ਰਜਿੰਦਰਪਾਲ ਕੌਰ
ਹੁਤ ਹੀ ਪਿਆਰੀ ਸ਼ਖ਼ਸੀਅਤ ਰਮੇਸ਼ ਏਕਲਗੱਡਾ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਬੇਸ਼ੱਕ ਉਨ੍ਹਾਂ ਦੀ ਉਮਰ ਨੱਬੇ ਸਾਲ ਹੋ ਗਈ ਸੀ, ਪਰ ਉਨ੍ਹਾਂ ਨੂੰ ਪਿਆਰ ਸਤਿਕਾਰ ਕਰਨ ਵਾਲਿਆਂ ਦੀ ਗਿਣਤੀ ਬਹੁਤ ਵਿਸ਼ਾਲ ਹੈ ਜਿਨ੍ਹਾਂ ਵਾਸਤੇ ਇਕ ਵੱਡਾ ਝਟਕਾ ਹੈ। ਉਨ੍ਹਾਂ ਨੇ ਇਸ ਉਮਰ ’ਚ ਵੀ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ ਸਨ। ਪਿੰਡ ਵਿਚ ਚੱਲਦੇ ਸਵੈ ਸਹਾਇਤਾ ਗਰੁੱਪਾਂ ਦੀ ਉਹ ਜਾਨ ਸਨ। ਉਹ ਪੰਜਾਬ ਇਸਤਰੀ ਸਭਾ ਦਾ ਮਾਣ ਸਨ। ਪੰਜਾਬ ਇਸਤਰੀ ਸਭਾ ਦੇ ਹਲਕਿਆਂ ਵਿੱਚ ਇਸ ਖ਼ਬਰ ਨਾਲ ਸੋਗ ਦੀ ਲਹਿਰ ਦੌੜ ਗਈ। ਇੰਜ ਲੱਗਿਆ ਜਿਵੇਂ ਤਰਨ ਤਾਰਨ ਜ਼ਿਲ੍ਹੇ ਦਾ ਸਾਡਾ ਇੱਕ ਕਮਾਂਡਰ ਤੁਰ ਗਿਆ ਹੋਵੇ। ਭੈਣ ਜੀ ਧੁਨ ਦੇ ਬੜੇ ਪੱਕੇ ਸਨ ਅਤੇ ਹਰ ਵੇਲੇ ਪੰਜਾਬ ਇਸਤਰੀ ਸਭਾ ਵਾਸਤੇ ਕੋਈ ਚੰਗਾ ਕੰਮ ਕਰਾਉਣ ਵਾਸਤੇ ਸੋਚਦੇ ਰਹਿੰਦੇ ਸਨ। ਉਨ੍ਹਾਂ ਨੇ ਕਈ ਵਾਰੀ ਸਾਨੂੰ ਮੁਸ਼ਕਿਲ ਕੰਮ ਕਰਨ ਲਈ ਵੀ ਕਹਿ ਦੇਣਾ। ਉਨ੍ਹਾਂ ਦਾ ਦੱਸਿਆ ਕੰਮ ਕਰਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਕਿ ਅਸੀਂ ਆਪਣੀ ਪੰਜਾਬ ਇਸਤਰੀ ਸਭਾ ਨੂੰ ਬਿਹਤਰ ਬਣਾਉਣ ਵਾਸਤੇ ਕੰਮ ਕਰ ਰਹੇ ਹਾਂ।
ਭੈਣ ਜੀ ਰਮੇਸ਼ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬੇ ਝਬਾਲ ਵਿਖੇ ਪਿਤਾ ਕਾਮਰੇਡ ਇੰਦਰ ਦੇਵ ਅਤੇ ਮਾਤਾ ਸੁਸ਼ੀਲਾਵੰਤੀ ਦੇ ਘਰ ਤੇਰਾਂ ਨਵੰਬਰ ਉਨੀ ਸੌ ਵੀਹ ਨੂੰ ਹੋਇਆ। ਇੰਦਰ ਦੇਵ ਹੋਰੀਂ ਅਗਾਂਹਵਧੂ ਵਿਚਾਰਾਂ ਦੇ ਸਨ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਵਿਰੁੱਧ ਸਨ। ਇਸੇ ਕਰਕੇ ਉਨ੍ਹਾਂ ਨੇ ਆਪਣੇ ਪੁਰਖਿਆਂ ਦੇ ਚੱਲ ਰਹੇ ਸ਼ਾਹੂਕਾਰੇ ਦੇ ਕਾਗਜ਼ ਪਾੜ ਦਿੱਤੇ ਸਨ ਜਿਸ ਵਿਚ ਚੁਰਾਸੀ ਪਿੰਡਾਂ ਦੇ ਲੋਕਾਂ ਨੂੰ ਦਿੱਤੇ ਗਏ ਕਰਜ਼ੇ ਦੀਆਂ ਲਿਸਟਾਂ ਸਨ। ਉਹ ਲੜਕੀਆਂ ਦੀ ਪੜ੍ਹਾਈ ਦੇ ਹੱਕ ਵਿੱਚ ਸਨ। ਇਸੇ ਕਰਕੇ ਉਨ੍ਹਾਂ ਨੇ ਆਪਣੀ ਧੀ ਨੂੰ ਪੜ੍ਹਨ ਲਈ ਪ੍ਰੀਤਨਗਰ ਭੇਜ ਦਿੱਤਾ। ਭੈਣ ਜੀ ਮੈਟ੍ਰਿਕ ਵਿੱਚ ਸਨ ਤਾਂ ਦੇਸ਼ ਵੰਡ ਹੋ ਗਈ। ਪ੍ਰੀਤਨਗਰ ਸਰਹੱਦ ’ਤੇ ਹੋਣ ਕਰਕੇ ਭੈਣ ਜੀ ਨੂੰ ਆਪਣੇ ਪਿੰਡ ਝਬਾਲ ਵਾਪਸ ਆਉਣਾ ਪਿਆ। ਭੈਣ ਜੀ ਰਮੇਸ਼ ’ਤੇ ਇਨਕਲਾਬੀ ਰੰਗ ਚੜ੍ਹ ਚੁੱਕਾ ਸੀ। ਝਬਾਲ ਵਿੱਚ ਇਨ੍ਹਾਂ ਦੇ ਘਰ ਦੇ ਨੇੜੇ ਖੁੱਲ੍ਹੇ ਮੈਦਾਨ ਵਿੱਚ ਆਰਐੱਸਐੱਸ ਦੀ ਸ਼ਾਖਾ ਲੱਗਦੀ ਸੀ। ਭੈਣ ਜੀ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ। ਇਸ ਕਰਕੇ ਉਨ੍ਹਾਂ ਨੇ ਬੱਚਿਆਂ ਨੂੰ ਇਕੱਠਾ ਕਰਕੇ ਬਾਲ ਸਭਾ ਲਗਾਉਣੀ ਸ਼ੁਰੂ ਕਰ ਦਿੱਤੀ ਜਿਸ ’ਚ ਸਮਾਜ ਸੁਧਾਰ ਅਤੇ ਦੇਸ਼ ਭਗਤੀ ਦੇ ਗੀਤ ਕਵਿਤਾਵਾਂ ਗਾਏ ਜਾਂਦੇ। ਇਸ ਦਾ ਅਸਰ ਇਹ ਹੋਇਆ ਕਿ ਸ਼ਾਖਾ ਲੱਗਣੀ ਬੰਦ ਹੋ ਗਈ।
ਬਾਰਾਂ ਫਰਵਰੀ ਉੱਨੀ ਸੌ ਉਨੰਜਾ ਨੂੰ ਏ.ਆਈ.ਐਸ.ਐਫ. ਦੀ ਅੰਮ੍ਰਿਤਸਰ ਵਿੱਚ ਕਾਨਫਰੰਸ ਸੀ। ਕਾਨਫਰੰਸ ਤੋਂ ਪਹਿਲਾਂ ਪੁਤਲੀਘਰ ਤੋਂ ਲੈ ਕੇ ਹਾਲ ਗੇਟ ਤੱਕ ਮੁਜ਼ਾਹਰਾ ਕੀਤਾ ਗਿਆ। ਇਸ ਉੱਪਰ ਗੋਲੀ ਚੱਲੀ ਅਤੇ ਅੱਥਰੂ ਗੈਸ ਦੀ ਵਰਤੋਂ ਵੀ ਹੋਈ। ਰਮੇਸ਼ ਹੋਰੀਂ ਆਪਣੀਆਂ ਭੈਣਾਂ ਊਸ਼ਾ ਰਕਸ਼ਾ ਅਤੇ ਹੋਰ ਸਾਥਣਾਂ ਸਮੇਤ ਸ਼ਾਮਲ ਹੋਏ ਸਨ। ਇਨ੍ਹਾਂ ਦੇ ਕਾਫ਼ਲੇ ’ਤੇ ਹਮਲੇ ਨਾਲ ਲੜਕੀਆਂ ਨਿੱਖੜ ਗਈਆਂ। ਭੈਣ ਜੀ ਨੇ ਬਹਾਦਰੀ ਨਾਲ ਆਪਣੀਆਂ ਭੈਣਾਂ ਤੇ ਕੁਝ ਹੋਰ ਸਾਥਣਾਂ ਨੂੰ ਇਕੱਠਾ ਕੀਤਾ ਅਤੇ ਆਪੋ ਆਪਣੇ ਟਿਕਾਣਿਆਂ ’ਤੇ ਪਹੁੰਚੇ।
ਪੜ੍ਹਾਈ ਤੋਂ ਬਾਅਦ ਸਰਸਵਤੀ ਸਕੂਲ ਅੰਮ੍ਰਿਤਸਰ ਵਿਚ ਨੌਕਰੀ ਕਰ ਲਈ। ਇਨ੍ਹਾਂ ਨੇ ਆਪਣੇ ਸਕੂਲ ਦੇ ਨੇੜੇ ਹੀ ਇੱਕ ਚੁਬਾਰਾ ਕਿਰਾਏ ’ਤੇ ਲਿਆ ਹੋਇਆ ਸੀ ਜਿੱਥੇ ਸਾਥੀਆਂ ਦੀ ਆਵਾਜਾਈ ਲੱਗੀ ਰਹਿੰਦੀ ਸੀ। ਇਸ ਕਰਕੇ ਮਕਾਨ ਮਾਲਕ ਨੇ ਚੁਬਾਰਾ ਖ਼ਾਲੀ ਕਰਨ ਲਈ ਕਹਿ ਦਿੱਤਾ ਅਤੇ ਸਕੂਲ ਵਾਲਿਆਂ ਵੀ ਇਸੇ ਕਰਕੇ ਨੌਕਰੀ ਤੋਂ ਕੱਢ ਦਿੱਤਾ। ਬਾਅਦ ਵਿੱਚ ਉਨ੍ਹਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਅਤੇ ਇਸਤਰੀ ਲੋਕ ਭਲਾਈ ਅਫ਼ਸਰ ਵਜੋਂ ਸੇਵਾਮੁਕਤ ਹੋਏ।
ਆਜ਼ਾਦੀ ਤੋਂ ਬਾਅਦ ਜਦੋਂ ਲੋਕਾਂ ਨੂੰ ਆਪਣੇ ਹੱਕ ਪ੍ਰਾਪਤ ਨਾ ਹੋਏ ਤਾਂ ਵੱਖ ਵੱਖ ਵਰਗਾਂ ਨੇ ਆਪਣੀਆਂ ਜਥੇਬੰਦੀਆਂ ਬਣਾ ਕੇ ਸਰਕਾਰ ਨਾਲ ਲੜਾਈ ਦਾ ਮੁੱਢ ਬੰਨ੍ਹਿਆ। ਰਮੇਸ਼ ਭੈਣ ਜੀ ਨੇ ਵੀ ਝਬਾਲ ਵਿਖੇ ਔਰਤਾਂ ਦੀ ਇੱਕ ਜਥੇਬੰਦੀ ਕਾਇਮ ਕੀਤੀ ਜਿਸ ਦਾ ਨਾਮ ਲੋਕ ਇਸਤਰੀ ਸਭਾ ਰੱਖਿਆ। ਇਸੇ ਦਰਮਿਆਨ ਉਨ੍ਹਾਂ ਦੀ ਸ਼ਾਦੀ ਡਾ. ਹਰਸਰਨ ਸਿੰਘ ਨਾਲ ਹੋ ਗਈ ਜੋ ਉੱਘੇ ਵਿਦਿਆਰਥੀ ਆਗੂ ਰਹੇ ਸਨ। ਦੋਵੇਂ ਪਤੀ ਪਤਨੀ ਮਿਲ ਕੇ ਲਹਿਰਾਂ ਵਿਚ ਕੰਮ ਕਰਦੇ ਰਹੇ। ਇਨ੍ਹਾਂ ਦੀ ਜੋੜੀ ਇਕ ਇਨਕਲਾਬੀ ਜੋੜੀ ਵਜੋਂ ਮਸ਼ਹੂਰ ਹੋ ਗਈ। ਡਾ. ਹਰਸਰਨ ਸਿੰਘ ਆਪਣੀ ਇਮਾਨਦਾਰੀ ਅਤੇ ਇਨਕਲਾਬੀ ਵਿਚਾਰਾਂ ਕਾਰਨ ਨੌਕਰੀ ਵਿੱਚ ਜ਼ਿਆਦਾ ਸਮਾਂ ਨਾ ਟਿਕ ਸਕੇ ਅਤੇ ਇਸ ਕਰਕੇ ਪਿੰਡ ਆਣ ਕੇ ਉਨ੍ਹਾਂ ਨੇ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਨਾਲ ਨਾਲ ਲੋਕ ਸੇਵਾ ਜਾਰੀ ਰੱਖੀ।
ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿੰਡ ਵਿੱਚ ਸਵੈ ਸਹਾਇਤਾ ਗਰੁੱਪ ਸ਼ੁਰੂ ਕੀਤੇ ਅਤੇ ਬਹੁਤ ਔਰਤਾਂ ਨੂੰ ਛੋਟੇ ਮੋਟੇ ਰੁਜ਼ਗਾਰ ਸ਼ੁਰੂ ਕਰਵਾ ਕੇ ਉਨ੍ਹਾਂ ਦੀ ਆਰਥਿਕ ਹਾਲਤ ਸੁਧਾਰੀ। ਇਸ ਕਰਕੇ ਇਨ੍ਹਾਂ ਦੇ ਪਿੰਡ ਦੀਆਂ ਔਰਤਾਂ ਜਿਹੜੀਆਂ ਭੈਣ ਜੀ ਦੇ ਨਾਲ ਲਗਾਤਾਰ ਰਹਿੰਦੀਆਂ ਸਨ, ਜਾਗਰੂਕ ਅਤੇ ਪ੍ਰਪੱਕ ਸੋਚ ਦੀਆਂ ਹਨ।
ਉਹ ਪਿਆਰ ਦਾ ਭਰ ਵਗਦਾ ਦਰਿਆ ਸਨ। ਉਹ ਜਿਸ ਨੂੰ ਵੀ ਮਿਲਦੇ ਆਪਣਾ ਬਣਾ ਲੈਂਦੇ ਸਨ। ਉਹ ਆਪਣੇ ਜਾਣ ਪਛਾਣ ਵਾਲੇ ਲੋਕਾਂ ਦੀ ਔਕੜ ਸਮੇਂ ਬਹੁਤ ਮਦਦ ਕਰਦੇ। ਕਦੇ ਵੀ ਕਿਸੇ ਨੂੰ ਪਿੱਠ ਦਿਖਾਉਣਾ ਉਨ੍ਹਾਂ ਦੇ ਸੁਭਾਅ ਵਿੱਚ ਸ਼ਾਮਲ ਨਹੀਂ ਸੀ।
ਇਸ ਉਮਰ ਵਿੱਚ ਵੀ ਉਹ ਬਹੁਤ ਹਿੰਮਤੀ ਅਤੇ ਬੜੇ ਦ੍ਰਿੜ੍ਹ ਇਰਾਦੇ ਵਾਲੇ ਸਨ। ਪੰਜਾਬ ਇਸਤਰੀ ਸਭਾ ਵਾਸਤੇ ਪ੍ਰੇਰਨਾ ਸਰੋਤ ਹੋਣ ਦੇ ਨਾਲ ਨਾਲ ਉਹ ਘਰੇਲੂ ਅਤੇ ਸਮਾਜਿਕ ਜ਼ਿੰਮੇਵਾਰੀਆਂ ਵੀ ਬਾਖ਼ੂਬੀ ਨਿਭਾਉਂਦੇ ਸਨ। ਇਸ ਉਮਰੇ ਵੀ ਆਪਣਾ ਖਾਣਾ ਆਪ ਬਣਾਉਂਦੇ ਸਨ। ਮੈਂ ਕਈ ਵਾਰ ਕਹਿਣਾ, ‘‘ਭੈਣ ਜੀ, ਤੁਹਾਡੀ ਹੁਣ ਕੰਮ ਕਰਨ ਦੀ ਉਮਰ ਨਹੀਂ, ਖਾਣਾ ਕਿਸੇ ਕੋਲੋਂ ਪਕਵਾ ਲਿਆ ਕਰੋ।’’ ਪਰ ਕਹਿੰਦੇ, ‘‘ਮੈਨੂੰ ਆਪਣਾ ਕੰਮ ਆਪੇ ਕਰਨਾ ਚੰਗਾ ਲੱਗਦਾ ਹੈ।’’ ਥੋੜ੍ਹੇ ਦਿਨ ਪਹਿਲਾਂ ਹੀ ਮੈਨੂੰ ਫੋਨ ਕਰਕੇ ਕਿਸਾਨ ਮੋਰਚੇ, ਕਿਸਾਨ ਸੰਘਰਸ਼ ਦਾ ਹਾਲਚਾਲ ਪੁੱਛਿਆ ਅਤੇ ਕਹਿਣ ਲੱਗੇ, ‘‘ਮੇਰਾ ਬਹੁਤ ਦਿਲ ਕਰਦਾ ਹੈ ਕਿ ਮੈਂ ਵੀ ਸੰਘਰਸ਼ ਵਿੱਚ ਸ਼ਾਮਲ ਹੋਵਾਂ।’’ ਮੈਂ ਕਿਹਾ, ‘‘ਭੈਣ ਜੀ, ਤੁਹਾਡੀ ਸਿਹਤ ਠੀਕ ਨਹੀਂ, ਤੁਸੀਂ ਘਰੋਂ ਬਾਹਰ ਨਾ ਜਾਇਓ। ਤੁਸੀਂ ਫੰਡ ਭੇਜ ਸਕਦੇ ਹੋ।’’ ਕਹਿਣ ਲੱਗੇ, ‘‘ਹਾਂ, ਇਹ ਠੀਕ ਹੈ।’’ ਫੰਡ ਦੇਣ ਵਿੱਚ ਬਹੁਤ ਦਲੇਰ ਸਨ। ਜ਼ਿੰਦਗੀ ਵਿੱਚ ਬਹੁਤ ਥੋੜ੍ਹੇ ਲੋਕ ਅਜਿਹੇ ਮਿਲੇ ਹਨ ਜਿਹੜੇ ਏਨੇ ਦਲੇਰੀ ਨਾਲ ਫੰਡ ਦਿੰਦੇ ਹਨ। ਰਮੇਸ਼ ਹੋਰਾਂ ਦੇ ਤਿੰਨੇ ਬੱਚੇ ਅਰਾਧਨਾ, ਅਰਵਿੰਦ ਅਤੇ ਰੋਹਿਨੀ ਬਹੁਤ ਜ਼ਹੀਨ ਅਤੇ ਜਾਗਰੂਕ ਸੋਚ ਦੇ ਮਾਲਕ ਹਨ।
ਰਮੇਸ਼ ਕੁਮਾਰੀ ਵਰਗੀ ਸ਼ਖ਼ਸੀਅਤ ਕੋਈ ਵਿਰਲੀ ਟਾਵੀਂ ਹੀ ਹੁੰਦੀ ਹੈ ਜਿਸ ਦੇ ਤੁਰ ਜਾਣ ਨਾਲ ਸਮਾਜ ਅਤੇ ਲਹਿਰਾਂ ਨੂੰ ਬਹੁਤ ਘਾਟਾ ਪੈਂਦਾ ਹੈ।
ਸੰਪਰਕ: 99881-76811