ਜੈਵਿਕ ਖੇਤੀ ਅਪਣਾਉਣ ਦਾ ਦਲੇਰਾਨਾ ਫ਼ੈਸਲਾ

ਜੈਵਿਕ ਖੇਤੀ ਅਪਣਾਉਣ ਦਾ ਦਲੇਰਾਨਾ ਫ਼ੈਸਲਾ

ਦਵਿੰਦਰ ਸ਼ਰਮਾ

ਦਵਿੰਦਰ ਸ਼ਰਮਾ

ਸ੍ਰੀਲੰਕਾ ਵੱਲੋਂ ਖੇਤੀ ਤੇ ਪੈਦਾਵਾਰ ਲਈ ਜੈਵਿਕ (ਆਰਗੈਨਿਕ) ਢੰਗ-ਤਰੀਕੇ ਅਪਣਾਉਣ ਦੇ ਲਾਸਾਨੀ ਅਤੇ ਨਿਵੇਕਲੇ ਫ਼ੈਸਲੇ ਖਿ਼ਲਾਫ਼ ਜੋ ਹੰਗਾਮਾ ਹੋ ਰਿਹਾ ਹੈ, ਉਹ ਉਮੀਦ ਮੁਤਾਬਕ ਹੀ ਹੈ। ਅਜਿਹਾ ਤਰਕ, ਅਜਿਹਾ ਡਰ ਵਾਲਾ ਮਨੋਵਿਕਾਰ ਅਤੇ ਨਾਲ ਹੀ ਵਿਚਾਰਧਾਰਕ ਸੋਚ ਵਾਲੀ ਉਹੀ ਦਲਦਲ ਜਿਹੜੀ ਦੁਨੀਆ ਨੂੰ ਪਿਛਾਂਹ ਖਿੱਚਦੀ ਹੈ, ਉਤੇ ਹੁਣ ਬਿਲਕੁਲ ਵੀ ਹੈਰਾਨ ਨਹੀਂ ਹੋਣਾ ਚਾਹੀਦਾ। ਵਿਸ਼ਾਲ ਦਿਓ-ਕੱਦ ਖੇਤੀ ਕਾਰੋਬਾਰੀ ਕਾਰਪੋਰੇਟਾਂ ਦੇ ਗਲਬੇ ਵਾਲੇ ਤਾਕਤ ਦੇ ਬਣੇ ਹੋਏ ਤਵਾਜ਼ਨ ਵਿਚ ਜਦੋਂ ਵੀ ਕੋਈ ਖਲਲ ਪਵੇਗਾ, ਤਾਂ ਇਨ੍ਹਾਂ ਵੱਲੋਂ ਅਜਿਹੀ ਕਿਸੇ ਵੀ ਕੋਸ਼ਿਸ਼ ਖਿ਼ਲਾਫ਼ ਅਜਿਹਾ ਬੇਸੁਰਾ ਰਾਗ ਅਲਾਪਿਆ ਜਾਣਾ ਹੀ ਹੁੰਦਾ ਹੈ।

ਸੰਯੁਕਤ ਰਾਸ਼ਟਰ ਦੇ ਖ਼ੁਰਾਕੀ ਪ੍ਰਣਾਲੀਆਂ ਬਾਰੇ ਸਿਖਰ ਸੰਮੇਲਨ ਵੱਲੋਂ ਵੱਧ ਸਿਹਤਮੰਦ, ਵਧੇਰੇ ਟਿਕਾਊ ਅਤੇ ਵਧੇਰੇ ਨਿਆਂਸੰਗਤ ਖ਼ੁਰਾਕੀ ਪ੍ਰਣਾਲੀਆਂ ਦੇ ਰਾਹ ਪੈਣ ਦੀ ਲੋੜ ਨੂੰ ਮਹਿਸੂਸ ਕੀਤੇ ਜਾਣ ਤੋਂ ਵੀ ਕਿਤੇ ਪਹਿਲਾਂ ਸ੍ਰੀਲੰਕਾ ਨੇ ਕੁਝ ਮਹੀਨੇ ਅਗੇਤਰਾ ਇਹ ਦਲੇਰਾਨਾ ਅਹਿਦ ਕੀਤਾ ਜਿਸ ਤਹਿਤ ਖੇਤੀ ਦੀ ਵਾਤਾਵਰਨ ਮੁਖੀ ਤਬਦੀਲੀ ਦੇ ਸਿਧਾਂਤ ਨੂੰ ਅਮਲੀ ਰੂਪ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਫ਼ੈਸਲੇ ਤਹਿਤ ਮੁਲਕ ਵਿਚ ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਦਰਾਮਦ ਉਤੇ 6 ਮਈ ਨੂੰ ਜਾਰੀ ਨੋਟੀਫਿਕੇਸ਼ਨ ਤਹਿਤ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸ੍ਰੀਲੰਕਾ ਹਕੂਮਤ ਨਾ ਸਿਰਫ਼ ਪਾਮ ਆਇਲ ਦੀਆਂ ਮੁਲਕ ਵਿਚ ਬਰਾਮਦਾਂ ਉਤੇ ਪਾਬੰਦੀ ਲਾ ਚੁੱਕੀ ਹੈ ਸਗੋਂ ਇਸ ਨੇ ਪਾਮ (ਤਾੜ) ਦੇ ਕਾਸ਼ਤਕਾਰਾਂ ਨੂੰ ਵੀ ਪੜਾਅਵਾਰ ਆਪਣੇ ਲਾਏ ਹੋਏ ਤਾੜ ਦੇ ਰੁੱਖ ਪੁੱਟਣ ਦੀਆਂ ਸੇਧਾਂ ਜਾਰੀ ਕੀਤੀਆਂ ਹਨ। ਇਉਂ ਸ੍ਰੀਲੰਕਾ ਨੇ ਖੇਤੀਬਾੜੀ ਦੇ ਸਿਹਤਮੰਦ ਅਤੇ ਟਿਕਾਊ ਭਵਿੱਖ ਵੱਲ ਮੋੜਾ ਕੱਟਣ ਦੇ ਪੱਖ ਤੋਂ ਬਹੁਤ ਹੀ ਸ਼ਾਨਦਾਰ ਦ੍ਰਿੜ੍ਹਤਾ ਤੇ ਠੋਸ ਇਰਾਦੇ ਦਾ ਮੁਜ਼ਾਹਰਾ ਕੀਤਾ ਹੈ।

ਸ੍ਰੀਲੰਕਾ ਦੇ ਸਦਰ ਗੋਟਾਬਾਯਾ ਰਾਜਪਕਸੇ ਨੇ 22 ਸਤੰਬਰ ਨੂੰ ਨਿਊ ਯਾਰਕ ਵਿਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਕਿਹਾ: “ਹੰਢਣਸਾਰਤਾ ਸ੍ਰੀਲੰਕਾ ਦੇ ਕੌਮੀ ਨੀਤੀ ਢਾਂਚੇ ਦੀ ਬੁਨਿਆਦ ਹੈ। ਜ਼ਮੀਨ ਦੇ ਉਪਜਾਊਪਣ, ਜੈਵਿਕ ਵੰਨ-ਸਵੰਨਤਾ, ਜਲਧਾਰਾਵਾਂ ਅਤੇ ਸਿਹਤ ਉਤੇ ਪੈਣ ਵਾਲੇ ਮਾੜੇ ਅਸਰਾਂ ਨੂੰ ਦੇਖਦਿਆਂ ਮੇਰੀ ਸਰਕਾਰ ਨੇ ਰਸਾਇਣਕ ਖਾਦਾਂ, ਕੀੜੇਮਾਰ ਜ਼ਹਿਰਾਂ ਅਤੇ ਨਦੀਨਨਾਸ਼ਕਾਂ ਉਤੇ ਕੁਝ ਮਹੀਨੇ ਪਹਿਲਾਂ ਮੁਕੰਮਲ ਪਾਬੰਦੀ ਲਾ ਦਿੱਤੀ ਹੈ।” ਨਾਲ ਹੀ ਉਨ੍ਹਾਂ ਕਿਹਾ, “ਇਸ ਦੇ ਮੱਦੇਨਜ਼ਰ ਆਰਗੈਨਿਕ ਖਾਦਾਂ ਦੀ ਪੈਦਾਵਾਰ ਕਰਨ, ਇਨ੍ਹਾਂ ਨੂੰ ਅਪਣਾਉਣ ਅਤੇ ਨਾਲ ਹੀ ਆਰਗੈਨਿਕ ਖੇਤੀ ਵਿਚ ਨਿਵੇਸ਼ ਨੂੰ ਜ਼ੋਰਦਾਰ ਹੁਲਾਰਾ ਦਿੱਤਾ ਜਾ ਰਿਹਾ ਹੈ।”

ਸ੍ਰੀਲੰਕਾ ਮਣਾਂਮੂੰਹੀਂ ਵਿਦੇਸ਼ੀ ਕਰਜ਼ੇ ਹੇਠ ਦਬਿਆ ਹੋਇਆ ਹੈ ਅਤੇ ਇਸ ਦੇ ਇਕੱਤਰ ਹੋਣ ਵਾਲੇ ਮਾਲੀਏ ਦਾ ਕਰੀਬ 80 ਫ਼ੀਸਦੀ ਹਿੱਸਾ ਵਿਦੇਸ਼ੀ ਕਰਜਿ਼ਆਂ ਦੀ ਅਦਾਇਗੀ ਵਿਚ ਚਲਾ ਜਾਂਦਾ ਹੈ ਅਤੇ ਨਾਲ ਹੀ ਇਸ ਛੋਟੇ ਜਿਹੇ ਟਾਪੂ ਮੁਲਕ ਨੂੰ ਖ਼ੁਰਾਕ ਦੀ ਭਾਰੀ ਕਮੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ ਇਸ ਫ਼ੈਸਲੇ ਕਾਰਨ ਅਨਾਜ ਦੀ ਪੈਦਾਵਾਰ ਵਿਚ ਹੋਣ ਵਾਲੀ ਕਮੀ ਦੇ ਸਿੱਟੇ ਵਜੋਂ ਖ਼ੁਰਾਕੀ ਅਸੁਰੱਖਿਆ ਵਧਣ ਦੇ ਖ਼ਦਸ਼ੇ ਦੇ ਨਾਂ ਉਤੇ ਪੈਦਾ ਕੀਤੀ ਜਾ ਰਹੀ ਦਹਿਸ਼ਤ ਖਿ਼ਲਾਫ਼ ਸ੍ਰੀਲੰਕਾ ਦੇ ਰਾਸ਼ਟਰਪਤੀ ਅਜੇ ਤੱਕ ਦ੍ਰਿੜਤਾ ਨਾਲ ਖਲੋਤੇ ਦਿਖਾਈ ਦੇ ਰਹੇ ਹਨ। ਇਸ ਤੋਂ ਮੈਨੂੰ ਇੰਡੋਨੇਸ਼ੀਆ ਦੀ ਯਾਦ ਆ ਰਹੀ ਹੈ, ਜਦੋਂ 1980ਵਿਆਂ ਦੌਰਾਨ ਉਥੋਂ ਦੇ ਰਾਸ਼ਟਰਪਤੀ ਸੁਹਾਰਤੋ ਨੇ ਝੋਨੇ ਵਿਚ ਵਰਤੀਆਂ ਜਾਂਦੀਆਂ 57 ਕੀੜੇਮਾਰ ਜ਼ਹਿਰਾਂ ਉਤੇ ਇਕਦਮ ਰਾਸ਼ਟਰਪਤੀ ਦੇ ਫ਼ਰਮਾਨ ਰਾਹੀਂ ਪਾਬੰਦੀ ਲਾ ਦਿੱਤੀ ਸੀ। ਉਦੋਂ ਵੀ ਕੁਝ ਕੁ ਦਿਨਾਂ ਦੇ ਅੰਦਰ ਹੀ ਇਸੇ ਤਰ੍ਹਾਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇੰਡੋਨੇਸ਼ੀਆ ਵਿਚ ਕੀੜੇਮਾਰ ਜ਼ਹਿਰਾਂ ਉਤੇ ਪਾਬੰਦੀ ਦੀ ਇਹ ਕਾਰਵਾਈ ਝੋਨੇ ਤੇ ਅਚਾਨਕ ਭੂਰੇ ਟਿੱਡੇ ਦੇ ਹੋਏ ਹਮਲੇ ਦੇ ਮੱਦੇਨਜ਼ਰ ਕੀਤੀ ਗਈ ਸੀ। ਇਸ ਦੇ ਨਾਲ ਹੀ ਸੁਹਾਰਤੋ ਨੇ ਕੌਮਾਂਤਰੀ ਚੌਲ ਖੋਜ ਸੰਸਥਾ ਅਤੇ ਸੰਯੁਕਤ ਰਾਸ਼ਟਰ ਖ਼ੁਰਾਕ ਤੇ ਖੇਤੀਬਾੜੀ ਸੰਸਥਾ (ਐੱਫਏਓ) ਦੀ ਸਲਾਹ ਉਤੇ ਉਦੋਂ ਮੁਲਕ ਵਿਚ ਝੋਨੇ ਵਿਚ ਸੰਗਠਿਤ ਨਦੀਨ ਪ੍ਰਬੰਧਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ।

ਹੁਣ ਸ੍ਰੀਲੰਕਾ ਵਿਚ ਇਹ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ੍ਰੀਲੰਕਾ ਦਾ ਖ਼ੁਰਾਕ ਸੰਕਟ ਅਸਲ ਵਿਚ ਮੁਲਕ ਵੱਲੋਂ ਆਰਗੈਨਿਕ ਖੇਤੀ ਵੱਲ ਮੋੜਾ ਕੱਟੇ ਜਾਣ ਦਾ ਸਿੱਟਾ ਹੈ ਪਰ ਇਹ ਮਹਿਜ਼ ਝੂਠਾ ਪ੍ਰਚਾਰ ਹੈ ਜਿਸ ਨੂੰ ਕੈਮੀਕਲ ਸਨਅਤ ਵੱਲੋਂ ਹਵਾ ਦਿੱਤੀ ਜਾ ਰਹੀ ਹੈ। ਹਕੀਕਤ ਇਹ ਹੈ ਕਿ ਸ੍ਰੀਲੰਕਾ ਵਿਚ ਕੈਮੀਕਲ ਖਾਦਾਂ ਤੇ ਕੀੜੇਮਾਰ ਜ਼ਹਿਰਾਂ ਉਤੇ ਪਾਬੰਦੀ ਮਈ ਦੇ ਸ਼ੁਰੂ ਵਿਚ ਲਾਈ ਗਈ ਅਤੇ ਉਸ ਤੋਂ ਬਾਅਦ ਮੁਲਕ ਵਿਚ ਵਾਢੀ ਦਾ ਅਜੇ ਇੱਕੋ ਸੀਜ਼ਨ ਆਇਆ ਹੈ ਜਿਸ ਨੂੰ ‘ਯਾਲਾ’ ਆਖਿਆ ਜਾਂਦਾ ਹੈ। ਇਸ ਤਹਿਤ ਮਈ ਵਿਚ ਫ਼ਸਲ ਬੀਜੀ ਅਤੇ ਅਗਸਤ ਵਿਚ ਵੱਢੀ ਜਾਂਦੀ ਹੈ ਪਰ ਇਸ ਸੀਜ਼ਨ ਦੀਆਂ ਖੇਤੀ ਜਿਣਸਾਂ ਦੇ ਮੰਡੀਆਂ ਵਿਚ ਪੁੱਜਣ ਤੋਂ ਪਹਿਲਾਂ ਹੀ ਫ਼ਸਲਾਂ ਦੇ ਘਟ ਰਹੇ ਝਾੜ ਦਾ ਡਰ ਬਹੁਤ ਜਿ਼ਆਦਾ ਫੈਲਿਆ ਹੋਇਆ ਸੀ। ਗ਼ੌਰਤਲਬ ਹੈ ਕਿ ਆਮ ਕਰ ਕੇ ਫ਼ਸਲਾਂ ਵਿਚ ਰਸਾਇਣਾਂ ਦੀ ਵਰਤੋਂ ਬੰਦ ਕਰਨ ਤੋਂ ਬਾਅਦ ਦੂਜੇ ਤੇ ਤੀਜੇ ਸਾਲ ਦੌਰਾਨ ਹੀ ਅਸੀਂ ਦੇਖ ਸਕਦੇ ਹਾਂ ਕਿ ਫ਼ਸਲਾਂ ਦਾ ਝਾੜ ਸਥਿਰ ਹੋਣ ਤੋਂ ਪਹਿਲਾਂ ਘਟਦਾ ਹੈ ਤੇ ਫਿਰ ਹੌਲੀ ਹੌਲੀ ਵਧਣਾ ਸ਼ੁਰੂ ਹੋ ਜਾਂਦਾ ਹੈ। ਜੋ ਵੀ ਹੋਵੇ, ਵਿਆਪਕ ਖੇਤੀ ਪ੍ਰਬੰਧ (intensive farming systems) ਵੱਲੋਂ ਜਿਹੜੀ ਲਾਗਤ ਪਿੱਛੇ ਛੱਡੀ ਜਾਂਦੀ ਹੈ, ਉਸ ਨੂੰ ਆਮ ਕਰ ਕੇ ਉਸ ਮੁੱਲ ਦੇ ਰੂਪ ਵਿਚ ਲਿਆ ਜਾਂਦਾ ਹੈ ਜਿਹੜਾ ਸਮਾਜ ਨੂੰ ਲਾਜ਼ਮੀ ਤੌਰ ’ਤੇ ਤਾਰਨਾ ਪੈਂਦਾ ਹੈ। ਮਿਸਾਲ ਵਜੋਂ, ਉੱਤਰ ਦੀ ਚੌਲ ਪੱਟੀ ਵਿਚ ਗ਼ਰੀਬ ਪੇਂਡੂ ਲੋਕਾਂ ਵਿਚ ਗੁਰਦੇ ਫੇਲ੍ਹ ਹੋਣ ਦੀ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਹੁਤੇ ਮਾਹਿਰਾਂ ਦਾ ਖਿ਼ਆਲ ਹੈ ਕਿ ਇਸ ਦਾ ਸਬੰਧ ਰਸਾਇਣਕ ਖਾਦਾਂ ਤੇ ਕੀੜੇਮਾਰ ਜ਼ਹਿਰਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਹੈ ਪਰ ਕੁਝ ਹੋਰ ਮਾਹਿਰ ਅਜਿਹੇ ਕਿਸੇ ਸਬੰਧ ਨੂੰ ਸਹੀ ਨਹੀਂ ਮੰਨਦੇ।

ਅਖ਼ਬਾਰ ‘ਦਿ ਇੰਡੀਪੈਂਡੈਂਟ’ ਵਿਚ ਛਪੀ ਰਿਪੋਰਟ ਮੁਤਾਬਕ ਗੁਰਦਿਆਂ ਦੀਆਂ ਗੰਭੀਰ ਬਿਮਾਰੀਆਂ ਕਾਰਨ ਬੀਤੇ 20 ਸਾਲਾਂ ਦੌਰਾਨ 20 ਹਜ਼ਾਰ ਤੋਂ ਵੱਧ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ 4 ਲੱਖ ਲੋਕ ਬਿਮਾਰ ਹੋਏ ਹਨ। ਇਸੇ ਤਰ੍ਹਾਂ ਚਾਹ ਜੋ ਬਰਾਮਦ ਕੀਤਾ ਜਾਣ ਵਾਲਾ ਦੂਜਾ ਵੱਡਾ ਉਤਪਾਦ ਹੈ, ਦੇ ਮਾਮਲੇ ਵਿਚ ਵੀ ਬੇਲੋੜਾ ਖ਼ੌਫ਼ ਪੈਦਾ ਕੀਤਾ ਜਾ ਰਿਹਾ ਹੈ। ਗ਼ੌਰਤਲਬ ਹੈ ਕਿ ਚਾਹ ਦਾ ਝਾੜ ਪਹਿਲਾਂ ਹੀ ਬਹੁਤ ਘੱਟ ਹੈ ਅਤੇ ਐੱਫਏਓ ਦਾ ਅੰਦਾਜ਼ਾ ਹੈ ਕਿ ਬੀਤੇ ਦਹਾਕੇ ਭਰ ਤੋਂ ਹੀ ਝਾੜ ਲਗਾਤਾਰ ਘਟ ਰਿਹਾ ਹੈ। ਇਹ ਘਟ ਕੇ ਵੱਡੇ ਖੇਤਰਾਂ ਵਿਚ 350 ਤੋਂ 400 ਕਿਲੋ ਫ਼ੀ ਏਕੜ ਰਹਿ ਗਿਆ ਹੈ ਅਤੇ ਕੁਝ ਮਾਮਲਿਆਂ ਵਿਚ ਤਾਂ ਇਹ 150 ਕਿਲੋ ਪ੍ਰਤੀ ਏਕੜ ਤੱਕ ਡਿੱਗ ਗਿਆ ਹੈ। ਚਾਹ ਦੇ ਕਿਉਂਕਿ ਕਰੀਬ 75 ਫ਼ੀਸਦੀ ਛੋਟੇ ਕਾਸ਼ਤਕਾਰ ਹਨ, ਇਸ ਲਈ ਜ਼ਮੀਨ ਦੀ ਵਿਗੜ ਰਹੀ ਸਿਹਤ, ਭਾਵ ਉਪਜਾਊ ਸ਼ਕਤੀ ਘਟਣ ਨੂੰ ਹੀ ਝਾੜ ਘਟਣ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਪੂਰੀ ਤਰ੍ਹਾਂ ਆਰਗੈਨਿਕ ਖੇਤੀ ਅਪਣਾਉਣ ਦਾ ਫ਼ਾਇਦਾ ਇਹ ਹੋਵੇਗਾ ਕਿ ਆਗਾਮੀ ਸਾਲਾਂ ਦੌਰਾਨ ਖੇਤੀਬਾੜੀ ਦੇ ਤਰੀਕਿਆਂ ਵਿਚ ਢੁਕਵੀਂ ਖੇਤੀ-ਵਾਤਾਵਰਨਮੁਖੀ ਪਹੁੰਚ ਅਪਣਾ ਕੇ ਸ੍ਰੀਲੰਕਾ ਆਪਣੀ ਜ਼ਮੀਨ ਦੀ ਸਿਹਤ ਸੁਧਾਰ ਸਕਦਾ ਹੈ ਅਤੇ ਇਸ ਤਰ੍ਹਾਂ ਚਾਹ ਦੇ ਬਾਗ਼ਾਨਾਂ ਦੀ ਵੀ ਕਾਇਆ ਕਲਪ ਹੋ ਜਾਵੇਗੀ। ਇਸ ਤੋਂ ਬਾਅਦ ਇਸ ਦੇ ਖੇਤੀ ਉਤਪਾਦਾਂ ਉਤੇ ਆਰਗੈਨਿਕ ਠੱਪਾ ਲੱਗਾ ਹੋਣ ਸਦਕਾ ਉਨ੍ਹਾਂ ਨੂੰ ਕੌਮਾਂਤਰੀ ਬਾਜ਼ਾਰ ਵਿਚ ਵਧੀਆ ਥਾਂ ਮਿਲੇਗੀ। ਆਲਮੀ ਪੱਧਰ ’ਤੇ ਆਰਗੈਨਿਕ ਖ਼ੁਰਾਕੀ ਵਸਤਾਂ ਦੀ ਵਧ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਸ੍ਰੀਲੰਕਾ ਲਈ ਇਹ ਹਰ ਹਾਲ ਲਾਹੇਵੰਦਾ ਸੌਦਾ ਰਹੇਗਾ, ਬਸ਼ਰਤੇ ਜਿਸ ਤਰ੍ਹਾਂ ਇਸ ਨੇ ਇਹ ਦਲੇਰਾਨਾ ਸ਼ੁਰੂਆਤ ਕੀਤੀ ਹੈ, ਉਸੇ ਤਰ੍ਹਾਂ ਅਗਾਂਹ ਵੀ ਸਹੀ ਕਦਮ ਚੁੱਕਦਾ ਰਹੇ।

ਸ੍ਰੀਲੰਕਾ ਸਾਹਮਣੇ ਹੁਣ ਆਪਣੀਆਂ ਖੋਜ, ਵਿਕਾਸ ਅਤੇ ਪੈਦਾਵਾਰ ਪਹੁੰਚਾਂ ਨੂੰ ਨਵਾਂ ਰੂਪ ਦੇਣ ਦੀ ਚੁਣੌਤੀ ਹੈ। ਮੁਲਕ ਨੂੰ ਇਸ ਦੀ ਸ਼ੁਰੂਆਤ ਆਪਣੇ ਖੇਤੀ ਖੋਜ ਪ੍ਰੋਗਰਾਮਾਂ ਨੂੰ ਨਵਾਂ ਰੂਪ ਦੇਣ ਅਤੇ ਇਨ੍ਹਾਂ ਨੂੰ ਵਿੱਦਿਅਕ ਪਾਠਕ੍ਰਮ ਨਾਲ ਲੈਅਬੱਧ ਕਰ ਕੇ ਜੋੜਨ ਤੋਂ ਕਰਨੀ ਪਵੇਗੀ। ਇਸ ਗੱਲ ਦੀ ਬਹੁਤ ਜ਼ਰੂਰਤ ਹੈ ਕਿ ਖੋਜ ਤਰਜੀਹਾਂ ਨੂੰ ਇਸ ਤਰ੍ਹਾਂ ਬਦਲਿਆ ਜਾਵੇ ਕਿ ਇਸ ਨਾਲ ਭਾਈਚਾਰਕ ਗਿਆਨ ਅਤੇ ਨਵੀਆਂ ਕਾਢਾਂ ਨੂੰ ਮਾਨਤਾ ਮਿਲੇ ਤੇ ਉਨ੍ਹਾਂ ਦੀ ਰਾਖੀ ਕੀਤੀ ਜਾ ਸਕੇ; ਖ਼ਾਸ ਤੌਰ ਤੇ ਵਾਤਾਵਰਨ ਤਬਦੀਲੀ ਦੀਆਂ ਉਲਝਣਾਂ ਨਾਲ ਸਿੱਝਣ ਦੇ ਪੱਖ ਤੋਂ ਰਵਾਇਤੀ ਕਿਸਮਾਂ ਅਤੇ ਮੌਜੂਦ ਵੰਨ-ਸਵੰਨਤਾ ਦੀ ਅਮੀਰੀ ਲਚਕ ਮੁਹੱਈਆ ਕਰਦੀ ਹੈ ਤੇ ਸਹਿਯੋਗੀ ਸਾਬਤ ਹੁੰਦੀ ਹੈ। ਇਸ ਗੱਲ ਨੂੰ ਖ਼ਾਸ ਤੌਰ ਤੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤਬਦੀਲੀ ਦਾ ਇਹ ਅਮਲ ਮਿਲਵਰਤਣ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਹੋਵੇ; ਕਿਉਂਕਿ ਜੇ ਇਸ ਨੂੰ ਕਿਸਾਨਾਂ ਉਤੇ ਜਬਰੀ ਠੋਸਿਆ ਜਾਂਦਾ ਹੈ ਤਾਂ ਅਜਿਹਾ ਪ੍ਰਬੰਧ ਬਹੁਤਾ ਲੰਮਾ ਨਹੀਂ ਚੱਲਦਾ।

ਕੁਝ ਲੋਕ ਸ਼ੱਕ ਕਰਦੇ ਹਨ ਕਿ ਵਾਤਾਵਰਨ-ਮੁਖੀ ਖੇਤੀ ਜਿਸ ਵਿਚ ਅਰਗੈਨਿਕ, ਕੁਦਰਤੀ ਅਤੇ ਬਾਇਓਡਾਇਨਾਮਿਕ ਖੇਤੀ ਆਦਿ ਢਾਂਚੇ ਵੀ ਸ਼ਾਮਲ ਹਨ, ਨਾਲ ਕੀ ਸਾਰੀ ਦੁਨੀਆ ਦਾ ਢਿੱਡ ਭਰ ਸਕਦੀ ਹੈ? ਜੇ ਹਾਂ, ਤਾਂ ਖ਼ੁਰਾਕੀ ਪ੍ਰਣਾਲੀ ਦੀ ਇਹ ਤਬਦੀਲੀ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ? ਉਨ੍ਹਾਂ ਲਈ ਐੱਫਏਓ ਦੇ ਖ਼ੁਰਾਕੀ ਸੁਰੱਖਿਆ ਅਤੇ ਪੋਸ਼ਣ ਬਾਰੇ ਮਾਹਿਰਨਾ ਉੱਚ ਪੱਧਰੀ ਪੈਨਲ ਦੀ 2019 ਦੀ ਰਿਪੋਰਟ ਵਧੀਆ ਰਾਹ ਦਿਖਾਉਣ ਵਾਲੀ ਹੈ। ਇਸ ਵਿਚ ਰੈਫੇਲ ਡੀਅੰਨਾਓਲਫੋ ਅਤੇ ਹੋਰਾਂ ਵੱਲੋਂ 2017 ਵਿਚ ਕੀਤੇ ਵਿਸ਼ਲੇਸ਼ਣ ਦਾ ਵੀ ਹਵਾਲਾ ਦਿੱਤਾ ਗਿਆ ਹੈ ਜਿਸ ਨੇ ਵਾਤਾਵਰਨ-ਮੁਖੀ ਖੇਤੀ ਢਾਂਚੇ ਤੋਂ ਹੋਣ ਵਾਲੇ ਆਰਥਿਕ ਲਾਭਾਂ ਨੂੰ ਫ਼ੈਸਲਾਕੁਨ ਢੰਗ ਨਾਲ ਉਭਾਰ ਕੇ ਸਾਹਮਣੇ ਲਿਆਂਦਾ ਹੈ। ਇਸ ਮੁਤਾਬਕ, ਜਿਹੜੇ ਮਾਮਲਿਆਂ ਦਾ ਵਿਸ਼ਲੇਣ ਕੀਤਾ ਗਿਆ, ਉਨ੍ਹਾਂ ਵਿਚੋਂ 61 ਫ਼ੀਸਦੀ ਵਿਚ ਝਾੜ ਵਧਿਆ ਅਤੇ 20 ਫ਼ੀਸਦੀ ਵਿਚ ਘਟਿਆ, ਜਦੋਂਕਿ 66 ਫ਼ੀਸਦੀ ਮਾਮਲਿਆਂ ਵਿਚ ਖੇਤੀ ਮੁਨਾਫ਼ੇ ਵਿਚ ਇਜ਼ਾਫ਼ਾ ਹੋਇਆ।

ਇਕੱਲਿਆਂ ਡਟ ਕੇ ਖਲੋਣ ਲਈ ਬੜੇ ਹੌਸਲੇ ਦੀ ਲੋੜ ਹੁੰਦੀ ਹੈ। ਇਹ ਉਦੋਂ ਹੀ ਹੁੰਦਾ ਹੈ, ਜਦੋਂ ਤੁਹਾਡਾ ਭਰੋਸਾ ਅਡਿੱਗ ਹੋਵੇ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸ੍ਰੀਲੰਕਾ ਦੇ ਸਦਰ ਰਾਜਪਕਸੇ ਨੇ ਆਰਗੈਨਿਕ ਖੇਤੀ ਵੱਲ ਜਿਹੜਾ ਮੋੜ ਕੱਟਿਆ ਹੈ, ਇਹ ਕੁੱਲ ਆਲਮ ਦੀ ਖੇਤੀ ਨੂੰ ਭਵਿੱਖ ਦਾ ਰਾਹ ਦਿਖਾਵੇਗਾ।
ਸੰਪਰਕ: hunger55@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All