ਜੀ ਪਾਰਥਾਸਾਰਥੀ
ਸ੍ਰੀਲੰਕਾ ਦੀਆਂ ਹਾਲੀਆ ਘਟਨਾਵਾਂ ਵਿਚ ਉੱਥੋਂ ਦੀ ਚੁਣੀ ਹੋਈ ਸਰਕਾਰ ਜਿਸ ਦੇ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਮਹਿੰਦਾ ਰਾਜਪਕਸੇ ਬੈਠੇ ਸਨ ਤੇ ਰਾਸ਼ਟਰਪਤੀ ਦੀ ਗੱਦੀ ਉਨ੍ਹਾਂ ਦਾ ਛੋਟਾ ਭਰਾ ਗੋਟਾਬਾਯਾ ਰਾਜਪਕਸੇ ਸੰਭਾਲ ਰਿਹਾ ਸੀ, ਦੀ ਬਦਇੰਤਜ਼ਾਮੀ ਤੋਂ ਪ੍ਰੇਸ਼ਾਨ ਲੋਕਾਂ ਦਾ ਰੋਹ ਬੇਕਾਬੂ ਹੋ ਗਿਆ। ਰਾਜਪਕਸੇ ਭਰਾਵਾਂ ਦੀ ਅਗਵਾਈ ਹੇਠਲੀ ਇਸ ਸਰਕਾਰ ਖਿਲਾਫ਼ ਲੋਕਾਂ ਦੇ ਮਨਾਂ ਅੰਦਰ ਰੋਸ ਕਾਫ਼ੀ ਸਮੇਂ ਜਮ੍ਹਾਂ ਹੋ ਰਿਹਾ ਸੀ ਤੇ ਫਿਰ ਕਈ ਹਫ਼ਤਿਆਂ ਦੀ ਬਦਅਮਨੀ ਤੇ ਰੋਸ ਮੁਜ਼ਾਹਰਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੂੰ ਅਹੁਦਾ ਛੱਡਣਾ ਪਿਆ। ਕੁਝ ਸਮੇਂ ਬਾਅਦ ਜਦੋਂ ਲੋਕ ਰੋਹ ਹੋਰ ਤਿੱਖਾ ਹੋ ਗਿਆ ਤਾਂ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੂੰ ਵੀ ਦੇਸ਼ ਛੱਡ ਕੇ ਭੱਜਣਾ ਪੈ ਗਿਆ। ਰਾਜਪਕਸੇ ਪਰਿਵਾਰ ਖਿਲਾਫ਼ ਲੋਕਾਂ ਦਾ ਰੋਹ ਉਦੋਂ ਚਰਮ ’ਤੇ ਪਹੁੰਚ ਗਿਆ ਜਦੋਂ ਲੋਕਾਂ ਦੀ ਅਥਾਹ ਭੀੜ ਨੇ ਰਾਸ਼ਟਰਪਤੀ ਭਵਨ ਵਿਚ ਦਾਖ਼ਲ ਹੋ ਕੇ ਇਸ ’ਤੇ ਕਬਜ਼ਾ ਕਰ ਲਿਆ। ਇਸ ਤੋਂ ਇਲਾਵਾ ਲੱਖਾਂ ਲੋਕ ਰਾਜਪਕਸੇ ਪਰਿਵਾਰ ਖਿਲਾਫ਼ ਰੋਸ ਪ੍ਰਗਟ ਕਰ ਕੇ ਇਸ ਗੱਲ ’ਤੇ ਜ਼ੋਰ ਦੇ ਰਹੇ ਸਨ ਕਿ ਇਸ ਪਰਿਵਾਰ ਦੇ ਕਿਸੇ ਵੀ ਜੀਅ ਨੂੰ ਕਿਸੇ ਵੀ ਜਨਤਕ ਅਹੁਦੇ ’ਤੇ ਬੈਠਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਵੱਡੇ ਭਰਾ ਮਹਿੰਦਾ ਰਾਜਪਕਸੇ ਵਲੋਂ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਤੋਂ ਫ਼ੌਰੀ ਬਾਅਦ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਘਾਗ ਸਿਆਸਤਦਾਨ ਰਨਿਲ ਵਿਕਰਮਸਿੰਘੇ ਨੂੰ ਆਪਣੇ ਭਰਾ ਦੀ ਥਾਂ ਨਵਾਂ ਪ੍ਰਧਾਨ ਮੰਤਰੀ ਥਾਪ ਦਿੱਤਾ ਜੋ ਇਸ ਤੋਂ ਪਹਿਲਾਂ ਪੰਜ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਸਨ। ਵਿਕਰਮਸਿੰਘੇ ਨੂੰ ਪ੍ਰਧਾਨ ਮੰਤਰੀ ਥਾਪੇ ਜਾਣ ਦਾ ਵੱਡਾ ਕਾਰਨ ਇਹ ਸੀ ਕਿ ਕੌਮਾਂਤਰੀ ਵਿੱਤੀ ਅਦਾਰਿਆਂ ਵਿਚ ਉਨ੍ਹਾਂ ਦੀ ਸਾਖ ਮਜ਼ਬੂਤ ਵਿੱਤੀ ਪ੍ਰਸ਼ਾਸਕ ਵਜੋਂ ਬਣੀ ਹੋਈ ਸੀ। ਉਂਝ, ਜਲਦੀ ਹੀ ਸਾਫ਼ ਹੋ ਗਿਆ ਕਿ ਸੱਤਾ ਵਿਚ ਰਾਜਪਕਸੇ ਪਰਿਵਾਰ ਦੇ ਦਿਨ ਪੁੱਗ ਗਏ ਹਨ। ਆਰਥਿਕ ਹਾਲਾਤ ਨਿਘਰ ਜਾਣ ਕਰ ਕੇ ਸ੍ਰੀਲੰਕਾ ਵਿਚ ਰੋਜ਼ਮੱਰਾ ਗੁਜ਼ਰ-ਬਸਰ ਮੁਹਾਲ ਹੋ ਗਿਆ ਸੀ। ਆਉਣ ਜਾਣ ਲਈ ਤੇਲ ਨਹੀਂ ਮਿਲ ਰਿਹਾ, ਬਿਜਲੀ ਸਪਲਾਈ ਵਿਚ ਦਿੱਕਤਾਂ ਆ ਰਹੀਆਂ ਹਨ ਅਤੇ ਵੱਡੇ ਪੱਧਰ ’ਤੇ ਖੁਰਾਕ ਦੀ ਕਿੱਲਤ ਬਣ ਗਈ ਜਿਸ ਕਰ ਕੇ ਲੋਕਾਂ ਦਾ ਗੁੱਸਾ ਵਧਦਾ ਗਿਆ। ਦੂਜੇ ਪਾਸੇ ਸਰਕਾਰ ਇਕ ਲੇਖੇ ਦੀਵਾਲੀਆ ਹੋ ਚੁੱਕੀ ਸੀ ਅਤੇ ਬੁਨਿਆਦੀ ਲੋੜਾਂ ਪੂਰੀਆਂ ਕਰਨ ਤੋਂ ਅਸਮੱਰਥ ਨਜ਼ਰ ਆ ਰਹੀ ਸੀ। ਇਸ ਤੋਂ ਇਲਾਵਾ ਕੋਵਿਡ ਕਰ ਕੇ ਸੈਲਾਨੀਆਂ ਦੀ ਆਮਦ ਅਤੇ ਕਮਾਈ ਨਾਮਾਤਰ ਰਹਿ ਗਈ ਸੀ। ਜਦੋਂ ਚੀਨ ਤੋਂ ਇਹ ਸੁਣਨ ਨੂੰ ਮਿਲਿਆ ਕਿ ਉਹ ਸ੍ਰੀਲੰਕਾ ਦੀਆਂ ਗੰਭੀਰ ਆਰਥਿਕ ਮੁਸ਼ਕਿਲਾਂ ਨਾਲ ਸਿੱਝਣ ਲਈ ਸੰਸਾਰ ਬੈਂਕ ਅਤੇ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਜਿਹੇ ਕੌਮਾਂਤਰੀ ਅਦਾਰਿਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਰਾਜਪਕਸੇ ਪਰਿਵਾਰ ਦੰਗ ਰਹਿ ਗਿਆ।
ਰਾਜਪਕਸੇ ਪਰਿਵਾਰ ਲਈ ਹਾਲਾਤ ਉਦੋਂ ਗੰਭੀਰ ਬਣ ਗਏ ਜਦੋਂ ਕੋਵਿਡ-19 ਨੇ ਦਸਤਕ ਦਿੱਤੀ ਸੀ। ਸੈਲਾਨੀਆਂ ਦੀ ਆਮਦ ਲਗਭਗ ਬੰਦ ਹੋ ਗਈ ਅਤੇ ਸੈਰ-ਸਪਾਟੇ ਨਾਲ ਜੁੜੇ ਸਾਰੇ ਖੇਤਰਾਂ ਵਿਚ ਬੇਰੁਜ਼ਗਾਰੀ ਵਧਣ ਲੱਗੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਖੇਤੀਬਾੜੀ ਲਈ ਰਸਾਇਣਕ ਖਾਦਾਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਪਰ ਇਸ ਦਾ ਕੋਈ ਅਨੁਮਾਨ ਨਾ ਲਾਇਆ ਕਿ ਇਸ ਦਾ ਕਿਹੋ ਜਿਹਾ ਅਸਰ ਪੈ ਸਕਦਾ ਹੈ। ਇਸ ਨਾਲ ਖ਼ਾਸਕਰ ਚਾਹ ਖੇਤਰ ਨੂੰ ਭਾਰੀ ਢਾਹ ਵੱਜੀ। ਚਾਹ ਦੀਆਂ ਬਰਾਮਦਾਂ ਵਿਚ ਕਮੀ ਆ ਗਈ। ਚੀਨ ਦੀ ਨਾਰਾਜ਼ਗੀ ਦੇ ਵੀ ਸੰਕੇਤ ਆ ਰਹੇ ਸਨ; ਸ੍ਰੀਲੰਕਾ ਸਰਕਾਰ ਨੇ ਪਿਛਲੇ ਸਾਲ ਫਰਵਰੀ ਮਹੀਨੇ ਐਲਾਨ ਕੀਤਾ ਸੀ ਕਿ ਭਾਰਤ ਅਤੇ ਜਪਾਨ ਮਿਲ ਕੇ ਕੋਲੰਬੋ ਬੰਦਰਗਾਹ ਦਾ ਵੈਸਟ ਕੰਟੇਨਰ ਟਰਮੀਨਲ ਵਿਕਸਤ ਕਰਨਗੇ। ਇਸ ਪੇਸ਼ਕਦਮੀ ਕਰ ਕੇ ਚੀਨ ਨੂੰ ਕੋਲੰਬੋ ਬੰਦਰਗਾਹ ਦੇ ਵੈਸਟ ਕੰਟੇਨਰ ਟਰਮੀਨਲ ’ਤੇ ਉਸ ਦੀ ਇਕੱਲੇ ਦੀ ਮੌਜੂਦਗੀ ਦੀ ਖਾਹਿਸ਼ ਪੂਰੀ ਨਹੀਂ ਹੋ ਸਕੀ ਸੀ। ਇਸ ਤੋਂ ਬਾਅਦ ਇਸ ਸਾਲ 29 ਮਈ ਨੂੰ ਉੱਤਰੀ ਜਾਫ਼ਨਾ ਨਾਲ ਲਗਦੇ ਸ੍ਰੀਲੰਕਾ ਦੇ ਟਾਪੂਆਂ ’ਤੇ ਪਣ ਬਿਜਲੀ ਪ੍ਰਾਜੈਕਟਾਂ ਵਿਚ ਭਾਰਤੀ ਨਿਵੇਸ਼ ਬਾਬਤ ਸਮਝੌਤਾ ਕੀਤਾ ਗਿਆ ਜਿਸ ਮੌਕੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਵੀ ਮੌਜੂਦ ਸਨ। ਪਿਛਲੇ ਸਾਲ ਇਹ ਪ੍ਰਾਜੈਕਟ ਚੀਨ ਨੂੰ ਸੌਂਪੇ ਗਏ ਸਨ ਪਰ ਭਾਰਤ ਵਲੋਂ ਸੁਰੱਖਿਆ ਇਤਰਾਜ਼ ਜ਼ਾਹਿਰ ਕੀਤੇ ਜਾਣ ਕਰ ਕੇ ਚੀਨ ਪਿਛਾਂਹ ਹਟ ਗਿਆ ਸੀ। ਇਹ ਟਾਪੂ ਤਾਮਿਲ ਨਾਡੂ ਤਟ ਦੇ ਬਹੁਤ ਕਰੀਬ ਹਨ।
ਇਨ੍ਹਾਂ ਘਟਨਾਵਾਂ ਕਰ ਕੇ ਸ੍ਰੀਲੰਕਾ ਜਿਹੇ ਕਿਸੇ ਤੀਜੇ ਮੁਲਕ ਵਿਚ ਸਹਿਯੋਗ ਕਰ ਕੇ ਚੱਲਣ ਲਈ ਜਪਾਨ ਨਾਲ ਸਹਿਮਤੀ ਬਣੀ ਤਾਂ ਕਿ ਚੀਨ ਹਿੰਦ ਮਹਾਸਾਗਰ ਦੇ ਪਾਰ ਰਣਨੀਤਕ ਪੱਖੋਂ ਅਹਿਮ ਮੁਕਾਮ ਰੱਖਣ ਵਾਲੇ ਮੁਲਕਾਂ ਵਿਚਲੇ ਜਹਾਜ਼ਰਾਨੀ ਪ੍ਰਾਜੈਕਟਾਂ ਦਾ ਕੰਟਰੋਲ ਹਾਸਲ ਨਾ ਕਰ ਸਕੇ। ਦੁਨੀਆ ਇਹ ਦੇਖ ਚੁੱਕੀ ਹੈ ਕਿ ਚੀਨ ਦੀ ਮਦਦ ਨਾਲ ਵਿਕਸਤ ਕੀਤੇ ਹੰਬਨਟੋਟਾ ਬੰਦਰਗਾਹ ਅਤੇ ਦੱਖਣੀ ਸ੍ਰੀਲੰਕਾ ਵਿਚ ਹਵਾਈ ਅੱਡੇ ਦੇ ਪ੍ਰਾਜੈਕਟਾਂ ਦਾ ਕੀ ਬਣਿਆ ਹੈ। ਹੰਬਨਟੋਟਾ ਬੰਦਰਗਾਹ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਦੇ ਹਲਕੇ ਵਿਚ ਹੈ। ਬੰਦਰਗਾਹ ਅਤੇ ਹਵਾਈ ਅੱਡੇ ਦੇ ਪ੍ਰਾਜੈਕਟਾਂ ਲਈ 1.1 ਅਰਬ ਡਾਲਰ ਦਾ ਚੀਨ ਦਾ ਕਰਜ਼ਾ ਨਾ ਮੋੜ ਸਕਣ ਕਰ ਕੇ ਸ੍ਰੀਲੰਕਾ ਨੂੰ ਬੰਦਰਗਾਹ ਚਾਇਨਾ ਪੋਰਟ ਹੋਲਡਿੰਗਜ਼ ਕੰਪਨੀ ਨੂੰ 99 ਸਾਲਾਂ ਦੇ ਪੱਟੇ ’ਤੇ ਦੇਣੀ ਪਈ ਸੀ। ਇਕ ਹੋਰ ਮੁੱਦਾ ਜਿਸ ਨੇ ‘ਕੌਮਾਂਤਰੀ ਭਾਈਚਾਰੇ’ ਦਾ ਧਿਆਨ ਖਿੱਚਿਆ, ਉਹ ਇਹ ਸੀ ਕਿ ਨੈਤਿਕਤਾ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਇਨ੍ਹਾਂ ਦੇਸ਼ਾਂ ਵੱਲੋਂ ਏਸ਼ੀਆ ਦੇ ਕੁਝ ਕੁ ਪ੍ਰਮਾਣਿਕ ਲੋਕਤੰਤਰੀ ਦੇਸ਼ਾਂ ਨੂੰ ਔਖੇ ਵੇਲਿਆਂ ਵਿਚ ਫੁੱਟੀ ਕੌਡੀ ਦੀ ਵੀ ਮਦਦ ਨਹੀਂ ਦਿੱਤੀ ਗਈ। ਇਸ ਦਾ ਜਵਾਬ ਇਹ ਹੈ ਕਿ ਇਸ ਤਥਾ-ਕਥਿਤ ਕੌਮਾਂਤਰੀ ਭਾਈਚਾਰੇ ਜਿਸ ਵਿਚ ਅਮਰੀਕਾ ਤੇ ਇਸ ਦੇ ਯੂਰੋਪੀਅਨ ਸਹਿਯੋਗੀ ਆਉਂਦੇ ਹਨ, ਨੇ ਯੂਕਰੇਨ ਜੰਗ ਲਈ ਤਾਂ ਅਰਬਾਂ ਡਾਲਰ ਖਰਚ ਕਰ ਦਿੱਤੇ ਪਰ ਸੰਕਟ ਵਿਚ ਘਿਰੇ ਏਸ਼ੀਆ ਦੇ ਕਿਸੇ ਲੋਕਤੰਤਰ ਦੀ ਮਦਦ ਲਈ ਇਨ੍ਹਾਂ ਕੋਲੋਂ ਕੁਝ ਨਹੀਂ ਸਰਿਆ ਜਦਕਿ ਭਾਰਤ ਨੇ ਵਿਕਾਸਸ਼ੀਲ ਦੇਸ਼ ਹੁੰਦਿਆਂ ਸ੍ਰੀਲੰਕਾ ਦੀਆਂ ਫੌਰੀ ਲੋੜਾਂ ਦੀ ਪੂਰਤੀ ਲਈ 3.8 ਅਰਬ ਡਾਲਰ ਦੇਣ ਦਾ ਵਚਨ ਦਿੱਤਾ ਹੈ।
ਜਦੋਂ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਰਾਸ਼ਟਰਪਤੀ ਦੀ ਚੋਣ ਲਈ ਤਿਆਰ ਹੋ ਰਹੇ ਸਨ ਤਾਂ ਸੱਤਾਧਾਰੀ ਸ੍ਰੀਲੰਕਾ ਪੋਡੂਜਨਾ ਪਾਰਟੀ (ਐੱਸਐੱਲਪੀਪੀ) ਨੇ ਆਖ਼ਰੀ ਪਲਾਂ ’ਤੇ ਸਾਬਕਾ ਪੱਤਰਕਾਰ ਦੁਲਾਸ ਅਲ੍ਹਾਪੇਰੁਮਾ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ। ਉਂਝ, ਵਿਕਰਮਸਿੰਘੇ ਨੇ ਭੁਗਤੀਆਂ ਕੁੱਲ 219 ਵੋਟਾਂ ਵਿਚੋਂ 134 ਵੋਟਾਂ ਹਾਸਲ ਕਰ ਕੇ ਪਾਰਲੀਮੈਂਟ ਵਿਚ ਭਾਰੀ ਹਮਾਇਤ ਜੁਟਾ ਲਈ ਅਤੇ ਸੱਤਾਧਾਰੀ ਪਾਰਟੀ ਦੇ ਦੁਲਾਸ ਅਲ੍ਹਾਪੇਰੁਮਾ ਦੇ ਹੱਕ ਵਿਚ ਸਿਰਫ਼ 82 ਵੋਟਾਂ ਪਈਆਂ। ਸਪੱਸ਼ਟ ਹੁੰਦਾ ਹੈ ਕਿ ਸੱਤਾਧਾਰੀ ਪਾਰਟੀ ਦੇ ਮੈਂਬਰ ਵੀ ਇਹ ਵਿਸ਼ਵਾਸ ਕਰਦੇ ਹਨ ਕਿ ਵਿਕਰਮਸਿੰਘੇ ਜੋ ਛੇ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹਿ ਚੁੱਕੇ ਹਨ, ਵਿਦੇਸ਼ੀ ਸਰਕਾਰਾਂ ਅਤੇ ਆਈਐੱਮਐੱਫ ਤੇ ਸੰਸਾਰ ਬੈਂਕ ਜਿਹੇ ਕੌਮਾਂਤਰੀ ਵਿੱਤੀ ਅਦਾਰਿਆਂ ਨਾਲ ਸਭ ਤੋਂ ਵਧੀਆ ਢੰਗ ਨਾਲ ਸਿੱਝਣ ਦੇ ਸਮੱਰਥ ਹਨ। ਦੂਜੇ ਪਾਸੇ, ਸ੍ਰੀਲੰਕਾ ਵਿਚ ਲੋਕਾਂ ਦਾ ਹਜੂਮ ਹੁਣ ਸੱਤਾਧਾਰੀਆਂ ਨਾਲ ਦੋ ਦੋ ਹੱਥ ਕਰਨ ਲਈ ਤਿਆਰ ਨਜ਼ਰ ਆ ਰਿਹਾ ਹੈ। ਕੁਝ ਹਫ਼ਤੇ ਪਹਿਲਾਂ ਲੋਕਾਂ ਨੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਦੀ ਨਿੱਜੀ ਰਿਹਾਇਸ਼ ਅੱਗ ਲਾ ਕੇ ਸਾੜ ਦਿੱਤੀ ਸੀ। ਉਨ੍ਹਾਂ ਇਹ ਸੰਕੇਤ ਵੀ ਦਿੱਤੇ ਸਨ ਕਿ ਉਹ ਵਿਕਰਮਸਿੰਘੇ ਨੂੰ ਸੱਤਾ ਤੋਂ ਹਟਾਉਣ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੁਹਰਾ ਸਕਦੇ ਹਨ। ਆਪਣੇ ਹੀ ਦੇਸ਼ ਦੇ ਮਾਯੂਸ ਤੇ ਗੁੱਸੇ ਨਾਲ ਭਰੇ ਲੋਕਾਂ ਨਾਲ ਸਿੱਝਣਾ ਵਿਕਰਮਸਿੰਘੇ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗਾ।
ਭਾਰਤ ਇਸ ਗੱਲ ਦਾ ਧਰਵਾਸ ਲੈ ਸਕਦਾ ਹੈ ਕਿ ਇਸ ਦੀਆਂ ਨੀਤੀਆਂ ਦੀ ਸ੍ਰੀਲੰਕਾ ਵਿਚ ਪ੍ਰਸੰਸਾ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਨਾਲ ਸਬੰਧ ਸੁਧਾਰਨ ਦੀ ਇੱਛਾ ਦੀ ਸ਼ਲਾਘਾ ਕੀਤੀ ਹੈ। 1980ਵਿਆਂ ਵਿਚ ਜਦੋਂ ਭਾਰਤ ਦੇ ਇਰਾਦਿਆਂ ਬਾਰੇ ਸ੍ਰੀਲੰਕਾ ਵਿਚ ਸੰਦੇਹ ਕੀਤਾ ਜਾਂਦਾ ਸੀ, ਉਨ੍ਹਾਂ ਸਮਿਆਂ ਵਿਚ ਉੱਥੇ ਸੇਵਾਵਾਂ ਨਿਭਾਉਣ ਕਰ ਕੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਜੈਸ਼ੰਕਰ ਨੂੰ ਸ੍ਰੀਲੰਕਾ ਦੇ ਸ਼ੰਕਿਆਂ ਅਤੇ ਧਰਮ ਸੰਕਟ ਬਾਰੇ ਚੰਗੀ ਤਰ੍ਹਾਂ ਪਤਾ ਹੈ। ਕੋਲੰਬੋ ਵਿਚ ਭਾਰਤ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਚੁੱਪ-ਚਾਪ ਇਹ ਯਕੀਨੀ ਬਣਾਇਆ ਹੈ ਕਿ ਭਾਰਤ ਨੂੰ ਸ੍ਰੀਲੰਕਾ ਵਿਚ ਭਰੋਸੇ ਤੇ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਵੇ। ਭਾਰਤ ਨੂੰ ਨਾ ਕੇਵਲ ਸ੍ਰੀਲੰਕਾ ਵਿਚ ਰਾਬਤਾ ਬਣਾ ਕੇ ਰੱਖਣ ਦੀ ਲੋੜ ਹੈ ਸਗੋਂ ਆਈਐੱਮਐੱਫ, ਸੰਸਾਰ ਬੈਂਕ ਅਤੇ ਏਸਿ਼ਆਈ ਵਿਕਾਸ ਬੈਂਕ ਜਿਹੇ ਕੌਮਾਂਤਰੀ ਅਦਾਰਿਆਂ ਨਾਲ ਵੀ ਤਾਲਮੇਲ ਬਣਾ ਕੇ ਰੱਖਣਾ ਪਵੇਗਾ ਤਾਂ ਕਿ ਸ੍ਰੀਲੰਕਾ ਦੇ ਅਰਥਚਾਰੇ ਨੂੰ ਸੰਕਟ ਵਿਚੋਂ ਕੱਢ ਕੇ ਲੀਹ ’ਤੇ ਚਾੜ੍ਹਨ ਦੇ ਯਤਨਾਂ ਵਿਚ ਤੇਜ਼ੀ ਆ ਸਕੇ। ਸ੍ਰੀਲੰਕਾ ਦੇ ਧਮਾਕੇਦਾਰ ਅਤੇ ਲੋਕਪ੍ਰਿਯਾ ਖੱਬੂ ਬੱਲੇਬਾਜ਼ ਸਨਤ ਜੈਸੂਰਿਆ ਨੇ ਹਾਲ ਹੀ ਵਿਚ ਆਖਿਆ ਹੈ: “ਭਾਰਤ ਨੇ ਸੰਕਟ ਸ਼ੁਰੂ ਹੋਣ ਵੇਲੇ ਤੋਂ ਹੀ ਸਾਡੀ ਮਦਦ ਕੀਤੀ ਹੈ। ਅਸੀਂ ਉਸ ਦੇ ਸ਼ੁਕਰਗੁਜ਼ਾਰ ਹਾਂ। ਭਾਰਤ ਸ੍ਰੀਲੰਕਾ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ।”
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।