ਡਾ. ਰਣਜੀਤ ਸਿੰਘ
ਜਦੋਂ ਸਿੰਜਾਈ ਸਾਧਨ ਇਤਨੇ ਵਿਕਸਤ ਨਹੀਂ ਸਨ ਹੋਏ, ਉਦੋਂ ਕਿਸਾਨ ਕੁਝ ਰਕਬੇ ਵਿਚ ਕਣਕ ਦੀ ਥਾਂ ਘੱਟੋ-ਘੱਟ ਘਰ ਦੀਆਂ ਲੋੜਾਂ ਦੀ ਪੂਰਤੀ ਲਈ ਤੇਲ ਬੀਜਾਂ ਅਤੇ ਦਾਲਾਂ ਦੀ ਕਾਸ਼ਤ ਕਰਦੇ ਸਨ। ਤੇਲ ਬੀਜਾਂ ਦੀ ਬਿਜਾਈ ਲਈ ਇਹ ਢੁੱਕਵਾਂ ਸਮਾਂ ਹੈ। ਸਰ੍ਹੋਂ ਹਾੜ੍ਹੀ ਦੀ ਮੁੱਖ ਤੇਲ ਬੀਜ ਫ਼ਸਲ ਹੈ। ਸਰੋਂ ਦੇ ਤੇਲ ਦੀ ਵਰਤੋਂ ਹਰ ਘਰ ਵਿਚ ਕੀਤੀ ਜਾਂਦੀ ਹੈ। ਰਾਇਆ, ਗੋਭੀ ਸਰ੍ਹੋਂ ਅਤੇ ਅਲਸੀ ਦੀ ਕੁਝ ਰਕਬੇ ਵਿਚ ਬਿਜਾਈ ਜ਼ਰੂਰ ਕਰੋ। ਜੇਕਰ ਨਿਰੋਲ ਫ਼ਸਲ ਨਹੀਂ ਬੀਜਣੀ ਤਾਂ ਕਣਕ ਵਿਚ ਸਰ੍ਹੋਂ ਦੇ ਸਿਆੜ ਲਗਾਏ ਜਾ ਸਕਦੇ ਹਨ। ਆਰਸੀਐੱਚ-1, ਪੀਬੀਆਰ 357, ਪੀਐੱਚਆਰ 126, ਪੀਬੀਆਰ 97, ਪੀਬੀਆਰ 91, ਆਰਐੱਲਐੱਮ 6198 ਅਤੇ ਗਿਰੀਰਾਜ ਰਾਇਆ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਹਨ। ਚੰਗੀ ਫ਼ਸਲ ਤੋਂ ਅੱਠ ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੋ ਜਾਂਦਾ ਹੈ। ਜੀਐੱਸਸੀ 7, ਜੀਐੱਸਸੀ 6, ਹਾਈਓਲਾ ਪੀਏਸੀ 401 ਅਤੇ ਜੀਐੱਸਐੱਲ-2 ਗੋਭੀ ਸਰ੍ਹੋਂ ਦੀਆਂ ਉਨਤ ਕਿਸਮਾਂ ਹਨ। ਸਭ ਤੋਂ ਵੱਧ ਝਾੜ ਜੀਐੱਸਸੀ-7 ਕਿਸਮ ਦਾ ਨੌਂ ਕੁਇੰਟਲ ਪ੍ਰਤੀ ਏਕੜ ਪ੍ਰਾਪਤ ਹੋ ਸਕਦਾ ਹੈ। ਨਵੀਂ ਦੋਗਲੀ ਕਿਸਮ ਪੀਜੀਐੱਸਐੱਚ 1707 ਕਿਸਮ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਭਾਰਤ ਵਿਚ ਪਹਿਲੀ ਦੋਗਲੀ ਕਿਸਮ ਹੈ। ਇਕ ਏਕੜ ਲਈ ਡੇਢ ਕਿਲੋ ਬੀਜ ਚਾਹੀਦਾ ਹੈ।
ਐੱਲਸੀ 2063 ਅਤੇ ਐੱਲਸੀ 2023 ਅਲਸੀ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਹਨ। ਵਧੀਆ ਫ਼ਸਲ ਪੰਜ ਕੁਇੰਟਲ ਪ੍ਰਤੀ ਏਕੜ ਝਾੜ ਦੇ ਦਿੰਦੀ ਹੈ। ਇਸੇ ਤਰ੍ਹਾਂ ਤਾਰਾਮੀਰਾ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਟੀਐੱਮਐੱਨਸੀ-2 ਸਿਫਾਰਸ਼ ਕੀਤੀ ਕਿਸਮ ਹੈ। ਇਸ ਦਾ ਵੀ ਪ੍ਰਤੀ ਏਕੜ ਡੇਢ ਕਿਲੋ ਬੀਜ ਚਾਹੀਦਾ ਹੈ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ 30 ਅਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ। ਤੋਰੀਏ ਦੀ ਬਿਜਾਈ ਸਤੰਬਰ ਵਿਚ ਕੀਤੀ ਜਾਵੇ ਇਹ ਤਿੰਨ ਮਹੀਨਿਆਂ ਦੀ ਫ਼ਸਲ ਹੈ। ਟੀਐੱਲ 17 ਅਤੇ ਟੀਐੱਲ 15 ਸਿਫਾਰਸ਼ ਕੀਤੀਆਂ ਕਿਸਮਾਂ ਹਨ।
ਛੋਲੇ, ਮਸਰ ਅਤੇ ਪਕਾਵੇਂ ਮਟਰ ਹਾੜ੍ਹੀ ਦੀਆਂ ਮੁੱਖ ਦਾਲਾਂ ਹਨ। ਇਹ ਸਾਰੀਆਂ ਧਰਤੀ ਦੀ ਸਿਹਤ ਵਿਚ ਸੁਧਾਰ ਕਰਦੀਆਂ ਹਨ। ਇਨ੍ਹਾਂ ਦੀ ਬਿਜਾਈ ਲਈ ਵੀ ਹੁਣ ਢੁੱਕਵਾਂ ਸਮਾਂ ਹੈ। ਛੋਲੇ ਦੋ ਪ੍ਰਕਾਰ ਦੇ ਹੁੰਦੇ ਹਨ; ਕਾਬਲੀ ਛੋਲੇ ਅਤੇ ਦੇਸੀ ਛੋਲੇ। ਦੇਸੀ ਛੋਲਿਆਂ ਦੀਆਂ ਪੀਬੀਜੀ 7, ਪੀਬੀਜੀ 5, ਜੀਪੀਐੱਫ 2 ਅਤੇ ਪੀਬੀਜੀ 8 ਸਿਫਾਰਸ਼ ਕੀਤੀਆਂ ਕਿਸਮਾਂ ਹਨ। ਕੋਸ਼ਿਸ਼ ਕਰੋ ਕਿ ਪੀਬੀਜੀ 7 ਜਾਂ 8 ਕਿਸਮ ਬੀਜੀ ਜਾਵੇ; ਇਸ ਦਾ ਕੋਈ ਅੱਠ ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਹੋ ਜਾਂਦਾ ਹੈ। ਇਕ ਏਕੜ ਵਿਚ 17 ਕਿਲੋ ਬੀਜ ਦੀ ਲੋੜ ਹੈ। ਐੱਲ 552, ਕਾਬਲੀ ਛੋਲਿਆਂ ਦੀ ਸਿਫਾਰਸ਼ ਕੀਤੀ ਕਿਸਮ ਹੈ। ਇਕ ਏਕੜ ਲਈ 37 ਕਿਲੋ ਬੀਜ ਚਾਹੀਦਾ ਹੈ। ਬੀਜ ਬੀਜਣ ਤੋਂ ਪਹਿਲਾਂ ਕੈਪਟਾਨ ਜਾਂ ਬਾਵਿਸਟਨ ਜ਼ਹਿਰ ਨਾਲ ਸੋਧ ਲਵੋ। ਇਕ ਕਿਲੋ ਬੀਜ ਲਈ ਤਿੰਨ ਗ੍ਰਾਮ ਜ਼ਹਿਰ ਵਰਤੋਂ। ਬੀਜ ਨੂੰ ਜੀਵਾਣੂ ਖਾਦ ਮੀਜ਼ੋਰਾਈਬੋਜ਼ੀਅਮ ਦਾ ਟੀਕਾ ਵੀ ਲਗਾਵੋ ਅਤੇ ਇਕ ਪੈਕਟ ਰਾਈਜੋਬੈਕਟੀਰੀਆ ਨਾਲ ਸੋਧ ਲਵੋ। ਇਹ ਜੈਵਿਕ ਖਾਦਾਂ ਝਾੜ ਵਿਚ ਵਾਧਾ ਕਰਦੀਆਂ ਹਨ। ਮਹੀਨੇ ਪਿਛੋਂ ਇਕ ਗੋਡੀ ਜ਼ਰੂਰ ਕਰਨੀ ਚਾਹੀਦੀ ਹੈ।
ਮਸਰਾਂ ਦੀ ਦਾਲ ਵੀ ਹਰ ਪੰਜਾਬੀ ਘਰ ਵਿਚ ਵਰਤੀ ਜਾਂਦੀ ਹੈ ਪਰ ਇਸ ਦੀ ਖੇਤੀ ਇਕ ਹਜ਼ਾਰ ਹੈਕਟੇਅਰ ਵਿਚ ਹੀ ਹੁੰਦੀ ਹੈ। ਘਰ ਦੀ ਵਰਤੋਂ ਲਈ ਕੁਝ ਰਕਬੇ ਵਿਚ ਇਸ ਦੀ ਕਾਸ਼ਤ ਕਰ ਲੈਣੀ ਚਾਹੀਦੀ ਹੈ। ਐੱਲਐੱਲ 931 ਅਤੇ ਐੱਲਐੱਲ 699 ਉਨਤ ਕਿਸਮਾਂ ਹਨ। ਇਸ ਵਾਰ ਨਵੀਂ ਕਿਸਮ ਐੱਲਐੱਲ 1373 ਵੀ ਕਾਸ਼ਤ ਲਈ ਦਿੱਤੀ ਗਈ ਹੈ। ਇਨ੍ਹਾਂ ਤੋਂ ਪੰਜ ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਕੀਤਾ ਜਾ ਸਕਦਾ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਕੈਪਟਾਨ ਜ਼ਹਿਰ ਨਾਲ ਸੋਧ ਲੈਣਾ ਚਾਹੀਦਾ ਹੈ। ਇਕ ਕਿਲੋ ਬੀਜ ਲਈ ਦੋ ਗ੍ਰਾਮ ਜ਼ਹਿਰ ਦੀ ਵਰਤੋਂ ਕਰੋ। ਛੋਲਿਆਂ ਵਾਂਗ ਮਸਰਾਂ ਦੇ ਬੀਜ ਨੂੰ ਵੀ ਜੈਵਿਕ ਖਾਦਾਂ ਲਗਾ ਲਵੋ। ਇਕ ਏਕੜ ਲਈ 15 ਕਿਲੋ ਬੀਜ ਦੀ ਵਰਤੋਂ ਕਰੋ। ਬਿਜਾਈ ਸਮੇਂ ਲਾਈਨਾਂ ਵਿਚਕਾਰ 22.5 ਸੈਂਟੀਮੀਟਰ ਦਾ ਫਾਸਲਾ ਰੱਖਿਆ ਜਾਵੇ। ਨਦੀਨਾਂ ਦੀ ਰੋਕਥਾਮ ਲਈ ਇਕ ਗੋਡੀ ਜ਼ਰੂਰ ਕਰੋ।
ਕੁਝ ਇਲਾਕਿਆਂ ਵਿਚ ਪਕਾਵੇਂ ਮਟਰਾਂ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ। ਜੇਕਰ ਮੱਕੀ ਪਿਛੋਂ ਕਣਕ ਦੀ ਥਾਂ ਮਟਰ ਬੀਜੇ ਜਾਣ ਤਾਂ ਧਰਤੀ ਦੀ ਸਿਹਤ ਵੀ ਠੀਕ ਹੁੰਦੀ ਹੈ ਅਤੇ ਕਮਾਈ ਵੀ ਵੱਧ ਹੁੰਦੀ ਹੈ। ਫ਼ੀਲਡ ਪੀ 48 ਅਤੇ ਪੀਜੀ 3 ਕਿਸਮਾਂ ਦੀ ਸਿਫਾਰਸ਼ ਕੀਤੀ ਗਈ ਹੈ। ਇਕ ਏਕੜ ਵਿਚੋਂ ਅੱਠ ਕੁਇੰਟਲ ਤਕ ਮਟਰ ਪ੍ਰਾਪਤ ਕੀਤੇ ਜਾ ਸਕਦੇ ਹਨ। ਇਕ ਏਕੜ ਲਈ 30 ਕਿਲੋ ਬੀਜ ਦੀ ਲੋੜ ਹੈ। ਮਸਰਾਂ ਵਾਂਗ ਹੀ ਬੀਜ ਨੂੰ ਜ਼ਹਿਰ ਨਾਲ ਸੋਧ ਕੇ ਜੈਵਿਕ ਖਾਦ ਲਗਾ ਕੇ ਬੀਜਣਾ ਚਾਹੀਦਾ ਹੈ। ਬਿਜਾਈ ਸਮੇਂ 26 ਕਿਲੋ ਯੂਰੀਆ ਅਤੇ 100 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਪਾਉਣ ਦੀ ਵੀ ਸਿਫਾਰਸ਼ ਕੀਤੀ ਗਈ ਹੈ। ਬਿਜਾਈ ਦੇ ਤਿੰਨ ਹਫ਼ਤਿਆਂ ਪਿਛੋਂ ਪਹਿਲੀ ਗੋਡੀ ਕਰੋ। ਫ਼ਸਲ ਮਾਰਚ ਦੇ ਅਖੀਰ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ।
ਉਮੀਦ ਹੈ ਕਿ ਇਸ ਵਾਰ ਕਿਸਾਨ ਕੁਝ ਰਕਬੇ ਵਿਚ ਤੇਲ ਬੀਜਾਂ ਅਤੇ ਦਾਲਾਂ ਦੀ ਕਾਸ਼ਤ ਜ਼ਰੂਰ ਕਰਨਗੇ ਤੇ ਆਪ ਉਗਾਈ ਦਾਲ ਦਾ ਅਨੰਦ ਮਾਣਨਗੇ। ਇੰਝ ਕਣਕ ਹੇਠੋਂ ਕੁਝ ਰਕਬਾ ਕੱਢਿਆ ਜਾ ਸਕਦਾ ਹੈ ਜਿਸ ਨਾਲ ਪਾਣੀ ਦੀ ਵੀ ਬਚਤ ਹੋਵੇਗੀ।
ਸੰਪਰਕ: 94170-87328