ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
‘‘ਜਦੋਂ ਤੱਕ ਧਰਤੀ, ਜੰਗਲ, ਪਹਾੜ ਤੇ ਨਦੀਆਂ ਦੀ ਧਾਰਾ ਬਾਕੀ ਹੈ, ਉਦੋਂ ਤੱਕ ਹੀ ਜੀਵਨ ਪ੍ਰਵਾਹ ਹੈ।” -ਦੂਰਦਰਸ਼ਨ ਇੰਟਰਵਿਊ ਦੌਰਾਨ ਸੁੰਦਰ ਲਾਲ ਬਹੁਗੁਣਾ।
ਸੰਸਾਰ ਦੇ ਉੱਘੇ ਵਾਤਾਵਰਨ ਪ੍ਰੇਮੀ ਤੇ ਚਿਪਕੋ ਅੰਦੋਲਨ ਦੇ ਕਰਤਾ-ਧਰਤਾ ਸੁੰਦਰ ਲਾਲ ਬਹੁਗੁਣਾ ਵਿਦਾ ਹੋ ਗਏ।
ਉਦਾਸ ਕਰਨ ਵਾਲੀਆਂ ਖ਼ਬਰਾਂ ਦੇ ਇਸ ਮੌਸਮ ਵਿਚ ਆਈ ਖ਼ਬਰ ਸੁਣਾ ਕੇ ਸ਼ਬਦ ਮੌਨ ਹੋ ਗਏ। ਪਿਛਲੇ ਕਈ ਦਿਨਾਂ ਤੋਂ ਉਹ ਏਮਸ ਰਿਸ਼ੀਕੇਸ਼ ਵਿਚ ਦਾਖ਼ਲ ਸਨ। ਉਹ ਦੇਸ਼ ਦੇ ਉਨ੍ਹਾਂ ਵਾਤਾਵਰਨ ਪ੍ਰੇਮੀਆਂ ਵਿਚ ਸ਼ੁਮਾਰ ਸਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਜਲ, ਜੰਗਲ ਤੇ ਜ਼ਮੀਨ ਬਚਾਉਣ ਲਈ ਸਮਰਪਿਤ ਕੀਤੀ ਸੀ।
ਮੇਰੀ ਬਹੁਗੁਣਾ ਜੀ ਨਾਲ ਪਿਛਲੇ 35 ਵਰ੍ਹਿਆਂ ਤੋਂ ਪਰਿਵਾਰਕ ਜਾਣ-ਪਛਾਣ ਸੀ। ਬਹੁਗੁਣਾ ਜੀ ਪ੍ਰਿਥਵੀ ਦੀ ਅਦਭੁੱਤ ਵਿਰਾਸਤ ਸੀ। ਉਨ੍ਹਾਂ 94 ਸਾਲ ਸੰਘਰਸ਼ ਵਾਲਾ ਜੀਵਨ ਬਤੀਤ ਕੀਤਾ। ਹਰ ਪਲ ਸੰਘਰਸ਼ ਸੰਗ ਸਮਾਜ ਅਤੇ ਧਰਤੀ ਨੂੰ ਸਮਰਪਿਤ ਇਸ ਸ਼ਖ਼ਸੀਅਤ ਨੇ ਚਿਪਕੋ ਅੰਦੋਲਨ ਵਿਚ ਵੀ ਲਗਾਤਾਰ ਆਪਣੀ ਹੋਂਦ ਨੂੰ ਬਰਕਰਾਰ ਰੱਖਿਆ ਤੇ ਹਜ਼ਾਰਾਂ ਏਕੜ ਜ਼ਮੀਨ, ਪਹਾੜ, ਨਦੀਆਂ ਤੇ ਰੁੱਖਾਂ ਨੂੰ ਬਚਾਉਣ ਲਈ ਿਸਰਧੜ ਦੀ ਬਾਜ਼ੀ ਲਾਈ। ਉਹ ਕਹਿੰਦੇ ਹੁੰਦੇ ਸਨ, ‘‘ਇਹ ਸੰਘਰਸ਼ ਹੀ ਤਾਂ ਜ਼ਿੰਦਗੀ ਹੈ। ਜੇ ਜ਼ਿੰਦਗੀ ਹੈ ਤਾਂ ਕੁਦਰਤ ਹੈ। ਇਸ ਕੁਦਰਤ ਦੀ ਹੋਂਦ ਨਾਲ ਹੀ ਮਾਨਵ ਜੀਵਨ ਹੈ।’’
ਉਨ੍ਹਾਂ ਦਾ ਸੰਘਰਸ਼ ਸਾਨੂੰ ਵੀ ਜਿਊਣ ਦੀ ਸਿੱਖਿਆ ਦਿੰਦਾ ਸੀ। ਜਦੋਂ ਅੰਗਰੇਜ਼ਾਂ ਨੇ ਟਿਹਰੀ ਰਿਆਸਤ ਵਿਚ ਪਹਾੜ, ਜ਼ਮੀਨ ਤੇ ਕੁਦਰਤ ਨੂੰ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਸੀ, ਉਦੋਂ ਹੀ ਬਹੁਗੁਣਾ ਜੀ ਨੇ ਆਪਣੇ ਜੀਵਨ ਨੂੰ ਇਸ ਲੇਖੇ ਲਾ ਦਿੱਤਾ। ਉਹ ਲੰਮਾ ਸਮਾਂ ਟਿਹਰੀ ਡੈਮ ਦੇ ਵਿਰੋਧ ਵਿਚ ਧਰਨੇ ਤੇ ਬੈਠੇ। ਬਾਅਦ ਵਿਚ ਗੰਗਾ ਬਚਾਉਣ ਲਈ ਵੀ ਉਨ੍ਹਾਂ ਨੇ ਲੰਮਾ ਧਰਨਾ ਲਾਇਆ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਵੀ ਕਾਨਿਆਂ ਦੀ ਝੌਂਪੜੀ ਚ ਸਾਲਾਂਬੱਧੀ ਧਰਨੇ ਵਿਚ ਬੈਠੇ ਸਨ। ਉਹ ਭਵਿੱਖ ਦੇ ਜੰਗਲਾਂ ਤੇ ਅੰਨ ਦੀ ਉਤਪਾਦਨ ਸਮਰੱਥਾ ਨੂੰ ਲੈ ਕੇ ਬੜੇ ਫਿ਼ਕਰਮੰਦ ਸਨ। ਉਨ੍ਹਾਂ ਅਨੁਸਾਰ ਖੇਤੀ ਦਾ ਸਰੂਪ ਬਦਲ ਕੇ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ ਅਤੇ ਪਹਾੜਾਂ ਦੀ ਖੇਤੀ ਤੇ ਪਾਣੀ ਦੀ ਪਲਾਨਿੰਗ ਇਸ ਦੀ ਉਦਾਹਰਨ ਹੋ ਸਕਦੀ ਹੈ।
9 ਜਨਵਰੀ, 1927 ਨੂੰ ਪਿੰਡ ਮਰੋਦਾ (ਹੁਣ ਉੱਤਰਾਖੰਡ) ਵਿਚ ਪੈਦਾ ਹੋਣ ਵਾਲੇ ਸੁੰਦਰ ਲਾਲ ਬਹੁਗੁਣਾ ਨੂੰ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਸੇਵਾ ਤੇ ਵਾਤਾਵਰਨ ਦੇ ਸੰਘਰਸ਼ ਲਈ ਪਦਮ ਵਿਭੂਸ਼ਣ ਤੇ ਰਾਸ਼ਟਰੀ ਰਾਈਟ ਲਾਇਵਲੀਹੁੱਡ ਪੁਰਸਕਾਰ ਨਾਲ ਵੀ ਸਨਮਾਿਨਆ ਗਿਆ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਨ੍ਹਾਂ ਨੇ ਹਿੰਦੀ ਤੇ ਅੰਗਰੇਜ਼ੀ ਵਿਚ ਕਈ ਪੁਸਤਕਾਂ ਵੀ ਲਿਖੀਆਂ। ਅੰਗਰੇਜ਼ੀ ਵਿਚ ਉਨ੍ਹਾਂ ਦੀਆਂ ਪ੍ਰਸਿੱਧ ਪੁਸਤਕਾਂ ਵਿਚ ‘ਦਿ ਰੋਡ ਟੂ ਸਰਵਾਈਵਲ’, ‘ਐਨਵਾਇਰਮੈਂਟ ਕਰਾਈਸਿਸ ਐਂਡ ਸਸਟੇਨੇਬਲ ਡਿਵੈਲਪਮੈਂਟ’ ਹਨ। ਇਸ ਤੋਂ ਬਿਨਾਂ ਹਿੰਦੀ ਦੀ ਪੁਸਤਕ ‘ਧਰਤੀ ਕੀ ਪੁਕਾਰ’ ਵੀ ਪ੍ਰਸਿੱਧ ਹੋ ਨਬਿੜੀ, ਜਿਸ ਦੀਆਂ ਲੱਖਾਂ ਕਾਪੀਆਂ ਵਿਕੀਆਂ ਹਨ। ਇਕ ਹੋਰ ਅੰਗਰੇਜ਼ੀ ਪੁਸਤਕ ਚਰਚਾ ਵਿਚ ਰਹੀ: ਇੰਡੀਆ’ਜ਼, ਐਨਵਾਇਰਮੈਂਟ: ਮਿੱਥ ਐਂਡ ਰਿਐਲਿਟੀ।
ਜਵਾਨੀ ਵਿਚ ਬਹੁਗੁਣਾ ਜੀ ਲਾਹੌਰ ਵੀ ਪੜ੍ਹਨ ਲਈ ਗਏ ਤੇ ਬੀਏ ਦੀ ਪੜ੍ਹਾਈ ਉੱਥੋਂ ਹੀ ਪੂਰੀ ਕੀਤੀ ਸੀ। 1949 ਵਿਚ ਉਹ ਮੀਰਾਬੇਨ ਤੇ ਠੱਕਰ ਬੱਪਾ ਦੇ ਸੰਪਰਕ ਵਿਚ ਆਏ ਤੇ ਬਾਅਦ ਵਿਚ ਟਿਹਰੀ ਵਿਚ ਠੱਕਰ ਬੱਪਾ ਹੋਸਟਲ ਦੀ ਸਥਾਪਨਾ ਕੀਤੀ। ਦਲਿਤ ਮੰਦਰ ਪ੍ਰਵੇਸ਼ ਅੰਦੋਲਨ ਟਿਹਰੀ ਸਿਆਸਤ ਵਿਚ ਵੀ ਉਨ੍ਹਾਂ ਦੀ ਯਾਦਗਾਰੀ ਸੰਘਰਸ਼ ਯਾਤਰਾ ਹੈ।
ਜਲ, ਜੰਗਲ ਤੇ ਜ਼ਮੀਨ ਬਚਾਉਣ ਦਾ ਨਾਅਰਾ ਦੇਣ ਵਾਲੇ ਸ੍ਰੀ ਬਹੁਗੁਣਾ ਨੇ ਸ਼ਰਾਬ ਬੰਦੀ, ਦਲਿਤ ਅੰਦੋਲਨ ਦੀ ਆਪਣੇ ਇਲਾਕੇ ਵਿਚ ਅਗਵਾਈ ਕਰ ਕੇ ਜਨ ਅੰਦੋਲਨ ਛੇੜਿਆ। ਪਰ ਚਿਪਕੋ ਅੰਦੋਲਨ ਵਿਚ ਜਾਨ ਪਾਉਣ ਵਾਲੇ ਤੇ ਦੇਸ਼-ਵਿਦੇਸ਼ ਵਿਚ ਉਸ ਨੂੰ ਪ੍ਰਸਿੱਧੀ ਦਿਵਾਉਣ ਤੇ ਜਨ ਅੰਦੋਲਨ ਬਣਾਉਣ ਚ ਉਨ੍ਹਾਂ ਦੀ ਉਮਰ ਭਰ ਦੀ ਸੰਘਰਸ਼ੀ ਦਾਸਤਾਂ ਆਪਣੀ ਮਿਸਾਲ ਆਪ ਸੀ। ਇਸ ਲਈ ਤਾਂ ਉਨ੍ਹਾਂ ਨੂੰ ‘ਬਿਰਖ ਮਿੱਤਰ’ ਵੀ ਕਿਹਾ ਜਾਂਦਾ ਹੈ।
ਅਮਰੀਕੀ ਸੰਸਥਾ ‘ਫਰੈਂਡ ਆਫ ਨੇਚਰ’ ਨੇ ਉਨ੍ਹਾਂ ਨੂੰ ਕੌਮਾਂਤਰੀ ਪੁਰਸਕਾਰ ਨਾਲ ਨਿਵਾਜਿਆ। 1973 ਵਿਚ ਜਦੋਂ ਉੱਤਰ ਪ੍ਰਦੇਸ਼ (ਹੁਣ ਉੱਤਰਾਖੰਡ) ਦੇ ਚਮੋਲੀ ਜ਼ਿਲ੍ਹੇ ਚ ਚਿਪਕੋ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਚੰਡੀਪ੍ਰਸਾਦ ਭੱਟ, ਗੋਰਾਂ ਦੇਵੀ, ਬਹੁਗੁਣਾ ਜੀ ਦੀ ਪਤਨੀ ਵਿਮਲਾ ਜੀ ਨੇ ਇਸ ਅੰਦੋਲਨ ਨੂੰ ਤੇਜ਼ ਕੀਤਾ ਸੀ। ਰੈਣੀ ਪਿੰਡ ਦੀਆਂ ਕਈ ਜਾਂਬਾਜ਼ ਔਰਤਾਂ ਨੇ ਆਪਣੇ ਜੀਵਨ ਨੂੰ ਕੁਰਬਾਨ ਕਰਕੇ ਇਸ ਅੰਦੋਲਨ ਨੂੰ ਸੰਸਾਰ ਭਰ ਵਿਚ ਪ੍ਰਸਿੱਧ ਕਰ ਦਿੱਤਾ ਤੇ ਬਿਰਖਾਂ ਅਤੇ ਜੰੰਗਲ ਬਾਰੇ ਨਵੀਂ ਜਾਗਰੂਕਤਾ ਦਾ ਆਗਾਜ਼ ਹੋਇਆ।
ਇਸ ਅੰਦੋਲਨ ਦੌਰਾਨ ਔਰਤਾਂ ਬਿਰਖਾਂ ਨਾਲ ਚਿਪਕ ਜਾਂਦੀਆਂ ਸਨ ਅਤੇ ਆਪਣੀ ਕੁਰਬਾਨੀ ਦੇ ਦਿੰਦੀਆਂ ਸਨ। ਇਹ ਜੰਗਲ ਤੇ ਦਰੱਖਤ ਬਚਾਉਣ ਦਾ ਜਜ਼ਬਾ ਅੱਜ ਵੀ ਉੱਤਰਾਖੰਡ ਦੇ ਪਹਾੜਾਂ ਵਿਚ ਦੇਖਿਆ ਜਾ ਸਕਦਾ ਹੈ। 1980 ਵਿਚ ਇਸੇ ਅੰਦੋਲਨ ਦੌਰਾਨ ਉਦੋਂ ਦੀ ਇੰਦਰਾ ਸਰਕਾਰ ਨੇ ਹਿਮਾਲਿਆ ਦੇ ਵਣਾਂ/ਜੰਗਲਾਂ ਨੂੰ ਕੱਟਣ ’ਤੇ ਪਾਬੰਦੀ ਲਾ ਿਦੱਤੀ ਸੀ। ਆਧੁਿਨਕ ਵਿਕਾਸ ਦੇ ਪਿੱਛੇ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ, ਇਸ ਨੂੰ ਆਧਾਰ ਬਣਾ ਕੇ ਉਹ ਤਾਉਮਰ ਲੜਦੇ ਰਹੇ।
ਲਗਦਾ ਹੈ ਕਿ ਅੱਜ ਕਰੋਨਾ ਸਮੇਂ ਦੀ ਸਿੱਖਿਆ ਇਹੀ ਹੈ ਕਿ ਜੋ ਉਹ ਕਹਿ ਗਏ ਸਨ, ਉਸ ਵੱਲ ਧਿਆਨ ਦਿਓ, ਕੁਦਰਤ ਵੱਲ ਮੁੜੋ। ਬਿਰਖ, ਜਲ ਤੇ ਜ਼ਮੀਨ ਦੀ ਰੱਖਿਆ ਕਰੋ। ਇਹ ਤੁਹਾਡੀ ਸਾਹਾਂ ਦੀ ਲੜੀ ਹੈ।
ਵਰਨਣਯੋਗ ਹੈ ਕਿ ਉਨ੍ਹਾਂ ਨੇ 13 ਵਰ੍ਹਿਆਂ ਦੀ ਛੋਟੀ ਉਮਰ ਵਿਚ ਹੀ ਅਮਰ ਸ਼ਹੀਦ ਸ੍ਰੀ ਦੇਵ ਸੁਮਨ ਦੇ ਸੰਪਰਕ ਤੋਂ ਬਾਅਦ ਸੰਘਰਸ਼ ਤੇ ਅੰਦੋਲਨ ਤੇ ਚੱਲਣ ਦਾ ਫੈ਼ਸਲਾ ਕਰ ਲਿਆ ਸੀ। ਆਪਣੀਆਂ ਯਾਦਾਂ ਵਿਚ ਉਹ ਇਸ ਨੂੰ ਅਦਭੁੱਤ ਮੋੜ ਦੱਸਦੇ ਸਨ। ਸਰਕਾਰਾਂ ਦੀਆਂ ਚਲਾਕੀਆਂ ਤੇ ਝੂਠੇ ਵਾਅਦਿਆਂ ਬਾਰੇ ਵੀ ਉਹ ਖੱਲ੍ਹ ਕੇ ਗੱਲ ਕਰਦੇ ਸਨ। ਆਪਣੇ ਸੰਘਰਸ਼ ਅਤੇ ਅੰਦੋਲਨ ਲਈ ਉਹ ਕਈ ਵਾਰ ਜੇਲ੍ਹ ਵੀ ਗਏ।
ਅਸਲ ਵਿਚ ਉਹ ਚਿਪਕੋ ਅੰਦੋਲਨ ਤੋਂ ਬਿਨਾਂ ਸੰਘਰਸ਼ਸ਼ੀਲ ਅੰਦੋਲਨਾਂ ਦਾ ਅਜਿਹਾ ਚਿਹਰਾ ਸਨ, ਜਿਨ੍ਹਾਂ ਨੇ ਭਾਰਤੀ ਉਪ-ਮਹਾਂਦੀਪ ਵਿਚ ਰੁੱਖਾਂ ਤੇ ਜੰਗਲ ਬਾਰੇ ਅਜਿਹੀ ਜਾਗਰੂਕ ਲਹਿਰ ਪੈਦਾ ਕੀਤੀ, ਜਿਸ ਦਾ ਕੋਈ ਬਦਲ ਨਹੀਂ ਹੈ। ਉਨ੍ਹਾਂ ਦੀ ਸਾਦਗੀ ਤੇ ਨਿਮਰਤਾ ਨੂੰ ਕਦੀ ਨਹੀਂ ਭੁਲਾਇਆ ਜਾ ਸਕਦਾ। ਸ੍ਰੀ ਬਹੁਗੁਣਾ ਜੀ ਅਸਲ ਵਿਚ ਅਜਿਹੀ ਧਾਰਾ ਸੀ, ਜੋ ਭਾਰਤੀ ਧਰਤੀ ਦੀ ਉਪਜ ਸੀ। ਮਿੱਟੀ, ਜੰਗਲ, ਪਹਾੜ ਤੇ ਰੁੱਖ ਉਨ੍ਹਾਂ ਦੇ ਸਾਹਾਂ ਦੀ ਪੂੰਜੀ ਸਨ। ਹੁਣ ਜਦੋਂ ਉਹ ਰੁਖ਼ਸਤ ਹੋ ਗਏ ਹਨ ਅਤੇ ਪੰਜ ਤੱਤਾਂ ਦਾ ਹਿੱਸਾ ਬਣ ਗਏ ਹਨ ਤਾਂ ਉਨ੍ਹਾਂ ਨੂੰ ਯਾਦ ਕਰਦਿਆਂ ਸੱਚੀ ਸ਼ਰਧਾਂਜਲੀ ਇਹੋ ਹੈ ਿਕ ਅਸੀਂ ਆਪਣੀ ਧਰਤੀ ਤੇ ਜੰਗਲਾਂ ਨੂੰ ਬਚਾਈਏ।
ਸੰਪਰਕ: 94787-30156