤਰਤਾ ਨੂੰ ਮੁਖ਼ਾਤਬ ਹੋਏ। ਉਸ ਇਕੱਤਰਤਾ ਵਿਚ ਵੱਖ ਵੱਖ ਧਾਰਮਿਕ ਪਿਛੋਕੜਾਂ ਵਾਲੇ ਲੋਕ ਵੀ ਸ਼ਾਮਲ ਹੋਏ ਸਨ ਜਿਨ੍ਹਾਂ ਨੂੰ ਮੁਖ਼ਾਤਬ ਹੁੰਦਿਆਂ ਗਾਂਧੀ ਨੇ ਆਪਣੇ ਉਸਤਾਦ ਗੋਪਾਲ ਕ੍ਰਿਸ਼ਨ ਗੋਖਲੇ ਦਾ ਜ਼ਿਕਰ ਕੀਤਾ ਸੀ ਜਿਨ੍ਹਾਂ ਦਾ ਕੁਝ ਹਫ਼ਤੇ ਪਹਿਲਾਂ ਹੀ ਪੂਣੇ ਵਿਚ ਦੇਹਾਂਤ ਹੋ ਗਿਆ ਸੀ। ਗਾਂਧੀ ਨੇ ਆਖਿਆ ਕਿ ਗੋਖਲੇ ਹਿੰਦੂ ਸੀ ਪਰ ਸਹੀ ਕਿਸਮ ਦਾ ਹਿੰਦੂ। ਇਕ ਵਾਰ ਕੋਈ ਹਿੰਦੂ ਸੰਨਿਆਸੀ ਉਨ੍ਹਾਂ ਕੋਲ ਆਇਆ ਤੇ ਕਹਿਣ ਲੱਗਿਆ ਕਿ ਹਿੰਦੂਆਂ ਦੇ ਮਨੋਰਥ ਨੂੰ ਇਸ ਢੰਗ ਨਾਲ ਅਗਾਂਹ ਵਧਾਇਆ ਜਾਵੇ ਤਾਂ ਕਿ ਮੁਸਲਮਾਨਾਂ ਨੂੰ ਨੱਪਿਆ ਜਾਵੇ ਅਤੇ ਉਸ ਨੇ ਆਪਣੀ ਤਜਵੀਜ਼ ਦੇ ਹੱਕ ਵਿਚ ਕਈ ਮਖ਼ਸੂਸ ਧਾਰਮਿਕ ਕਾਰਨ ਵੀ ਗਿਣਾਏ। ਸ੍ਰੀ ਗੋਖਲੇ ਨੇ ਉਸ ਸ਼ਖ਼ਸ ਨੂੰ ਇਹ ਜਵਾਬ ਦਿੱਤਾ: ‘‘ਜੇ ਮੇਰੇ ਹਿੰਦੂ ਹੋਣ ਲਈ ਉਵੇਂ ਕੰਮ ਕਰਨਾ ਪੈਣਾ ਹੈ ਜਿਵੇਂ ਕਿ ਤੁਸੀਂ ਕਹਿੰਦੇ ਹੋ ਤਾਂ ਬਾਹਰ ਜਾ ਕੇ ਇਹ ਗੱਲ ਛਪਵਾ ਦਿਓ ਕਿ ਮੈਂ ਹਿੰਦੂ ਨਹੀਂ ਹਾਂ।’’ (‘Mr. Gandhi’s Visit’, St. Stephen’s College Magazine, number 32, April 1915).
ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ ਕੁਝ ਹਿੰਦੂ ਸਿਆਸਤਦਾਨਾਂ ਅਤੇ ਸਾਧੂਆਂ ਨੇ ਦਾਅਵਾ ਕੀਤਾ ਸੀ ਕਿ ਗਿਣਤੀ ਪੱਖੋਂ ਉਨ੍ਹਾਂ ਦੇ ਫ਼ਿਰਕੇ ਦੀ ਬਹੁਗਿਣਤੀ ਹੋਣ ਕਰਕੇ ਉਨ੍ਹਾਂ ਨੂੰ ਹਿੰਦੋਸਤਾਨ ਦੀ ਸਿਆਸਤ ਅਤੇ ਸ਼ਾਸਨ ਉਪਰ ਗ਼ਲਬਾ ਪਾਉਣ ਦਾ ਹੱਕ ਹਾਸਲ ਹੈ। ਗਾਂਧੀ ਨੇ ਇਹ ਧਾਰਨਾ ਪੁਰਜ਼ੋਰ ਢੰਗ ਨਾਲ ਰੱਦ ਕਰ ਦਿੱਤੀ ਸੀ। ਆਪਣੇ ਉਸਤਾਦ ਗੋਖਲੇ ਦੀ ਤਰ੍ਹਾਂ ਗਾਂਧੀ ਨੇ ਹਿੰਦੋਸਤਾਨ ਨੂੰ ਇਕ ਹਿੰਦੂ ਰਾਸ਼ਟਰ ਵਜੋਂ ਪ੍ਰੀਭਾਸ਼ਤ ਕਰਨ ਦੀ ਇੱਛਾ ਨੂੰ ਸਵੀਕਾਰ ਨਾ ਕੀਤਾ। ਗੋਖਲੇ ਦੀ ਤਰ੍ਹਾਂ ਹੀ ਉਨ੍ਹਾਂ ਨੇ ਦੇਸ਼ ਦੇ ਦੋ ਵੱਡੇ ਧਾਰਮਿਕ ਫ਼ਿਰਕਿਆਂ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਪੁਲ ਉਸਾਰਨ ਲਈ ਨਿੱਠ ਕੇ ਕੰਮ ਕੀਤਾ। ਇਸੇ ਖੁੱਲ੍ਹ ਖੁਲਾਸੇ ਅਤੇ ਡੂੰਘੇ ਮਾਨਵੀ ਵਤੀਰੇ ਕਰਕੇ ਉਨ੍ਹਾਂ ਦੇ ਭਾਈਚਾਰੇ ਵਿਚਲੇ ਕੱਟੜਪੰਥੀ ਲੋਕ ਖ਼ਫ਼ਾ ਹੋ ਗਏ ਅਤੇ ਗਾਂਧੀ ਦਾ ਪੂਰੇ ਜਨਤਕ ਕਰੀਅਰ ਦੌਰਾਨ ਵਿਰੋਧ ਕਰਦੇ ਰਹੇ ਅਤੇ ਆਖ਼ਰਕਾਰ ਚੁਹੱਤਰ ਸਾਲ ਪਹਿਲਾਂ ਇਸੇ ਹਫ਼ਤੇ ਉਨ੍ਹਾਂ ਦੀ ਹੱਤਿਆ ਕਰਨ ਵਿਚ ਸਫ਼ਲ ਹੋ ਗਏ ਸਨ।
ਧਿਰੇਂਦਰ ਕੇ. ਝਾਅ ਨੇ ਆਪਣੀ ਸੱਜਰੀ ਕਿਤਾਬ ‘ਗਾਂਧੀ’ਜ਼ ਅਸੈਸਿਨ’ (ਗਾਂਧੀ ਦਾ ਹਤਿਆਰਾ) ਵਿਚ ਪੁਖ਼ਤਗੀ ਨਾਲ ਦਰਸਾਇਆ ਹੈ ਕਿ ਆਪਣੇ ਦਾਅਵਿਆਂ ਦੇ ਉਲਟ ਨੱਥੂਰਾਮ ਗੋਡਸੇ ਨੇ 1940ਵਿਆਂ ਤੋਂ ਲੈ ਕੇ 30 ਜਨਵਰੀ 1948 ਨੂੰ ਗਾਂਧੀ ਦੀ ਹੱਤਿਆ ਵਾਲੇ ਦਿਨ ਤੱਕ ਰਾਸ਼ਟਰੀ ਸਵੈਮਸੇਵਕ ਸੰਘ ਨਾਲ ਨੇੜਲੇ ਸੰਬੰਧ ਬਣਾ ਕੇ ਰੱਖੇ ਸਨ। ਉਂਝ, ਵਿਅਕਤੀਗਤ ਨੇੜਤਾ ਦੇ ਸਵਾਲ ਤੋਂ ਇਲਾਵਾ ਵਿਚਾਰਧਾਰਕ ਨੇੜਤਾ ਦਾ ਗਹਿਰਾ ਸਵਾਲ ਪੈਦਾ ਹੁੰਦਾ ਹੈ। ਗੋਡਸੇ ਦੀ ਤਰ੍ਹਾਂ ਆਰਐੱਸਐੱਸ ਮੰਨਦੀ ਸੀ ਤੇ ਹਾਲੇ ਵੀ ਮੰਨਦੀ ਹੈ ਕਿ ਦੇਸ਼ ਦੀ ਰਾਜਨੀਤੀ ਅਤੇ ਸਭਿਆਚਾਰਕ ਜੀਵਨ ਉਪਰ ਹਿੰਦੂਆਂ ਦਾ ਪਹਿਲਾ ਤੇ ਸਿਰਮੌਰ ਹੱਕ ਬਣਦਾ ਹੈ। ਇਹ ਇਸ ਸੋਚ ਨੂੰ ਲੈ ਕੇ ਚਲਦੀ ਹੈ ਕਿ ਹਿੰਦੂ ਮੁਸਲਮਾਨਾਂ ਤੇ ਈਸਾਈਆਂ ਨਾਲੋਂ ਕੁਦਰਤੀ ਤੇ ਲਾਜ਼ਮੀ ਤੌਰ ’ਤੇ ਜ਼ਿਆਦਾ ਭਾਰਤੀ ਹਨ। ਹਿੰਦੂ ਸ਼੍ਰੇਸ਼ਠਤਾ ਦੀ ਇਸੇ ਧਾਰਨਾ ਨੇ ਆਰਐੱਸਐੱਸ ਅਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ ਨੂੰ ਗਾਂਧੀ ਦੇ ਉਲਟ ਖੜ੍ਹਾ ਕੀਤਾ ਹੈ ਜਿਵੇਂ ਕਿ ਹਥਲੇ ਪੈਰਿਆਂ ਤੋਂ ਪਤਾ ਚਲਦਾ ਹੈ।
ਆਰਐੱਸਐੱਸ ਦੀ ਧਾਰਨਾ ਰਹੀ ਹੈ ਕਿ ਹਿੰਦੂਆਂ ਦਾ ਹਿੰਦੋਸਤਾਨ ’ਤੇ ਵਿਸ਼ੇਸ਼ ਦਾਅਵਾ ਬਣਦਾ ਹੈ, ਜਿਸ ਦੇ ਉਲਟ ਗਾਂਧੀ ਦਾ ਵਿਸ਼ਵਾਸ ਸੀ ਕਿ ਸਾਰੇ ਧਰਮਾਂ ਦੇ ਲੋਕਾਂ ਦਾ ਦੇਸ਼ ਅਤੇ ਇਸ ਦੀ ਤਰਜਮਾਨੀ ਕਰਨ ਵਾਲੀ ਹਰ ਚੀਜ਼ ’ਤੇ ਬਰਾਬਰ ਹੱਕ ਹੈ। ਗਾਂਧੀ ਦਾ ਨੈਤਿਕ ਸੰਕਲਪ ਅਤੇ ਉਨ੍ਹਾਂ ਦਾ ਸਿਆਸੀ ਕਾਰ-ਵਿਹਾਰ ਭਾਰਤ ਦੇ ਇਸੇ ਸੰਕਲਪ ਨੂੰ ਮੂਰਤੀਮਾਨ ਕਰਦਾ ਸੀ। ਇਸ ਮੁਤੱਲਕ ਉਨ੍ਹਾਂ ਵੱਲੋਂ ਆਪਣੀ ਪਾਰਟੀ ਦੇ ‘ਰਚਨਾਤਮਿਕ ਪ੍ਰੋਗਰਾਮ’ ਦੇ ਰੂਪ ਵਿਚ ਛਪਵਾਏ ਗਏ ਇਕ ਅਹਿਮ ਕਿਤਾਬਚੇ ’ਤੇ ਗ਼ੌਰ ਕਰੋ। ਇਸ ਪ੍ਰੋਗਰਾਮ ਦਾ ਪਹਿਲਾ ਤੱਤ ਫ਼ਿਰਕੂ ਏਕਤਾ ਸੀ ਜਿਸ ਤੋਂ ਬਾਅਦ ਛੂਤਛਾਤ ਦਾ ਖਾਤਮਾ, ਖਾਦੀ ਦਾ ਵਿਕਾਸ, ਔਰਤਾਂ ਦਾ ਉਥਾਨ ਅਤੇ ਆਰਥਿਕ ਬਰਾਬਰੀ ਦੀ ਪੈਰਵੀ (ਜਿਨ੍ਹਾਂ ਨੂੰ ਗਾਂਧੀ ਉਵੇਂ ਹੀ ਦਿਲੋਂ ਚਾਹੁੰਦੇ ਸਨ) ਦੇ ਸਵਾਲ ਆਉਂਦੇ ਸਨ। ਇਸ ਦੇ ਅਹਿਮ ਮੁੱਖਬੰਦ ਵਿਚ ਗਾਂਧੀ ਨੇ ਲਿਖਿਆ ਸੀ ਕਿ ‘ਫ਼ਿਰਕੂ ਏਕਤਾ ਦਾ ਟੀਚਾ ਹਾਸਲ ਕਰਨ ਲਈ ਹਰੇਕ ਕਾਂਗਰਸੀ ਲਈ ਪਹਿਲੀ ਜ਼ਰੂਰੀ ਚੀਜ਼ ਇਹ ਹੈ ਕਿ ਭਾਵੇਂ ਉਸ ਦਾ ਆਪਣਾ ਧਰਮ ਕੋਈ ਹੋਵੇ ਪਰ ਉਹ ਨਿੱਜੀ ਤੌਰ ’ਤੇ ਹਿੰਦੂ, ਮੁਸਲਮਾਨ, ਈਸਾਈ, ਪਾਰਸੀ, ਯਹੂਦੀ ਆਦਿ ਸਭ ਲੋਕਾਂ ਅਤੇ ਜਲਦੀ ਹੀ ਸਭ ਹਿੰਦੂਆਂ ਤੇ ਗ਼ੈਰ-ਹਿੰਦੂਆਂ ਦੀ ਨੁਮਾਇੰਦਗੀ ਕਰੇ। ਉਸ ਨੂੰ ਹਿੰਦੋਸਤਾਨ ਦੇ ਕਰੋੜਾਂ ਲੋਕਾਂ ’ਚੋਂ ਹਰੇਕ ਦੇ ਨਾਲ ਇਕਮਿਕਤਾ ਦਾ ਅਹਿਸਾਸ ਜਗਾਉਣਾ ਪਵੇਗਾ। ਇਹ ਅਹਿਸਾਸ ਪੈਦਾ ਕਰਨ ਲਈ ਹਰੇਕ ਕਾਂਗਰਸੀ ਆਪਣੇ ਧਰਮ ਤੋਂ ਬਾਹਰਲੇ ਧਰਮਾਂ ਦੀ ਨੁਮਾਇੰਦਗੀ ਕਰਨ ਵਾਲੇ ਲੋਕਾਂ ਨਾਲ ਨਿੱਜੀ ਦੋਸਤੀਆਂ ਬਣਾਵੇਗਾ। ਉਹ ਦੂਜੇ ਧਰਮਾਂ ਦਾ ਉਵੇਂ ਹੀ ਸਤਿਕਾਰ ਕਰੇਗਾ ਜਿਵੇਂ ਉਹ ਆਪਣੇ ਧਰਮ ਦਾ ਕਰਦਾ ਹੈ।’ (M.K. Gandhi, Constructive Programme: Its Meaning and Place, Ahmedabad, 1945, pp 8-9).
ਦੋ ਸਾਲ ਬਾਅਦ ਕਾਂਗਰਸ ਤੇ ਗਾਂਧੀ ਧਾਰਮਿਕ ਲੀਹਾਂ ’ਤੇ ਹਿੰਦੋਸਤਾਨ ਦੀ ਵੰਡ ਰੋਕਣ ਵਿਚ ਨਾਕਾਮ ਸਾਬਿਤ ਹੋਏ। ਬਹਰਹਾਲ, ਹੋਣੀ ਅਤੇ ਨਾਉਮੀਦੀ ਜਾਂ ਇਸ ਤੋਂ ਵੀ ਬਦਤਰ ਬਦਲੇ ਜਾਂ ਵੈਰਭਾਵ ਦੀ ਭਾਵਨਾ ਦਾ ਸ਼ਿਕਾਰ ਹੋਣ ਦੀ ਬਜਾਇ ਗਾਂਧੀ ਨੇ ਆਪਣੀ ਊਰਜਾ ਭਾਰਤ ਵਿਚ ਰਹਿਣ ਵਾਲੇ ਮੁਸਲਮਾਨਾਂ ਨੂੰ ਇਹ ਯਕੀਨਦਹਾਨੀ ਕਰਾਉਣ ’ਤੇ ਲਗਾ ਦਿੱਤੀ ਕਿ ਉਨ੍ਹਾਂ ਨੂੰ ਦੇਸ਼ ਅੰਦਰ ਬਰਾਬਰ ਦੇ ਨਾਗਰਿਕ ਹੱਕ ਮਿਲਣਗੇ। ਸਤੰਬਰ 1947 ਵਿਚ ਕਲਕੱਤਾ ਅਤੇ ਜਨਵਰੀ 1948 ਵਿਚ ਦਿੱਲੀ ਵਿਚ ਉਨ੍ਹਾਂ ਵੱਲੋਂ ਫ਼ਿਰਕੂ ਇਕਸੁਰਤਾ ਲਈ ਕੀਤੀ ਗਈ ਦਲੇਰਾਨਾ ਭੁੱਖ ਹੜਤਾਲ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਪਰ ਉਨ੍ਹਾਂ ਵੱਲੋਂ 15 ਨਵੰਬਰ 1947 ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੀਟਿੰਗ ਨੂੰ ਕੀਤੇ ਖ਼ਿਤਾਬ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਜੋ ਕਿ ਓਨਾ ਹੀ ਅਹਿਮ ਹੈ। ਇੱਥੇ ਗਾਂਧੀ ਨੇ ਆਖਿਆ ਸੀ: ‘ਮੈਂ ਚਾਹੁੰਦਾ ਹਾਂ ਕਿ ਕਾਂਗਰਸ ਆਪਣੇ ਮੂਲ ਕਿਰਦਾਰ ਤੋਂ ਨਾ ਥਿੜਕੇ ਅਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਇਕਮੁੱਠ ਕਰੇ ਜੀਹਦੇ ਲਈ ਕਾਂਗਰਸ ਪਿਛਲੇ ਸੱਠਾਂ ਸਾਲਾਂ ਤੋਂ ਯਤਨਸ਼ੀਲ ਰਹੀ ਹੈ। ਇਹ ਆਦਰਸ਼ ਅੱਜ ਵੀ ਮੌਜੂਦ ਹੈ। ਕਾਂਗਰਸ ਨੇ ਇਹ ਕਦੇ ਨਹੀਂ ਆਖਿਆ ਕਿ ਉਹ ਕੇਵਲ ਹਿੰਦੂਆਂ ਦੇ ਹਿੱਤਾਂ ਲਈ ਕੰਮ ਕਰਦੀ ਹੈ। ਨਹੀਂ ਤਾਂ ਸਾਨੂੰ ਉਹ ਦਾਅਵਾ ਛੱਡ ਦੇਣਾ ਚਾਹੀਦਾ ਹੈ ਜੋ ਕਾਂਗਰਸ ਆਪਣੀ ਸ਼ੁਰੂਆਤ ਤੋਂ ਲੈ ਕੇ ਕਰਦੀ ਆ ਰਹੀ ਹੈ ਅਤੇ ਕੋਈ ਵੱਖਰਾ ਰਾਗ ਅਲਾਪਣ ਲੱਗ ਪੈਣਾ ਚਾਹੀਦਾ ਹੈ। ਕਾਂਗਰਸ ਇਸ ਮੁਲ਼ਕ ਵਿਚ ਵਸਣ ਵਾਲੇ ਸਾਰੇ ਹਿੰਦੂਆਂ, ਮੁਸਲਮਾਨਾਂ, ਈਸਾਈਆਂ, ਸਿੱਖਾਂ ਤੇ ਪਾਰਸੀਆਂ ਦੀ ਸਾਂਝੀ ਧਿਰ ਹੈ। ‘(Collected Works of Mahatma Gandhi, volume 90, p. 38).
ਭਾਰਤ ਉਨ੍ਹਾਂ ਸਾਰੇ ਲੋਕਾਂ ਜੋ ਇਸ ਮੁਲਕ ਵਿਚ ਰਹਿੰਦੇ ਹਨ ਭਾਵੇਂ ਉਹ ਹਿੰਦੂ ਹੋਣ ਜਾਂ ਮੁਸਲਮਾਨ ਜਾਂ ਕੋਈ ਹੋਰ ਹੋਣ, ਦਾ ਦੇਸ਼ ਹੈ। ਇਸੇ ਵਿਸ਼ਵਾਸ ’ਤੇ ਪਹਿਰਾ ਦਿੰਦੇ ਰਹਿਣ ਕਰਕੇ ਗਾਂਧੀ ਨੂੰ ਕਤਲ ਕੀਤਾ ਗਿਆ ਸੀ। ਗਾਂਧੀ ਜੀ ਦੀ ਹੱਤਿਆ ਤੋਂ ਕੁਝ ਹਫ਼ਤੇ ਮਗਰੋਂ ਅੱਗੋਂ ਕੀ ਕੀਤਾ ਜਾਵੇ ਬਾਰੇ ਚਰਚਾ ਕਰਨ ਲਈ ਉਨ੍ਹਾਂ ਦੇ ਅਨੁਯਾਈਆਂ ਦਾ ਇਕ ਜਥਾ ਸੇਵਾਗ੍ਰਾਮ ਵਿਖੇ ਜੁੜਿਆ ਸੀ। ਇਸ ਸਭਾ ਵਿਚ ਆਰਐੱਸਐੱਸ ਦਾ ਵੀ ਜ਼ਿਕਰ ਛਿੜਿਆ। ਨਾ ਸਿਰਫ਼ ਇਸ ਕਰਕੇ ਕਿ ਗੋਡਸੇ ਆਰਐੱਸਐੱਸ ਦਾ ਮੈਂਬਰ ਸੀ ਸਗੋਂ ਇਸ ਲਈ ਕਿ ਆਰਐੱਸਐੱਸ ਦੇ ਤਤਕਾਲੀ ਮੁਖੀ ਐਮ.ਐੱਸ. ਗੋਲਵਲਕਰ ਨੇ ਗਾਂਧੀ ਦੀ ਹੱਤਿਆ ਤੋਂ ਪਹਿਲਾਂ ਬਹੁਤ ਹੀ ਜ਼ਹਿਰੀ ਫ਼ਿਰਕੂ ਤਕਰੀਰਾਂ ਕੀਤੀਆਂ ਸਨ। ਮਾਰਚ 1948 ਵਿਚ ਸੇਵਾਗ੍ਰਾਮ ਵਿਖੇ ਹੋਈ ਗਾਂਧੀਵਾਦੀਆਂ ਦੀ ਇਸ ਇਕੱਤਰਤਾ ਵਿਚ ਵਿਨੋਭਾ ਭਾਵੇ ਨੇ ਖੁੱਲ੍ਹ ਕੇ ਆਪਣੇ ਮਨੋਭਾਵ ਜ਼ਾਹਰ ਕੀਤੇ ਸਨ ਕਿ ਕਿਵੇਂ ਇਕ ਮਹਾਰਾਸ਼ਟਰੀ ਬ੍ਰਾਹਮਣ ਹੁੰਦੇ ਹੋਏ ਇਕ ਅਜਿਹੀ ਜਥੇਬੰਦੀ ’ਤੇ ਉਨ੍ਹਾਂ ਦਾ ਵਿਸ਼ਵਾਸ ਬੁਰੀ ਤਰ੍ਹਾਂ ਹਿੱਲ ਗਿਆ ਸੀ ਜਿਸ ਉਪਰ ਉਨ੍ਹਾਂ ਦੀ ਜਾਤ ਦੇ ਲੋਕਾਂ ਦਾ ਗ਼ਲਬਾ ਸੀ। ਇਸ ਦਾ ਕਿਰਦਾਰ ਪੂਰੀ ਤਰ੍ਹਾਂ ਫਾਸ਼ੀਵਾਦੀ ਸੀ… ਇਸ ਜਥੇਬੰਦੀ ਦੇ ਮੈਂਬਰ ਹੋਰਨਾਂ ਲੋਕਾਂ ਨੂੰ ਭਰੋਸੇ ਵਿਚ ਨਹੀਂ ਲੈਂਦੇ। ਗਾਂਧੀ ਦਾ ਅਸੂਲ ਸਚਾਈ ਦਾ ਅਸੂਲ ਸੀ; ਇਵੇਂ ਜਾਪਦਾ ਸੀ ਜਿਵੇਂ ਇਨ੍ਹਾਂ ਲੋਕਾਂ ਦਾ ਅਸੂਲ ਝੂਠ ਦਾ ਹੋਵੇ। ਇਹ ਝੂਠ ਹੀ ਇਨ੍ਹਾਂ ਦੀ ਤਕਨੀਕ ਅਤੇ ਦਰਸ਼ਨ ਦਾ ਅਨਿੱਖੜਵਾਂ ਅੰਗ ਸੀ।
ਵਿਨੋਭਾ ਨੇ ਅੱਗੇ ਚੱਲ ਕੇ ਗਾਂਧੀ ਦੀ ਅਗਵਾਈ ਵਾਲੇ ਕੌਮੀ ਅੰਦੋਲਨ ਅਤੇ ਹਿੰਦੂਤਵ ਦੇ ਪੈਰੋਕਾਰਾਂ ਵਿਚਕਾਰ ਵਿਸ਼ਾਲ ਪਾੜੇ ਦਾ ਖੁਲਾਸਾ ਕੀਤਾ ਸੀ ਜਿਸ ਨੂੰ ਉਨ੍ਹਾਂ ਇੰਝ ਪੇਸ਼ ਕੀਤਾ ਸੀ: ‘ਆਰਐੱਸਐੱਸ ਦਾ ਤਰੀਕਾਕਾਰ ਹਮੇਸ਼ਾ ਸਾਡੇ ਤਰੀਕਾਕਾਰ ਦਾ ਵਿਰੋਧੀ ਰਿਹਾ ਹੈ। ਜਦੋਂ ਅਸੀਂ ਜੇਲ੍ਹ ਜਾਂਦੇ ਸਾਂ ਤਾਂ ਉਨ੍ਹਾਂ (ਆਰਐੱਸਐੱਸ) ਦੀ ਨੀਤੀ ਹੁੰਦੀ ਕਿ ਫ਼ੌਜ ਜਾਂ ਪੁਲੀਸ ਵਿਚ ਭਰਤੀ ਕਰਵਾਈ ਜਾਵੇ। ਜਿੱਥੇ ਵੀ ਕਦੇ ਹਿੰਦੂ ਮੁਸਲਿਮ ਦੰਗੇ ਦੇ ਆਸਾਰ ਹੁੰਦੇ ਤਾਂ ਉਹ ਹਰ ਵਾਰ ਝਟਪਟ ਉੱਥੇ ਮੌਜੂਦ ਹੁੰਦੇ ਸਨ। ਸਮੇਂ ਦੀ ਸਰਕਾਰ (ਬਰਤਾਨਵੀ ਰਾਜ) ਇਸ ਸਭ ਕਾਸੇ ’ਚੋਂ ਆਪਣੇ ਹਿੱਤ ਸਾਧਣ ਦੀ ਤਾਕ ਵਿਚ ਰਹਿੰਦੀ ਸੀ ਅਤੇ ਇਨ੍ਹਾਂ ਨੂੰ ਹੱਲਾਸ਼ੇਰੀ ਦਿੰਦੀ ਰਹਿੰਦੀ ਸੀ ਅਤੇ ਉਸੇ ਦੇ ਸਿੱਟੇ ਹੁਣ ਸਾਨੂੰ ਭੁਗਤਣੇ ਪੈ ਰਹੇ ਹਨ।’ (See Gopalkrishna Gandhi, editor, Gandhi Is Gone, Who Will Guide Us Now? Permanent Black, pp 88-90).
ਆਰਐੱਸਐੱਸ ਦਾ ਨੇੜਿਓਂ ਅਧਿਐਨ ਕਰਨ ਵਾਲਿਆਂ ਵਿਚ ਸ਼ਾਮਲ ਗਾਂਧੀ ਦੇ ਹੋਰਨਾਂ ਅਨੁਯਾਈਆਂ ਨੇ ਵੀ ਵਿਨੋਭਾ ਭਾਵੇ ਦੀ ਸਮਝ ਦੀ ਪ੍ਰੋੜਤਾ ਕੀਤੀ ਸੀ। ਹਰੀਜਨ ਦੇ 19 ਦਸੰਬਰ 1948 ਦੇ ਅੰਕ ਵਿਚ ਕੇ ਜੀ ਮਸ਼ਰੂਵਾਲਾ ਜੋ ਵਿਨੋਭਾ ਵਾਂਗ ਹੀ ਲੰਮੇ ਸਮੇਂ ਤੋਂ ਗਾਂਧੀ ਦੇ ਕਰੀਬੀਆਂ ਵਿਚ ਸ਼ਾਮਲ ਸਨ ਅਤੇ ਮਾਣਮੱਤੇ ਵਿਦਵਾਨ ਸਨ, ਨੇ ਲਿਖਿਆ ਸੀ ਕਿ ਹਾਲਾਂਕਿ ਕਈ ਸਾਲਾਂ ਤੋਂ ਉਨ੍ਹਾਂ ਦੇ ਮਨ ਵਿਚ ਆਰਐੱਸਐੱਸ ਬਾਰੇ ਸ਼ੰਕੇ ਉੱਠਦੇ ਰਹੇ ਸਨ ਪਰ ਸਮਾਂ ਬੀਤਣ ਨਾਲ ਇਹ ਸ਼ੰਕੇ ਮਜ਼ਬੂਤ ਹੁੰਦੇ ਚਲੇ ਗਏ। ਮਸ਼ਰੂਵਾਲਾ ਨੇ ਆਰਐੱਸਐੱਸ ਦੀਆਂ ਅਤੇ ਇਸ ਬਾਰੇ ਮਰਾਠੀ ਦੀਆਂ ਲਿਖਤਾਂ ਦਾ ਅਧਿਐਨ ਕਰ ਕੇ ਇਹ ਸਿੱਟਾ ਕੱਢਿਆ ਸੀ ਕਿ ਇਸ ਦਾ ‘ਹਿੰਦੂਵਾਦ ਲਈ ਪਿਆਰ ਤੇ ਕਿਸੇ ਹੋਰ ਲਈ ਮੰਦਭਾਵਨਾ ਨਹੀਂ ਦੇ ਨਾਅਰੇ ਦਾ ਮਗਰਲਾ ਹਿੱਸਾ ਮੇਰੀ ਜਾਚੇ ਸੱਚ ਨਹੀਂ ਹੈ। ਇਸ ਬਾਰੇ ਮੈਂ ਜੋ ਕੁਝ ਸੁਣਿਆ ਅਤੇ ਪੜ੍ਹਿਆ ਹੈ, ਉਸ ’ਚੋਂ ਮੁਸਲਮਾਨਾਂ ਪ੍ਰਤੀ ਮੰਦਭਾਵਨਾ ਤੇ ਨਾਪਸੰਦਗੀ ਹੀ ਝਲਕਦੀ ਹੈ।’
ਮਸ਼ਰੂਵਾਲਾ ਨੇ ਨਿਸ਼ਾਨਦੇਹੀ ਕੀਤੀ ਸੀ ਕਿ ਮੁਸਲਮਾਨਾਂ ਪ੍ਰਤੀ ਇਹ ਮੰਦਭਾਵਨਾ ਅਤੇ ਨਾਪਸੰਦਗੀ ਹੀ ਆਰਐੱਸਐੱਸ ਦਾ ਕੁੰਜੀਵਤ ਅਸੂਲ ਹੈ ਜਿਸ ਦਾ ਖੁਲਾਸਾ ਸਭ ਤੋਂ ਵੱਧ ਸਮਾਂ ਸਰ ਸੰਘ ਚਾਲਕ ਰਹੇ ਐਮ.ਐੱਸ. ਗੋਲਵਲਕਰ ਨੇ ਕੀਤਾ ਸੀ। ਆਰਐੱਸਐੱਸ ਦੇ ਮੌਜੂਦਾ ਮੁਖੀ ਮੋਹਨ ਭਾਗਵਤ ਦਾ ਅੰਦਾਜ਼ ਆਪਣੇ ਕੁਝ ਪੂਰਬਲੇ ਮੁਖੀਆਂ ਜਿੰਨਾ ਤਿੱਖਾ ਤੇ ਵਿਵਾਦਮਈ ਨਹੀਂ ਹੈ ਪਰ ਇਸ ਵਿਚ ਰਤਾ ਵੀ ਸੰਦੇਹ ਨਹੀਂ ਕਿ ਉਹ ਵੀ ਹਿੰਦੂ ਸ਼੍ਰੇਸ਼ਠਤਾ ਦੀ ਉਸੇ ਵਿਚਾਰਧਾਰਾ ’ਤੇ ਯਕੀਨ ਰੱਖਦੇ ਹਨ। (ਇਸ ਪ੍ਰਸੰਗ ਵਿਚ ਹਾਲ ਹੀ ਵਿਚ ਹਰਿਦੁਆਰ ਵਿਖੇ ਹੋਏ ਨਫ਼ਰਤੀ ਸੰਮੇਲਨ ਬਾਰੇ ਉਨ੍ਹਾਂ ਦੀ ਚੁੱਪ ਹੀ ਬਹੁਤ ਕੁਝ ਦੱਸ ਦਿੰਦੀ ਹੈ)। 1948 ਦੀ ਤਰ੍ਹਾਂ ਹੀ 2022 ਵਿਚ ਵੀ ਘੱਟਗਿਣਤੀਆਂ ਨੂੰ ਲਤਾੜਨ ਵਾਲੀ ਹਿੰਦੂਤਵ ਦੀ ਵਿਚਾਰਧਾਰਾ ਅਤੇ ਗਾਂਧੀ ਦੀ ਸਰਬਸਾਂਝੀ ਫਿਲਾਸਫ਼ੀ ਵਿਚਕਾਰ ਪਾੜਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਉਦੋਂ ਦੀ ਤਰ੍ਹਾਂ, ਹੁਣ ਵੀ ਭਾਰਤੀਆਂ ਨੂੰ ਇਨ੍ਹਾਂ ਦੋ ਦਰਸ਼ਨਾਂ ’ਚੋਂ ਕਿਸੇ ਇਕ ਦੀ ਚੋਣ ਕਰਨੀ ਪੈਣੀ ਹੈ। ਸਾਡੇ ਗਣਰਾਜ ਦੀ ਹੋਣੀ ਇਸ ਗੱਲ ’ਤੇ ਮੁਨੱਸਰ ਕਰੇਗੀ ਕਿ ਅਸੀਂ ਕਿੰਨੇ ਕੁ ਹੋਸ਼ਮੰਦ ਤੇ ਹੌਸਲਾਮੰਦ ਹਾਂ ਜਾਂ ਫਿਰ ਹੋ ਸਕਦੇ ਹਾਂ।