ਨਵਜੋਤ
ਸੰਸਾਰ ਅਰਥਚਾਰੇ ਦੀ ਮੌਜੂਦਾ ਹਾਲਤ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ| ਤੇਜ਼ੀ ਨਾਲ ਫੈਲ ਰਹੀ ਬੇਰੁਜ਼ਗਾਰੀ, ਉਜਰਤਾਂ ਵਿੱਚ ਕਾਟਾਂ, ਜਨਤਕ ਸਹੂਲਤਾਂ ਦੇ ਦਾਇਰੇ ਦਾ ਸੁੰਗੜਦੇ ਜਾਣਾ, ਤੇਜ਼ੀ ਨਾਲ ਹੋ ਰਿਹਾ ਨਿੱਜੀਕਰਨ, ਮਹਿੰਗਾਈ ਵਿੱਚ ਵਾਧੇ ਆਦਿ ਵਰਗੀਆਂ ਕਈ ਸਮੱਸਿਆਵਾਂ ਹਨ ਜੋ ਦੁਨੀਆ ਭਰ ਦੇ ਕਿਰਤੀ ਲੋਕਾਂ ਅੱਗੇ ਮੂੰਹ ਅੱਡੀ ਖੜ੍ਹੀਆਂ ਹਨ| ਇਨ੍ਹਾਂ ਸਮੱਸਿਆਵਾਂ ਨਾਲ ਪੈਦਾ ਹੋ ਰਹੇ ਰੋਹ ਦਾ ਵੱਖੋ-ਵੱਖ ਰੂਪਾਂ ਵਿੱਚ ਪ੍ਰਗਟਾਵਾ ਹੋ ਰਿਹਾ ਹੈ, ਚਾਹੇ ਉਹ ਕਜ਼ਾਖ਼ਸਤਾਨ ਵਿੱਚ ਲੋਕਾਂ ਦਾ ਸੰਘਰਸ਼ ਹੋਵੇ ਜਾਂ ਪੋਲੈਂਡ ਤੇ ਤੁਰਕੀ ਦੇ ਮਜ਼ਦੂਰਾਂ ਦੀਆਂ ਹੜਤਾਲਾਂ ਜਾਂ ਫੇਰ ਭਾਰਤ ਵਿੱਚ ਕਿਰਤੀਆਂ ਦੇ ਵੱਖ-ਵੱਖ ਸੰਘਰਸ਼| ਸਰਕਾਰਾਂ ਲਈ ਜਿੱਥੇ ਇਹ ਸੰਘਰਸ਼ ਵੱਡੀ ਸਿਰਦਰਦੀ ਦਾ ਕਾਰਨ ਬਣਦੇ ਜਾ ਰਹੇ ਹਨ, ਉੱਥੇ ਦੂਜੇ ਹੱਥ ਸਰਮਾਏਦਾਰਾਂ ਦੀ ਲਗਾਤਾਰ ਘਟਦੀ ਮੁਨਾਫ਼ਾਦਾਇਕਤਾ, ਕਰਜ਼ੇ ਤੇ ਮਹਿੰਗਾਈ ਵਿੱਚ ਵਾਧੇ ਆਦਿ ਵੀ ਇਨ੍ਹਾਂ ਦੀ ਬੇਚੈਨੀ ਵਿੱਚ ਚੌਗੁਣਾ ਇਜ਼ਾਫਾ ਕਰ ਰਹੇ ਹਨ|
ਕਰੋਨਾ ਕਾਲ-2020 ਵਿੱਚ ਇੱਕ ਪਾਸੇ ਸਰਕਾਰਾਂ ਨੇ ਲੋਕਾਂ ਉੱਤੇ ਪਾਬੰਦੀਆਂ ਲਾਈਆਂ ਤੇ ਦੂਜੇ ਪਾਸੇ ਮੁਨਾਫ਼ਿਆਂ ਨੂੰ ਹੁਲਾਰਾ ਦੇਣ ਲਈ ਨੀਵੀਆਂ ਦਰਾਂ ਉੱਤੇ ਕਰਜ਼ੇ ਦੀ ਰਸਾਈ ਕਰਵਾਈ ਤੇ ਨਾਲੇ ਖ਼ੁਦ ਕਰਜ਼ਾਈ ਹੋ ਕੇ ਸਰਮਾਏਦਾਰਾਂ ਨੂੰ ਅਰਬਾਂ ਡਾਲਰਾਂ ਦੀਆਂ ਸਬਸਿਡੀਆਂ ਉਪਲੱਬਧ ਕਰਵਾਈਆਂ| ਸਿੱਟੇ ਵੱਜੋਂ 2020 ਅੰਦਰ ਇੱਕ ਸਾਲ ਵਿੱਚ ਕਰਜ਼ੇ ਵਿੱਚ ਜਿੰਨਾ ਵਾਧਾ ਦਰਜ ਕੀਤਾ ਗਿਆ ਓਨਾ ਦੂਜੀ ਸੰਸਾਰ ਜੰਗ ਤੋਂ ਬਾਅਦ ਨਹੀਂ ਕੀਤਾ ਗਿਆ ਸੀ|
ਫਰਵਰੀ 2022 ਦੀ ਸ਼ੁਰੂਆਤ ਵਿੱਚ ਸੰਸਾਰ ਅਰਥਚਾਰੇ ਸਿਰ ਕੁੱਲ ਕਰਜ਼ਾ 281 ਖਰਬ ਡਾਲਰ ਦੇ ਅੰਕੜੇ ਨੂੰ ਛੂਹ ਚੁੱਕਿਆ ਸੀ ਤੇ ਹਾਲ ਦੀ ਘੜੀ ਇਸ ਦੇ ਹੇਠਾਂ ਆਉਣ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਹੇ| ਸੰਸਾਰ ਪੱਧਰ ਉੱਤੇ ਮੁਨਾਫ਼ਾਦਾਇਕਤਾ ਇੰਨੀ ਹੇਠਾਂ ਆ ਚੁੱਕੀ ਹੈ ਕਿ ਵਧੇਰੇ ਕਰਜ਼ਾ ਲਏ ਬਿਨਾਂ ਇਸ ਦਾ ਚੱਲਦੇ ਰਹਿਣਾ ਨਾਮੁਮਕਿਨ ਹੋ ਚੁੱਕਿਆ ਹੈ| ਕਰਜ਼ੇ ਲੈਣ ਦੀ ਪ੍ਰਕਿਰਿਆ ਵੀ ਅੰਤਹੀਣ ਨਹੀਂ ਚੱਲ ਸਕਦੀ, ਕਰਜ਼ਾ ਵਾਪਸ ਕਰਨਾ ਹੀ ਪੈਂਦਾ ਹੈ ਤੇ ਅਸਲ ਪੈਦਾਵਾਰ ਦੇ ਖੇਤਰ ਵਿੱਚ ਮੁਨਾਫ਼ਿਆਂ ਦੀ ਤੋਟ ਕਾਰਨ ਕਰਜ਼ਾ ਵਾਪਸ ਕਰਨ ਵਿੱਚ ਪਹਿਲਾਂ ਹੀ ਸਮੱਸਿਆ ਆ ਰਹੀ ਸੀ ਤੇ ਉੱਤੋਂ ਵਧਦੀ ਮਹਿੰਗਾਈ ਕਾਰਨ ਕਈ ਵੱਡੇ ਦੇਸ਼ਾਂ ਦੇ ਕੇਂਦਰੀ ਬੈਂਕਾਂ ਨੇ 2022 ਵਿੱਚ ਵਿਆਜ ਦਰਾਂ ਵਧਾਉਣ ਦਾ ਐਲਾਨ ਕੀਤਾ ਹੈ|
ਮੌਜੂਦਾ ਢਾਂਚੇ ਅੰਦਰ ਆਰਥਿਕ ਸੰਕਟ ਦਾ ਬੁਨਿਆਦੀ ਕਾਰਨ ਮੁਨਾਫ਼ੇ ਦੀ ਡਿੱਗਦੀ ਦਰ ਹੈ| ਵਧਦੇ ਕਰਜ਼ੇ ਦੇ ਨਾਲ ਨਾਲ ਮੁਨਾਫ਼ਿਆਂ ਦੀ ਤੋਟ ਨੇ ਅੱਜ ਸੰਸਾਰ ਅਰਥਚਾਰੇ ਲਈ ਜੋ ਸਮੱਸਿਆਵਾਂ ਪੈਦਾ ਕੀਤੀਆਂ ਹਨ, ਉਹ ਹਨ ਸੰਸਾਰ ਅਰਥਚਾਰੇ ਦਾ ਬੁਲਬੁਲਾ ਤੇ ਮਹਿੰਗਾਈ| ਜਦੋਂ ਪੈਦਾਵਾਰ ਦੇ ਖੇਤਰ ਵਿੱਚ ਮੁਨਾਫ਼ੇ ਸੁੰਗੜ ਜਾਂਦੇ ਹਨ ਤਾਂ ਸਰਮਾਏਦਾਰ ਵਧੇਰੇ ਮੁਨਾਫ਼ੇ ਕਮਾਉਣ ਲਈ ਸੱਟੇਬਾਜ਼ੀ ਵੱਲ ਰੁਖ਼ ਕਰਦੇ ਹਨ| ਪੈਦਾਵਾਰੀ ਖੇਤਰ ਵਿੱਚ ਨਿਵੇਸ਼ ਕਰਨ ਦੀ ਥਾਂ ਸ਼ੇਅਰ ਬਾਜ਼ਾਰ ਆਦਿ ਰਾਹੀਂ ਤੁਰਤ ਮੁਨਾਫ਼ੇ ਕਮਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ| ਕਰੋਨਾ ਕਾਲ ਵਿੱਚ ਵੱਖੋ-ਵੱਖ ਦੇਸ਼ਾਂ ਦੀਆਂ ਸਰਕਾਰਾਂ ਤੇ ਬੈਂਕਾਂ ਨੇ ਸਰਮਾਏਦਾਰਾਂ ਨੂੰ ਜੋ ਸਸਤੀਆਂ ਦਰਾਂ ਉੱਤੇ ਕਰਜ਼ਾ ਉਪਲੱਬਧ ਕਰਵਾਇਆ ਉਸ ਨੂੰ ਇਨ੍ਹਾਂ ਸਰਮਾਏਦਾਰਾਂ ਨੇ ਮੁੱਖ ਤੌਰ ਉੱਤੇ ਪੈਦਾਵਾਰ ਵਧਾਉਣ ਦੀ ਥਾਂ ਸੱਟਾ ਬਾਜ਼ਾਰ ਲਈ ਵਰਤਿਆ ਜਿਸ ਨਾਲ ਕੰਪਨੀਆਂ ਦੇ ਸ਼ੇਅਰਾਂ ਦੀ ਮੰਗ ਵਧਣ ਨਾਲ ਇਨ੍ਹਾਂ ਦੇ ਸ਼ੇਅਰਾਂ ਦੀ ਕੀਮਤ ਵਧੀ ਤੇ ਇਨ੍ਹਾਂ ਕੰਪਨੀਆਂ ਦੀ ਕੁੱਲ ਕੀਮਤ ਵੀ ਵਧੀ| ਪੈਦਾਵਾਰੀ ਖੇਤਰ ਵਿੱਚ ਕੋਈ ਵੀ ਨਿਵੇਸ਼ ਨਹੀਂ ਹੋਇਆ, ਇਸ ਕਰਕੇ ਇਨ੍ਹਾਂ ਕੰਪਨੀਆਂ ਦੀ ਕੀਮਤ ਤੇ ਇਨ੍ਹਾਂ ਦੇ ਸ਼ੇਅਰਾਂ ਦੀ ਕੀਮਤ ਵਧਣਾ ਇੱਕ ਬੁਲਬੁਲਾ ਹੈ, ਯਾਨੀ ਅਸਲ ਪੈਦਾਵਾਰ ਨਾਲ ਇਸ ਦਾ ਕੋਈ ਸਬੰਧ ਨਹੀਂ| ਇਨ੍ਹਾਂ ਕੰਪਨੀਆਂ ਨੂੰ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਕੋਲ ਇਨ੍ਹਾਂ ਦੇ ਸ਼ੇਅਰ ਆਦਿ ਹੁੰਦੇ ਹਨ, ਨੂੰ ਆਪਣੇ ਮੁਨਾਫ਼ਿਆਂ ਵਿੱਚੋਂ ਅਦਾਇਗੀ ਕਰਨੀ ਹੁੰਦੀ ਹੈ ਤੇ ਇਹ ਅਦਾਇਗੀ ਅੰਤਿਮ ਰੂਪ ਵਿੱਚ ਅਸਲ ਪੈਦਾਵਾਰ ਤੋਂ ਕਮਾਏ ਮੁਨਾਫ਼ਿਆਂ ਰਾਹੀਂ ਹੀ ਹੋ ਸਕਦੀ ਹੈ| ਅਸਲ ਵਿੱਚ ਕਿਸੇ ਕੰਪਨੀ ਦੇ ਸ਼ੇਅਰ ਖ਼ਰੀਦਣ ਦਾ ਮਤਲਬ ਹੀ ਉਸ ਦੇ ਮੁਨਾਫ਼ਿਆਂ ਵਿੱਚ ਹਿੱਸਾ (ਸ਼ੇਅਰ) ਹੈ| ਮੁਨਾਫ਼ਿਆਂ ਦੀ ਤੋਟ ਕਾਰਨ ਤੇ ਪੈਦਾਵਾਰ ਵਿੱਚ ਨਿਵੇਸ਼ ਨਾ ਕਰਨ ਕਾਰਨ ਜਦੋਂ ਇਹ ਅਦਾਇਗੀ ਸੰਭਵ ਨਹੀਂ ਰਹਿੰਦੀ ਤਾਂ ਸ਼ੇਅਰ ਧਾਰਕ ਛੇਤੀ ਸ਼ੇਅਰ ਵੇਚਣ ਦੀ ਕਰਦੇ ਹਨ ਜਿਸ ਨਾਲ ਸ਼ੇਅਰਾਂ ਤੇ ਕੰਪਨੀ ਦੀ ਕੀਮਤ ਹੋਰ ਹੇਠਾਂ ਆ ਜਾਂਦੀ ਹੈ, ਜਾਂ ਫੇਰ ਬੈਂਕਾਂ, ਸਰਕਾਰਾਂ ਤੋਂ ਵਧੇਰੇ ਕਰਜ਼ਾ ਹਾਸਲ ਕਰਕੇ ਇਸ ਬੁਲਬੁਲੇ ਨੂੰ ਵਧੇਰੇ ਫੁਲਾਇਆ ਜਾਂਦਾ ਹੈ| ਕਰੋਨਾ ਕਾਲ ਤੋਂ ਇਹੀ ਬੁਲਬੁਲਾ ਵੱਧ ਤੋਂ ਵੱਧ ਫੁਲਾਇਆ ਜਾ ਰਿਹਾ ਹੈ, ਪਰ ਅਰਥਚਾਰੇ ਦਾ ਤਰਕ ਹੈ ਕਿ ਜਿੰਨਾ ਵੱਡਾ ਬੁਲਬੁਲਾ ਹੋਵੇਗਾ ਓਨਾ ਹੀ ਵਧੇਰੇ ਵੱਡਾ ਆਰਥਿਕ ਸੰਕਟ ਦਾ ਫੁਟਾਰਾ|
ਮਹਿੰਗਾਈ ਦੀਆਂ ਤੰਦਾਂ ਵੀ ਮੁਨਾਫ਼ਿਆਂ ਦੇ ਸੁੰਗੜਨ ਨਾਲ ਹੀ ਜੁੜਦੀਆਂ ਹਨ| ਕਰੋਨਾ ਕਾਲ ਵਿੱਚ ਕਿਰਤੀਆਂ ਨੂੰ ਫਾਕੇ ਕੱਟਣੇ ਪੈ ਰਹੇ ਸਨ ਤੇ ਦੂਜੇ ਪਾਸੇ ਉੱਚ ਤੇ ਦਰਮਿਆਨੇ ਮੱਧ ਵਰਗ ਤੇ ਸਰਮਾਏਦਾਰਾਂ ਕੋਲ ਬਾਜ਼ਾਰ ਆਦਿ ਬੰਦ ਰਹਿਣ ਕਾਰਨ ਧਨ ਇਕੱਠਾ ਹੋ ਰਿਹਾ ਸੀ| ਕਰੋਨਾ ਪਾਬੰਦੀਆਂ ਖ਼ਤਮ ਹੋਣ ਮਗਰੋਂ ਮੱਧ ਵਰਗ ਤੇ ਸਰਮਾਏਦਾਰਾਂ ਦਾ ਇਕੱਠਾ ਹੋਇਆ ਧਨ ਵਸਤਾਂ ਸੇਵਾਵਾਂ ਲਈ ਮੰਗ ਵੱਜੋਂ ਸਾਹਮਣੇ ਆਇਆ| ਨਾਲ ਹੀ ਜਦੋਂ ਪੈਦਾਵਾਰ ਮੁੜ ਸ਼ੁਰੂ ਹੋਣ ਲੱਗੀ ਤਾਂ ਮਸ਼ੀਨਾਂ, ਕੱਚੇ ਮਾਲ ਆਦਿ ਲਈ ਵੀ ਮੰਗ ਵਧੀ| ਪਰ ਪੈਦਾਵਾਰ ਦੇ ਖੇਤਰ ਵਿੱਚ ਮੁਨਾਫ਼ੇ ਦੀ ਦਰ ਹੇਠਾਂ ਹੋਣ ਕਰਕੇ ਸਰਮਾਏਦਾਰਾਂ ਨੇ ਸਸਤੀਆਂ ਦਰਾਂ ’ਤੇ ਲਏ ਕਰਜ਼ੇ ਤੇ ਸਬਸਿਡੀਆਂ ਨੂੰ ਪੈਦਾਵਾਰ ਵਧਾਉਣ ਦੀ ਥਾਵੇਂ ਸੱਟੇਬਾਜ਼ੀ ਲਈ ਵਰਤਿਆ। ਇਸ ਕਰਕੇ ਬਾਜ਼ਾਰ ਵਿੱਚ ਪੈਦਾ ਹੋਈ ਵਸਤਾਂ, ਸੇਵਾਵਾਂ, ਮਸ਼ੀਨਾਂ, ਕੱਚੇ ਮਾਲ ਆਦਿ ਦੀ ਮੰਗ ਨਾਲੋਂ ਪੂਰਤੀ ਕਾਫ਼ੀ ਹੇਠਾਂ ਰਹਿ ਗਈ ਜਿਸ ਨਾਲ ਕੀਮਤਾਂ ਵਿੱਚ ਵੱਡਾ ਉਛਾਲ ਆਇਆ| ਮਹਿੰਗਾਈ ਦਾ ਦੂਜਾ ਕਾਰਨ ਹੈ ਕਰੋਨਾ ਕਾਲ ਸਮੇਂ ਵੱਖੋ-ਵੱਖ ਦੇਸ਼ਾਂ ਦੀਆਂ ਸਰਕਾਰਾਂ ਤੇ ਕੇਂਦਰੀ ਬੈਂਕਾਂ ਵੱਲੋਂ ਮੁਦਰਾ ਦੀ ਪੂਰਤੀ ਵਧਾਉਣਾ ਜਿਸ ਦਾ ਕਾਰਨ ਵੀ ਵਿਆਜ ਦੀਆਂ ਦਰਾਂ ਨੂੰ ਹੇਠਾਂ ਰੱਖ ਕੇ ਸਸਤਾ ਕਰਜ਼ਾ ਸਰਮਾਏਦਾਰਾਂ ਲਈ ਉਪਲੱਬਧ ਕਰਾਉਣਾ ਸੀ| ਮੁਦਰਾ ਦੀ ਪੂਰਤੀ ਵਿੱਚ ਵਾਧਾ ਤੇ ਪੈਦਾਵਾਰ ਦਾ ਓਨੀ ਦਰ ਨਾਲ ਨਾ ਵਧਣਾ ਵੀ ਮਹਿੰਗਾਈ ਦਾ ਇੱਕ ਕਾਰਨ ਬਣਦਾ ਹੈ ਤੇ ਇਸ ਮਾਮਲੇ ਵਿੱਚ ਵੀ ਬਣਿਆ ਹੈ| ਇਨ੍ਹਾਂ ਦੋਹਾਂ ਕਾਰਨਾਂ ਕਰਕੇ ਮਹਿੰਗਾਈ ਵਿੱਚ ਜੋ ਵਾਧਾ ਹੋਇਆ ਹੈ, ਉਸ ਨੇ ਕਿਰਤੀ ਲੋਕਾਈ ਦਾ ਸਾਹ-ਸੱਤ ਨਿਚੋੜ ਕੇ ਰੱਖ ਦਿੱਤਾ ਹੈ|
ਹੁਣ ਦੁਨੀਆ ਭਰ ਦੀਆਂ ਸਰਕਾਰਾਂ ਕੋਲ ਦੋ ਵਿਕਲਪ ਹਨ, ਪਹਿਲਾ ਇਹ ਕਿ ਉਹ ਵਿਆਜ ਦਰਾਂ ਨੀਵੀਆਂ ਰੱਖਣ ਤੇ ਮਹਿੰਗਾਈ ਵਿੱਚ ਹੁੰਦੇ ਵਾਧੇ ਨੂੰ ਨੱਥ ਪਾਉਣ ਲਈ ਕੋਈ ਕਦਮ ਨਾ ਚੁੱਕਣ| ਇਸ ਨਾਲ ਮਹਿੰਗਾਈ ਵਿੱਚ ਵਾਧਾ ਜਾਰੀ ਰਹੇਗਾ ਤੇ ਆਮ ਲੋਕਾਈ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾਵੇਗੀ| ਦੂਜਾ ਵਿਕਲਪ ਹੈ ਵਿਆਜ ਦਰਾਂ ਉੱਪਰ ਚੁੱਕ ਕੇ ਮਹਿੰਗਾਈ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰਨੀ, ਸਿੱਟੇ ਵੱਜੋਂ ਸਰਮਾਏਦਾਰਾਂ ਨੂੰ ਕਰਜ਼ਾ ਵਧੇਰੀਆਂ ਵਿਆਜ ਦਰਾਂ ਉੱਤੇ ਹਾਸਲ ਹੋਵੇਗਾ ਤੇ ਉਹ ਆਪਣੀ ਸੱਟੇਬਾਜ਼ੀ ਪਹਿਲਾਂ ਵਾਂਗ ਜਾਰੀ ਨਹੀਂ ਰੱਖ ਸਕਣਗੇ| ਇਸ ਨਾਲ ਸੱਟਾ ਬਾਜ਼ਾਰ ਦਾ ਬੁਲਬੁਲਾ ਫੁੱਟਣ ਦਾ ਖ਼ਤਰਾ ਬਣੇਗਾ ਜੋ ਪੂਰੇ ਸਰਮਾਏਦਾਰਾ ਅਰਥਚਾਰੇ ਵਿੱਚ ਹੀ ਸੰਕਟ ਦੇ ਫੁਟਾਰੇ ਦਾ ਕਾਰਨ ਬਣ ਸਕਦਾ ਹੈ| ਇਸ ਨਾਲ ਵੀ ਅਰਥਚਾਰੇ ਵਿੱਚ ਭਿਅੰਕਰ ਬੇਰੁਜ਼ਗਾਰੀ, ਗ਼ਰੀਬੀ ਤੇ ਭੁੱਖਮਰੀ ਦਾ ਪਸਾਰ ਹੋਵੇਗਾ| ਬਹੁਤਿਆਂ ਅਨੁਮਾਨਾਂ ਅਨੁਸਾਰ ਸੰਯੁਕਤ ਰਾਜ ਅਮਰੀਕਾ ਦੇ ਅਰਥਚਾਰੇ ਦੀ ਵਾਧਾ ਦਰ ਵੀ ਮਾਮੂਲੀ ਰਹਿਣ ਦੀ ਉਮੀਦ ਹੈ| ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰ ਵਧਾਉਣ ਦੇ ਐਲਾਨ ਮਗਰੋਂ 3 ਫਰਵਰੀ ਨੂੰ ਫੇਸਬੁੱਕ ਦੇ ਸ਼ੇਅਰਾਂ ਦੀ ਕੀਮਤ ਵਿੱਚ 26% ਗਿਰਾਵਟ ਦਰਜ ਹੋਈ ਜਿਸ ਨੇ ਕੰਪਨੀ ਦੀ ਕੁੱਲ ਕੀਮਤ ਨੂੰ 230 ਅਰਬ ਡਾਲਰ ਨਾਲ ਘਟਾ ਦਿੱਤਾ| ਇਹ ਤੱਥ ਸੰਸਾਰ ਅਰਥਚਾਰੇ ਦੇ ਡੂੰਘੇ ਸੰਕਟ ਵਿੱਚ ਹੋਣ ਦੀ ਗਵਾਹੀ ਭਰਦੇ ਹਨ।
ਸੰਪਰਕ: 85578-12341